ਬਿਰਤੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਿਰਤੀ: ਬਿਰਤੀ (Mood) ਦਾ ਸੰਬੰਧ ਬੁਲਾਰੇ ਦੇ ਕਿਸੇ ਬਿਆਨ ਪ੍ਰਤਿ ਦ੍ਰਿਸ਼ਟੀਕੋਣ ਨਾਲ ਹੈ। ਮਿਸਾਲ ਲਈ ਹੇਠਲੇ ਵਾਕਾਂ ਨੂੰ ਵੇਖਿਆ ਜਾ ਸਕਦਾ ਹੈ :

          1. ਤੁਸੀਂ ਬੈਠ ਜਾਓ।

          2. ਕੀ ਤੁਸੀਂ ਪੜ੍ਹ ਸਕਦੇ ਹੋ?

     ਵਾਕ (1) ਵਿੱਚ ਆਦੇਸ਼ ਜਾਂ ਬੇਨਤੀ ਕੀਤੀ ਗਈ ਹੈ ਅਤੇ ਵਾਕ (2) ਵਿੱਚ ਸਵਾਲ ਕੀਤਾ ਗਿਆ ਹੈ। ਇਸ ਤਰ੍ਹਾਂ ਬੁਲਾਰੇ ਦੇ ਕਥਨ ਪ੍ਰਤਿ ਦ੍ਰਿਸ਼ਟੀਕੋਣ ਜਾਂ ਕਥਨ ਦੇ ਯਥਾਰਥ ਨਾਲ ਸੰਬੰਧ ਦੇ ਪ੍ਰਗਟਾਓ ਨੂੰ ਬਿਰਤੀ ਕਿਹਾ ਜਾਂਦਾ ਹੈ।

     ਬਿਰਤੀ ਦੀ ਇਕਾਈ ਦਾ ਪ੍ਰਗਟਾਅ ਵੀ ਕਈ ਢੰਗਾਂ ਨਾਲ ਹੁੰਦਾ ਹੈ। ਜ਼ਿਆਦਾ ਸੌੜੇ ਅਰਥਾਂ ਵਿੱਚ ਕਿਰਿਆ ਰਾਹੀਂ ਬਿਰਤੀ ਦੇ ਪ੍ਰਗਟਾਅ ਨੂੰ ਹੀ ਬਿਰਤੀ ਦਾ ਨਾਂ ਦਿੱਤਾ ਜਾਂਦਾ ਹੈ। ਪਰ ਕੁਝ ਭਾਸ਼ਾਵਾਂ ਵਿੱਚ ਕਿਰਿਆ ਬਿਰਤੀ ਲਈ ਬਿਲਕੁਲ ਹੀ ਰੂਪ ਨਹੀਂ ਵਟਾਉਂਦੀ। ਮਿਸਾਲ ਲਈ ਅੰਗਰੇਜ਼ੀ ਨੂੰ ਵੇਖਿਆ ਜਾ ਸਕਦਾ ਹੈ। ਅੰਗਰੇਜ਼ੀ ਵਿੱਚ ਕਿਰਿਆ ਦੇ ਕੇਵਲ ਧਾਤੂ ਰੂਪ ਦੀ ਆਗਿਆਵਾਚੀ ਅਰਥਾਂ ਲਈ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਵਾਕ (3) ਵਿੱਚ go ਹੈ :

          3. Go home.

     ਇਸ ਵਾਕ ਵਿੱਚ ਕਿਰਿਆ ਨਾਲ ਹੋਰ ਕੋਈ ਇਕਾਈ ਨਹੀਂ ਜੁੜੀ ਹੋਈ ਅਤੇ ਇਸ ਦੀ ਵਰਤੋਂ ਆਦੇਸ਼ ਦੇ ਅਰਥਾਂ ਵਿੱਚ ਕੀਤੀ ਗਈ ਹੈ। ਪਰ ਕਿਰਿਆ ਦਾ ਇਹ ਰੂਪ ਕੇਵਲ ਆਦੇਸ਼ ਲਈ ਹੀ ਨਹੀਂ ਵਰਤਿਆ ਜਾਂਦਾ, ਇਸ ਦੀ ਵਰਤੋਂ ਸਧਾਰਨ ਅਰਥਾਂ ਵਿੱਚ ਵੀ ਕੀਤੀ ਜਾਂਦੀ ਹੈ, ਜਿਵੇਂ :

          4. I go home.

     ਇਸ ਵਾਕ ਵਿੱਚ ਕਿਰਿਆ ਦੇ ਉਸੇ ਰੂਪ 'go' ਦੀ ਹੀ ਵਰਤੋਂ ਕੀਤੀ ਗਈ ਹੈ ਜੋ (3) ਵਾਕ ਵਿੱਚ। ਪਰ (4) ਵਿੱਚ ਕੋਈ ਆਦੇਸ਼ ਦੇ ਅਰਥ ਨਹੀਂ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਅੰਗਰੇਜ਼ੀ ਵਿੱਚ ਕਿਰਿਆ ਬਿਰਤੀ ਲਈ ਰੂਪ ਨਹੀਂ ਵਟਾਉਂਦੀ।

     ਪਰ ਪੰਜਾਬੀ ਵਿੱਚ ਇਸ ਤਰ੍ਹਾਂ ਨਹੀਂ ਹੈ। ਪੰਜਾਬੀ ਕਿਰਿਆ ਬਿਰਤੀ ਲਈ ਰੂਪ ਵਟਾਉਂਦੀ ਹੈ। ਇਹ ਵਾਕ (1) ਅਤੇ (5) ਦੀ ਤੁਲਨਾ ਤੋਂ ਵੇਖਿਆ ਜਾ ਸਕਦਾ ਹੈ:

                   1.        ਤੁਸੀਂ ਬੈਠ ਜਾਓ।

                   5.       ਕੀ ਮੈ ਬੈਠਾਂ?

     ਉਪਰਲੇ ਵਾਕਾਂ ਵਿੱਚ ਕਿਰਿਆ ਰੂਪ ‘ਜਾਓ’ ਆਦੇਸ਼ ਜਾਂ ਬੇਨਤੀ ਦੇ ਅਰਥ ਨੂੰ ਪ੍ਰਗਟ ਕਰਦਾ ਹੈ ਅਤੇ ‘ਬੈਠਾਂ’ ਸਵਾਲ ਦੇ ਅਰਥ ਨੂੰ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪੰਜਾਬੀ ਵਿੱਚ ਕਿਰਿਆ ਬਿਰਤੀ ਲਈ ਵੀ ਰੂਪ ਵਟਾਉਂਦੀ ਹੈ।

     ਵੱਖ-ਵੱਖ ਭਾਸ਼ਾਵਾਂ ਵਿੱਚ ਵੱਖ-ਵੱਖ ਬਿਰਤੀ ਅਰਥਾਂ ਦੇ ਪ੍ਰਗਟਾਵੇ ਲਈ ਵੱਖ-ਵੱਖ ਜੁਗਤਾਂ ਹਨ। ਮਿਸਾਲ ਲਈ ਅੰਗਰੇਜ਼ੀ ਵਿੱਚ ਪ੍ਰਸ਼ਨ ਕਰਨ ਲਈ who, what, why, ਆਦਿ ਸ਼ਬਦਾਂ ਦੀ ਵਰਤੋਂ ਹੁੰਦੀ ਹੈ ਅਤੇ ਸਹਾਇਕ ਕਿਰਿਆ ਵਾਕ ਦੇ ਅਰੰਭ ਵਿੱਚ ਆ ਜਾਂਦੀ ਹੈ :

                   6.        What is he doing?

                   7.       Is he reading?

     ਪਰ ਪੰਜਾਬੀ ਵਿੱਚ ਜ਼ਰੂਰੀ ਨਹੀਂ ਕਿ ਪ੍ਰਸ਼ਨ ਸ਼ਬਦ ‘ਕੀ’ ਦੀ ਵਰਤੋਂ ਕੀਤੀ ਜਾਵੇ ਅਤੇ ਸਹਾਇਕ ਕਿਰਿਆ ਵੀ ਪ੍ਰਸ਼ਨ ਲਈ ਸਥਾਨ ਨਹੀਂ ਬਦਲਦੀ, ਜਿਵੇਂ :

                   8.       ਤੁਸੀਂ ਪੜ੍ਹਦੇ ਸੀ?

     ਭਾਸ਼ਾਵਾਂ ਵਿੱਚ ਕਈ ਤਰ੍ਹਾਂ ਦੇ ਬਿਰਤੀ ਅਰਥ ਪ੍ਰਗਟ ਕੀਤੇ ਜਾਂਦੇ ਹਨ। ਇਹਨਾਂ ਵਿੱਚੋਂ ਮੁੱਖ ਦਾ ਵਰਣਨ ਅੱਗੇ ਕੀਤਾ ਗਿਆ ਹੈ :

     ਆਗਿਆਵਾਚੀ          : ਆਦੇਸ਼ ਜਾਂ ਬੇਨਤੀ ਦਾ ਅਰਥ ਦਿੰਦਾ ਹੈ।

     ਸ਼ਰਤੀਆ: ਉਸ ਸਥਿਤੀ ਦਾ ਅਰਥ ਦਿੰਦਾ ਹੈ ਜਿਸ ਵਿੱਚ ਕੋਈ ਕਾਰਜ ਪੂਰਾ ਹੋ ਸਕਦਾ ਹੈ :

                   9.       ਜੇ ਉਹ ਆਇਆ ਤਾਂ ਮੇਰਾ ਸੁਨੇਹਾ ਦੇ ਦੇਣਾ।

     ਸੰਕੇਤਵਾਚੀ: ਤੱਥ ਦੀ ਸਪਾਟ ਬਿਆਨੀ ਦੇ ਅਰਥ ਨੂੰ ਪ੍ਰਗਟ ਕਰਦਾ ਹੈ :

                   10.      ਬੱਚੇ ਪੜ੍ਹ ਰਹੇ ਹਨ।

     ਸਵਾਲੀਆ    : ਸੂਚਨਾ ਦੀ ਸ੍ਰੋਤੇ/ਪਾਠਕ ਤੋਂ ਮੰਗ ਕੀਤੀ ਜਾਂਦੀ ਹੈ :

                   11.      ਕੀ ਤੁਸੀਂ ਜਲ੍ਹਿਆਂ ਵਾਲਾ ਬਾਗ਼ ਵੇਖਿਆ ਹੈ?

     ਇੱਛਾਵਾਚੀ: ਬੁਲਾਰੇ ਦੀ ਇੱਛਾ ਦਾ ਪ੍ਰਗਟਾਵਾ ਕਰਦਾ ਹੈ :

                   12.      ਚੰਗਾ ਹੋਵੇ ਉਹ ਚਲਾ ਜਾਏ।

     ਸੰਭਾਵਨਾਵਾਚੀ: ਕਿਸੇ ਕਾਰਜ ਦੇ ਹੋ ਸਕਣ ਦੀ ਸੰਭਾਵਨਾ ਦਾ ਅਰਥ ਦਿੰਦਾ ਹੈ :

                   13.      ਸ਼ਾਇਦ, ਉਹ ਆ ਜਾਏ।

     ਨਾਂਹਵਾਚੀ: ਕਾਰਜ ਦੇ ਨਾ ਹੋ ਸਕਣ ਦਾ ਅਰਥ ਦਿੰਦਾ ਹੈ :

                   14.      ਉਹ ਝੂਠ ਨਹੀਂ ਬੋਲਦਾ।

     ਯੋਗਤਾਵਾਚੀ: ਕਰਤਾ ਦੀ ਕਾਰਜ ਕਰ ਸਕਣ ਦੀ ਯੋਗਤਾ ਦਾ ਅਰਥ ਦਿੰਦਾ ਹੈ :

          15.      ਭਾਰਤ ਗੋਲਡ ਮੈਡਲ ਜਿੱਤ ਸਕਦਾ ਹੈ।

     ਇਸ ਤਰ੍ਹਾਂ ਕਾਲ, ਕਾਲਸਰੂਪ, ਪੁਰਖ, ਆਦਿ ਦੇ ਨਾਲ ਬਿਰਤੀ ਇੱਕ ਹੋਰ ਵਿਆਕਰਨਿਕ ਇਕਾਈ ਹੈ।


ਲੇਖਕ : ਜੋਗਾ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3980, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਬਿਰਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਿਰਤੀ [ਨਾਂਇ] ਮਨੋਸਥਿਤੀ, ਮਾਨਸਿਕਤਾ, ਪ੍ਰਵਿਰਤੀ; ਸੁਭਾਅ; ਧਿਆਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.