ਬੀਕਾਨੇਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬੀਕਾਨੇਰ (ਨਗਰ): ਰਾਜਸਥਾਨ ਦਾ ਇਕ ਪ੍ਰਸਿੱਧ ਨਗਰ ਜੋ ਆਜ਼ਾਦੀ ਤੋਂ ਪਹਿਲਾਂ ਬੀਕਾਨੇਰ ਰਿਆਸਤ ਦੀ ਰਾਜਧਾਨੀ ਰਿਹਾ ਹੈ। ਇਸ ਨਗਰ ਨੂੰ ਰਾਵ ਬੀਕਾ ਨੇ 13 ਅਪ੍ਰੈਲ 1488 ਈ. ਨੂੰ ਵਸਾਇਆ ਸੀ। ਕਹਿੰਦੇ ਹਨ ਕਿ ਇਸ ਰਿਆਸਤ ਦੇ ਦੂਜੇ ਰਾਜਾ ਰਾਵ ਨਰਾ ਦੇ ਰਾਜ-ਕਾਲ ਵਿਚ ਗੁਰੂ ਜੀ ਆਪਣੀ ਦੂਜੀ ਉਦਾਸੀ ਦੌਰਾਨ ਪੁਸ਼ਕਰ ਹੁੰਦੇ ਹੋਏ ਇਸ ਨਗਰ ਵਿਚ ਆਏ ਸਨ ਅਤੇ ਖਤ੍ਰੀਆਂ ਦੇ ‘ਸੱਤ ਨਾਰਾਇਣ ਮੰਦਿਰ’ ਵਿਚ ਠਹਿਰੇ ਸਨ। ਇਸ ਤੱਥ ਬਾਰੇ ਉਲੇਖ ਖਤ੍ਰੀ ਵੰਸ਼ ਦੇ ਇਤਿਹਾਸ ਵਿਚ ਵੀ ਮਿਲਦਾ ਹੈ। ਗੁਰੂ ਜੀ ਦੀ ਭੇਂਟ ਰਾਵ ਨਰਾ ਨਾਲ ਸੰਨ 1504 ਈ. ਵਿਚ ਹੋਈ ਦਸੀ ਜਾਂਦੀ ਹੈ। ਉਸੇ ਸਾਲ ਉਸ ਦਾ ਦੇਹਾਂਤ ਹੋ ਗਿਆ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਉਥੇ ਸਿੱਖ ਆਬਾਦੀ ਨ ਹੋਣ ਕਾਰਣ ਗੁਰੂ ਜੀ ਦਾ ਕੋਈ ਸਮਾਰਕ ਨਹੀਂ ਬਣ ਸਗਿਆ ਸੀ, ਹਾਂ ਉਸ ਮੰਦਿਰ ਵਿਚ ਪਹਿਲਾਂ ਗੁਰੂ ਜੀ ਦਾ ਇਕ ਕੰਧ-ਚਿਤਰ ਬਣਿਆ ਹੋਇਆ ਸੀ। ਹੁਣ ਵੀ ਮੰਦਿਰ ਵਿਚ ਇਕ ਥੜੇ ਉਤੇ ਬਣੀ ਛਤ੍ਰੀ ਵਿਚ ਗੁਰੂ ਜੀ ਦੀ ਫੋਟੋ ਰਖੀ ਹੋਈ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਤੇ ਸਿੱਖਾਂ ਵਲੋਂ ਜੋ ਨਗਰ ਕੀਰਤਨ ਕਢਿਆ ਜਾਂਦਾ ਹੈ, ਉਸ ਦੀ ਸਮਾਪਤੀ ਸੱਤ ਨਾਰਾਇਣ ਮੰਦਿਰ ਵਿਚ ਹੀ ਹੁੰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First