ਬੀਰ-ਗਾਥਾ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬੀਰ-ਗਾਥਾ: ਸਧਾਰਨ ਅਰਥਾਂ ਵਿੱਚ ਵੀਰ ਜਾਂ ਬੀਰ-ਗਾਥਾ ਉਹ ਕਾਵਿ ਰਚਨਾ ਹੈ ਜਿਸ ਵਿੱਚ ਕਿਸੇ ਬਹਾਦਰ, ਸੂਰਬੀਰ, ਯੋਧੇ ਦੇ ਮਾਣਮੱਤੇ ਕਾਰਨਾਮਿਆਂ ਨੂੰ ਪ੍ਰਸੰਸਾਤਮਿਕ ਰੂਪ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ। ਨਾਗਰੀ ਮੁਦਰਨ, ਵਾਰਾਣਸੀ ਵੱਲੋਂ ਪ੍ਰਕਾਸ਼ਿਤ ਗ੍ਰੰਥ ਹਿੰਦੀ ਸ਼ਬਦਸਾਗਰ ਦੇ ਪੰਨਾ 4577 ਉਪਰ ਇੱਕ ਵੀਰ ਦੀ ਪਰਿਭਾਸ਼ਾ ਦੱਸਦਿਆਂ ਲਿਖਿਆ ਗਿਆ ਹੈ :
ਵੀਰ ਉਹ ਹੁੰਦਾ ਹੈ ਜਿਹੜਾ ਸਾਹਸੀ (ਹਿੰਮਤੀ) ਅਤੇ ਬਲਵਾਨ ਹੋਵੇ, ਸੂਰਬੀਰ ਹੋਵੇ, ਬਹਾਦਰ ਹੋਵੇ। ਜਿਹੜਾ ਕਿਸੇ ਵਿਕਟ ਪਰਿਸਥਿਤੀ ’ਚ ਭਾਗ ਲੈ ਕੇ ਅੱਗੇ ਵਧ ਕੇ ਉੱਤਮ ਢੰਗ ਨਾਲ ਆਪਣੇ ਕਰਤੱਵ ਦਾ ਪਾਲਣ ਕਰੇ। ਇਸ ਦਾ ਵਰਣਨ ਗੌਰ ਅਤੇ ਦੇਵਤਾ ਇੰਦਰ ਮੰਨੇ ਗਏ ਹਨ। ਉਤਸ਼ਾਹ ਇਸ ਦਾ ਸਥਾਈ ਭਾਵ ਹੈ ਅਤੇ ਤਰਕ, ਰੋਮਾਂਚ, ਸਮ੍ਰਿਤੀ, ਮਾਣ ਆਦਿ ਇਸਦੇ ਸੰਚਾਰੀ ਭਾਵ ਹਨ। ਭਿਆਨਕ, ਸ਼ਾਂਤ ਅਤੇ ਸ਼ਿੰਗਾਰ ਰਸ ਦਾ ਇਹ ਰਸ ਵਿਰੋਧੀ ਹੈ।
ਪੰਜਾਬੀ ਸਾਹਿਤ ਵਿੱਚ ਬੀਰ-ਗਾਥਾ ਨੂੰ ਪੇਸ਼ ਕਰਨ ਵਾਲੇ ਦੋ ਕਾਵਿ-ਰੂਪ ਮੰਨੇ ਜਾਂਦੇ ਹਨ-ਵਾਰ ਅਤੇ ਜੰਗਨਾਮਾ। ਵਾਰ ਕਾਵਿ-ਰੂਪ ਮੁੱਖ ਤੌਰ ਤੇ ਬੀਰ ਰਸ ਭਰਪੂਰ ਹੁੰਦਾ ਹੈ। ਪੰਜਾਬੀ ਵਿੱਚ ਅਧਿਆਤਮਿਕ ਅਤੇ ਉਪਦੇਸ਼ਾਤਮਿਕ ਵਾਰਾਂ ਦੀ ਰਚਨਾ ਵੀ ਹੋਈ ਮਿਲਦੀ ਹੈ। ਗੁਰੂ ਸਾਹਿਬਾਨ ਨੇ ਅਧਿਆਤਮਿਕ ਵਾਰਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿੱਚ ਸ਼ਾਂਤ ਰਸ ਦੀ ਪ੍ਰਧਾਨਤਾ ਹੈ। ਬੀਰ ਪੁਰਸ਼ ਹਮੇਸ਼ਾਂ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਲੈ ਕੇ ਅੱਗੇ ਵਧਦਾ ਹੈ। ਉਸ ਦੀ ਲੜਾਈ ਆਪਣੇ ਨਿੱਜੀ ਫ਼ਾਇਦਿਆਂ ਅਤੇ ਮੁਫ਼ਾਦ ਵਾਸਤੇ ਨਹੀਂ ਹੁੰਦੀ। ਉਸ ਦੇ ਜੀਵਨ ਦੇ ਆਦਰਸ਼ ਹਮੇਸ਼ਾਂ ਉੱਚੇ, ਸੁੱਚੇ ਅਤੇ ਮਹਾਨ ਹੁੰਦੇ ਹਨ। ਲੋਕ ਕਲਿਆਣ ਦੇ ਆਦਰਸ਼ ਨੂੰ ਪੂਰਨ ਕਰਨ ਵਾਸਤੇ ਬੇਸ਼ੱਕ ਉਸ ਦੇ ਰਸਤੇ ਵਿੱਚ ਕਿੰਨੀਆਂ ਵੀ ਰੁਕਾਵਟਾਂ ਕਿਉਂ ਨਾ ਆਉਣ ਉਹ ਉਹਨਾਂ ਸਭ ਦਾ ਦਲੇਰੀ ਨਾਲ ਟਾਕਰਾ ਕਰਦਾ ਜਾਂਦਾ ਹੈ। ਉਸ ਦੀ ਜਨ-ਕਲਿਆਣ ਦੀ ਭਾਵਨਾ ਕਰ ਕੇ ਉਸ ਨੂੰ ਸਥਾਪਤੀ ਵਿਰੋਧੀ ਮੰਨਿਆ ਜਾਂਦਾ ਹੈ। ਉਸ ਦਾ ਮੁਕਾਬਲਾ ਹਮੇਸ਼ਾਂ ਸਥਾਪਤੀ ਨਾਲ ਹੁੰਦਾ ਹੈ। ਇਸੇ ਕਰ ਕੇ ਸਥਾਪਤੀ ਅਜਿਹੇ ਬੀਰ-ਪੁਰਸ਼ ਨੂੰ ਵਿਦਰੋਹੀ ਕਹਿ ਕੇ ਭੰਡਦੀ ਹੈ ਅਤੇ ਆਪਣੇ ਪ੍ਰਚਾਰ- ਤੰਤਰ ਦੁਆਰਾ ਉਸ ਨੂੰ ਖਲਨਾਇਕ ਬਣਾ ਕੇ ਪੇਸ਼ ਕਰਦੀ ਹੈ ਜਦੋਂ ਕਿ ਲੋਕ ਅਜਿਹੇ ਬੀਰ ਪੁਰਸ਼ ਦੀਆਂ ਕੁਰਬਾਨੀਆਂ ਅਤੇ ਆਦਰਸ਼ਾਂ ਕਰ ਕੇ ਉਸ ਨੂੰ ਆਪਣਾ ਨਾਇਕ ਮੰਨਦੇ ਹਨ ਅਤੇ ਉਸ ਨੂੰ ਆਪਣੇ ਮਨ ਵਿੱਚ ਬਿਠਾ ਕੇ ਚੱਲਦੇ ਹਨ। ਉਦਾਹਰਨ ਲਈ ਸਾਡੇ ਅਜ਼ਾਦੀ ਦੇ ਸੰਘਰਸ਼ ਦੌਰਾਨ ਦੇਸ਼ ਭਗਤਾਂ, ਗਦਰੀ ਬਾਬਿਆਂ, ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗੁਰੂ ਆਦਿ ਦੀਆਂ ਕੁਰਬਾਨੀਆਂ ਨੂੰ ਲੋਕ ਅੱਜ ਵੀ ਆਪਣੇ ਮਨ ਵਿੱਚ ਬਿਠਾਈ ਬੈਠੇ ਹਨ ਅਤੇ ਉਹਨਾਂ ਦੀਆਂ ਵਾਰਾਂ ਗਾਉਂਦੇ ਹਨ। ਬੀਰ-ਪੁਰਸ਼ਾਂ ਬਾਰੇ ਲਿਖੀਆਂ ਗਈਆਂ ਗਾਥਾਵਾਂ ਸਹਿਜ ਸੁਭਾਵਿਕ ਰੂਪ ਵਿੱਚ ਸਮੂਹਿਕ ਸਿਰਜਣ ਦੇ ਕਰਿਸ਼ਮੇ ਵਜੋਂ ਪੈਦਾ ਹੁੰਦੀਆਂ ਹਨ ਅਤੇ ਸਮੂਹਿਕ ਚੇਤਨਾ ਅਤੇ ਵਿਰਸੇ ਦਾ ਸਹਿਜ ਸੁਭਾਵਿਕ ਅਤੇ ਅਟੁੱਟ ਅੰਗ ਬਣੀਆਂ ਰਹਿੰਦੀਆਂ ਹਨ।
ਬੀਰ-ਗਾਥਾ ਵਿੱਚ ਹਮੇਸ਼ਾਂ ਬਹਾਦਰੀ, ਉਤਸ਼ਾਹ ਅਤੇ ਵੀਰ ਰਸੀ ਭਾਵਾਂ ਦਾ ਸੰਚਾਰ ਕੀਤਾ ਗਿਆ ਹੁੰਦਾ ਹੈ। ਵੀਰ ਨਾਇਕ ਦੇ ਚਾਰ ਭੇਦ-1. ਯੋਧਾ, 2. ਦਾਨੀ, 3. ਦਯਾਵਾਨ ਅਤੇ 4. ਧਰਮੀ ਮੰਨੇ ਗਏ ਹਨ। ਇਹ ਚਾਰੇ ਭੇਦ ਉਸ ਦੇ ਚਾਰ ਸੰਕਲਪ ਬਣ ਜਾਂਦੇ ਹਨ ਅਤੇ ਇਹਨਾਂ ਦੇ ਅਰਥਾਂ ਦਾ ਵਿਸਤਾਰ ਵੀ ਹੋ ਜਾਂਦਾ ਹੈ। ਉਦਾਹਰਨ ਲਈ ਦਾਨੀ ਦਾ ਅਰਥ ਕੇਵਲ ਧਨ ਦਾਨ ਕਰਨ ਤੱਕ ਹੀ ਮਹਿਦੂਦ ਨਹੀਂ ਰਹਿੰਦਾ ਬਲਕਿ ਆਪਣਾ- ਆਪਾ ਕੁਰਬਾਨ ਕਰਨ ਤੱਕ ਵੀ ਚਲਿਆ ਜਾਂਦਾ ਹੈ। ਇਸ ਤਰ੍ਹਾਂ ਦੂਜਿਆਂ ਦਾ ਭਾਵ ਲੋਕਾਂ ਦਾ ਕਲਿਆਣ ਹੀ ਉਸ ਦਾ ਧਰਮ ਹੋ ਨਿਬੜਦਾ ਹੈ। ਹਿੰਦੀ ਵਿੱਚ ਬੀਰ-ਕਾਵਿ ਦੀ ਸਿਰਜਣਾ ਚਾਰਣਾਂ ਅਤੇ ਭੱਟਾਂ ਨੇ ਕੀਤੀ। ਰਾਸ਼ਟਰ ਨਾਇਕ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਨੇ ਮਿਥਿਹਾਸਿਕ ਹਵਾਲਿਆਂ ਨੂੰ ਆਧਾਰ ਬਣਾ ਕੇ ਬੀਰ-ਰਸ ਭਰਪੂਰ ਰਚਨਾ ਚੰਡੀ ਦੀ ਵਾਰ ਦੀ ਸਿਰਜਣਾ ਕੀਤੀ। ਸ਼ਾਹ ਮੁਹੰਮਦ ਰਚਿਤ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਵੀ ਬੀਰ-ਰਸ ਨਾਲ ਭਰਪੂਰ ਰਚਨਾ ਹੈ। ਇਹ ਪੰਜਾਬੀਆਂ ਦੀ ਅੰਗਰੇਜ਼ਾਂ ਨਾਲ ਹੋਏ ਯੁੱਧ ਦੀ ਬੀਰ-ਗਾਥਾ ਹੈ। ਲੋਕ-ਵਿਰਸੇ ਵਿੱਚ ਪ੍ਰਚਲਿਤ ਦੁੱਲਾ ਭੱਟੀ ਦੀ ਵਾਰ ਲੋਕ-ਹਿਤੈਸ਼ੀ ਸੁਭਾਅ ਕਰ ਕੇ ਲੋਕ-ਚੇਤਨਾ ਦਾ ਹਿੱਸਾ ਤੁਰੀ ਆ ਰਹੀ ਹੈ। ਭਗਵਾਨ ਸਿੰਘ ਰਚਿਤ ਜਿਉਣਾ ਮੌੜ ਅਤੇ ਮਾਘੀ ਰਚਿਤ ਸੁੱਚਾ ਸਿੰਘ ਸੂਰਮਾ ਆਦਿ ਅਜਿਹੇ ਪ੍ਰਸਿੱਧ ਕਿੱਸੇ ਹਨ ਜਿਨ੍ਹਾਂ ਵਿੱਚ ਡਾਕੂਆਂ ਦੇ ਲੋਕ ਹਿਤੈਸ਼ੀ ਬੀਰ-ਰਸੀ ਕਿਰਦਾਰ ਨੂੰ ਉਜਾਗਰ ਕੀਤਾ ਗਿਆ ਹੈ।
ਪੰਜਾਬ ਹਮੇਸ਼ਾਂ ਜੰਗਾਂ ਅਤੇ ਯੁੱਧਾਂ ਦਾ ਅਖਾੜਾ ਰਿਹਾ ਹੈ। ਇਸ ਲਈ ਬੀਰ-ਗਾਥਾਵਾਂ ਦੀ ਸਿਰਜਣਾ ਹੋਣਾ ਪੰਜਾਬੀ ਸਾਹਿਤ ਦੀ ਸੁਭਾਵਿਕ ਘਟਨਾ ਸੀ। ਅੱਜ ਵੀ ਸਾਡੇ ਲੋਕ ਵਿਰਸੇ ਵਿੱਚ ਪ੍ਰਚਲਿਤ ਅਨੇਕਾਂ ਬੀਰ-ਗਾਥਾਵਾਂ ਸਾਡੀ ਚੇਤਨਾ ਅਤੇ ਨੌਜਵਾਨ ਪੀੜ੍ਹੀ ਨੂੰ ਸਾਡੇ ਅਮੀਰ ਵਿਰਸੇ ਨਾਲ ਜੋੜਦੀਆਂ ਹਨ।
ਲੇਖਕ : ਸੁਦਰਸ਼ਨ ਗਾਸੋ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3397, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First