ਬੌਂਡ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bond_ਬੌਂਡ: ਬੌਂਡ ਅੰਗਰੇਜ਼ੀ ਕਾਨੂੰਨ ਤੋਂ ਉਧਾਰ ਲਿਆ ਗਿਆ ਇਕ ਤਕਨੀਕੀ ਸ਼ਬਦ ਹੈ। ਬੌਂਡ ਮੁਹਰ ਅਧੀਨ ਕੀਤੀ ਅਜਿਹੀ ਲਿਖਤ ਨੂੰ ਕਿਹਾ ਜਾਂਦਾ ਹੈ ਜਿਸ ਦੁਆਰਾ ਇਕ ਵਿਅਕਤੀ ਧਨ ਦੀ ਇਕ ਰਕਮ ਦੀ ਅਦਾਇਗੀ ਲਈ ਜਾਂ ਕੋਈ ਹੋਰ ਕੰਮ ਕਰਨ ਜਾਂ ਗੱਲ ਕਰਨ ਲਈ ਪਾਬੰਦ ਹੋ ਜਾਂਦਾ ਹੈ। ਇਸ ਤਰ੍ਹਾਂ ਪਾਬੰਦ ਕੀਤੇ ਵਿਅਕਤੀ ਨੂੰ ਬਾਂਧਕ ਕਿਹਾ ਜਾਂਦਾ ਹੈ ਅਤੇ ਜਿਸ ਵਿਅਕਤੀ ਉਹ ਬੌਂਡ ਦਿੱਤੀ ਜਾਂਦੀ ਹੈ ਉਹ ਬੰਧਤ ਅਖਵਾਉਂਦਾ ਹੈ ਅਤੇ ਇਹ ਪਾਬੰਦੀ ਕਿਸੇ ਇਕ ਵਿਅਕਤੀ ਪ੍ਰਤੀ ਜਾਂ ਕਈਆਂ ਪ੍ਰਤੀ ਹੋ ਸਕਦੀ ਹੈ। ਇਹ ਪਾਬੰਦੀ ਕੋਈ ਖ਼ਾਸ ਕੰਮ ਕਰਨ ਦੀ ਪ੍ਰਤਿਗਿਆ ਤੋਂ ਵਖਰੀ ਕਿਸਮ ਦੀ ਹੁੰਦੀ ਹੈ। ਪ੍ਰਤਿਗਿਆ ਦੇ ਭੰਗ ਲਈ, ਭਾਵੇਂ ਪ੍ਰਤਿਗਿਆ ਪੱਤਰ ਵਿਚ ਦੰਡਕ ਖੰਡ ਹੋਵੇ ਜਾਂ ਨਾ, ਚਾਰਾਜੋਈ ਹਰਜਾਨੇ ਲਈ ਮੁਕੱਦਮਾ ਹੈ। ਇਸ ਤਰ੍ਹਾਂ ਪ੍ਰਤਿਗਿਆ ਦੇ ਭੰਗ ਲਈ ਹਰਜਾਨੇ ਦਾ ਮੁਆਵਜ਼ਾ ਦੇਣਾ ਪੈਂਦਾ ਹੈ। ਭਾਰਤੀ ਮੁਆਇਦਾ ਐਕਟ, 1872 ਦੀ ਧਾਰਾ 74 ਦੁਆਰਾ ਨਿਸਚਿਤ ਹਰਜਾਨੇ ਬਾਰੇ ਅੰਗਰੇਜ਼ੀ ਨਿਯਮ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਦੇ ਦਾਵੇ ਵਿਚ ਮੁਦਈ ਕਿਸੇ ਵੀ ਹਾਲਤ ਅਧੀਨ ਦੰਡ ਲਈ ਦਾਅਵਾ ਕਰਨ ਦਾ ਕੋਈ ਅਧਿਕਾਰੀ ਨਹੀਂ ਰਖਦਾ ਉਹ ਕੇਵਲ ਇਤਨਾ ਮੁਆਵਜ਼ਾ ਵਸੂਲ ਕਰ ਸਕਦਾ ਹੈ ਜੋ ਦੰਡ ਦੀ ਰਕਮ ਤੋਂ ਵੱਧ ਨ ਹੋਵੇ ਅਤੇ ਜੋ ਵਿਚਾਰਣ ਕਰਨ ਵਾਲਾ ਜੱਜ ਵਾਜਬ ਸਮਝੇ; ਪਰ ਉਹ ਉਸ ਮੁਆਵਜ਼ੇ ਦਾ ਹੱਕਦਾਰ ਹੁੰਦਾ ਹੈ ਭਾਵੇਂ ਉਹ ਵਾਸਤਵਿਕ ਹਰਜਾਨਾ ਸਾਬਤ ਕਰੇ ਜਾਂ ਨ। ਸਾਧਾਰਨ ਬੌਂਡ ਦੀ ਸੂਰਤ ਵਿਚ ਮੁੱਦਈ ਉਸ ਵਿਚ ਦੱਸੀ ਰਕਮ ਵਸੂਲ ਕਰ ਸਕਦਾ ਹੈ ਅਤੇ ਪ੍ਰਤਿਗਿਆ ਕੀਤੇ ਕੰਮ ਕਰਨ ਲਈ ਮਸ਼ਰੂਤ ਬੌਂਡ ਦੀ ਸੂਰਤ ਵਿਚ ਉਹ ਉਤਨਾ ਵਾਸਤਵਿਕ ਹਰਜਾਨਾ ਵਸੂਲ ਕਰ ਸਕਦਾ ਹੈ ਜਿਤਨਾ ਕਿ ਉਹ ਸਾਬਤ ਕਰੇ। ਸਪਸ਼ਟ ਹੈ ਕਿ ਬੌਂਡ ਦੰਡਕ ਖੰਡਵਾਲੀ ਪ੍ਰਤਿਗਿਆ ਤੋਂ ਵੱਖਰੀ ਕਿਸਮ ਤੇ ਪ੍ਰਕਿਰਤੀ ਦਾ ਮੁਆਇਦਾ ਹੈ। ਉਸ ਤੇ ਕੀਤੀ ਜਾਣ ਵਾਲੀ ਚਾਰਾਜੋਈ ਅਤੇ ਉਸ ਦੇ ਭੰਗ ਲਈ ਵਸੂਲਣਯੋਗ ਰਕਮ ਬਾਰੇ ਵੀ ਦੋਹਾਂ ਵਿਚ ਫ਼ਰਕ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First