ਭਗਤੀ ਦਾ ਸਰੂਪ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭਗਤੀ ਦਾ ਸਰੂਪ : ਭਗਤੀ ( ਭਕੑਤਿ ) ਸ਼ਬਦ ਸੰਸਕ੍ਰਿਤ ਦੀ ‘ ਭਜੑ’ ਧਾਤੂ ਤੋਂ ਬਣਿਆ ਹੈ ਅਤੇ ਇਸ ਦਾ ਅਰਥ ਹੈ ਭਜਣਾ ਜਾਂ ਭਜਨ ਕਰਨਾ । ਆਰਾਧਨਾ , ਸੇਵਾ , ਉਪਾਸਨਾ , ਇਸ਼ਟ-ਦੇਵ ਪ੍ਰਤਿ ਅਤਿ ਅਨੁਰਾਗ ( ਪ੍ਰੇਮ ) , ਸ਼ਰਧਾ ਆਦਿ ਇਸ ਦੇ ਕਈ ਨਾਮਾਂਤਰ ਵੀ ਪ੍ਰਚਲਿਤ ਹਨ , ਪਰ ਇਨ੍ਹਾਂ ਸ਼ਬਦਾਂ ਨਾਲ ਭਗਤੀ ਦੀ ਵਾਸਤਵਿਕ ਆਤਮਾ ਦਾ ਗਿਆਨ ਨਹੀਂ ਹੁੰਦਾ । ਭਾਰਤ ਦੀਆਂ ਆਸਤਿਕ ਸਾਧਨਾ-ਪੱਧਤੀਆਂ ਵਿਚ ਇਸ ਦੀ ਮਾਨਤਾ ਹੈ ਹੀ , ਪਰ ਅਨੀਸ਼੍ਵਰਵਾਦੀ ਮੱਤਾਂ ਦੀਆਂ ਕਈਆਂ ਸ਼ਾਖਾਵਾਂ ਵਿਚ ਵੀ ਇਸ ਦੇ ਮਹੱਤਵ ਨੂੰ ਸਵੀਕਾਰ ਕਰ ਲਿਆ ਗਿਆ ਹੈ ।

ਵਖ ਵਖ ਵਿਦਵਾਨਾਂ , ਆਚਾਰਯਾਂ ਅਤੇ ਸਾਧਕਾਂ ਨੇ ‘ ਭਗਤੀ’ ਦੀਆਂ ਭਿੰਨ ਭਿੰਨ ਪਰਿਭਾਸ਼ਾਵਾਂ ਪੇਸ਼ ਕੀਤੀਆਂ ਹਨ । ‘ ਨਾਰਦ ਭਕੑਤਿ ਸੂਤ੍ਰ ’ ਵਿਚ ਹੀ ਕੁਮਾਰ , ਵੇਦ-ਵਿਆਸ , ਸ਼ਾਂਡਿਲੑਸ , ਗਰਗ , ਵਿਸ਼ਣੂ , ਉਧੱਵ , ਬਲਿ ਆਦਿ ਸਾਧਕਾਂ ਦੇ ਭਗਤੀ-ਸਿੱਧਾਂਤਾਂ ਦਾ ਸਾਰ ਸੰਕਲਿਤ ਕੀਤਾ ਗਿਆ ਹੈ । ਇਸ ਵਿਚ ਦਰਜ ਵੇਦ-ਵਿਆਸ ਦੀ ਪਰਿਭਾਸ਼ਾ ਅਨੁਸਾਰ ਪੂਜਾ ਆਦਿ ਵਿਚ ਡੂੰਘਾ ਪ੍ਰੇਮ ( ਅਨੁਰਾਗ ) ਹੋਣਾ ‘ ਭਗਤੀ’ ਹੈ ( ਸੂਤ੍ਰ 16 ) । ਗਰਗ ਨਾਂ ਦੇ ਆਚਾਰਯ ਦੇ ਮਤ ਵਿਚ ਭਗਵਾਨ ਦੀ ਕਥਾ ਵਿਚ ਪ੍ਰੀਤੀ ( ਅਨੁਰਕੑਤੀ ) ਹੀ ‘ ਭਗਤੀ’ ਹੈ ( ਸੂਤ੍ਰ 17 ) । ਆਚਾਰਯ ਸ਼ਾਂਡਿਲੑਯ ਦਾ ਵਿਚਾਰ ਹੈ ਕਿ ਆਤਮ-ਰਤਿ ਦੇ ਅਨੁਕੂਲ ਵਿਸ਼ਿਆਂ ਵਿਚ ਅਨੁਰਾਗ ਹੀ ‘ ਭਗਤੀ’ ਹੈ ( ਸੂਤ੍ਰ 18 ) । ਉਪਲਬਧ ‘ ਸ਼ਾਂਡਿਲੑਯ ਭਕੑਤਿ ਸੂਤ੍ਰ’ ( 1/1/2 ) ਵਿਚ ਈਸ਼ਵਰ ਪ੍ਰਤਿ ਕੀਤੀ ਗਈ ਪਰਮ ਅਨੁਰਕੑਤੀ ਨੂੰ ‘ ਭਗਤੀ’ ਕਿਹਾ ਜਾਂਦਾ ਹੈ । ਨਾਰਦ ਦੇ ਮਤ ਅਨੁਸਾਰ ਇਸ਼ਟ-ਦੇਵ ਵਿਚ ਸਾਧਕ ਦਾ ਅਦੁੱਤੀ ਅਤੇ ਨਿਘਾ ਪ੍ਰੇਮ ਹੀ ‘ ਭਗਤੀ’ ਹੈ , ਜੋ ਅੰਮ੍ਰਿਤ-ਰੂਪਾ ਹੈ ਅਤੇ ਜਿਸ ਨੂੰ ਪ੍ਰਾਪਤ ਕਰਕੇ ਮਨੁੱਖ ਸਿੱਧ , ਅਮਰ , ਤ੍ਰਿਪਤ ਅਤੇ ਸੰਤੁਸ਼ਟ ਹੋ ਜਾਂਦਾ ਹੈ ( ‘ ਨਾਰਦ ਭਕੑਤਿ ਸੂਤ੍ਰ’ — 2/4 ) ।

‘ ਭਾਗਵਤ-ਪੁਰਾਣ’ ( 3/25/32-33 ) ਅਨੁਸਾਰ ਭਗਵਾਨ ਵਿਚ ਨਿਸ਼ਕਾਮ ਭਾਵ ਨਾਲ ਨਿਘ ਸਹਿਤ ਸਾਤਵਿਕ ਪ੍ਰੇਮ ਦੀ ਪ੍ਰਵ੍ਰਿੱਤੀ ‘ ਭਗਤੀ’ ਹੈ । ‘ ਵਿਸ਼ਣੂ-ਪੁਰਾਣ’ ( 1/20/19 ) ਵਿਚ ਲਿਖਿਆ ਹੈ ਕਿ ਅਵਿਵੇਕੀ ਪੁਰਸ਼ਾਂ ਦੀ ਵਿਸ਼ਿਆਂ ਵਿਚ ਸਥਿਰ ਪ੍ਰੀਤ ਵਾਂਗ ਭਗਵਾਨ ਪ੍ਰਤਿ ਪ੍ਰੇਮ ਹੀ ‘ ਭਗਤੀ’ ਹੈ । ‘ ਪਾਂਚਰਾਤ੍ਰ ਆਗਮ ’ ਵਿਚ ਵਿਸ਼ਣੂ ਪ੍ਰਤਿ ਸਥਾਈ ਪ੍ਰੇਮ ਨੂੰ ‘ ਭਗਤੀ’ ਕਿਹਾ ਗਿਆ ਹੈ । ‘ ਨਾਰਦ ਪਾਂਚਰਾਤ੍ਰ’ ਵਿਚ ਸਾਰੀਆਂ ਉਪਾਧੀਆਂ ( ਛਲ , ਕਪਟ , ਪ੍ਰਪੰਚ ) ਤੋਂ ਮੁਕਤ ਹੋ ਕੇ ਭਗਵਾਨ ਰਿਸ਼ੀਕੇਸ਼ ਦੀ ਸੇਵਾ ਨੂੰ ‘ ਭਗਤੀ’ ਦਾ ਨਾਂ ਦਿੱਤਾ ਗਿਆ ਹੈ ।

ਸ਼ੰਕਰਾਚਾਰਯ ਦੀ ਗਿਆਨ-ਸਾਧਨਾ ਦੇ ਵਿਰੋਧ ਵਿਚ ਚਲੀਆਂ ਸੰਪ੍ਰਦਾਵਾਂ ਦੇ ਸੰਸਥਾਪਕਾਂ ਅਤੇ ਧਰਮ- ਸਾਧਕਾਂ ਨੇ ਵੀ ਭਗਤੀ ਸੰਬੰਧੀ ਕੁਝ ਵਿਚਾਰ ਪ੍ਰਗਟਾਏ ਹਨ । ਸ੍ਰੀ ਸੰਪ੍ਰਦਾਇ ਦੇ ਮੋਢੀ ਰਾਮਾਨੁਜਾਚਾਰਯ ਨੇ ‘ ਭਗਵਦ -ਗੀਤਾ’ ਉਪਰ ਕੀਤੇ ਆਪਣੇ ਭਾਸ਼ੑਯ ਵਿਚ ਦਸਿਆ ਹੈ ਕਿ ਭਗਵਾਨ ਪ੍ਰਤਿ ਕੀਤਾ ਸਨੇਹ-ਪੂਰਵਕ ਲਗਾਤਾਰ ਧਿਆਨ ਹੀ ‘ ਭਗਤੀ’ ਹੈ । ਇਹ ਧਿਆਨ ਤੇਲ ਦੀ ਧਾਰ ਵਾਂਗ ਨਿਰੰਤਰ ਹੋਣਾ ਚਾਹੀਦਾ ਹੈ । ਮਧਵਾਚਾਰਯ ਨੇ ਭਗਵਾਨ ਦੇ ਮਹਾਤਮ-ਗਿਆਨ ਤੋਂ ਪੈਦਾ ਹੋਈ ਪਰਮ- ਪ੍ਰੀਤ ਨੂੰ ‘ ਭਗਤੀ’ ਦਾ ਨਾਂ ਦਿੱਤਾ ਹੈ । ਵਲਭਾਚਾਰਯ , ਰੂਪ- ਗੋਸ੍ਵਾਮੀ , ਮਧੁਸੂਦਨ ਸਰਸੑਵਤੀ ਆਦਿ ਕਈ ਹੋਰ ਸਾਧਕਾਂ ਨੇ ਵੀ ਆਪਣੇ ਆਪਣੇ ਢੰਗ ਨਾਲ ਵਿਚਾਰ ਪ੍ਰਗਟਾਏ ਹਨ ।

ਇਨ੍ਹਾਂ ਸਾਰੀਆਂ ਪਰਿਭਾਸ਼ਿਕ ਸਥਾਪਨਾਵਾਂ ਤੋਂ ਇਕ ਗੱਲ ਸਪੱਸ਼ਟ ਰੂਪ ਵਿਚ ਉਘੜਦੀ ਹੈ ਕਿ ਪ੍ਰੇਮ ‘ ਭਗਤੀ’ ਦਾ ਬੁਨਿਆਦੀ ਤੱਤ੍ਵ ਹੈ । ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਭਗਤ ਸਾਧਕ ਲਈ ਸਰਬ- ਸ਼ਕਤੀਮਾਨ ਪਰਮ-ਸੱਤਾ ਵਿਚ ਵਿਸ਼ਵਾਸ ਰਖਣਾ ਅਤੇ ਉਸ ਪ੍ਰਤਿ ਅਪਾਰ ਸ਼ਰਧਾ ਦਾ ਹੋਣਾ ਅਤਿ ਆਵੱਸ਼ਕ ਹੈ । ਵੈਸ਼ਣਵ -ਭਗਤੀ ਚੂੰਕਿ ਅਵਤਾਰਵਾਦ ਉਤੇ ਟਿਕੀ ਹੈ , ਇਸ ਲਈ ਇਸ ਨੂੰ ‘ ਸਗੁਣ-ਭਗਤੀ’ ( ਵੇਖੋ ) ਕਿਹਾ ਜਾਵੇਗਾ ਅਤੇ ਨਿਰਾਕਾਰ ਪ੍ਰਤਿ ਭਗਤੀ ਨੂੰ ‘ ਨਿਰਗੁਣ-ਭਗਤੀ’ ( ਵੇਖੋ ) ਮੰਨਿਆ ਜਾਵੇਗਾ ।

ਭਗਤੀ ਦੇ ਸਗੁਣ ਅਤੇ ਨਿਰਗੁਣ ਪ੍ਰਕਾਰਾਂ ਤੋਂ ਇਲਾਵਾ ਵਿਦਵਾਨਾਂ ਨੇ ਇਸ ਦੇ ਕਈ ਹੋਰ ਭੇਦਾਂ ਦੀ ਸਥਾਪਨਾ ਵੀ ਕੀਤੀ ਹੈ , ਜਿਵੇਂ ਗੁਣਾਂ ਦੇ ਆਧਾਰ’ ਤੇ ਤਿੰਨ ਭੇਦ ਹਨ— ਸਾਤਵਿਕੀ , ਰਾਜਸੀ ਅਤੇ ਤਾਮਸੀ । ਹੋਰ ਪ੍ਰਕਾਰ ਹਨ— ਪਰਾ ਅਤੇ ਗੌਣੀ , ਸੂਖਮਾ ਅਤੇ ਸਥੂਲਾ , ਰਾਗਾਤਮਿਕਾ ਅਤੇ ਗੌਣੀ , ਮਾਨਸੀ ਅਤੇ ਸ਼ਰੀਰੀ , ਨਿਸ਼ਕਾਮ ਅਤੇ ਸਕਾਮ , ਸਾਧੑਯ-ਰੂਪਾ ਅਤੇ ਸਾਧਨ-ਰੂਪਾ । ਨਵਧਾ ਭਗਤੀ ਵੀ ਬਹੁਤ ਚਰਚਿਤ ਹੈ । ਇਸ ਭਗਤੀ ਦੇ ‘ ਭਾਗਵਤ ਪੁਰਾਣ ’ ( 7/5/23 ) ਅਨੁਸਾਰ ਨੌਂ ਸਾਧਨ ਹਨ— ਸ਼੍ਰਵਣ , ਕੀਰਤਨ , ਸਮਰਣ , ਪਾਦ-ਸੇਵਨ , ਪੂਜਾ-ਅਰਚਾ , ਵੰਦਨ , ਦਾਸੑਯ , ਸਖੑਯ ਅਤੇ ਆਤਮ-ਨਿਵੇਦਨ । ‘ ਨਾਰਦ ਭਕੑਤਿ ਸੂਤ੍ਰ’ ( 82 ) ਵਿਚ ਭਗਤੀ ਦੀਆਂ 11 ਆਸਕੑਤੀਆਂ ਦਾ ਜ਼ਿਕਰ ਹੋਇਆ ਹੈ— ਗੁਣ ਮਹਾਤਮ , ਰੂਪ , ਪੂਜਾ , ਸੑਮਰਣ , ਦਾਸੑਯ , ਸਖੑਯ , ਕਾਂਤਾ , ਵਾਤਸਲੑਯ , ਆਤਮ-ਨਿਵੇਦਨ , ਤਨਮਯਤਾ ਅਤੇ ਪਰਮ-ਵਿਰਹ । ਇਸੇ ਤਰ੍ਹਾਂ ਦੇ ਹੋਰ ਵੀ ਕਈ ਭੇਦ ਆਚਰਯਾਂ ਨੇ ਕੀਤੇ ਹਨ । ਪਰ ਮੁੱਖ ਭੇਦ ਦੋ ਹੀ ਹਨ— ਸਗੁਣ ਅਤੇ ਨਿਰਗੁਣ । ਇਨ੍ਹਾਂ ਦੋਹਾਂ ਦਾ ਮੂਲਾਧਾਰ ਇਸ਼ਟ ਦਾ ਸਰੂਪ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 805, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.