ਭਰੋਵਾਲ (ਪਿੰਡ): ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਪਿੰਡ ਜੋ ਤਰਨਤਾਰਨ ਤੋਂ 15 ਕਿ.ਮੀ. ਦੀ ਦੂਰੀ ਉਤੇ ਤਰਨਤਾਰਨ- ਗੋਇੰਦਵਾਲ ਸੜਕ ਉਤੇ ਵਸਿਆ ਹੋਇਆ ਹੈ। ਇਕ ਵਾਰ ਗੁਰੂ ਅੰਗਦ ਦੇਵ ਜੀ ‘ਖ਼ਾਨ ਛਾਪਰੀ ’ ਪਿੰਡ ਤੋਂ ਖਡੂਰ ਸਾਹਿਬ ਨੂੰ ਜਾਂਦਿਆਂ ਇਸ ਪਿੰਡ ਤੋਂ ਬਾਹਰ ਇਕ ਟੋਭੇ ਦੇ ਕੰਢੇ ਉਤੇ ਕੁਝ ਦੇਰ ਲਈ ਰੁਕੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਜੋ ਸਮਾਰਕ ਪਹਿਲਾਂ ਬਣਾਇਆ ਗਿਆ, ਉਸ ਦਾ ਨਾਂ ‘ਗੁਰੂਆਣਾ ’ ਪ੍ਰਚਲਿਤ ਹੋਇਆ। ਇਸ ਦੀ ਵਰਤਮਾਨ ਇਮਾਰਤ ਲਗਭਗ ਵੀਹ ਸਾਲ ਪਹਿਲਾਂ ਪਿੰਡ- ਵਾਸੀਆਂ ਦੇ ਉਦਮ ਨਾਲ ਤਿਆਰ ਹੋਈ। ਹੁਣ ਇਸ ਦਾ ਨਾਂ ‘ਗੁਰਦੁਆਰਾ ਗੁਰੂ ਅੰਗਦ ਸਾਹਿਬ’ ਹੈ। ਇਸ ਵਿਚ ਗੁਰੂ ਕਾ ਲੰਗਰ ਅਤੇ ਸਰੋਵਰ ਵੀ ਬਣਾਇਆ ਗਿਆ ਹੈ। ਇਸ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ।