ਭਾਵਾਂਸ਼-ਵਿਉਂਤ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਭਾਵਾਂਸ਼-ਵਿਉਂਤ: ਪਰੰਪਰਾਈ ਵਿਆਕਰਨਾਂ ਵਿਚ ਸ਼ਬਦ ਨੂੰ ਵਿਆਕਰਨ ਦੀ ਛੋਟੀ ਤੋਂ ਛੋਟੀ ਅਰਥ ਪੂਰਨ ਇਕਾਈ ਮੰਨਿਆ ਜਾਂਦਾ ਹੈ ਅਤੇ ਵਾਕ ਨੂੰ ਵਿਆਕਰਨ ਦੀ ਵੱਡੀ ਤੋਂ ਵੱਡੀ ਇਕਾਈ। ਰੂਪਵਾਦੀ ਭਾਸ਼ਾ ਵਿਗਿਆਨੀ ਸ਼ਬਦ ਦੀ ਥਾਂ ਭਾਵਾਂਸ਼ ਨੂੰ ਛੋਟੀ ਤੋਂ ਛੋਟੀ ਅਰਥ ਪੂਰਨ ਇਕਾਈ ਮੰਨਦੇ ਹਨ। 1940-50 ਦੇ ਦਰਮਿਆਨ ਅਮਰੀਕੀ ਰੂਪਵਾਦੀਆਂ ਨੇ ਇਸ ਸੰਕਲਪ ਦੀ ਵਰਤੋਂ ਕੀਤੀ। ਆਮ ਭਾਸ਼ਾ ਵਿਚ ਇਸ ਸੰਕਲਪ ਦਾ ਅਰਥ ਹੈ ‘ਰੂਪ’ ਇਸ ਤੋਂ ਪਹਿਲਾਂ ਇਸ ਸੰਕਲਪ ਨੂੰ ਜੀਵ ਵਿਗਿਆਨ ਵਿਚ ਵਰਤਿਆ ਜਾਂਦਾ ਸੀ। Morphology ਨੂੰ ਇਕ ਆਮ ਸੰਕਲਪ ਦੇ ਤੌਰ ’ਤੇ ਵਰਤਿਆ ਜਾਂਦਾ ਹੈ ਅਤੇ Morphology ਨੂੰ ਇਕਾਲਕੀ ਭਾਸ਼ਾ ਵਿਗਿਆਨਕ ਅਧਿਅਨ ਲਈ ਵਰਤਿਆ ਜਾਂਦਾ ਹੈ ਇਹ ਵਿਗਿਆਨ ਵਿਆਕਰਨ ਦੀ ਇਕ ਸ਼ਾਖਾ ਹੈ ਅਤੇ ਇਸ ਵਿਚ ਭਾਵਾਂਸ਼-ਵਿਉਂਤ ਅਤੇ ਵਾਕ-ਵਿਉਂਤ (Morphology and Syntax) ਦਾ ਇਕ ਲੜ੍ਹੀ ਵਿਚ ਅਧਿਅਨ ਕੀਤਾ ਜਾਂਦਾ ਹੈ। ਵਾਕ-ਵਿਉਂਤ ਦੇ ਅੰਤਰਗਤ ਵਾਕਾਂ ਦੀ ਬਣਤਰ ਅਤੇ ਕਾਰਜ ਦਾ ਅਧਿਅਨ ਕੀਤਾ ਜਾਂਦਾ ਹੈ ਅਤੇ ਇਸ ਸ਼ਾਖਾ ਨੂੰ ਵਾਕ ਦਾ ਵਿਗਿਆਨ ਵੀ ਆਖਿਆ ਜਾਂਦਾ ਹੈ ਅਤੇ ਦੂਜੇ ਪਾਸੇ ਭਾਵਾਂਸ਼-ਵਿਉਂਤ ਵਿਚ ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਅਧਿਅਨ ਕੀਤਾ ਜਾਂਦਾ ਹੈ ਅਤੇ ਇਸ ਸ਼ਾਖਾ ਨੂੰ ਸ਼ਬਦ ਵਿਗਿਆਨ ਕਿਹਾ ਜਾਂਦਾ ਹੈ। ਭਾਵਾਂਸ਼-ਵਿਉਂਤ ਰਾਹੀਂ ਸ਼ਬਦ ਵਿਚ ਵਿਚਰਨ ਵਾਲੇ ਤੱਤਾਂ (ਧੁਨੀਆਂ ਅਤੇ ਰੂਪਾਂ) ਦਾ ਅਧਿਅਨ ਕੀਤਾ ਜਾਂਦਾ ਹੈ। ਭਾਵਾਂਸ਼-ਵਿਉਂਤ ਨੂੰ ਦੋ ਸ਼ਾਖਾਵਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : ਸ਼ਬਦ ਰੂਪਾਂਤਰਾਂ ਦੇ ਅਧਿਅਨ ਲਈ, (i) ਰੂਪਾਂਤਰੀ ਭਾਵਾਂਸ਼-ਵਿਉਂਤ (Inflectional Morphology) ਅਤੇ ਸ਼ਬਦਾਂ ਦੀ ਬਣਤਰ ਤੇ ਉਤਪਤੀ ਲਈ (ii) ਵਿਉਂਤਪਤ ਭਾਵਾਂਸ਼-ਵਿਉਂਤ (Derivational Morphology)। ਰੂਪਾਂਤਰੀ ਭਾਵਾਂਸ਼-ਵਿਉਂਤ ਦੇ ਅੰਤਰਗਤ ਵਿਕਾਰੀ ਸ਼ਬਦ ਰੂਪਾਂ ਦਾ ਅਧਿਅਨ ਕੀਤਾ ਜਾਂਦਾ ਹੈ ਜਿਵੇਂ ‘ਚਲ’ ਧਾਤੂ ਹੈ ਅਤੇ ਇਹ ਕਿਰਿਆ ਵਜੋਂ ਵਿਚਰਦਾ ਹੈ। ਇਸ ਧਾਤੂ ਦਾ ਵਿਆਕਰਨਕ ਸ਼ਰੇਣੀਆਂ (ਲਿੰਗ, ਵਚਨ, ਪੁਰਖ, ਕਾਲ ਆਦਿ) ਅਨੁਸਾਰ ਰੂਪਾਂਤਰਨ ਹੁੰਦਾ ਹੈ ਅਤੇ ਇਕ ਰੂਪਾਵਲੀ ਬਣਦੀ ਹੈ ਜਿਵੇਂ ਸ਼ਬਦ ਰੂਪਾਂ ਵਿਚ ਧਾਤੂ ਤੋਂ ਇਲਾਵਾ ਪਿਛੇਤਰ ਵਿਚਰਦੇ ਹਨ ਅਤੇ ਰੁਪਾਂਤਰੀ ਪਿਛੇਤਰ ਹਮੇਸ਼ਾ ਸ਼ਬਦ ਦੇ ਅੰਤ ’ਤੇ ਹੁੰਦੇ ਹਨ। ਗਿਣਤੀ ਪੱਖੋਂ ਉਪਰੋਕਤ ਕਿਰਿਆ ਵਿਚ ਤਿੰਨ ਭਾਵਾਂਸ਼ ਹਨ : ਚਲ (ਧਾਤੂ) ਦ (ਕਾਲ-ਸੂਚਕ), ਆ (ਵਚਨ ਤੇ ਲਿੰਗ-ਸੂਚਕ)। ਦੂਜੇ ਪਾਸੇ ਵਿਉਂਤਪਤ ਭਾਵਾਂਸ਼-ਵਿਉਂਤ ਵਿਚ ਸ਼ਬਦ ਦੀ ਬਣਤਰ ਵਿਚ ਅਗੇਤਰ ਅਤੇ ਪਿਛੇਤਰ ਦੋਵੇਂ ਵਿਚਰ ਸਕਦੇ ਹਨ ਜਿਵੇਂ (ਅਨ) ਪੜ੍ਹ=ਅਨਪੜ੍ਹ, (ਨਿ) ਡਰ=ਨਿਡਰ ਆਦਿ ਤੋਂ ਵੱਧ (ਧਾਤੂ)+ਈ=ਵਧੀ+ਕੀ=ਵਧੀਕੀ। ਭਾਵਾਂਸ਼-ਵਿਉਂਤ ਦੇ ਅਧਿਅਨ ਦੌਰਾਨ ਸ਼ਬਦਾਂ ਦੀ ਬਣਤਰ ਵਿਚ ਵਿਚਰਨ ਵਾਲੇ ਭਾਵਾਂਸ਼ਾਂ ਦਾ ਅਧਿਅਨ ਕੀਤਾ ਜਾਂਦਾ ਹੈ। ਭਾਵਾਂਸ਼ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਸੁਤੰਤਰ ਅਤੇ (ii) ਬੰਧੇਜੀ। ਸੁਤੰਤਰ ਭਾਵਾਂਸ਼ ਦੋ ਪਰਕਾਰ ਦੇ ਹੁੰਦੇ ਹਨ : (i) ਸ਼ਾਬਦਿਕ (Lexical) ਅਤੇ (ii) ਸਬੰਧ ਦਰਸਾਊ (Functional)। ਸ਼ਾਬਦਿਕ ਵਿਚ ਘਰ, ਮੁੰਡਾ, ਚਲ, ਲਾਲ, ਇਥੇ ਆਦਿ ਭਾਵ ਮੁੱਖ ਸ਼ਬਦ-ਸ਼ਰੇਣੀਆਂ ਦੇ ਮੈਂਬਰਾਂ ਨੂੰ ਰੱਖਿਆ ਜਾਂਦਾ ਹੈ ਜਦੋਂ ਕਿ ਦੂਜੇ ਪਾਸੇ ‘ਪਰ, ਤਾਂ, ਜੇ, ਕਿ, ਸਗੋਂ, ਵਿਚ, ਨੇ, ਨੂੰ, ਦਾ’ ਆਦਿ ਗੌਣ ਸ਼ਬਦ-ਸ਼ਰੇਣੀਆਂ ਦੇ ਮੈਂਬਰਾਂ ਨੂੰ ਰੱਖਿਆ ਜਾਂਦਾ ਹੈ। ਸੁਤੰਤਰ ਭਾਵਾਂਸ਼, ਸ਼ਬਦ ਵਰਗੀ ਇਕਾਈ ਹੈ ਅਤੇ ਸ਼ਬਦ ਵਾਂਗ ਸੁਤੰਤਰ ਤੌਰ ’ਤੇ ਵਿਚਰ ਸਕਦਾ ਹੈ। ਦੂਜੇ ਪਾਸੇ ਬੰਧੇਜੀ ਭਾਵਾਂਸ਼ ਸ਼ਬਦਾਂ ਦੇ ਹਿੱਸੇ ਵਜੋਂ ਵਿਚਰਦੇ ਹਨ ਅਤੇ ਇਹ ਸੁਤੰਤਰ ਤੌਰ ’ਤੇ ਵਿਚਰ ਸਕਣ ਦੀ ਸਮਰੱਥਾ ਨਹੀਂ ਰੱਖਦੇ। ਇਸ ਵਿਗਿਆਨ ਦੇ ਅੰਤਰਗਤ ਸ਼ਬਦ ਬਣਤਰ ਦੇ ਸਾਰੇ ਪੱਖਾਂ : ਧਾਤੂ, ਅਗੇਤਰ, ਪਿਛੇਤਰ, ਦੁਹਰੁਕਤੀ, ਇਕਹਿਰੇ ਸ਼ਬਦ, ਦੋਹਰੇ ਸ਼ਬਦ ਆਦਿ ਦਾ ਅਧਿਅਨ ਕੀਤਾ ਜਾਂਦਾ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 7318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First