ਭੂਮੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੂਮੀ (ਨਾਂ,ਇ) ਧਰਤੀ; ਜ਼ਮੀਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6447, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭੂਮੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੂਮੀ [ਨਾਂਇ] ਭੋਂ , ਭੋਇੰ, ਜ਼ਮੀਨ, ਧਰਤੀ , ਥਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭੂਮੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

 

ਭੂਮੀ : ਸਧਾਰਨ ਬੋਲੀ ਵਿੱਚ ਭੂਮੀ ਦਾ ਅਰਥ ਬੜੇ ਸੀਮਿਤ ਰੂਪ ਵਿੱਚ ਲਿਆ ਜਾਂਦਾ ਹੈ, ਭਾਵ ਭੂਮੀ ਨੂੰ ਕੇਵਲ ਭੋਂ ਜਾਂ ਧਰਤੀ ਦਾ ਉੱਪਰਲਾ ਤਲ ਹੀ ਸਮਝਿਆ ਜਾਂਦਾ ਹੈ। ਅਰਥ-ਵਿਗਿਆਨ ਵਿੱਚ ਭੂਮੀ ਦਾ ਅਰਥ ਬਹੁਤ ਹੀ ਵਿਆਪਕ ਹੈ। ਉਤਪਾਦਨ ਦੇ ਚਾਰ ਸਾਧਨਾਂ ਵਿੱਚੋਂ ਭੂਮੀ ਇੱਕ ਮੁੱਖ ਸਾਧਨ ਹੈ। ਅਰਥ-ਵਿਗਿਆਨ ਵਿੱਚ ਭੂਮੀ ਵਿੱਚ ਉਹ ਸਭ ਸ਼ਕਤੀਆਂ ਤੇ ਪਦਾਰਥ ਸ਼ਾਮਲ ਹਨ ਜੋ ਕੁਦਰਤ ਨੇ ਮਨੁੱਖ ਨੂੰ ਮੁਫ਼ਤ ਬਖ਼ਸ਼ੇ ਹਨ ਭਾਵ ਇਹ ਕਿ ਕੁਦਰਤ ਦੀਆਂ ਸਾਰੀਆਂ ਮੁਫ਼ਤ ਦੇਣਾ ਭੂਮੀ ਹਨ (All free gifts of nature are land)। ਸੋ ਕੁਦਰਤ ਦੀਆਂ ਮੁਫ਼ਤ ਦੇਣਾਂ ਦੇ ਰੂਪ ਵਿੱਚ:   

1.       ਧਰਤੀ ਦੇ ਤਲ ਤੇ ਭੋਂ, ਦਰਿਆ, ਨਦੀਆਂ, ਜੰਗਲ, ਪਹਾੜ, ਸਮੁੰਦਰ;

2.       ਧਰਤੀ ਦੇ ਉੱਪਰ ਹਵਾ, ਧੁੱਪ, ਚਾਨਣ, ਗਰਮੀ, ਸਰਦੀ, ਵਰਖਾ ਆਦਿ; ਅਤੇ

3.       ਧਰਤੀ ਦੇ ਹੇਠਾਂ ਭਾਵ ਧਰਤੀ ਦੇ ਅੰਦਰ ਖਣਿਜ ਪਦਾਰਥ ਜਿਵੇਂ ਕਿ ਲੋਹਾ, ਕੋਲਾ, ਸੋਨਾ, ਪੈਟਰੋਲ, ਤਾਂਬਾ, ਜਲ ਆਦਿ ਅਰਥ-ਵਿਗਿਆਨ ਵਿੱਚ ਭੂਮੀ ਮੰਨੇ ਜਾਂਦੇ ਹਨ।

ਡਾ. ਮਾਰਸ਼ਲ ਦੇ ਅਨੁਸਾਰ :

ਭੂਮੀ ਤੋਂ ਭਾਵ ਕੇਵਲ ਧਰਤੀ ਦੀ ਉੱਪਰਲੀ ਸਤ੍ਹਾ ਤੋਂ ਨਹੀਂ ਹੈ-ਸਗੋਂ ਉਹਨਾਂ ਪਦਾਰਥਾਂ ਅਤੇ ਸ਼ਕਤੀਆਂ ਤੋਂ ਹੈ ਜਿਨ੍ਹਾਂ ਨੂੰ ਪ੍ਰਕਿਰਤੀ ਭੂਮੀ ਅਤੇ ਪਾਣੀ ਦੇ ਰੂਪ ਵਿੱਚ, ਹਵਾ, ਚਾਨਣ ਅਤੇ ਊਸ਼ਮਾ ਦੇ ਰੂਪ ਵਿੱਚ ਮਨੁੱਖ ਦੀ ਸਹਾਇਤਾ ਲਈ ਮੁਫ਼ਤ ਵਿੱਚ ਪ੍ਰਦਾਨ ਹੈ।

ਪ੍ਰੋ. ਕੇਰਨ ਕ੍ਰਾਸ (Carron Cross) ਦੇ ਅਨੁਸਾਰ ਹਵਾ, ਧੁੱਪ, ਸੂਰਜ ਦਾ ਚਾਨਣ, ਗਰਮੀ ਆਦਿ ਦੇ ਲਈ ਭੂਮੀ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਨੇ ਇਸ ਦਾ ਕਾਰਨ ਇਹ ਦਿੱਤਾ ਹੈ ਕਿ ਇਹਨਾਂ ਤੇ ਕਿਸੇ ਇੱਕ ਵਿਅਕਤੀ ਦੀ ਮਲਕੀਅਤ ਜਾਂ ਅਧਿਕਾਰ ਨਹੀਂ ਹੁੰਦਾ। ਇਹ ਅਜਿਹੇ ਸਾਧਨ ਹਨ ਜਿਨ੍ਹਾਂ ਦੇ ਵੇਚਣ ਆਦਿ ਦਾ ਅਧਿਕਾਰ ਸਾਡੇ ਕੋਲ ਨਹੀਂ ਹੈ ਅਤੇ ਇਸੇ ਕਾਰਨ ਇਹਨਾਂ ਦੀ ਅਸੀਂ ਖ਼ਰੀਦੋ-ਫ਼ਰੋਖਤ ਨਹੀਂ ਕਰ ਸਕਦੇ।

ਇਸ ਪ੍ਰਕਾਰ ਪ੍ਰੋ. ਕੇਰਨ ਕ੍ਰਾਸ ਨੇ ਭੂਮੀ ਸ਼ਬਦ ਦਾ ਪ੍ਰਯੋਗ ਹੇਠ ਲਿਖੇ ਪ੍ਰਕਿਰਤਕ ਸਾਧਨਾਂ ਦੇ ਲਈ ਕੀਤਾ ਹੈ :

(1) ਧਰਤੀ ਦੀ ਸਤ੍ਹਾ ਦੇ ਉਹ ਖੇਤਰ ਜਿਨ੍ਹਾਂ ਤੇ ਖੇਤੀ ਹੁੰਦੀ ਹੈ; (2) ਜੰਗਲ ਤੇ ਮਾਰੂਥਲ;

(3) ਮਹਾਂਸਾਗਰ ਤੇ ਸਮੁੰਦਰ; (4) ਖਾਣਾਂ; ਅਤੇ (5) ਜਲਵਾਯੂ।

ਪ੍ਰੋ. ਜੇ.ਕੇ. ਮਹਿਤਾ ਤੇ ਪ੍ਰਸਿੱਧ ਅਰਥ-ਵਿਗਿਆਨੀ ਵਿਜ਼ਰ ਦੇ ਵਿਚਾਰਾਂ ਦੇ ਆਧਾਰ ਤੇ ਭੂਮੀ ਨੂੰ ਉਤਪਾਦਨ ਦਾ ਇੱਕ ਵਿਸ਼ੇਸ਼ ਸਾਧਨ ਮੰਨਿਆ ਜਾਂਦਾ ਹੈ। ਉਸਦੇ ਅਨੁਸਾਰ :

ਭੂਮੀ ਇੱਕ ਵਿਸ਼ੇਸ਼ ਸਾਧਨ ਹੈ ਜਾਂ ਕਿਸੇ ਸਾਧਨ ਵਿੱਚ ਵਿਸ਼ੇਸ਼ ਤੱਤ ਨੂੰ ਦਰਸਾਂਦੀ ਹੈ ਜਾਂ ਕਿਸੇ ਵਸਤੂ ਦੇ ਵਿਸ਼ੇਸ਼ਤਾ ਵਾਲੇ ਪੱਖ ਨੂੰ ਦੱਸਦੀ ਹੈ।

ਵਿਸ਼ੇਸ਼ ਸਾਧਨ ਉਹ ਸਾਧਨ ਹਨ, ਜਿਨ੍ਹਾਂ ਵਿੱਚ ਗਤੀਸ਼ੀਲਤਾ ਨਹੀਂ ਹੁੰਦੀ-ਜਿਨ੍ਹਾਂ ਨੂੰ ਅਸੀਂ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਨਹੀਂ ਲਿਜਾ ਸਕਦੇ। ਇਸ ਤਰ੍ਹਾਂ ਵਿਸ਼ੇਸ਼ ਸਾਧਨਾਂ ਅਤੇ ਸਥਾਨਾਂ ਨੂੰ ਅਰਥ- ਵਿਗਿਆਨ ਵਿੱਚ ਭੂਮੀ ਕਿਹਾ ਜਾਂਦਾ ਹੈ।

ਜੇ ਉਲਮਰ ਦੇ ਅਨੁਸਾਰ :

ਪ੍ਰਕਿਰਤੀ ਦੁਆਰਾ ਦਿੱਤੇ ਗਏ ਸਭ ਆਰਥਿਕ ਪਦਾਰਥਾਂ ਅਤੇ ਧਨ ਨੂੰ ਭੂਮੀ ਕਿਹਾ ਜਾਂਦਾ ਹੈ। ਪ੍ਰਾਕਿਰਤਕ ਸਾਧਨਾਂ ਨੂੰ ਉਹਨਾਂ ਦੀ ਮੌਲਿਕ ਅਵਸਥਾ ਵਿੱਚ ਭੂਮੀ ਕਿਹਾ ਜਾਂਦਾ ਹੈ। ਭੂਮੀ ਵਿੱਚ ਉਹ ਸਾਰੇ ਕੁਦਰਤੀ ਸਾਧਨ ਸ਼ਾਮਲ ਹਨ, ਜਿਨ੍ਹਾਂ ਤੋਂ ਆਮਦਨ ਹੁੰਦੀ ਹੈ ਜਾਂ ਜਿਨ੍ਹਾਂ ਦਾ ਕੋਈ ਵਿਨਿਯਮ ਮੁੱਲ ਹੈ ਭਾਵ ਅਜਿਹੇ ਕੁਦਰਤੀ ਸਾਧਨ ਭੂਮੀ ਹਨ, ਜੋ ਲਾਭਦਾਇਕ ਹਨ ਅਤੇ ਜਿਨ੍ਹਾਂ ਦੀ ਅਸਲ ਵਿੱਚ ਦੁਰਲੱਭਤਾ ਹੈ ਜਾਂ ਦੁਰਲੱਭਤਾ ਹੋਣ ਦੀ ਸੰਭਾਵਨਾ ਹੈ। ਭੂਮੀ ਤੋਂ ਬਿਨਾਂ ਨਾ ਅਸੀਂ ਖੜ੍ਹੇ ਹੋ ਸਕਦੇ ਹਾਂ, ਨਾ ਹੀ ਕੋਈ ਵਪਾਰ ਜਾਂ ਫ਼ੈਕਟਰੀ ਚਲਾ ਸਕਦੇ ਹਾਂ, ਨਾ ਹੀ ਕੋਈ ਬਿਲਡਿੰਗ, ਸੜਕ ਅਤੇ ਰੇਲਵੇ ਬਣਾ ਸਕਦੇ ਹਾਂ। ਅਸਲ ਵਿੱਚ ਭੂਮੀ ਤੋਂ ਬਿਨਾਂ ਕੋਈ ਆਰਥਿਕ ਕਿਰਿਆ ਹੀ ਨਹੀਂ ਹੋ ਸਕਦੀ।

ਹੁਣ ਵਿਗਿਆਨਿਕ ਗਿਆਨ ਦੇ ਵਿਕਾਸ ਦੇ ਨਾਲ ਕੁਦਰਤ ਦਾ ਮਨੁੱਖ ਤੇ ਪ੍ਰਭਾਵ ਘੱਟ ਹੁੰਦਾ ਜਾ ਰਿਹਾ ਹੈ। ਫਿਰ ਵੀ ਇਹ ਸੱਚ ਹੈ ਕਿ ਭੂਮੀ ਬਿਨਾਂ ਮਨੁੱਖ ਕੋਈ ਵੀ ਵਸਤੂ ਪੈਦਾ ਨਹੀਂ ਕਰ ਸਕਦਾ। ਭੂਮੀ ਮਨੁੱਖ ਲਈ ਖ਼ੁਰਾਕ ਦਾ ਇੱਕ ਸਾਧਨ ਹੈ, ਜਿਸ ਦੇ ਬਿਨਾਂ ਉਹ ਜੀਵਤ ਨਹੀਂ ਰਹਿ ਸਕਦਾ। ਖੇਤੀ ਲਈ ਭੂਮੀ ਦੀ ਲੋੜ ਹੈ। ਇਸ ਤਰ੍ਹਾਂ ਉਦਯੋਗ, ਵਪਾਰ, ਵਿਦੇਸ਼ੀ ਵਪਾਰ, ਢੋਆ-ਢੁਆਈ ਆਦਿ ਲਈ ਭੂਮੀ ਦੀ ਲੋੜ ਹੁੰਦੀ ਹੈ। ਭੂਮੀ ਉਤਪਾਦਨ ਦਾ ਇੱਕ ਵਧੇਰੇ ਮਹੱਤਵਪੂਰਨ ਸਾਧਨ ਹੈ।

ਭੂਮੀ ਉਤਪਾਦਨ ਦੇ ਦੂਸਰੇ ਹੋਰ ਸਾਧਨਾਂ ਤੋਂ ਵਿਸ਼ੇਸ਼ ਰੂਪ ਵਿੱਚ ਭਿੰਨ ਹੈ ਤੇ ਇਸ ਦੀਆਂ ਆਪਣੀਆਂ ਕੁਝ ਵਿਸ਼ੇਸ਼ਤਾਵਾਂ ਹਨ :

1.       ਭੂਮੀ ਮਨੁੱਖ ਲਈ ਕੁਦਰਤ ਦੀ ਮੁਫ਼ਤ ਦੇਣ ਹੈ।

2.       ਭੂਮੀ ਦੀ ਪੂਰਤੀ ਸੀਮਿਤ ਹੁੰਦੀ ਹੈ। ਭੂਮੀ ਦੀ ਵਧੇਰੇ ਮੰਗ ਪੂਰੀ ਕਰਨ ਲਈ ਵਧੇਰੇ ਭੂਮੀ ਪੈਦਾ ਨਹੀਂ ਕੀਤੀ ਜਾ ਸਕਦੀ।

3.       ਭੂਗੋਲਿਕ ਰੂਪ ਵਿੱਚ ਭੂਮੀ ਗਤੀਹੀਨ ਹੈ। ਇਸ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਨਹੀਂ ਲਿਜਾਇਆ ਜਾ ਸਕਦਾ ਹੈ। ਅਰਥਾਤ ਇਹ ਅਚੱਲ ਹੈ।

4.       ਭੂਮੀ ਦੇ ਸਾਰੇ ਟੁਕੜੇ ਇੱਕੋ ਜਿਹੇ ਉਪਜਾਊ ਨਹੀਂ ਹੁੰਦੇ। ਕਿਸੇ ਦੀ ਉਪਜਾਊ ਸ਼ਕਤੀ ਘੱਟ ਅਤੇ ਕਿਸੇ ਦੀ ਵੱਧ ਹੁੰਦੀ ਹੈ।

5.       ਭੂਮੀ ਦੀਆਂ ਸ਼ਕਤੀਆਂ ਮੌਲਿਕ ਤੇ ਨਾ ਖ਼ਤਮ ਹੋਣ ਵਾਲੀਆਂ ਹੁੰਦੀਆਂ ਹਨ।

6.       ਭੂਮੀ ਆਪਣੇ-ਆਪ ਉਤਪਾਦਨ ਕਰਨ ਦੀ ਸਮਰੱਥਾ ਨਹੀਂ ਰੱਖਦੀ, ਉਤਪਾਦਨ ਲਈ ਕਿਰਿਆ ਮਨੁੱਖ ਨੂੰ ਕਰਨੀ ਪੈਂਦੀ ਹੈ।

7.       ਭੂਮੀ ਦੇ ਟੁਕੜੇ ਦੀ ਮਹੱਤਤਾ ਸਥਿਤੀ ਪੱਖੋਂ ਵੱਖੋ-ਵੱਖਰੀ ਹੋ ਸਕਦੀ ਹੈ। ਮੰਡੀ ਦੇ ਨੇੜੇ ਜਾਂ ਇਸ ਤੋਂ ਦੂਰ ਸਥਿਤ ਭੂਮੀ ਦੇ ਟੁਕੜੇ ਦੀ ਮਹੱਤਤਾ ਵੱਖਰੀ-ਵੱਖਰੀ ਹੋਵੇਗੀ।

8.       ਭੂਮੀ ਦੀ ਕੀਮਤ ਵੀ ਇਸ ਦੀ ਸਥਿਤੀ ਉੱਤੇ ਨਿਰਭਰ ਕਰਦੀ ਹੈ। ਜਿਹੜੀ ਭੂਮੀ ਪਾਣੀ ਦੀ ਉਪਲੱਬਧੀ (ਜਿਵੇਂ ਨਦੀਆਂ, ਨਹਿਰਾਂ) ਦੇ ਨੇੜੇ ਜਾਂ ਸ਼ਹਿਰ ਦੇ ਨੇੜੇ ਹੋਵੇਗੀ ਉਸ ਦੀ ਕੀਮਤ ਮੁਕਾਬਲਤਨ ਵਧੇਰੇ ਹੋਵੇਗੀ।

ਉਤਪਾਦਨ ਨੂੰ ਵਧਾਉਣ ਲਈ ਭੂਮੀ ਸੁਧਾਰਾਂ ਦੀ ਬਹੁਤ ਲੋੜ ਹੈ। ਭੂਮੀ ਸੁਧਾਰਾਂ ਵਿੱਚ ਭੂਮੀ ਪੱਟੇ ਦੀ ਪ੍ਰਨਾਲੀ, ਜੋਤਾਂ ਦਾ ਆਕਾਰ ਅਤੇ ਖੇਤੀ ਦੀ ਪ੍ਰਨਾਲੀ ਨਾਲ ਸੰਬੰਧਿਤ ਉਹ ਸਾਰੇ ਸੁਧਾਰ ਸ਼ਾਮਲ ਹਨ ਜਿਹੜੇ ਖੇਤੀ ਦੇ ਉਤਪਾਦਨ ਨੂੰ ਵਧਾਉਂਦੇ ਹਨ।


ਲੇਖਕ : ਵਿਪਲਾ ਚੋਪੜਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 2945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-30-02-42-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.