ਮਥੁਰਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਥੁਰਾ ( ਨਗਰ ) : ਵੈਸ਼ਣਵ ਮਤ ਅਤੇ ਸ਼੍ਰੀ ਕ੍ਰਿਸ਼ਣ ਚਰਿਤ੍ਰ ਨਾਲ ਸੰਬੰਧਿਤ ਬ੍ਰਜ-ਭੂਮੀ ਦਾ ਇਕ ਪ੍ਰਸਿੱਧ ਨਗਰ ਜਿਸ ਦੀ ਗਿਣਤੀ ਹਿੰਦੂ ਧਰਮ ਵਿਚ ਮੰਨੀਆਂ ਜਾਣ ਵਾਲੀਆਂ ਪੁਰੀਆਂ ਵਿਚ ਕੀਤੀ ਜਾਂਦੀ ਹੈ । ਇਹ ਯਮੁਨਾ ਨਦੀ ਦੇ ਸੱਜੇ ਕੰਢੇ ਉਤੇ ਆਬਾਦ ਹੈ । ਵੈਦਿਕ ਸਾਹਿਤ ਵਿਚ ਭਾਵੇਂ ਇਸ ਦਾ ਉੱਲੇਖ ਨਹੀਂ ਮਿਲਦਾ , ਪਰ ਇਤਿਹਾਸ-ਪੁਰਾਣ ਸਾਹਿਤ ਵਿਚ ਇਸ ਦੇ ਮਹਾਤਮ ਨੂੰ ਦਰਸਾਇਆ ਗਿਆ ਹੈ ।

‘ ਵਾਯੂ-ਪੁਰਾਣ’ ( 88/185 ) ਅਨੁਸਾਰ ਭਗਵਾਨ ਰਾਮ ਚੰਦਰ ਦੇ ਨਿੱਕੇ ਭਰਾ ਸ਼ਤਰੂਘਨ ਨੇ ਮਧੁ ਰਾਖਸ਼ ਦੇ ਪੁੱਤਰ ਲਵਣਾਸੁਰ ਨੂੰ ਇਸ ਸਥਾਨ ਉਤੇ ਮਾਰ ਕੇ ‘ ਮਧੁਰਾ ’ ਨਗਰੀ ਦੀ ਸਥਾਪਨਾ ਕੀਤੀ ਜੋ ਕਾਲਾਂਤਰ ਵਿਚ ‘ ਮਥੁਰਾ’ ਨਾਂ ਨਾਲ ਪ੍ਰਸਿੱਧ ਹੋਈ । ਸ਼੍ਰੀ ਕ੍ਰਿਸ਼ਣ ਦਾ ਜਨਮ ਇਸੇ ਨਗਰੀ ਵਿਚ ਹੋਇਆ ਸੀ । ਇਥੇ ਹੀ ਸ਼੍ਰੀ ਕ੍ਰਿਸ਼ਣ ਨੇ ਕੰਸ ਨੂੰ ਮਾਰ ਕੇ ਰਾਜਾ ਉਗ੍ਰਸੈਨ ਨੂੰ ਮੁੜ ਕੇ ਗੱਦੀ ਉਤੇ ਬਿਠਾਇਆ ਸੀ ।

ਹਿੰਦੂ ਧਰਮ ਵਿਚ ਇਸ ਨੂੰ ਸਦੀਵੀ ਮਹੱਤਵ ਵਾਲਾ ਬਹੁਤ ਪਵਿੱਤਰ ਤੀਰਥ ਮੰਨਿਆ ਜਾਂਦਾ ਹੈ । ਇਸ ਨਗਰ ਦੇ ਅੰਦਰ ਅਤੇ ਬਾਹਰ ਬਹੁਤ ਸਾਰੇ ਹੋਰ ਨਿੱਕੇ ਵੱਡੇ ਤੀਰਥ ਹਨ ਜਿਨ੍ਹਾਂ ਵਿਚੋਂ ਮਹਾਬਨ ( ਗੋਕੁਲ ) ਅਤੇ ਬ੍ਰਿੰਦਾਬਨ ਦਾ ਵਿਸ਼ੇਸ਼ ਮਹੱਤਵ ਹੈ । ਸੋਲ੍ਹਵੀਂ ਸਦੀ ਤੋਂ ਇਹ ਨਗਰੀ ਵਿਸ਼ਣੂ-ਭਗਤੀ ( ਵਿਸ਼ੇਸ਼ ਕਰਕੇ ਕ੍ਰਿਸ਼ਣ-ਭਗਤੀ ) ਲਈ ਪ੍ਰਸਿੱਧ ਹੋ ਗਈ ਸੀ । ਗੁਰੂ ਅਰਜਨ ਦੇਵ ਜੀ ਅਨੁਸਾਰ ਮਥੁਰਾ ਆਦਿ ਸਭ ਕੁਝ ਨਾਸ਼ਮਾਨ ਹੈ— ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ( ਗੁ.ਗ੍ਰੰ.1100 ) ।

ਔਰੰਗਜ਼ੇਬ ਨੇ ਆਪਣੀ ਧਰਮ-ਅੰਧਤਾ ਕਾਰਣ ਸੰਨ 1669 ਈ. ਵਿਚ ਇਥੋਂ ਦੇ ਪੁਰਾਤਨ ਮੰਦਿਰਾਂ ਨੂੰ ਢਵਾ ਦਿੱਤਾ ਅਤੇ ਕੇਸ਼ਵ-ਦੇਵ ਮੰਦਿਰ ਦੀ ਥਾਂ ਮਸਜਿਦ ਦੀ ਉਸਾਰੀ ਕਰਵਾਈ । ਉਸ ਨੇ ਇਸ ਨਗਰ ਦਾ ਨਾਂ ਇਸਲਾਮਾਬਾਦ ( ਕੁਝ ਇਤਿਹਾਸਕਾਰਾਂ ਅਨੁਸਾਰ ਮੋਮਿਨਾਬਾਦ ) ਰਖਿਆ , ਪਰ ਇਸ ਸਭ ਕੁਝ ਨਾਲ ਨ ਮਥੁਰਾ ਦਾ ਨਾਂ ਬਦਲਿਆ ਅਤੇ ਨ ਹੀ ਇਸ ਦਾ ਧਾਰਮਿਕ ਮਹੱਤਵ ਘਟਿਆ ।

ਸਿੱਖ ਇਤਿਹਾਸ ਅਨੁਸਾਰ ਗੁਰੂ ਨਾਨਕ ਦੇਵ ਜੀ , ਗੁਰੂ ਹਰਿਗੋਬਿੰਦ ਜੀ , ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਇਥੇ ਪਧਾਰੇ ਸਨ । ਹੁਣ ਇਸ ਨਗਰ ਵਿਚ ਕਈ ਗੁਰੂ-ਧਾਮ ਹਨ । ‘ ਗੁਰਦੁਆਰਾ ਗਊ ਘਾਟ ’ ਯਮੁਨਾ ਨਦੀ ਦੇ ਕੰਢੇ ਉਤੇ ਉਸ ਥਾਂ’ ਤੇ ਉਦਾਸੀ ਸਾਧਾਂ ਨੇ ਉਸਾਰਿਆ ਸੀ , ਜਿਥੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕੀਤਾ ਸੀ ।

‘ ਗੁਰਦੁਆਰਾ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਸਿੰਘ ਸਭਾ ’ ਨਗਰ ਦਾ ਮੁੱਖ ਗੁਰਦੁਆਰਾ ਹੈ । ਕੰਸ-ਟਿੱਲੇ ਉਤੇ ਬਣੇ ਇਸ ਗੁਰਦੁਆਰੇ ਵਾਲੀ ਥਾਂ’ ਤੇ ਗੁਰੂ ਤੇਗ ਬਹਾਦਰ ਜੀ ਦਿੱਲੀ ਤੋਂ ਪੂਰਬ ਦੀ ਯਾਤ੍ਰਾ ਉਤੇ ਜਾਂਦਿਆਂ ਤਿੰਨ ਦਿਨਾਂ ਲਈ ਠਹਿਰੇ ਸਨ । ਪਹਿਲਾਂ ਇਥੇ ਉਦਾਸੀ ਸਾਧਾਂ ਨੇ ਇਕ ਥੜਾ ਸਾਹਿਬ ਬਣਾਇਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਇਕ ਛੋਟਾ ਜਿਹਾ ਕਮਰਾ ਵੀ ਉਸਾਰਿਆ । ਵੀਹਵੀਂ ਸਦੀ ਦੇ ਮੱਧ ਵਿਚ ਮਥੁਰਾ ਨਿਵਾਸੀ ਸਿੱਖਾਂ ਨੇ ਇਹ ਸਥਾਨ ਲੈ ਲਿਆ ਅਤੇ ਨਵੀਂ ਇਮਾਰਤ ਬਣਾਉਣ ਦਾ ਯਤਨ ਕੀਤਾ । ਇਸ ਉਦਮ ਵਿਚ ਮਥੁਰਾ ਸਥਿਤ ਸਿੱਖ ਫ਼ੌਜੀਆਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ । ਹੁਣ ਇਸ ਗੁਰੂ-ਧਾਮ ਦੇ ਪਰਿਸਰ ਵਿਚ ‘ ਗੁਰੂ ਤੇਗ ਬਹਾਦਰ ਆਦਰਸ਼ ਵਿਦਿਆਲਾ’ ਚਲ ਰਿਹਾ ਹੈ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਚਿਤਰਾਂ ਦਾ ਇਕ ਅਜਾਇਬ ਘਰ ਵੀ ਹੈ ।

‘ ਗੁਰਦੁਆਰਾ ਗੁਰੂ ਨਾਨਕ ਬਗੀਚੀ’ ਦਰਿਆ ਦੇ ਸੱਜੇ ਕੰਢੇ ਉਤੇ ਬਣਿਆ ਹੋਇਆ ਹੈ । ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨਾਲ ਇਥੋਂ ਦੇ ਖੂਹ ਦਾ ਪਾਣੀ ਮਿਠਾ ਹੋ ਗਿਆ । ਗੁਰੂ ਜੀ ਨੇ ਲੋਕਾਂ ਦੀ ਸੁਵਿਧਾ ਲਈ ਇਥੇ ਪਿਆਊ ਬਣਾਇਆ ਅਤੇ ਤਿੰਨ ਮਹੀਨੇ ਰਹਿ ਕੇ ਆਪਣੇ ਹੱਥੀਂ ਪਿਆਸਿਆਂ ਨੂੰ ਜਲ ਛਕਾਇਆ । ਸਥਾਨਕ ਮਾਨਤਾ ਅਨੁਸਾਰ ਇਸ ਗੁਰਦੁਆਰੇ ਵਿਚ ਚਾਲੀਸਾ ਕਰਨ ਨਾਲ ਮਨੋ-ਕਾਮਨਾਵਾਂ ਪੂਰੀਆਂ ਹੁੰਦੀਆਂ ਹਨ । ਇਹ ਗੁਰਦੁਆਰਾ ਉਦਾਸੀ ਸਾਧਾਂ ਨੇ ਸਥਾਪਿਤ ਕੀਤਾ ਸੀ , ਪਰ ਵੀਹਵੀਂ ਸਦੀ ਦੇ ਮੱਧ ਵਿਚ ਇਸ ਨੂੰ ਸਥਾਨਕ ਗੁਰਦੁਆਰਾ ਗੁਰੂ ਤੇਗ ਬਹਾਦਰ ਦੀ ਕਮੇਟੀ ਨੇ ਲੈ ਲਿਆ । ਇਸ ਦੀ ਨਵੀਂ ਇਮਾਰਤ ਸੰਤ ਸਾਧੂ ਸਿੰਘ ਮੌਨੀ ਨੇ ਕਾਰ-ਸੇਵਾ ਦੁਆਰਾ ਉਸਰਵਾਈ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮਥੁਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਥੁਰਾ ( ਸੰ. । ਸੰਸਕ੍ਰਿਤ ਮਥੁਰਾ ) ਮਥਰਾ ਨਾਮੇ ਸ਼ਹਿਰ ਦਾ ਰਹਿਣ ਵਾਲਾ , ਇਕ ਕਵੀ ਦਾ ਨਾਮ , ਜਿਸ ਦੇ ਰਚਿਤ ਸ੍ਵਯੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਨ । ਯਥਾ-‘ ਭਨਿ ਮਥੁਰਾ ਕਛੁ ਭੇਦੁ ਨਹੀ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.