ਮਨਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਨਨ [ਨਾਂਪੁ] ਸੋਚ-ਵਿਚਾਰ ਦੀ ਕਿਰਿਆ , ਚਿੰਤਨ; ਚਿੰਤਨ ਦਾ ਅਭਿਆਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਨਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਨਨ (ਭਗਤੀ): ‘ਜਪੁਜੀ ’ ਵਿਚ ਕੀਰਤਨ ਅਤੇ ਸ਼੍ਰਵਣ (ਵੇਖੋ) ਤੋਂ ਬਾਦ ‘ਮਨਨ’ ਦਾ ਸਥਾਨ ਦਸਿਆ ਗਿਆ ਹੈ। ਡਾ. ਜਯਰਾਮ ਮਿਸ਼੍ਰ (‘ਨਾਨਕ ਵਾਣੀ’) ਅਨੁਸਾਰ ਅਦੁੱਤੀ ਬ੍ਰਹਮ ਦਾ ਤਦਾਤਕਾਰ ਭਾਵ ਨਾਲ ਚਿੰਤਨ ਹੀ ‘ਮਨਨ’ ਹੈ। ਵਿਘਨ-ਰਹਿਤ ਬ੍ਰਹਮਾਕਾਰ ਬਿਰਤੀ ਦੀ ਸਥਿਤੀ ਹੀ ਨਿਧਿਆਸਨ (ਨਿਦਿਧੑਯਾਸਨ) ਹੈ। ਗੁਰੂ ਨਾਨਕ ਦੇਵ ਜੀ ਨੇ ਨਿਧਿਆਸਨ ਨੂੰ ਵਖਰਾ ਨਾਂ ਨਹੀਂ ਦਿੱਤਾ। ਪਰ ਮਨਨ ਦੀ ਪ੍ਰੌੜ੍ਹ ਜਾਂ ਪ੍ਰਪੱਕ ਅਵਸਥਾ ਨਿਧਿਆਸਨ ਦਾ ਰੂਪ ਧਾਰਣ ਕਰ ਲੈਂਦੀ ਹੈ। ਇਸ ਤਰ੍ਹਾਂ ਨਿਧਿਆਸਨ ਦਾ ਸਰੂਪ ਮਨਨ ਵਿਚ ਹੀ ਸਮਾਇਆ ਹੋਇਆ ਹੈ।

‘ਜਪੁਜੀ’ ਬਾਣੀ ਦੀਆਂ ਚਾਰ ਪਉੜੀਆਂ (12- 15) ਦਾ ਸੰਬੰਧ ਮਨਨ ਨਾਲ ਹੈ। ਗੁਰੂ ਜੀ ਨੇ ਮਨਨ ਕਰਨ ਵਾਲੇ ਦੀ ਅਵਸਥਾ ਨੂੰ ਅਕਥਨੀ ਮੰਨਿਆ ਹੈ। ਕਿਉਂਕਿ ਜੇ ਕੋਈ ਹਠ-ਪੂਰਵਕ ਉਸ ਅਵਸਥਾ ਦਾ ਕਥਨ ਕਰਦਾ ਹੈ, ਉਹ ਵੀ ਆਪਣੀ ਅਸਮਰਥਤਾ ਦੇ ਫਲਸਰੂਪ ਬਾਦ ਵਿਚ ਪਛਤਾਉਂਦਾ ਹੈ। ਅਸਲ ਵਿਚ, ਉਸ ਅਵਸਥਾ ਨੂੰ ਲਿਖਣ ਲਈ ਨ ਕੋਈ ਲੇਖਕ ਹੈ ਅਤੇ ਨ ਹੀ ਲਿਖਣ ਲਈ ਕੋਈ ਕਾਗ਼ਜ਼ ਕਾਫ਼ੀ ਹੈ। ਮਨਨ ਕਰਨ ਵਾਲੇ ਸਾਧਕ ਨੂੰ ਯਮ ਦੇ ਬੰਧਨਾਂ ਵਿਚ ਫਸਣਾ ਨਹੀਂ ਪੈਂਦਾ, ਉਸ ਦੇ ਮਾਰਗ ਵਿਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਪੈਂਦੀ, ਸਗੋਂ ਧਰਮ ਨਾਲ ਉਸ ਦਾ ਸੰਬੰਧ ਸਥਾਪਿਤ ਹੋ ਜਾਂਦਾ ਹੈ ਅਤੇ ਉਹ ਪ੍ਰਤਿਸ਼ਠਾ ਸਹਿਤ ਪਰਮਾਤਮਾ ਦੀ ਦਰਗਾਹ ਵਿਚ ਜਾਂਦਾ ਹੈ। ਉਹ ਕੇਵਲ ਆਪ ਹੀ ਨਹੀਂ ਤਰਦਾ, ਸਗੋਂ ਆਪਣੇ ਸੰਪਰਕ ਵਾਲਿਆਂ ਨੂੰ ਵੀ ਤਾਰ ਦਿੰਦਾ ਹੈ—ਮੰਨੈ ਪਾਵਹਿ ਮੋਖੁ ਦੁਆਰੁ ਮੰਨੈ ਪਰਵਾਰੈ ਸਾਧਾਰੁ ਮੰਨੈ ਤਰੈ ਤਾਰੇ ਗੁਰੁ ਸਿਖ ਮੰਨੈ ਨਾਨਕ ਭਵਹਿ ਭਿਖ (ਗੁ.ਗ੍ਰੰ.3)।

ਗੁਰਮਤਿ ਵਿਚ ਗੁਰੂ ਦੇ ਸ਼ਬਦ ਦਾ ਮਨਨ ਕਰਨ ਵਾਲੇ ਨੂੰ ਸਹੀ ਅਰਥਾਂ ਵਿਚ ‘ਸੂਰਮਾ ’ ਕਿਹਾ ਗਿਆ ਹੈ ਕਿਉਂਕਿ ਉਹ ਵਿਕਾਰਾਂ ਨਾਲ ਯੁੱਧ ਕਰਕੇ ਜਿਤ (ਮੁਕਤੀ) ਪ੍ਰਾਪਤ ਕਰਦਾ ਹੈ—ਗੁਰ ਕਾ ਸਬਦੁ ਮਨੇ ਸੋ ਸੂਰਾ (ਗੁ.ਗ੍ਰੰ. 1023)। ਪਰਵਰਤੀ ਸਿੱਖ ਸਾਹਿਤ ਦੀ ਰਚਨਾਭਗਤ ਰਤਨਾਵਲੀ ’ (23ਵੀਂ ਪਉੜੀ) ਵਿਚ ਸ਼੍ਰਵਣ, ਮਨਨ ਅਤੇ ਨਿਧਿਆਸਨ ਸੰਬੰਧੀ ਭਾਈ ਰਾਮੇ, ਹੇਮੂ ਅਤੇ ਜਟੁ ਦੇ ਪ੍ਰਸੰਗ ਵਿਚ ਪੰਜਵੇਂ ਗੁਰੂ ਜੀ ਵਲੋਂ ਅਖਵਾਇਆ ਗਿਆ ਹੈ—

            ਤਾ ਬਚਨ ਹੋਇਆਪ੍ਰਿਥਮੈ ਸ੍ਰਵਨ ਕਰੇ, ਬਹੁਰੋ ਮਨਨਿ ਕਰੇ, ਬਹੁੜੋ ਨਿਧਾਸਨ ਹੈ ਜੋ ਤਿਨੇ ਇਕਠੇ ਹੁੰਦੇ ਹੈਨਿ ਤਾ ਰਿਦੇ ਵਿਚ ਠਹਰਦਾ ਹੈ ਸ੍ਰਵਨਿ ਦੁਇ ਪ੍ਰਕਾਰ ਦਾ ਹੈ, ਇਕੁ ਤਾਂ ਏਹੁ ਸ੍ਰਵਨਿ ਹੈ ਜੋ ਮਨ ਹੋਰ ਧਿਰ ਹੋਵੇ ਤੇ ਸ੍ਰਵਨਿ ਕਰੀਐ ਤਾਂ ਪ੍ਰੇਤਾਂ ਦੀ ਅਗਨਿ ਸਮਾਨ ਹੈ ਕਛੁਕੁ ਪੁੰਨ ਹੁੰਦਾ ਹੈ, ਪਰ ਸਰਬ ਦਾ ਪਾਪ ਨਹੀ ਦਗਧ ਹੁੰਦੇ ਤੇ ਇਕ ਮਨਿ ਹੋ ਕੇ ਸੁਣਿਆ ਜੈਸੇ ਚੁਲੇ ਦੀ ਅਗਨ ਸਭ ਕਾਰਜ ਸਵਾਰਤੀ ਹੈ ਤੈਸੇ ਸਭ ਕਾਰਜ ਸਵਾਰਤਾ ਹੈ ਪਰ ਜੇ ਬਹੁੜ ਓਸ ਪਰ ਜਲੁ ਪਾ ਦੇਈਦਾ ਹੈ, ਤਾ ਬੁਝ ਜਾਂਦੀ ਹੈ ਤੈਸੇ ਬਹੁੜ ਆਪਣਿਆ ਕੰਮਾਂ ਵਿਚ ਪਾਇਆ ਨਾਮੁ ਭੁਲ ਜਾਂਦਾ ਹੈ ਤੇ ਜੋ ਸ੍ਰਵਨ ਨਾਲ ਮੰਨਨ ਹੋਵੇ ਤਾ ਬਿਜਲੀ ਦੀ ਅਗਨਿ ਅਸੰਖ ਜਲਾ ਵਿਚ ਨਹੀ ਬੁਝਦੀ ਤੈਸੇ ਸੁਣਿਆ ਹੋਇਆ ਫੇਰ ਵੀਚਾਰੀਦਾ ਹੈ ਤਾ ਭੁਲਦਾ ਨਹੀ, ਸਦਾ ਚਿਤ ਰਹਿਦਾ ਹੈ ਅਰੁ ਨਿਧਾਸਾਨ ਜੋ ਹੈ ਸੋ ਸੁਣਿਆ ਵੀਚਾਰਿਆ ਫੇਰ ਕਮਾਵਣ ਵਿਚ ਲਿਆਈਦਾ ਹੈ ਤਾ ਸਮੁੰਦ੍ਰ ਦੀ ਬੜਵਾਨਲ ਕੀ ਨਿਆਈ ਜਲਾਂ ਨੂੰ ਭਸਮ ਕਰਤੀ ਹੈ ਤੇ ਆਪ ਇਸਥਿਰੁ ਰਹਿਦੀ ਹੈ, ਤੈਸੇ ਧਰਮ ਪਾਪਾ ਦਾ ਨਾਸੁ ਕਰਤਾ ਹੈ ਤੇ ਗਿਆਨੁ ਇਸਥਿਰੁ ਰਹਿਦਾ ਹੈ


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮਨਨ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਨਨ : ਇਸ ਦਾ ਸ਼ਾਬਦਿਕ ਅਰਥ ਹੈ ‘ਚਿੰਤਨ’। ਅਧਿਆਤਮਕ ਸਾਧਨਾ ਵਿਚ ਸ਼੍ਰਵਨ ਤੋਂ ਬਾਅਦ ਇਸ ਦਾ ਸਥਾਨ ਹੈ ਕਿਉਂਕਿ ਕੰਨਾਂ ਰਾਹੀਂ ਪ੍ਰਮਾਤਮਾ ਦਾ ਯਸ਼ ਸੁਣਨ ਤੋਂ ਬਾਅਦ ਹੀ ਉਸ ਸੰਬੰਧੀ ਵਿਚਾਰਨ ਜਾਂ ਚਿੰਤਨ ਕਰਨ ਦੀ ਪ੍ਰਕ੍ਰਿਆ ਦਾ ਆਰੰਭ ਹੁੰਦਾ ਹੈ। ਇਸ ਪ੍ਰਕ੍ਰਿਆ ਨੂੰ ਸਾਧਨਾ ਦੀ ਭਾਸ਼ਾ ਵਿਚ ‘ਮਨਨ’ ਕਿਹਾ ਜਾਂਦਾ ਹੈ। ਡਾ. ਸ਼ੇਰ ਸਿੰਘ ਨੇ ਗਾਵਣ, ਸੁਣਨ, ਸੁਣਾਉਣ ਦੀ ਅਵਸਥਾ ਤੋਂ ਬਾਅਦ ਉਸ ਨੂੰ ਧਾਰਣ ਕਰਨ ਦੀ ਅਵਸਥਾ ਦਾ ਕ੍ਰਮ ਨਿਸ਼ਚਿਤ ਕੀਤਾ ਹੈ, ਜਿਸ ਨੂੰ ਮਨਨ ਕਿਹਾ ਜਾਂਦਾ ਹੈ। ਡਾ.ਜਯ ਰਾਮ ਮਿਸ਼ਰ ਨੇ ਮਨਨ ਨੂੰ ਬ੍ਰਹਮ ਦਾ ਤਦਾਤਕਾਰ ਭਾਵ ਨਾਲ ਕੀਤਾ ਚਿੰਤਨ ਦੱਸਿਆ ਹੈ। ਭਗਤੀ ਸਾਧਨਾ ਵਿਚ ਮਨਨ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ। ਗੁਰੂ ਨਾਨਕ ਦੇਵ ਨੇ ‘ਜਪੁਜੀ’ (੧੨–੧੫) ਵਿਚ ਮਨ ਦੀਆਂ ਪਉੜੀਆਂ ਰਾਹੀਂ ਇਸੇ ਗੱਲ ਦੀ ਬਾਰ ਬਾਰ ਸਥਾਪਨਾ ਕੀਤੀ ਹੈ। ਇਸ ਨਾਲ ਸਾਧਕ ਬ੍ਰਹਮ ਜਿਗਿਆਸਾ ਨੂੰ ਚਿੰਤਨ ਦੇ ਆਧਾਰ ਤੇ ਨਿਸ਼ਚਿਤ ਰੂਪ ਦੇ ਕੇ ਆਪਣੀ ਸਾਧਨਾ ਸਫਲ–ਮਨੋਰਥ ਬਣਾਂਦਾ ਹੈ।

          [ਸਹਾ. ਗ੍ਰੰਥ––ਡਾ. ਸ਼ੇਰ ਸਿੰਘ : ‘ਗੁਰਮਤ ਦਰਸ਼ਨ’; ਡਾ. ਜਯ ਰਾਮ ਮਿਸ਼ਰ (ਸੰਪਾ.) : ‘ਨਾਨਕ ਵਾਣੀ’ (ਹਿੰਦੀ)]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 980, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.