ਮਨਮੁਖ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਨਮੁਖ [ ਵਿਸ਼ੇ ] ਮਨ ਦੀਆਂ ਇੱਛਾਵਾਂ ਅਧੀਨ ਵਿਚਰਨ ਵਾਲ਼ਾ , ਜੋ ਗੁਰੂ ਦੇ ਉਪਦੇਸ਼ ਨੂੰ ਨਾ ਮੰਨ ਕੇ ਚੱਲੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3132, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਨਮੁਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਨਮੁਖ : ਗੁਰਮਤਿ ਵਿਚ ‘ ਗੁਰਮੁਖ ’ ਦੇ ਵਿਪਰੀਤ ਮਨੁੱਖ ਦਾ ਦੂਜਾ ਵਰਗ ‘ ਮਨਮੁਖ’ ਦਾ ਹੈ । ਇਸ ਦੀ ਪਰਿਭਾਸ਼ਾ ਦਿੰਦਿਆਂ ਭਾਈ ਕਾਨ੍ਹ ਸਿੰਘ ਜੀ ਨੇ ਕਿਹਾ ਹੈ ਕਿ ਜਿਸ ਨੇ ਆਪਣੇ ਮਨ ( ਸੰਕਲਪ ) ਨੂੰ ਹੀ ਮੁੱਖ ਜਾਣਿਆ ਹੈ , ਉਹ ‘ ਮਨਮੁਖ’ ਹੈ ।

ਅਸਲ ਵਿਚ , ਗੁਰਬਾਣੀ ਵਿਚ ‘ ਮਨਮੁਖ’ ਸ਼ਬਦ ਅਜਿਹੇ ਵਿਅਕਤੀ ਲਈ ਵਰਤਿਆ ਗਿਆ ਹੈ ਜੋ ਮਨ ਦੇ ਅਨੁਰੂਪ ਜਾਂ ਮਨ ਵਲ ਝੁਕ ਕੇ ਆਪਣਾ ਜੀਵਨ ਬਿਤਾਉਂਦਾ ਹੈ । ਮਨ ਦੇ ਵੀ ਦੋ ਰੂਪ ਹਨ— ਪ੍ਰਕਾਸ਼ਮਈ ਮਨ ਅਤੇ ਅੰਧਕਾਰਮਈ ਮਨ । ਜਿਸ ਦਾ ਮਨ ਪ੍ਰਕਾਸ਼ਿਤ ਹੈ ਉਸ ਨੂੰ ਵਾਸਤਵਿਕਤਾ ਦਾ ਬੋਧ ਹੈ , ਇਸ ਲਈ ਉਹ ‘ ਗੁਰਮੁਖ’ ਹੈ । ਪਰ ਜਿਸ ਮਨੁੱਖ ਦਾ ਮਨ ਅੰਧਕਾਰਮਈ ਹੈ ਜਾਂ ਜਿਸ ਦੇ ਮਨ ਵਿਚ ਗਿਆਨ ਦਾ ਹਨੇਰਾ ਹੈ , ਉਹ ਵਾਸਤਵਿਕਤਾ ਦਾ ਬੋਧ ਨ ਰਖਣ ਕਾਰਣ ਸੰਸਾਰਿਕਤਾ ਨੂੰ ਹੀ ਆਪਣਾ ਸਭ ਕੁਝ ਸਮਝ ਲੈਂਦਾ ਹੈ । ਉਹ ਪਰਮਾਰਥਿਕ ਆਨੰਦ ਵਲ ਧਿਆਨ ਹੀ ਨਹੀਂ ਦਿੰਦਾ । ਇਸ ਲਈ ਉਹ ‘ ਮਨਮੁਖ’ ਹੈ ।

ਗੁਰੂ ਸਾਹਿਬਾਨ ਅਜਿਹੇ ਸਮੇਂ ਵਿਚ ਇਸ ਸੰਸਾਰ ਉਤੇ ਆਏ ਸਨ ਜਦੋਂ ਹਰ ਪਾਸੇ ਪਾਖੰਡ ਅਤੇ ਬਾਹਰਲੇ ਆਡੰਬਰਾਂ ਦਾ ਪਾਸਾਰ ਸੀਧਰਮ ਦਾ ਵਾਸਤਵਿਕ ਰੂਪ ਲਗਭਗ ਲੁਪਤ ਹੋ ਚੁਕਿਆ ਸੀ ਅਤੇ ਮਨੁੱਖ ਜਾਤਿ ਆਪਣੇ ਜੀਵਨ-ਮਨੋਰਥ ਨੂੰ ਛਡ ਕੇ ਕਰਮ-ਕਾਂਡਾਂ ਵਿਚ ਮਗਨ ਸੀ । ਗੁਰੂ ਨਾਨਕ ਦੇਵ ਜੀ ਨੇ ਥਾਂ ਥਾਂ ਉਤੇ ਜਾ ਕੇ ਜਨ- ਸਾਧਾਰਣ ਅਤੇ ਉਸ ਦੇ ਤਥਾ-ਕਥਿਤ ਧਾਰਮਿਕ ਆਗੂਆਂ ਨੂੰ ਸਮਝਾਇਆ ਅਤੇ ਉਨ੍ਹਾਂ ਨੂੰ ਸਨਮਾਰਗ ਉਤੇ ਲਿਆਉਂਦਾ । ਪਰ ਅਜਿਹੇ ਵਿਅਕਤੀ ਵੀ ਉਨ੍ਹਾਂ ਨੂੰ ਮਿਲੇ ਜਿਨ੍ਹਾਂ ਨੇ ਸ੍ਰੇਸ਼ਠ ਉਪਦੇਸ਼ ਨੂੰ ਗ੍ਰਹਿਣ ਨਹੀਂ ਕੀਤਾ । ਅਧਿਆਤਮਿਕਤਾ ਤੋਂ ਵਾਂਝੇ ਅਜਿਹੇ ਮਨੁੱਖਾਂ ਲਈ ਗੁਰੂ ਜੀ ਨੇ ‘ ਮਨਮੁਖ’ ਸ਼ਬਦ ਦੀ ਵਰਤੋਂ ਕੀਤੀ ।

‘ ਮਨਮੁਖ’ ਵਿਅਕਤੀ ਦਾ ਸਮੁੱਚਾ ਸੁਭਾ ਅਤੇ ਸਰੂਪ ਚਿਤਰਦੇ ਹੋਇਆਂ ਗੁਰੂ ਸਾਹਿਬ ਨੇ ਦਸਿਆ ਕਿ ਮਨਮੁਖ ਵਿਅਕਤੀ ਪੱਥਰ ਦੀ ਸਿਲ ਵਾਂਗ ਕਠੋਰ ਹੈ , ਉਹ ਗੰਦਾ , ਘਿਨੌਣਾ ਅਤੇ ਭਿਆਨਕ ਹੈ । ਉਹ ਕੇਵਲ ਕਥਨ ਕਰਨਾ ਜਾਣਦਾ ਹੈ , ਕਰਨੀ ਵਿਚ ਵਿਸ਼ਵਾਸ ਨਹੀਂ ਰਖਦਾ । ਉਸ ਦਾ ਸੁਭਾ ਪਸ਼ੂਆਂ ਵਰਗਾ ਹੈ , ਉਹ ਅਧਿਆਤਮਿਕ ਅਨੁਸ਼ਾਸਨ ਵਿਚ ਯਕੀਨ ਨਹੀਂ ਰਖਦਾ , ਸਦਾ ਝੂਠ ਵਿਚ ਗ੍ਰਸਿਆ ਰਹਿੰਦਾ ਹੈ , ਹਰਿ-ਭਗਤੀ ਲਈ ਉਹ ਸਦਾ ਆਲਸੀ ਬਣਿਆ ਰਹਿੰਦਾ ਹੈ ਅਤੇ ਸੰਸਾਰਿਕਤਾ ਵਿਚ ਉਹ ਬਹੁਤ ਅਧਿਕ ਖਚਿਤ ਹੁੰਦਾ ਹੈ , ਉਹ ਮਲੀਨ ਸੁਭਾ ਵਾਲਾ ਆਚਰਿਣਕ ਤੌਰ ’ ਤੇ ਬਹੁਤ ਕਮਜ਼ੋਰ ਹੈ , ਮਰਣ ਉਪਰੰਤ ਉਸ ਦਾ ਜੀਵਨ ਨਾਰਕੀ ਸਿੱਧ ਹੁੰਦਾ ਹੈ ।

ਮਨਮੁਖ ਵਿਅਕਤੀ ਦੇ ਮਨ ਵਿਚ ਵੈਰਾਗ ਦੀ ਮਾੜੀ ਜਿੰਨੀ ਭਾਵਨਾ ਪੈਦਾ ਹੋਣ ਨਾਲ , ਉਹ ਘਰ ਨੂੰ ਛਡ ਕੇ ਦੁਆਰ ਦੁਆਰ ਉਤੇ ਘੁੰਮਦਾ ਫਿਰਦਾ ਹੈ ਅਤੇ ਆਪਣਾ ਪੇਟ ਭਰਨ ਲਈ ਹੋਰਨਾਂ ਦੇ ਘਰਾਂ ਵਲ ਝਾਕਦਾ ਹੈ । ਇਸ ਲਈ ਉਹ ਆਪਣੇ ਗ੍ਰਿਹਸਥ-ਧਰਮ ਨੂੰ ਨਸ਼ਟ ਕਰ ਦਿੰਦਾ ਹੈ । ਸਤਿਗੁਰੂ ਦੇ ਨ ਮਿਲਣ ਕਰਕੇ ਦੁਰਮਤਿ ਦੇ ਚੱਕਰ ਵਿਚ ਦੇਸ਼-ਦੇਸ਼ਾਂਤਰਾਂ ਵਿਚ ਭਟਕਦਾ ਫਿਰਦਾ ਹੈ , ਧਰਮ-ਗ੍ਰੰਥਾਂ ਦਾ ਪਾਠ ਕਰ ਕਰ ਕੇ ਥਕ ਜਾਂਦਾ ਹੈ , ਪਰ ਉਸ ਦੀ ਤ੍ਰਿਸ਼ਨਾ ਹੋਰ ਵੀ ਜ਼ਿਆਦਾ ਵਧਦੀ ਹੈ । ਉਹ ਕੇਵਲ ਪਸ਼ੂਆਂ ਵਾਂਗ ਆਪਣਾ ਢਿਡ ਭਰਦਾ ਹੋਇਆ ਜੀਵਨ ਬਿਤਾਉਂਦਾ ਹੈ— ਮਨਮੁਖ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ ਗ੍ਰਿਹ ਧਰਮੁ ਗਵਾਏ ਸਤਿਗੁਰੁ ਭੇਟੈ ਦੁਰਮਤਿ ਘੂਮਨ ਘੇਰੈ ਦਿਸੰਤਰੁ ਭਵੈ ਪਾਠ ਪੜਿ ਥਾਕਾ ਤ੍ਰਿਸਨਾ ਹੋਇ ਵਧੇਰੈ ਕਾਚੀ ਪਿੰਡੀ ਸਬਦੁ ਚੀਨੈ ਉਦਰੁ ਭਰੈ ਜੈਸੇ ਢੋਰੈ ( ਗੁ.ਗ੍ਰੰ.1012 ) ।

ਸਾਰਾਂਸ਼ ਇਹ ਕਿ ‘ ਮਨਮੁਖ’ ਇਕ ਅਜਿਹਾ ਮਨੁੱਖ ਹੈ , ਜੋ ਹਰ ਤਰ੍ਹਾਂ ਦੇ ਅਧਿਆਤਮਿਕ ਕੰਮਾਂ ਤੋਂ ਬੇਮੁਖ ਹੋ ਕੇ ਪੂਰੀ ਤਰ੍ਹਾਂ ਸੰਸਾਰਿਕਤਾ ਵਿਚ ਲੀਨ ਹੋ ਚੁਕਾ ਹੋਵੇ ਅਤੇ ਵਿਸ਼ੇ ਵਾਸਨਾਵਾਂ ਦੇ ਚੰਗੀ ਤਰ੍ਹਾਂ ਵਸ ਵਿਚ ਹੋਵੇ , ਜਿਸ ਤੋਂ ਕਿਸੇ ਤਰ੍ਹਾਂ ਦੇ ਉਤਮ ਜਾਂ ਸ਼ੁਭ ਕਰਮਾਂ ਦੀ ਆਸ ਨ ਹੋਵੇ ਅਤੇ ਜੋ ਆਪਣੇ ਜੀਵਨ ਦੀ ਬੇੜੀ ਨੂੰ ਪਾਪ ਰੂਪੀ ਪੱਥਰਾਂ ਨਾਲ ਭਰ ਕੇ ਮੋਹ ਵਿਕਾਰ ਦੀਆਂ ਲਹਿਰਾਂ ਭਰੇ ਸੰਸਾਰ- ਸਾਗਰ ਵਿਚ ਠਿਲ੍ਹ ਚੁਕਾ ਹੋਵੇ ਅਤੇ ਜਿਸ ਦੇ ਸਮੂਲ ਨਾਸ਼ ਹੋਣ ਵਿਚ ਕੋਈ ਕਸਰ ਬਾਕੀ ਨ ਰਹਿ ਗਈ ਹੋਵੇ ।

ਗੁਰਬਾਣੀ ਦੇ ਵਿਆਖਿਆਤਮਕ ਸਾਹਿਤ ਵਿਚ ਵੀ ਮਨਮੁਖ ਦਾ ਸਰੂਪ ਕਾਫ਼ੀ ਵਿਸਤਾਰ ਵਿਚ ਚਿਤਰਿਆ ਗਿਆ ਹੈ । ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਅਨੇਕ ਪ੍ਰਸੰਗਾਂ ਵਿਚ ਮਨਮੁਖ ਦੀ ਤਸਵੀਰ ਖਿਚ ਕੇ ਇਸ ਦੇ ਵਾਸਤਵਿਕ ਸਰੂਪ ਤੋਂ ਜਿਗਿਆਸੂਆਂ ਨੂੰ ਜਾਣੂ ਕੀਤਾ ਹੈ— ਮਨਮੁਖ ਕਰਮ ਕਮਾਂਵਦੇ ਦੁਰਮਤਿ ਦੂਜਾ ਭਾਉ ਦੁਹੇਲਾ ( 30/1 ) ; ਮਨਮੁਖ ਆਪੁ ਗਵਾਵਣਾ ਗੁਰਮਤਿ ਗੁਰ ਤੇ ਉਕੜੁ ਚੇਲਾ ( 30/1 ) ; ਮਨਮੁਖ ਬਗੁਲ ਸਮਾਧਿ ਹੈ ਘੁਟਿ ਘੁਟਿ ਜੀਆ ਖਾਇ ਅਬੇਲਾ ( 30/4 ) ; ਮਨਮੁਖ ਕੂੜ ਕੁਲਖਣਾ ਸਭ ਕੁਲਖਣ ਕੂੜ ਕੁਦਾਵਾ ( 30/5 ) ।

ਸਾਖੀ-ਸਾਹਿਤ ਵਿਚ ਵੀ ਗੁਰਮੁਖ ਦੇ ਪ੍ਰਸੰਗ ਵਿਚ ਮਨਮੁਖ ਦੇ ਆਚਰਣ ਉਤੇ ਝਾਤ ਪਾਈ ਗਈ ਹੈ । ‘ ਭਗਤ ਰਤਨਾਵਲੀ ’ ( 18ਵੀਂ ਪਉੜੀ ) ਵਿਚ ਇਹ ਤਿੰਨ ਪ੍ਰਕਾਰ ਦੇ ਦਸੇ ਗਏ ਹਨ— ਮਨਮੁਖ , ਮਨਮੁਖ-ਤਰ , ਮਨਮੁਖ-ਤਮ । ਮਨਮੁਖ ਓਹੁ ਹੈਨਿ ਜੋ ਸਦਾ ਵਿਕਾਰ ਹੀ ਕਰਦੇ ਹੈਨਿ , ਜੇ ਕੋਈ ਓਨਾ ਦੇ ਨਾਲਿ ਭਲਿਆਈ ਕਰੇ ਸੋ ਵਿਸਾਰ ਦੇਂਦੇ ਹੈਨਿ ਤੇ ਬੁਰਿਆਈ ਜੇ ਕੋਈ ਕਰੇ ਤਾ ਵਿਸਾਰਦੇ ਨਹੀਂ ਤੇ ਮਨਮੁਖ - ਤਰ , ਓਹ ਹੈਨਿ , ਜੋ ਕੋਈ ਭਲਾ ਬੁਰਾ ਹੋਵੇ ਤਾ ਸਭਸੇ ਨਾਲਿ ਬੁਰਿਆਹੀ ਹੀ ਕਰਦੇ ਹੈਨਿ ਤੇ ਮਨਮੁਖ - ਤਮ ਓਹ ਹੈਨਿ ਜੋ ਭਲੇ ਨਾਲਿ ਵੀ ਬੁਰਿਆਈ ਕਰਦੇ ਹੈਨਿ , ਅਗਲਾ ਭਲਿਆਈ ਕਰੇ ਤੇ ਓਹ ਫੇਰਿ ਬੁਰਿਆਈ ਕਰਨ ਤੇ ਸਬਦ ਬਾਣੀ ਦੀ ਸਮਝ ਕਛੂ ਨਾ ਕਰਨ , ਅਗੋਂ ਕਹਿੰਦੇ ਹੈਨਿ ਜੋ ਸਬਦ ਦਾ ਸੁਣਨਾ ਤੇ ਭਲਿਆਈ ਕਰਨੀ ਅਸਾਨੂੰ ਨਹੀਂ ਫਲਦੀ ਹੈ , ਬੁਰਿਆਈ ਅਸਾਨੂੰ ਫਲੁ ਦੇਂਦੀ ਹੈ

ਗੁਰਬਾਣੀ ਵਿਚ ‘ ਮਨਮੁਖ’ ਨੂੰ ‘ ਸਾਕਤ’ ਨਾਂ ਵੀ ਦਿੱਤਾ ਗਿਆ ਹੈ , ਕਿਉਂਕਿ ਇਕੋ ਪ੍ਰਕਰਣ ਵਿਚ ਜਿਸ ਵਿਅਕਤੀ ਲਈ ਪਹਿਲਾਂ ‘ ਮਨਮੁਖ’ ਸ਼ਬਦ ਵਰਤਿਆ ਗਿਆ ਹੈ , ਉਸੇ ਲਈ ਨਾਲ ਹੀ ਨਾਲ ‘ ਸਾਕਤ’ ਸ਼ਬਦ ਵੀ ਵਰਤ ਦਿੱਤਾ ਗਿਆ ਹੈ , ਜਿਵੇਂ— ਮਨਮੁਖੁ ਭੂਲਾ ਠਉਰੁ ਪਾਏ ਜਮ ਦਰਿ ਬਧਾ ਚੋਟਾ ਖਾਏ ਬਿਨੁ ਨਾਵੈ ਕੋ ਸੰਗਿ ਸਾਥੀ ਮੁਕਤੇ ਨਾਮੁ ਧਿਆਵਣਿਆ ਸਾਕਤ ਕੂੜੇ ਸਚੁ ਭਾਵੈ ਦੁਬਿਧਾ ਬਾਧਾ ਆਵੈ ਜਾਵੈ ਲਿਖਿਆ ਲੇਖੁ ਮੇਟੈ ਕੋਈ ਗੁਰਮੁਖਿ ਮੁਕਤਿ ਕਰਾਵਣਿਆ ( ਗੁ.ਗ੍ਰੰ.109 ) ।

ਗੁਰਬਾਣੀ ਵਿਚ ‘ ਸਾਕਤ’ ਸ਼ਬਦ ਦੋ ਸਰੋਤਾਂ ਤੋਂ ਪ੍ਰਾਪਤ ਹੋਇਆ ਪ੍ਰਤੀਤ ਹੁੰਦਾ ਹੈ । ਪਹਿਲਾ ਸਰੋਤ ਸੰਸਕ੍ਰਿਤ ਭਾਸ਼ਾ ਦਾ ਹੈ , ਜਿਥੇ ‘ ਸਾਕਤ’ ਸ਼ਬਦ ਸ਼ਕਤੀ ਦੇ ਉਪਾਸਕ ਲਈ ਵਰਤਿਆ ਗਿਆ ਹੈ । ਚੂੰਕਿ ਮੱਧ-ਯੁਗ ਵਿਚ ਸ਼ਕਤੀ ਦੇ ਉਪਾਸਕਾਂ ਦੀਆਂ ਵਾਮ-ਮਾਰਗੀ ਅਤੇ ਤਾਂਤ੍ਰਿਕ ਪ੍ਰਵ੍ਰਿੱਤੀਆਂ ਨੇ ਜਨ-ਜੀਵਨ ਨੂੰ ਬਹੁਤ ਵਿਕਰਿਤ ਕਰ ਦਿੱਤਾ ਸੀ , ਇਸ ਲਈ ਸਾਤਵਿਕ ਸੁਭਾ ਵਾਲੇ ਸੰਤਾਂ ਨੂੰ ਇਹ ਭ੍ਰਸ਼ਟੇ ਹੋਏ ਲੋਕ ਪਸੰਦ ਨਹੀਂ ਸਨ । ਸੰਤ ਕਬੀਰ ਨੇ ਸਾਕਤ ਦਾ ਅਨੇਕ ਥਾਂਵਾਂ ਉਤੇ ਚਿਤ੍ਰਣ ਕੀਤਾ ਹੈ । ਉਨ੍ਹਾਂ ਅਨੁਸਾਰ ਬ੍ਰਾਹਮਣ ਸਾਕਤ ਨਾਲੋਂ ਸ਼ੂਦਰ ਵੈਸ਼ਨਵ ਉਤਮ ਹੈ ।

‘ ਸਾਕਤ’ ਸ਼ਬਦ ਦਾ ਦੂਜਾ ਸਰੋਤ ਅਰਬੀ ਭਾਸ਼ਾ ਦਾ ਹੈ । ਉਥੇ ਪਤਿਤ ਜਾਂ ਨਿਕੰਮੇ ਆਦਮੀ ਨੂੰ ਸਾਕਤ ਕਿਹਾ ਜਾਂਦਾ ਹੈ । ਇਸ ਤਰ੍ਹਾਂ ਪਹਿਲੇ ਸਰੋਤ ਵਾਲੇ ਸ਼ਬਦ ਦਾ ਵਿਵਹਾਰਿਕ ਰੂਪ ਦੂਜੇ ਸਰੋਤ ਵਾਲੇ ਸ਼ਬਦ ਨਾਲ ਕਾਫ਼ੀ ਮੇਲ ਖਾਉਂਦਾ ਹੈ । ਭਾਈ ਕਾਨ੍ਹ ਸਿੰਘ ( ‘ ਮਹਾਨਕੋਸ਼’ ) ਅਨੁਸਾਰ ਜੋ ਧਰਮ ਅਤੇ ਇਖ਼ਲਾਕ ( ਆਚਰਣ ) ਤੋਂ ਪਤਿਤ ਅਤੇ ਕਰਤਾਰ ਨਾਲੋਂ ਬੇਮੁਖ ਹੋ ਕੇ ਵਿਕਾਰਾਂ ਵਿਚ ਲੀਨ ਹੁੰਦਾ ਹੈ , ਉਸ ਦਾ ਨਾਂ ‘ ਸਾਕਤ’ ਹੈ ।

ਗੁਰੂ ਨਾਨਕ ਦੇਵ ਜੀ ਅਨੁਸਾਰ ਸਾਕਤ ਵਿਅਕਤੀ ਝੂਠ ਅਤੇ ਕਪਟ ਵਿਚ ਵਿਸ਼ਵਾਸ ਰਖਦਾ ਹੈ , ਰਾਤ-ਦਿਨ ਅਨੇਕ ਤਰ੍ਹਾਂ ਦੀ ਨਿੰਦਿਆ ਕਰਦਾ ਹੈ , ਉਹ ਬਾਰ ਬਾਰ ਜੂਨਾਂ ਵਿਚ ਆਉਂਦਾ ਹੈ , ਉਸ ਲਈ ਜਮ ਦਾ ਭੈ ਸਦਾ ਬਣਿਆ ਰਹਿੰਦਾ ਹੈ ਅਤੇ ਕਦੇ ਵੀ ਪਾਪਾਂ ਦੇ ਭਾਰ ਤੋਂ ਖ਼ਲਾਸ ਨਹੀਂ ਹੁੰਦਾ— ਸਾਕਤ ਕੂੜ ਕਪਟ ਮਹਿ ਟੇਕਾ ਅਹਿਨਿਸਿ ਨਿੰਦਾ ਕਰਹਿ ਅਨੇਕਾ ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ ਸਾਕਤ ਜਮ ਕੀ ਕਾਣਿ ਚੂਕੈ ਜਮ ਕਾ ਡੰਡੁ ਕਬਹੂ ਮੂਕੈ ਬਾਕੀ ਧਰਮਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਫਾਰਾ ਹੇ ( ਗੁ.ਗ੍ਰੰ1030 ) । ਸਪੱਸ਼ਟ ਹੈ ਕਿ ਸਾਕਤ ਦਾ ਲੱਛਣ ਅਤੇ ਸਰੂਪ ‘ ਮਨਮੁਖ’ ਵਰਗਾ ਹੀ ਹੈ । ਵੇਖੋ ‘ ਸ਼ਾਕਤ ਮਤ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2882, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮਨਮੁਖ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਨਮੁਖ : ਸਿੱਖ ਸਾਧਨਾ ਵਿਚ ਇਹ ‘ ਗੁਰਮੁਖ’ ਜਾਂ ‘ ਸਨਮੁਖ’ ਦਾ ਵਿਪਰੀਤ– ਅਰਥਕ ਸ਼ਬਦ ਹੈ ਅਤੇ ‘ ਸਾਕਤ’ ਇਸ ਦਾ ਸਮਾਨ– ਅਰਥਕ ਸ਼ਬਦ ਹੈ । ਗੁਰਬਾਣੀ ਵਿਚ ਜਿਤਨੀ ਗੁਰਮੁਖ ਦੀ ਵਡਿਆਈ ਕੀਤੀ ਗਈ ਹੈ , ਉਤਨੀ ਹੀ ਮਨਮੁਖ ਦੀ ਨਿਖੇਧੀ । ਭਾਈ ਕਾਨ੍ਹ ਸਿੰਘ ਅਨੁਸਾਰ ਜਿਸ ਨੇ ਆਪਣੇ ਮਨ ( ਸੰਕਲਪ ) ਨੂੰ ਹੀ ਮੁੱਖ ਜਾਣਿਆ ਹੈ , ਉਹ ‘ ਮਨਮੁਖ’ ਹੈ । ‘ ਮਨਮੁਖ’ ਸ਼ਬਦ ਅਜਿਹੇ ਮਨੁੱਖ ਲਈ ਵਰਤਿਆ ਜਾਂਦਾ ਹੈ ਜੋ ਮਨ ਦੇ ਅਨੁਕੂਲ ਆਪਣਾ ਜੀਵਨ ਨਿਭਾਂਦਾ ਹੈ । ਜੋ ਮਨੁੱਖ ਕੇਵਲ ਮਨ ਦਾ ਆਸਾਰਾ ਲੈਂਦਾ ਹੈ ਅਤੇ ਸੰਸਾਰਿਕਤਾ ਨੂੰ ਹੀ ਸਰਬੱਸ ਸਮਝ ਲੈਂਦਾ ਹੈ ਪਰਮਾਰਕਥ ਆਨੰਦ ਵੱਲ ਧਿਆਨ ਨਹੀਂ ਦਿੰਦਾ , ਉਹ ਗੁਰੂ ਨਾਨਕ ਦੀ ਭਾਸ਼ਾ ਵਿਚ ‘ ਮਨਮੁਖ’ ਹੈ । ‘ ਮਨਮੁਖ’ ਸਦਾ ਗੁਰੂ ਦੀ ਸਿੱਖਿਆ ਦੇ ਉਲਟ ਆਪਣੀ ਮੱਤ ਅਨੁਸਾਰ ਚਲਦਾ ਹੈ , ਉਸ ਨੂੰ ਕੋਈ ਵੀ ਨੇਕ ਕਾਰਜ ਚੰਗਾ ਨਹੀਂ ਲੱਗਦਾ , ਉਹ ਸਦਾ ਝੂਠ ਬੋਲਦਾ ਤੇ ਦੂਸਰਿਆਂ ਦੀ ਬੁਰਿਆਈ ਲੋਚਦਾ ਹੈ , ਉਹ ਸਦਾ ਜ਼ਿੰਦਗੀ ਦੀ ਬਾਜ਼ੀ ਹਾਰਦਾ ਹੈ । ਉਸ ਦੀ ਹਾਲਤ ਸੱਪ ਦੇ ਬੱਚੇ ਵਰਗੀ ਹੁੰਦੀ ਹੈ ਜਿਸ ਨੂੰ ਜਿੰਨਾ ਮਰਜ਼ੀ ਦੁੱਧ ਪਿਆਓ ਪਰ ਅੰਤ ਜ਼ਹਿਰ ਦੀ ਉਗਲਦਾ ਹੈ । ਉਹ ਕਾਮ , ਕ੍ਰੋਧ , ਲੋਭ , ਮੋਹ ਤੇ ਅਹੰਕਾਰ ਵਿਚ ਇਤਨਾ ਗ੍ਰਸਿਆ ਹੁੰਦਾ ਹੈ ਕਿ ਉਹ ਥਾਂ ਕੁਥਾਂ ਦੇਖੇ ਬਿਨਾ ਹੀ ਬਕੜਵਾਹ ਕਰਦਾ ਚਲਦਾ ਜਾਂਦਾ ਹੈ । ਗੁਰੂ ਰਾਮ ਦਾਸ ਅਨੁਸਾਰ ਮਨਮੁਖ ਨਾਲ ਸੰਬੰਧ ਤੋੜਨ ਵਿਚ ਹੀ ਭਲਾ ਹੈ :

                                    ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭ ਅਹੰਕਾਰੁ ।

                                    ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨਾ ਕਰਹਿ ਵਿਚਾਰ ।

                                    ਨਾਨਕ ਮਨਮੁਖਾ ਨਾਲੋਂ ਤੁਟੀ ਭਲੀ ਜਿਨ ਮਾਇਆ ਨਾਲ ਪਿਆਰ

                                                                                                                                                                            – – ( ਆਦਿ ਗ੍ਰੰਥ , ਪੰਨਾ ੩੧੬ )

              ਭਾਈ ਗੁਰਦਾਸ ਆਪਣੀ ਪੰਜਵੀਂ ਵਾਰ ਵਿਚ ਲਿਖਦੇ ਹਨ ਕਿ ਮਨਮੁਖ ਕਾਮ , ਕ੍ਰੋਧ , ਲੋਭ ਮੋਹ ਤੇ ਅਹੰਕਾਰ ਸਦਕਾ ਗੁਰੂ ਤੋਂ ਬੇਮੁੱਖ ਹੋਕੇ ਭੰਬਲ– ਭੂਸਿਆਂ ਵਿਚ ਫਸਿਆ ਰਹਿੰਦਾ ਹੈ । ‘ ਗਿਆਨ ਰਤਨਾਵਲੀ’ ਵਿਚ ਭਾਈ ਮਨੀ ਸਿੰਘ ਨੇ ਤਿੰਨ ਪ੍ਰਕਾਰ ਦੇ ਮਨਮੁਖਾਂ ਦਾ ਜ਼ਿਕਰ ਕੀਤਾ ਹੈ– – ‘ ਮਨਮੁਖ , ਮਨਮੁਖਤਰ , ਮਨਮੁਖਤਮ ।

                  ( 1 )         ‘ ਮਨਮੁਖ’ ਉਹ ਹਨ ਜੋ ਸਦਾ ਵਿਕਾਰ ਹੀ ਕਰਦੇ ਹਨ , ਜੋ ਕੋਈ ਉਨ੍ਹਾਂ ਨਾਲ ਭਲਿਆਈ ਕਰੇ ਸੋ ਵਿਸਾਰ ਦਿੰਦੇ ਹਨ , ਤੇ ਬੁਰਿਆਈ ਜੇ ਕੋਈ ਕਰੇ ਤਾਂ ਵਿਸਾਰਦੇ ਨਹੀਂ ।

                  ( 2 )         ‘ ਮਨਮੁਖਤਰ’ ਉਹ ਹਨ ਜੋ ਕੋਈ ਭਲਾ ਬੁਰਾ ਹੋਵੇ ਸਭ ਨਾਲ ਬੁਰਿਆਈ ਹੀ ਕਰਦੇ ਹਨ ।

                  ( 3 )         ‘ ਮਨਮੁਖਤਮ’ ਉਹ ਹਨ ਜੋ ਭਲੇ ਨਾਲ ਵੀ ਬੁਰਿਆਈ ਕਰਦੇ ਹਨ । ਜੋ ਅਗਲਾ ਫਿਰ ਭਲਿਆਈ ਕਰੇ ਤਾਂ ਉਹ ਫਿਰ ਬੁਰਿਆਈ ਕਰਦੇ ਹਨ , ਸ਼ਬਦ ਬਾਣੀ ਦੀ ਸਮਝ ਕੁਝ ਨਹੀਂ , ਸਗੋਂ ਕਹਿੰਦੇ ਹਨ                                   ਜੋ ਸ਼ਬਦ ਦਾ ਸੁਣਨਾ ਤੇ ਭਲਿਆਈ ਕਰਨੀ ਸਾਨੂੰ ਨਹੀਂ ਫਲਦੀ ਤੇ ਬੁਰਿਆਈ ਅਸਾਨੂੰ ਫਲ ਦਿੰਦੀ ਹੈ ।

                  ‘ ਗੁਰੂ ਨਾਨਕ ਪ੍ਰਕਾਸ਼’ ਵਿਚ ਭਗਤ ਓਹਰੀ ਜੀ ਵੱਲੋਂ ਪ੍ਰਸ਼ਨ ਦੇ ਉੱਤਰ ਵਿਚ ਗੁਰੂ ਜੀ ਵੱਲੋਂ ਮਨਮੁਖਾਂ ਦੇ ਲੱਛਣ ਦੱਸੇ ਗਏ ਹਨ :

                                    ਰਿਦੇ ਈਰਖਾ ਸਭ ਸੋ ਕਰਨੀ ।

                                    ਜਗਤ ਪਦਾਰਥ ਸੁਖ ਜੇ ਸਾਰੇ । ਸਭ ਕੇ ਮਿਟ ਕਰ ਹੋਹਿ ਹਮਾਰੇ ।

                                    ਸਦਨ ਬਿਭੂਤਿ ਅਪਰ ਦੇ ਦੇਖੀ । ਪੀਰ ਪਾਵਹਿ ਰਿਦੇ ਵਿਸੇਖੀ ।

                                    ਸਰਬ ਨਰਕ ਕੋ ਸਤਰੂ ਜਾਨਹਿ । ਸੰਗ ਨ ਕਿਸੇ ਭਲਾਈ ਠਾਨਹਿ ।

                                    ਇਕ ਮਨਮੁਖ ਕੋ ਕਰਮ ਇਹ ਤਿਆਗਹੁ ਉਰ ਤੇ ਸੋਇ ।

                                    ਦੂਸਰ ਹਉਮੈ ਮਨ ਕਰੈ ਸੋਂ ਨਿਰਦਯ ਹੋਇ ।

                                    ਜੇ ਨਿਸ ਤੇ ਘਟ ਦੇਖਹਿ ਤੇਈ । ਤਿਹ ਕੋ ਅਤਿ ਨਹਿ ਕੈਸੇ ਦੇਈ ।

                                    ਹਾਸੀ ਕਰੈ ਧਰੈ ਹੰਕਾਰ । ਇਹ ਨਹਿ ਮਮ ਸਮ ਬੁਧਿ ਉਦਾਰ ।

                                    ਪੁਨ ਤੀਜੀ ਨਿੰਦਾ ਪਹਿਚਾਣ । ਤਯਾਗ ਦੀਜੀਏ ਕਬਿ ਨ ਬਖਾਨ ।

                                    ਜੋ ਬਿਸੇਖ ਅਪਨੇ ਤੇ ਹੋਇ । ਤਿਹ ਕੀ ਉਸਤਤ ਕਰ ਹੈ ਕੋਇ ।

                                    ਸੁਨ ਕਰ ਨਹੀਂ ਸਹਾਰਨੀ ਜਰ ਬਰ ਤਿਹ ਤੇ ਜਾਇ ।

                                    ‘ ਦੇਖਯੋ ਸੋ ਮੇਰੋ ਅਹੈ , ਇਹ ਬਿਧ ਨਿੰਦ ਅਲਾਇ ।

                                    ਸਭਸ ਸੋਂ ਸਰਬ ਅਸੂਯਾ ਧਰਹੀ । ‘ ਉਹ ਨਰ ਕਯਾ ਹੈ ਗੁਣ ਭਰਪੂਰ ਹੀਂ । ’

                                    ਚੌਥੀ ਹਠ ਬ੍ਰਿਤੀ ਅਸ ਜੋਇ । ਦੇ ਉਦੇਸ਼ ਨਾ ਆਨੇ ਕੋਇ ।

                                    ਤਪਦਿ ਹਫ ਕਰ ਕਰ ਪੁਨ ਕਹਿਈਂ । ਚਤੁਰ ਕਰਮ ਮਨਮੁਖ ਕੇ ਅਹਿਈ ।

                  [ ਸਹਾ. ਗ੍ਰੰਥ– – ਗੁ. ਮਾ.; ਭਾਈ ਮਨੀ ਸਿੰਘ : ‘ ਭਗਤ ਰਤਨਾਵਲੀ’ ; ਭਾਈ ਸੰਤੋਖ ਸਿੰਘ : ‘ ਗੁਰ ਨਾਨਕ ਪ੍ਰਕਾਸ਼’ , ਭਾਈ ਜੋਧ ਸਿੰਘ : ‘ ਗੁਰਮਤਿ ਨਿਰਣਯ’ ; ਡਾ. ਰਤਨ ਸਿੰਘ ਜੱਗੀ : ‘ ਗੁਰੂ ਨਾਨਕ ਵਿਅਕਤਿਤ੍ਵ ,                 ਕ੍ਰਿਤਿਤ੍ਵ ਔਰ ਚਿੰਤਨ’ ( ਹਿੰਦੀ ) ]  


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.