ਮਲਾਰ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਲਾਰ ਰਾਗ ( ਬਾਣੀ ) : ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ 61 ਚਉਪਦੇ , ਅੱਠ ਅਸ਼ਟਪਦੀਆਂ , ਇਕ ਛੰਤ ਅਤੇ ਇਕ ਵਾਰ ਮਹਲੇ ਪਹਿਲੇ ਦੀ ਹੈ । ਭਗਤ-ਬਾਣੀ ਪ੍ਰਕਰਣ ਵਿਚ ਪੰਜ ਸ਼ਬਦ ਹਨ , ਦੋ ਨਾਮਦੇਵ ਦੇ ਅਤੇ ਤਿੰਨ ਰਵਿਦਾਸ ਦੇ ।

                      ਚਉਪਦੇ ਪ੍ਰਕਰਣ ਦੇ ਕੁਲ 61 ਚਉਪਦਿਆਂ ਵਿਚੋਂ ਨੌਂ ਗੁਰੂ ਨਾਨਕ ਦੇਵ ਜੀ ਦੇ ਹਨ ਜਿਨ੍ਹਾਂ ਵਿਚੋਂ ਅੱਠ ਵਿਚ ਚਾਰ ਚਾਰ ਅਤੇ ਇਕ ਵਿਚ ਪੰਜ ਪਦਿਆਂ ਦੇ ਸਮੁੱਚ ਹਨ । ਗੁਰੂ ਜੀ ਨੇ ਦਸਿਆ ਹੈ ਕਿ ਪਰਮਾਤਮਾ ਨੂੰ ਭੁਲਾਉਣ ਨਾਲ ਮਨੁੱਖ ਆਪਣਾ ਹੀ ਸਭ ਕੁਝ ਵਿਗਾੜਦਾ ਹੈ । ਗੁਰੂ ਅਮਰਦਾਸ ਜੀ ਦੇ 13 ਚਉਪਦਿਆਂ ਵਿਚੋਂ 10 ਵਿਚ ਚਾਰ ਚਾਰ ਅਤੇ ਤਿੰਨ ਵਿਚ ਪੰਜ ਪੰਜ ਪਦਿਆਂ ਦੇ ਜੁਟ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਕਿ ਪਰਮਾਤਮਾ ਸਰਵ-ਸ਼ਕਤੀਮਾਨ ਹੈ । ਗੁਰੂ ਰਾਮਦਾਸ ਜੀ ਦੇ ਲਿਖੇ ਨੌਂ ਚਉਪਦਿਆਂ ਵਿਚੋਂ ਇਕ ਵਿਚ ਦੋ , ਸੱਤ ਵਿਚ ਚਾਰ ਚਾਰ ਅਤੇ ਇਕ ਵਿਚ ਪੰਜ ਪਦਿਆਂ ਦੇ ਸਮੁੱਚ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਜਿਗਿਆਸੂ ਨੂੰ ਸਪੱਸ਼ਟ ਕੀਤਾ ਹੈ ਕਿ ਹਰਿ-ਨਾਮ ਵਰਗੀ ਮਹਾਨ ਵਸਤੂ ਅਸਲੋਂ ਸਾਡੇ ਅੰਦਰ ਵਸਦੀ ਹੈ , ਪਰ ਮਾਇਆ ਦੇ ਪ੍ਰਭਾਵ ਕਰਕੇ ਮਹਿਸੂਸ ਨਹੀਂ ਹੁੰਦੀ । ਗੁਰੂ ਅਰਜਨ ਦੇਵ ਜੀ ਦੇ 30 ਚਉਪਦਿਆਂ ਵਿਚੋਂ 21 ਦੁਪਦੇ , ਦੋ ਤ੍ਰਿਪਦੇ ਅਤੇ ਸੱਤ ਚਉਪਦੇ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਗੁਰਮਤਿ ਦੇ ਅਨੇਕ ਸਿੱਧਾਂਤਾਂ ਨੂੰ ਸਪੱਸ਼ਟ ਕੀਤਾ ਹੈ ਅਤੇ ਅਨੇਕ ਉਪਮਾਨ , ਦ੍ਰਿਸ਼ਟਾਂਤ ਵਰਤ ਕੇ ਜੀਵਾਤਮਾ ਅਤੇ ਪਰਮਾਤਮਾ ਦੇ ਸੰਬੰਧ ਨੂੰ ਦਰਸਾਇਆ ਹੈ ।

                      ਅਸ਼ਟਪਦੀ ਪ੍ਰਕਰਣ ਦੀਆਂ ਕੁਲ ਅੱਠ ਅਸ਼ਟਪਦੀਆਂ ਵਿਚੋਂ ਪੰਜ ਗੁਰੂ ਨਾਨਕ ਦੇਵ ਜੀ ਦੀਆਂ ਹਨ , ਜਿਨ੍ਹਾਂ ਵਿਚੋਂ ਇਕ ਵਿਚ ਪੰਜ , ਤਿੰਨ ਵਿਚ ਅੱਠ ਅੱਠ ਅਤੇ ਇਕ ਵਿਚ ਨੌਂ ਪਦੀਆਂ ਸ਼ਾਮਲ ਹਨ । ਗੁਰੂ ਜੀ ਨੇ ਜੀਵਾਤਮਾ ਦਾ ਪਰਮਾਤਮਾ ਨਾਲ ਸੰਬੰਧ ਸਪੱਸ਼ਟ ਕਰਨ ਲਈ ਕਈ ਉਪਮਾਨ ਅਤੇ ਦ੍ਰਿਸ਼ਟਾਂਤ ਵਰਤੇ ਹਨ । ਗੁਰੂ ਅਮਰਦਾਸ ਜੀ ਨੇ ਆਪਣੀਆਂ ਤਿੰਨ ਅਸ਼ਟਪਦੀਆਂ ਵਿਚ ਇਸ ਗੱਲ ਨੂੰ ਸਪੱਸ਼ਟ ਕੀਤਾ ਹੈ ਕਿ ਸੰਸਾਰਿਕ ਸਿਖਿਆਵਾਂ ਵਿਅਰਥ ਹਨ ।

ਗੁਰੂ ਅਰਜਨ ਦੇਵ ਜੀ ਨੇ ਚਾਰ ਪਦਿਆਂ ਦੇ ਆਪਣੇ ਇਕ ਛੰਤ ਵਿਚ ਬੜੀ ਮਗਨਤਾ ਨਾਲ ਪਰਮਾਤਮਾ ਦੀ ਉਸਤਤ ਕੀਤੀ ਹੈ । ਇਸ ਤੋਂ ਅਗੇ ਮਲ੍ਹਾਰ ਦੀ ਵਾਰ ਹੈ , ਜਿਸ ਬਾਰੇ ਸੁਤੰਤਰ ਇੰਦਰਾਜ ਵੇਖੋ ।

                      ਭਗਤ ਬਾਣੀ ਪ੍ਰਕਰਣ ਵਿਚ ਦੋ ਸ਼ਬਦ ਭਗਤ ਨਾਮਦੇਵ ਦੇ ਹਨ । ਇਨ੍ਹਾਂ ਵਿਚ ਪਰਮਾਤਮਾ ਦੀ ਉਸਤਤ ਕੀਤੀ ਗਈ ਹੈ । ਭਗਤ ਰਵਿਦਾਸ ਨੇ ਆਪਣੇ ਤਿੰਨ ਸ਼ਬਦਾਂ ਵਿਚ ਦਸਿਆ ਹੈ ਕਿ ਨੀਵੀਂ ਜਾਤਿ ਵਾਲਾ ਸਾਧਕ ਵੀ ਪਰਮਾਤਮਾ ਦੀ ਕ੍ਰਿਪਾ ਨਾਲ ਮਹਾਨ ਬਣ ਸਕਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.