ਮਹਿਤਾਬ ਸਿੰਘ, ਹੈਡਮਾਸਟਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਹਿਤਾਬ ਸਿੰਘ, ਹੈਡਮਾਸਟਰ (1886-1953 ਈ.): ਸਿੱਖੀ ਦੀ ਪ੍ਰਫੁਲਤਾ ਲਈ ਪ੍ਰਤਿਬੱਧ ਹੈਡਮਾਸਟਰ ਮਹਿਤਾਬ ਸਿੰਘ ਦਾ ਜਨਮ ਸੰਨ 1886 ਈ. ਵਿਚ ਰਾਵਲਪਿੰਡੀ ਜ਼ਿਲ੍ਹੇ ਦੇ ‘ਕੁਰੀ ’ ਨਾਂ ਦੇ ਇਕ ਛੋਟੇ ਜਿਹੇ ਪਿੰਡ ਵਿਚ ਸ. ਪ੍ਰਤਾਪ ਸਿੰਘ ਦੇ ਘਰ ਮਾਤਾ ਭਾਈਆਂ ਦੀ ਕੁੱਖੋਂ ਹੋਇਆ। ਆਪਣੀ ਪੜ੍ਹਾਈ ਖ਼ਤਮ ਕਰਨ ਉਪਰੰਤ ਇਹ ਰਾਵਲਪਿੰਡੀ ਵਿਚ ਹੀ ਸਕੂਲ ਵਿਚ ਪੜ੍ਹਾਉਣ ਲਗ ਗਏ। ਆਪ ਦੀ ਰਹਿਣੀ-ਬਹਿਣੀ ਅਤੇ ਚਾਰਿਤ੍ਰਿਕ ਨਿਰਛਲਤਾ ਕਰਕੇ ਆਪ ਦਾ ਜਸ ਸਾਰੇ ਪੰਜਾਬ ਵਿਚ ਪਸਰ ਗਿਆ। ਜਦੋਂ ਸੰਨ 1919 ਈ. ਵਿਚ ਭਾਈ ਮੋਹਨ ਸਿੰਘ ਵੈਦ ਅਤੇ ਸ. ਸੰਤ ਸਿੰਘ ਨੇ ਤਰਨਤਾਰਨ ਵਿਚ ‘ਗੁਰੂ ਅਰਜਨ ਦੇਵ ਖ਼ਾਲਸਾ ਹਾਈ ਸਕੂਲ’ ਦੀ ਸਥਾਪਨਾ ਕੀਤੀ, ਤਾਂ ਉਹ ਖ਼ੁਦ ਡੈਪੁਟੇਸ਼ਨ ਲੈ ਕੇ ਰਾਵਲਪਿੰਡੀ ਗਏ ਅਤੇ ਮਾਸਟਰ ਮਹਿਤਾਬ ਸਿੰਘ ਨੂੰ ਸਕੂਲ ਦੀ ਵਾਗਡੋਰ ਸੰਭਾਲਣ ਲਈ ਰਾਜ਼ੀ ਕਰਕੇ ਲੈ ਆਏ। ਉਦੋਂ ਤੋਂ ਇਹ ਹੈਡਮਾਸਟਰ ਦੀ ਪਦਵੀ ’ਤੇ ਚਲੇ ਆਏ ਅਤੇ ਸੰਨ 1943 ਈ. ਵਿਚ ਸੇਵਾ-ਮੁਕਤ ਹੋਏ।

            ਸਕੂਲ ਦੇ ਕੰਮ ਤੋਂ ਇਲਾਵਾ ਇਨ੍ਹਾਂ ਨੇ ਸਿੱਖ ਧਰਮ ਨੂੰ ਦਰ-ਪੇਸ਼ ਸਮਸਿਆਵਾਂ ਦੇ ਸਮਾਧਾਨ ਵਿਚ ਰੁਚੀ ਲਈ। ਸੰਨ 1921 ਈ. ਵਿਚ ਦਰਬਾਰ ਸਾਹਿਬ , ਤਰਨਤਾਰਨ ਦਾ ਕਬਜ਼ਾ ਲੈਣ ਵੇਲੇ ਆਪ ਨੇ ਆਪਣੀ ਜਾਨ ਦੀ ਪਰਵਾਹ ਨ ਕਰਦੇ ਹੋਇਆਂ ਬੜੀ ਉਸਾਰੂ ਭੂਮਿਕਾ ਨਿਭਾਈ। ਇਹ ਮੁਢਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਦੇ ਮੈਂਬਰ ਰਹੇ ਅਤੇ ਸੰਨ 1924 ਈ. ਤਕ ਤਰਨਤਾਰਨ ਦੇ ਦਰਬਾਰ ਸਾਹਿਬ ਦੇ ਇੰਚਾਰਜ ਰਹੇ। ਸੰਨ 1924 ਈ. ਤੋਂ ਗੁਰਦੁਆਰਾ ਸੁਧਾਰ ਲਹਿਰ ਵਿਚ ਹਿੱਸਾ ਲੈਣ ਕਾਰਣ ਆਪ ਨੂੰ ਢਾਈ ਸਾਲ ਜੇਲ੍ਹ ਕਟਣੀ ਪਈ। ਆਪ ਨੇ ਸਿੱਖ ਧਰਮ ਵਿਚੋਂ ਛੂਤ-ਛਾਤ ਦੀ ਦੁਰਭਾਵਨਾ ਨੂੰ ਕਢਣ ਦਾ ਬਹੁਤ ਯਤਨ ਕੀਤਾ ਅਤੇ ਬਹੁਤ ਸਾਰੇ ਰਾਮਦਾਸੀਏ ਸਿੰਘ ਸਜਾਏ। ਆਪ ਸਿੱਖੀ ਦੇ ਪ੍ਰਚਾਰ ਲਈ ਅਕਸਰ ਪੰਜਾਬੋਂ ਬਾਹਰ ਵੀ ਜਾਂਦੇ ਰਹੇ।

ਆਪ ਨੇ ਕੈਦ ਦੌਰਾਨ ਗੁਰੂ ਗ੍ਰੰਥ ਸਾਹਿਬ ਵਿਚ ਆਏ ‘ਨਾਵਾਂ ਤੇ ਥਾਂਵਾਂ ਦਾ ਕੋਸ਼ ’ ਤਿਆਰ ਕੀਤਾ ਅਤੇ ਪੰਜਾਬੀ ਮੁਹਾਵਰਿਆਂ ਦਾ ਕੋਸ਼ ਵੀ ਮੁਕੰਮਲ ਕੀਤਾ। ਆਪ ਨੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ’ ਤਿਆਰ ਕਰਨ ਵਿਚ ਵੀ ਯੋਗਦਾਨ ਪਾਇਆ ਅਤੇ ‘ਆਸਾ ਦੀ ਵਾਰ ਸਟੀਕਾ’ ਵੀ ਤਿਆਰ ਕੀਤਾ। ਆਪ ਦੀ ਅੰਤਿਮ ਪੁਸਤਕ ‘ਸਚੀ ਲਿਵ ’ ਆਪ ਦੇ ਦੇਹਾਂਤ ਤੋਂ ਬਾਦ ਛਪੀ। ਸੰਨ 1950 ਈ. ਵਿਚ ਆਪ ਰੂਸ ਗਏ ਅਤੇ ਉਥੇ ਸਿੱਖੀ ਦੇ ਸਹਿਜ ਸਰੂਪ ਦੀ ਵਿਆਖਿਆ ਕਰਕੇ ਉਥੋਂ ਦੇ ਲੋਕਾਂ ਨੂੰ ਆਪਣੀ ਵਿਦਵੱਤਾ ਨਾਲ ਪ੍ਰਭਾਵਿਤ ਕੀਤਾ।

17 ਅਗਸਤ 1953 ਈ. ਵਿਚ ਆਪ ਦਾ ਦੇਹਾਂਤ ਹੋਇਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.