ਮਾਰੂ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਾਰੂ ਰਾਗ ( ਬਾਣੀ ) : ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਸ ਰਾਗ ਵਿਚ ਕੁਲ 60 ਚਉਪਦੇ ( ਦੋ ਅੰਜਲੀਆਂ ਸਮੇਤ ) , 20 ਅਸ਼ਟਪਦੀਆਂ ( ਦੋ ਅੰਜਲੀਆਂ ਸਹਿਤ ) , 62 ਸੋਲਹੇ , ਇਕ ਵਾਰ ਮ.੩ , ਅਤੇ ਇਕ ਵਾਰ ਮ.੫ ਸੰਕਲਿਤ ਹਨ । ਭਗਤ-ਬਾਣੀ ਪ੍ਰਕਰਣ ਵਿਚ ਕੁਲ 16 ਸ਼ਬਦ ਹਨ ਜਿਨ੍ਹਾਂ ਵਿਚੋਂ 12 ਸੰਤ ਕਬੀਰ ਦੇ , ਇਕ ਭਗਤ ਨਾਮਦੇਵ ਦਾ ਇਕ ਜੈਦੇਵ ਦਾ ਅਤੇ ਦੋ ਭਗਤ ਰਵਿਦਾਸ ਦੇ ਹਨ ।

ਚਉਪਦੇ ਪ੍ਰਕਰਣ ਦੇ ਕਲ 60 ਚਉਪਦਿਆਂ ਵਿਚੋਂ 12 ਗੁਰੂ ਨਾਨਕ ਦੇਵ ਜੀ ਦੇ ਹਨ । ਇਨ੍ਹਾਂ ਵਿਚੋਂ ਦੋ ਦੁਪਦੇ , ਇਕ ਤ੍ਰਿਪਦਾ , ਸੱਤ ਚਉਪਦੇ , ਇਕ ਪੰਚਪਦਾ ਅਤੇ ਇਕ ਛਿਪਦਾ ਹੈ । ਪਹਿਲੇ ਅਤੇ ਪੰਜਵੇਂ ਚਉਪਦਿਆਂ ਤੋਂ ਪਹਿਲਾਂ ਇਕ ਇਕ ਸ਼ਲੋਕ ਵੀ ਹੈ । ਇਨ੍ਹਾਂ ਪਦਿਆਂ ਵਿਚ ਗੁਰੂ ਜੀ ਨੇ ਦਸਿਆ ਹੈ ਕਿ ਮਨੁੱਖ ਵਿਚ ਪ੍ਰਕਾਸ਼ਮਈ ਅਤੇ ਅੰਧਕਾਰਮਈ ਦੋਵੇਂ ਪੱਖ ਹਨ । ਗੁਰੂ ਅਮਰਦਾਸ ਜੀ ਨੇ ਪੰਜ ਚਉਪਦਿਆਂ ਵਿਚੋਂ ਚਾਰ ਵਿਚ ਚਾਰ ਚਾਰ ਪਦੇ ਹਨ ਅਤੇ ਇਕ ਵਿਚ ਪੰਜ । ਗੁਰੂ ਜੀ ਨੇ ਦਸਿਆ ਹੈ ਕਿ ਮਾੜੀਆਂ ਰੁਚੀਆਂ ਦਾ ਤਿਆਗ ਕਰਕੇ ਹੁਕਮ ਮੰਨਣ ਦੀ ਬਿਰਤੀ ਦਾ ਵਿਕਾਸ ਕਰਨਾ ਚਾਹੀਦਾ ਹੈ । ਗੁਰੂ ਰਾਮਦਾਸ ਜੀ ਦੇ ਅੱਠ ਚਉਪਦਿਆਂ ਵਿਚੋਂ ਛੇ ਚਾਰ ਚਾਰ ਪਦਿਆਂ ਦੇ ਅਤੇ ਦੋ ਪੰਜ ਪੰਜ ਪਦਿਆਂ ਦੇ ਸਮੁੱਚ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਹਰਿ-ਨਾਮ ਵਿਚ ਧਿਆਨ ਲਗਾਉਣ ਵਾਲੇ ਸਾਧਕਾਂ ਦਾ ਸਰੂਪ ਸਪੱਸ਼ਟ ਕੀਤਾ ਹੈ । ਪੰਜਵੇਂ ਗੁਰੂ ਦੇ ਲਿਖੇ 32 ਚਉਪਦਿਆਂ ਵਿਚੋਂ ਦੋ ਨੂੰ ‘ ਅੰਜਲੀ’ ਉਪ-ਸਿਰਲੇਖ ਦਿੱਤਾ ਹੋਇਆ ਹੈ ਜਿਨ੍ਹਾਂ ਵਿਚੋਂ ਇਕ ਚਉਪਦਾ ਹੈ ਅਤੇ ਇਕ ਪੰਜਪਦਾ । ਬਾਕੀ ਦੇ 30 ਚਉਪਦਿਆਂ ਵਿਚੋਂ ਨੌਂ ਦੁਪਦੇ , 19 ਚਉਪਦੇ ਅਤੇ ਦੋ ਪੰਚਪਦੇ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਦਸਿਆ ਹੈ ਕਿ ਸਰਬੱਤ੍ਰ ਨਿਰਭਉ ਪ੍ਰਭੂ ਵਿਆਪਤ ਹੈ , ਬਾਕੀ ਸਭ ਉਸ ਦੇ ਭੈ ਵਿਚ ਕਾਰਜ ਕਰ ਰਹੇ ਹਨ । ਨੌਵੇਂ ਗੁਰੂ ਨੇ ਆਪਣੇ ਤਿੰਨ ਦੁਪਦਿਆਂ ਵਿਚ ਸਪੱਸ਼ਟ ਕੀਤਾ ਹੈ ਕਿ ਮਨ ਅਨੁਸਾਰ ਚਲਣ ਨਾਲ ਮਨੁੱਖ ਦਾ ਜਨਮ ਵਿਅਰਥ ਜਾਂਦਾ ਹੈ ।

ਅਸ਼ਟਪਦੀਆਂ ਪ੍ਰਕਰਣ ਦੀਆਂ ਕੁਲ 20 ਅਸ਼ਟਪਦੀਆਂ ਵਿਚੋਂ ਯਾਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਰਚਨਾ ਹਨ , ਜਿਨ੍ਹਾਂ ਵਿਚੋਂ ਅੱਠ ਵਿਚ ਅੱਠ ਅੱਠ ਪਦੀਆਂ ਅਤੇ ਬਾਕੀ ਤਿੰਨਾਂ ਵਿਚ ਸੱਤ , ਨੌਂ ਅਤੇ ਬਾਰ੍ਹਾਂ ਪਦੀਆਂ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਨਾਮ-ਜਾਪ ਦੇ ਮੁਕਾਬਲੇ ਹੋਰ ਸਾਰੇ ਕਰਮ-ਕਾਂਡ ਵਿਅਰਥ ਦਸੇ ਹਨ । ਗੁਰੂ ਅਮਰਦਾਸ ਜੀ ਨੇ ਆਪਣੀ ਇਕ ਦਸ-ਪਦੀ ਵਿਚ ਦਸਿਆ ਹੈ ਪਰਮਾਤਮਾ ਮਾਇਆ ਦੁਆਰਾ ਮਨੁੱਖ ਨੂੰ ਪਹਿਲਾਂ ਉਲਝਾਉਂਦਾ ਹੈ ਅਤੇ ਫਿਰ ਆਪ ਹੀ ਉਸ ਦਾ ਉੱਧਾਰ ਕਰਦਾ ਹੈ ।

ਗੁਰੂ ਅਰਜਨ ਦੇਵ ਜੀ ਦੀਆਂ ਅੱਠ ਅਸ਼ਟਪਦੀਆਂ ਵਿਚ ਦੋ ਅੰਜਲੀਆਂ ਵੀ ਹਨ । ਇਨ੍ਹਾਂ ਵਿਚ ਹਰਿ­ -ਨਾਮ ਦੇ ਮਹੱਤਵ , ਸਚੇ ਭਗਤਾਂ ਦੇ ਸਰੂਪ ਅਤੇ ਗੁਰੂ ਦੀ ਮਹਿਮਾ ਨੂੰ ਦਰਸਾਇਆ ਗਿਆ ਹੈ ।

ਸੋਲਹੇ ਪ੍ਰਕਰਣ ਦੇ ਕੁਲ 62 ਸੋਲਹਿਆਂ ਵਿਚੋਂ 22 ਗੁਰੂ ਨਾਨਕ ਦੇਵ ਜੀ ਦੇ ਹਨ । ਇਨ੍ਹਾਂ ਵਿਚੋਂ ਪੰਜ ਵਿਚ 15 ਪਦੇ , 12 ਵਿਚ ਸੋਲ੍ਹਾਂ ਪਦੇ ਅਤੇ ਪੰਜ ਵਿਚ 17 ਪਦੇ ਹਨ । ਇਨ੍ਹਾਂ ਵਿਚ ਸ੍ਰਿਸ਼ਟੀ ਦੀ ਸਿਰਜਨਾ ਤੋਂ ਲੈ ਕੇ ਮਨੁੱਖ ਦੇ ਅਧਿਆਤਮਿਕ ਵਿਕਾਸ ਤਕ ਦੇ ਅਨੇਕ ਪੱਖਾਂ ਉਤੇ ਚਾਨਣਾ ਪਾਇਆ ਗਿਆ ਹੈ । ਗੁਰੂ ਅਮਰਦਾਸ ਜੀ ਨੇ ਆਪਣੇ 24 ਸੋਲਹਿਆਂ ਵਿਚ ਦਸਆ ਹੈ ਕਿ ਸਭ ਕੁਝ ਪਰਮਾਤਮਾ ਦੇ ਹੁਕਮ ਨਾਲ ਹੋ ਰਿਹਾ ਹੈ । ਹਉਮੈ ਨੂੰ ਮਾਰ ਕੇ ਮਨ ਨੂੰ ਸ਼ੁੱਧ ਕਰਨਾ ਚਾਹੀਦਾ ਹੈ । ਗੁਰੂ ਰਾਮਦਾਸ ਜੀ ਦੇ ਲਿਖੇ ਦੋ ਸੋਲਹਿਆਂ ਵਿਚ ਦਸਿਆ ਗਿਆ ਹੈ ਕਿ ਉਸ ਪ੍ਰਭੂ ਦਾ ਬੋਧ ਗੁਰੂ ਰਾਹੀਂ ਹੁੰਦਾ ਹੈ । ਗੁਰੂ ਅਰਜਨ ਦੇਵ ਜੀ ਦੇ 14 ਸੋਲਹਿਆਂ ਵਿਚੋਂ ਇਕ ਵਿਚ ਨੌਂ , ਚਾਰ ਵਿਚ 15 , ਸੱਤ ਵਿਚ 16 , ਇਕ ਵਿਚ 17 ਅਤੇ ਇਕ ਵਿਚ 21 ਪਦੇ ਹਨ । ਇਨ੍ਹਾਂ ਵਿਚ ਗੁਰਮਤਿ ਦੇ ਅਨੇਕ ਸਿੱਧਾਂਤਾਂ ਦੀ ਵਿਆਖਿਆ ਹੋਈ ਹੈ ।

ਵਾਰ ਮਹਲਾ ੩ ਅਤੇ ਵਾਰ ਮਹਲਾ ੫ ਬਾਰੇ ਸੁਤੰਤਰ ਇੰਦਰਾਜ ਦਰਜ ਹਨ ।

                      ਭਗਤ - ਬਾਣੀ ਪ੍ਰਕਰਣ ਵਿਚ ਪਹਿਲਾਂ ਦਸ ਸ਼ਬਦ ਸੰਤ ਕਬੀਰ ਦੇ ਹਨ ਜਿਨ੍ਹਾਂ ਵਿਚ ਬਾਹਰਲੇ ਆਡੰਬਰਾਂ , ਕਰਮ-ਕਾਂਡਾਂ ਨੂੰ ਛਡ ਕੇ ਹਰਿ-ਨਾਮ ਦੀ ਆਰਾਧਨਾ ਦੀ ਪ੍ਰੇਰਣਾ ਦਿੱਤੀ ਗਈ ਹੈ । ਕਬੀਰ ਦੇ ਦੋ ਹੋਰ ਸ਼ਬਦ ਨਾਮਦੇਵ ਅਤੇ ਜੈਦੇਵ ਦੇ ਸ਼ਬਦਾਂ ਨਾਲ ਦਰਜ ਹੋਏ ਹਨ । ਭਗਤ ਨਾਮਦੇਵ ਦੇ ਨਾਂ ਅਧੀਨ ਦੋ ਸ਼ਬਦ ਲਿਖੇ ਹਨ । ਪਹਿਲੇ ਵਿਚ ਨਾਮਦੇਵ ਨੇ ਦਸਿਆ ਹੈ ਕਿ ਭਗਤੀ ਕਰਨ ਨਾਲ ਮਨੁੱਖ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ । ਇਕ ਸ਼ਬਦ , ਭਾਵ ਦੀ ਵਿਆਖਿਆ ਲਈ , ਸੰਤ ਕਬੀਰ ਦਾ ਇਥੇ ਰਖਿਆ ਗਿਆ ਹੈ । ਜੈਦੇਵ ਨੇ ਆਪਣੇ ਇਕ ਸ਼ਬਦ ਵਿਚ ਦਸਿਆ ਹੈ ਕਿ ਹਰਿ-ਨਾਮ ਦੇ ਜਾਪ ਨਾਲ ਅਨੇਕ ਯੌਗਿਕ ਸਿੱਧੀਆਂ ਦੀ ਪ੍ਰਾਪਤੀ ਸਹਿਜ ਵਿਚ ਹੀ ਹੋ ਗਈ ਹੈ । ਇਸ ਤੋਂ ਬਾਦ ਸੰਤ ਕਬੀਰ ਦੇ ਇਕ ਸ਼ਬਦ ਰਾਹੀਂ ਹਰਿ-ਨਾਮ ਦੇ ਸਿਮਰਨ ਦੇ ਮਹੱਤਵ ਨੂੰ ਦਰਸਾ ਕੇ ਜਿਗਿਆਸੂ ਨੂੰ ਉਸ ਵਿਚ ਰੁਚਿਤ ਹੋਣ ਲਈ ਕਿਹਾ ਗਿਆ ਹੈ । ਰਵਿਦਾਸ ਜੀ ਨੇ ਆਪਣੇ ਦੋ ਸ਼ਬਦਾਂ ਵਿਚ ਜਾਤਿ-ਪਾਤਿ ਦੀਆਂ ਵਿਥਾਂ ਨੂੰ ਹਰਿ-ਭਗਤੀ ਦੇ ਖੇਤਰ ਵਿਚ ਸਾਰ-ਹੀਨ ਦਸ ਕੇ ਪਰਮਾਤਮਾ ਦੇ ਨਾਮ ਨੂੰ ਸਰਵੋਤਮ ਵਸਤੂ ਮੰਨਿਆ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 818, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.