ਮਾਲਕੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਲਕੀ [ ਨਾਂਇ ] ਮਾਲਕ ਹੋਣ ਦਾ ਹੱਕ , ਮਲਕੀਅਤ , ਮਾਲਕਪੁਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1525, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਾਲਕੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ownership _ਮਾਲਕੀ : ਕਿਸੇ ਚੀਜ਼ ਦੀ ਮਾਲਕੀ ਉਸ ਚੀਜ਼ ਤੇ ਕਈ ਸਾਰੇ ਅਧਿਕਾਰਾਂ ਦਾ ਸਮੂਹ ਹੈ । ਮਾਲਕ ਉਸ ਚੀਜ਼ ਨੂੰ ਜਿਵੇਂ ਚਾਹੇ ਵਰਤ ਸਕਦਾ ਹੈ , ਉਸ ਦਾ ਨਿਪਟਾਰਾ ਕਰ ਸਕਦਾ ਹੈ ਅਤੇ ਉਸ ਦੇ ਇਹ ਅਧਿਕਾਰ ਮੁਣਿਆਦ ਦੀ ਦ੍ਰਿਸ਼ਟੀ ਤੋਂ ਅਸੀਮਤ ਸਮੇਂ ਲਈ ਹੁੰਦੇ ਹਨ । ਉਸ ਚੀਜ਼ ਤੇ , ਉਹ ਚੁੱਕਵੀਂ ਹੋਵੇ ਜਾਂ ਅਚੁੱਕਵੀਂ , ਕਬਜ਼ਾ ਮਾਲਕੀ ਦੀ ਪਹਿਲੀ ਨਜ਼ਰੇ ਸ਼ਹਾਦਤ ਹੈ । ਹਾਲਜ਼ਬਰੀ  ਦੀ ਲਾਜ਼ ਆਫ਼ ਇੰਗਲੈਂਡ ( ਤੀਜੀ ਐਡੀਸ਼ਨ , ਜਿਲਦ 29 , ਪੰ. 371 ) ਅਨੁਸਾਰ ਮਾਲਕੀ ਸੰਪਤੀ ਉਤੇ ਅਣਗਿਣਤ ਅਧਿਕਾਰਾਂ ਤੋਂ ਮਿਲ ਕੇ ਬਣਦੀ ਹੈ , ਮਿਸਾਲ ਲਈ ਉਸ ਚੀਜ਼ ਨੂੰ ਨਵੇਕਲੇ ਅਤੇ ਨਿਰੋਲ ਰੂਪ ਵਿਚ ਅਰਥਾਤ ਹੋਰ ਸਭਨਾਂ ਦੇ ਮੁਕਾਬਲੇ ਵਿਚ ਇਕੱਲਿਆਂ ਮਾਣਨ ਦੇ , ਉਸ ਨੂੰ ਤਲਫ਼ ਕਰਨ ਦੇ , ਉਸ ਵਿਚ ਅਦਲਾ ਬਦਲੀ ਕਰਨ ਦੇ ਹੋਰ ਸਭਨਾਂ ਲੋਕਾਂ ਤੋਂ ਉਸ ਦਾ ਕਬਜ਼ਾ ਹਾਸਲ ਕਰਨ , ਬਣਾਈ ਰੱਖਣ ਦੇ ਅਧਿਕਾਰ ਉਨ੍ਹਾਂ ਅਧਿਕਾਰਾਂ ਵਿਚ ਸ਼ਾਮਲ ਹਨ । ਇਨ੍ਹਾਂ ਸਭ ਅਧਿਕਾਰਾਂ ਨੂੰ ਸਮੂਹਕ ਰੂਪ ਵਿਚ ਮਾਲਕੀ ਦਾ ਨਾਂ ਦਿੱਤਾ ਜਾਂਦਾ ਹੈ ।

            ਸਵਦੇਸ਼ ਰੰਜਨ ਸਿਨ੍ਹਾਂ ਬਨਾਮ ਹਰਦੇਬ ਬੈਨਰਜੀ [ ( 1991 ) 4 ਐਸ ਸੀ ਸੀ 572 ] ਅਨੁਸਾਰ ਮਾਲਕੀ ਦਾ ਮਤਲਬ ਹੈ ਕਿਸੇ ਵਿਅਕਤੀ ਅਤੇ ਕਿਸੇ ਚੀਜ਼ ਜੋ ਉਸ ਦੀ ਮਾਲਕੀ ਦਾ ਵਿਸ਼ਾ-ਵਸਤੂ ਹੈ , ਵਿਚਕਾਰ ਸਬੰਧ । ਮਾਲਕੀ ਕਈ ਅਧਿਕਾਰਾਂ ਦੇ ਸਮੂਹ ਤੋਂ ਮਿਲ ਕੇ ਬਣਦੀ ਹੈ ਅਤੇ ਉਹ ਸਾਰੇ ਅਧਿਕਾਰ ਜਨ-ਪਰਕ ( Rights in rem ) ਹੁੰਦੇ ਹਨ , ਜੋ ਸਾਰੇ ਸੰਸਾਰ ਦੇ ਨ ਕਿ ਕੁਝ ਉਲਿਖਤ ਵਿਅਕਤੀਆਂ ਦੇ ਸੰਦਰਭ ਵਿਚ ਹੁੰਦੇ ਹਨ । ਮਾਲਕੀ ਵਿਚ ਕਈ ਕਿਸਮ ਦੇ ਅਧਿਕਾਰ ਅਤੇ ਅਨੁਸੰਗਤੀਆਂ ਸ਼ਾਮਲ ਹੁੰਦੀਆਂ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਮਾਲਕੀ ਦੇ ਹਰ ਕੇਸ ਵਿਚ ਉਹ ਅਧਿਕਾਰ ਅਤੇ ਅਨੁਸੰਗਤੀਆਂ ਮੌਜੂਦ ਹੋਣ । ਉਨ੍ਹਾਂ ਵਿਚ ਕਬਜ਼ੇ ਦਾ ਅਧਿਕਾਰ , ਉਸ ਚੀਜ਼ ਨੂੰ ਵਰਤਣ ਅਤੇ ਮਾਣਨ ਦਾ , ਉਸ ਦੀ ਖਪਤ ਕਰਨ ਉਸ ਨੂੰ ਤਲਫ਼ ਕਰਨ ਜਾਂ ਇੰਤਕਾਲ ਕਰਨ ਦੇ ਅਧਿਕਾਰ ਸ਼ਾਮਲ ਹਲ । ਸਮੇਂ ਦੀ ਦ੍ਰਿਸ਼ਟੀ ਤੋਂ ਇਹ ਅਧਿਕਾਰ ਸਦੀਵ ਕਾਲ ਲਈ ਵੀ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਪ੍ਰਕਿਰਤ ‘ ਬਾਕੀ ਬਚੇ ’ ਦੀ ਮਾਲਕੀ ਦੀ ਵੀ ਹੋ ਸਕਦੀ ਹੈ । ਕੋਈ ਵਿਅਕਤੀ ਜਿਸ ਚੀਜ਼ ਦਾ ਮਾਲਕ ਹੁੰਦਾ ਹੈ , ਉਸ ਨੂੰ ਉਸ ਦੇ ਕਬਜ਼ੇ ਦਾ ਅਧਿਕਾਰ ਹੁੰਦਾ ਹੈ , ਜਦੋਂ ਉਹ ਚੀਜ਼ ਉਸ ਦੇ ਕਬਜ਼ੇ ਅਧੀਨ ਨ ਵੀ ਹੋਵੇ ਉਦੋਂ ਉਸ ਦਾ ਕਬਜ਼ੇ ਦਾ ਅਧਿਕਾਰ ਬਣਿਆ ਰਹਿੰਦਾ ਹੈ , ਲੇਕਿਨ ਉਹ ਅਧਿਕਾਰ ਬਾਕੀ ਬਚੇ ਉਤੇ ਅਧਿਕਾਰ ਹੁੰਦਾ ਹੈ ਅਰਥਾਤ ਇਕ ਖ਼ਾਸ ਮੁੱਦਤ ਦੀ ਸਮਾਪਤੀ ਉਪਰੰਤ ਜਾਂ ਕੋਈ ਖ਼ਾਸ ਘਟਨਾ ਵਾਪਰਨ ਤੇ ਕਬਜ਼ਾ ਹਾਸਲ ਕਰਨ ਦਾ ਅਧਿਕਾਰ ।

            ਬੀ. ਗੰਗਾਧਰ ਬਨਾਮ ਬੀ. ਜੀ. ਰਾਜਲਿੰਗਮ ( ਏ ਆਈ ਆਰ 1996 ਐਸ ਸੀ 780 ) ਵਿਚ ਸਰਵ ਉੱਚ ਅਦਾਲਤ ਨੇ ਬਲੈਕ ਦੀ ਡਿਕਸ਼ਨਰੀ ( 7ਵਾਂ ਐਡੀਸ਼ਨ , 1999 ਪੰ. 1131 ) ਦਾ ਪਰਵਾਨਗੀ ਸਹਿਤ ਹਵਾਲਾ ਦੇ ਕੇ ਕਿਹਾ ਹੈ ਕਿ ਮਾਲਕੀ ਸੰਪਤੀ ਨੂੰ ਵਰਤਣ ਅਤੇ ਮਾਣਨ ਦੇ ਅਧਿਕਾਰਾਂ , ਜਿਨ੍ਹਾਂ ਵਿਚ ਕਿਸੇ ਨੂੰ ਦੇ ਦੇਣ ਦਾ ਅਧਿਕਾਰ ਸ਼ਾਮਲ ਹੈ , ਦਾ ਸਮੂਹ ਹੈ । ਇਸ ਲਈ ਕਿਸੇ ਸੰਪਤੀ ਉਤੇ ਕਾਨੂੰਨ-ਅਨੁਸਾਰੀ ਦਾਅਵੇ ਦੀ ਮਾਨਤਾ ਹੈ । ਮਾਲਕੀ ਵਿਚ ਮੁੱਖ ਤੌਰ ਤੇ ਉਸ ਸੰਪਤੀ ਤੇ ਨਵੇਕਲੇ , ਅਰਥਾਤ ਹੋਰ ਸਭਨਾਂ ਨੂੰ ਉਸ ਤੋਂ ਵਾਂਝਾ ਕਰਕੇ , ਕਬਜ਼ੇ ਅਤੇ ਉਸ ਨੂੰ ਮਾਣਨ ਦਾ ਅਧਿਕਾਰ ਹੈ । ਜੇ ਮਾਲਕ ਨੂੰ ਕਬਜ਼ੇ ਤੋਂ ਦੋਸ਼ਪੂਰਨ ਤੌਰ ਤੇ  ਵੰਚਿਤ ਕੀਤਾ ਗਿਆ ਹੋਵੇ ਤਾਂ ਮਾਲਕ ਨੂੰ ਉਸ ਸੰਪਤੀ ਦਾ ਕਬਜ਼ਾ ਮੁੜ-ਪ੍ਰਾਪਤ ਕਰਨ ਦਾ ਅਧਿਕਾਰ ਹਾਸਲ ਹੁੰਦਾ ਹੈ ।

 


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.