ਮੁੱਖ ਮੰਤਰੀ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Chief Minister ਮੁੱਖ ਮੰਤਰੀ: ਰਾਜ ਦੀ ਕਾਰਜਪਾਲਿਕਾ ਦਾ ਮੁੱਖੀ ਰਾਜਪਾਲ ਹੁੰਦਾ ਹੈ। ਰਾਜਪਾਲ ਦੀ ਸਲਾਹ ਅਤੇ ਸਹਾਇਤਾ ਲਈ ਸੰਵਿਧਾਨ ਵਿਚ ਮੰਤਰੀ-ਪਰਿਸ਼ਦ ਦੀ ਵਿਵਸਥਾ ਕੀਤੀ ਗਈ ਹੈ ਜਿਸਦਾ ਮੁੱਖੀ ਮੁੱਖ ਮੰਤਰੀ ਹੁੰਦਾ ਹੈ। ਮੁੱਖ ਮੰਤਰੀ ਕੇਵਲ ਇਕ ਸਲਾਹਕਾਰੀ ਅਧਿਕਾਰੀ ਨਹੀਂ ਸਗੋਂ ਰਾਜ ਦਾ ਸ਼ਾਸਕ ਵੀ ਹੁੰਦਾ ਹੈ।

      ਰਾਜ ਵਿਧਾਨ ਸਭਾ ਵਿਚ ਬਹੁਮਤ ਦਾ ਸਮਰਥਨ ਪ੍ਰਾਪਤ ਵਿਅਕਤੀ ਹੀ ਮੁੱਖ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ। ਅਜਿਹੇ ਪਰੰਪਰਾ ਦੀ ਪਾਲਣਾ ਕਰਨਾ ਸੰਵਿਧਾਨਿਕ ਰੂਪ ਵਿਚ ਵੀ ਜ਼ਰੂਰੀ ਹੈ ਕਿਉਂਕਿ ਮੰਤਰੀ-ਪਰਿਸ਼ਦ ਸਮੂਹਿਕ ਰੂਪ ਵਿਚ ਵਿਘਾਨ ਸਭਾ ਨੂੰ ਉੱਤਰਦਾਈ ਹੈ। ਮੁੱਖ ਮੰਤਰੀ ਲਈ ਰਾਜ ਵਿਚ ਵਿਧਾਨ ਮੰਡਲ ਦਾ ਮੈਂਬਰ ਹੋਣਾ ਜ਼ਰੂਰੀ ਹੈ। ਉਹ ਦੋਵੇਂ ਸਦਨਾਂ ਵਿਚੋਂ ਕਿਸੇ ਇਕ ਸਦਨ ਦਾ ਮੈਂਬੁਰ ਹੋ ਸਕਦਾ ਹੈ। ਕਿਸੇ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ ਜੋ ਕਿਸੇ ਵੀ ਸਦਨ ਦਾ ਮੈਂਬਰ ਨਾ ਹੋਵੇ, ਪਰੰਤੂ ਛੇ ਮਹੀਨਿਆਂ ਦੇ ਸਮੇਂ ਦੇ ਅੰਦਰ ਅੰਦਰ ਉਸ ਲਈ ਕਿਸੇ ਸਦਨ ਦਾ ਮੈਂਬਰ ਚੁਣਿਆ ਜਾਣਾ ਅਵੱਸ਼ਕ ਹੈ।

      ਮੰਤਰੀ ਪਰਿਸ਼ਦ ਦੀ ਨਿਯੁਕਤੀ ਮੁੱਖ ਮੰਤਰੀ ਦੀ ਸਲਾਹ ਨਾਲ ਰਾਜਪਾਲ ਦੁਆਰਾ ਕੀਤੀ ਗਈ ਹੈ। ਰਾਜਪਾਲ ਆਪਣੀ ਮਰਜ਼ੀ ਅਨੁਸਾਰ ਕਿਸੇ ਵਿਧਾਇਕ ਨੂੰ ਨਾ ਤਾਂ ਮੰਤਰੀ ਨਿਯੁਕਤ ਕਰ ਸਕਦਾ ਹੈ ਅਤੇ ਨਾ ਹੀ ਉਹ ਉਸਨੂੰ ਹਟਾ ਸਕਦਾ ਹੈ, ਉਸ ਨੇ ਮੁੱਖ ਮੰਤਰੀ ਦੀ ਸਿਫ਼ਾਰਸ ਅਨੁਸਾਰ ਹੀ ਨਿਯੁਕਤੀ ਕਰਨੀ ਹੁੰਦੀ ਹੈ। ਮਹਿਕਮਿਆਂ ਦੀ ਵੰਡ ਵੀ ਮੁੱਖ ਮੰਤਰੀ ਕਰਦਾ ਹੈ, ਇਸ ਪੱਖੋਂ ਉਹ ਸੰਵਿਧਾਨਿਕ ਰੂਪ ਵਿਚ ਪੂਰਣ ਸੁਤੰਤਰ ਹੈ। ਮੁੱਖ ਮੰਤਰੀ, ਮੰਤਰੀ ਪਰਿਸ਼ਦ ਵਿਚ ਹਰ ਪ੍ਰਕਾਰ ਦੀ ਤਬਦੀਲੀ ਕਰ ਸਕਦਾ ਹੈ ਅਤੇ ਕਿਸੇ ਵੀ ਮੰਤਰੀ ਨੂੰ ਆਪਣੇ ਪਦ ਤੋਂ ਤਿਆਗ-ਪੱਤਰ ਦੇਣ ਲਈ ਵੀ ਕਹਿ ਸਕਦਾ ਹੈ। ਮੁੱਖ ਮੰਤਰੀ ਮੰਤਰੀ ਪਰਿਸ਼ਦ ਦਾ ਚੇਅਰਮੈਨ ਹੁੰਦਾ ਹੈ। ਉਹ ਕੈਬਨਿਟ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ। ਮੁੱਖ ਮੰਤਰੀ ਮੰਤਰੀ ਪਰਿਸ਼ਦ ਦਾ ਮੁੰਖੀ ਹੁੰਦਾ ਹੈ। ਸਾਰੇ ਮੰਤਰੀ ਆਪਣੇ ਵਿਭਾਗਾਂ ਸਬੰਧੀ ਨਿੱਜੀ ਰੂਪ ਵਿਚ ਉਸਨੂੰ ਉਤਰਦਾਈ ਹੁੰਦੇ ਹਨ। ਸਾਰੇ ਮੰਤਰੀ ਮੁੱਖ ਮੰਤਰੀ ਦੀ ਸਲਾਹ ਨਾਲ ਕੰਮ ਕਰਦੇ ਹਨ। ਮੁੱਖ-ਮੰਤਰੀ ਰਾਜਪਾਲ ਅਤੇ ਮੰਤਰੀ-ਮੰਲ ਵਿਚਕਾਰ ਇਕ ਕੜੀ ਦਾ ਕੰਮ ਕਰਦਾ ਹੈ। ਮੰਤਰੀ ਮੰਡਲ ਦੇ ਫੈਸਲਿਆਂ ਦੀ ਰਾਜਪਾਲ ਨੂੰ ਸੂਚਨਾ ਦੇਣਾ ਮੁੱਖ-ਮੰਤਰੀ ਦਾ ਸੰਵਿਧਾਨਿਕ ਕਰੱਤਵ ਹੈ। ਸ਼ਾਸਨ ਦੇ ਸਬੰਧ ਵਿਚ ਜੇ ਰਾਜਪਾਲ ਨੇ ਕੋਈ ਸਲਾਹ ਦੇਣੀ ਹੋਵੇ ਤਾਂ ਰਾਜਪਾਲ ਮੁੱਖ ਮੰਤਰੀ ਰਾਹੀਂ ਮੰਤਰੀਆਂ ਨਾਲ ਸੰਪਰਕ ਕਾਇਮ ਕਰਦਾ ਹੈ। ਮੁੱਖ ਮੰਤਰੀ ਕੇਵਲ ਮੰਤਰੀ ਮੰਡਲ ਦਾ ਹੀ ਨਹੀਂ ਸਗੋਂ ਵਿਧਾਨ-ਮੰਡਲ ਦਾ ਵੀ ਨੇਤਾ ਮੰਨਿਆ ਜਾਂਦਾ ਹੈ ਕਿਉਂਕਿ ਉਸਨੂੰ ਵਿਧਾਨ ਸਭਾ ਵਿਚ ਬਹੁਮਤ ਪ੍ਰਾਪਤ ਹੁੰਦਾ ਹੈ। ਵਿਧਾਨ ਮੰਡਲ ਵਿਚ ਨੀਤੀਆਂ ਅਤੇ ਹੋਰ ਮਹੱਤਵਪੂਰਣ ਨਿਰਣਿਆਂ ਦੀ ਘੋਸ਼ਣਾ ਮੁੱਖ ਮੰਤਰੀ ਹੀ ਕਰਦਾ ਹੈ।

      ਮੁੱਖ ਮੰਤਰੀ ਨੂੰ ਸਾਰੇ ਪ੍ਰਸ਼ਾਸਕੀ ਵਿਭਾਗਾਂ ਦੀ ਜਾਣਕਾਰੀ ਹੁੰਦਾ ਹੈ ਅਤੇ ਸਰਕਾਰ ਦੀ ਨੀਤੀ ਦਾ ਨਿਰਮਾਤਾ ਵੀ ਮੁੱਖ ਮੰਤਰੀ ਹੀ ਹੁੰਦਾ ਹੈ। ਵਿੱਤੀ ਖੇਤਰ ਵਿਚ ਵੀ ਉਸਦਾ ਪੂਰਾ ਨਿਯੰਤਰਣ ਹੁੰਦਾ ਹੈ। ਸਾਲਾਨਾ ਬਜਟ ਉਸਦੀ ਨਿਗਰਾਨੀ ਹੇਠ ਤਿਆਰ ਹੁੰਦਾ ਹੈ। ਗੱਲ ਕੀ ਰਾਜ ਦਾ ਅਸਲੀ ਸ਼ਾਸਕ ਮੁੱਖ ਮੰਤਰੀ ਹੀ ਹੁੰਦਾ ਹੈ। ਰਾਜਪਾਲ ਉਸਦੀ ਸਲਾਹ ਅਨੁਸਾਰ ਕੰਮ ਕਰਦਾ ਹੈ ਅਤੇ ਵਿਧਾਨ-ਮੰਡਲ ਉਸਦੀ ਨੀਤੀ ਅਨੁਸਾਰ ਹੀ ਕਾਨੂੰਨ ਦਾ ਨਿਰਮਾਣ ਕਰਦਾ ਹੈ। ਰਾਜਪਾਲ ਰਾਜ ਵਿਚ ਸਾਰੀਆਂ ਮਹੱਤਵਪੂਰਨ ਨਿਯੁਕਤੀਆਂ ਮੁੱਖ ਮੰਤਰੀ ਦੀ ਸਲਾਹ ਨਾਲ ਹੀ ਕਰਦਾ ਹੈ।

      ਸੰਖੇਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਰਾਜ ਵਿਚ ਪ੍ਰਸ਼ਾਸ਼ਨ ਦਾ ਕੋਈ ਅਜਿਹਾ ਖੇਤਰ ਨਹੀਂ ਹੈ ਜੋ ਮੁੱਖ ਮੰਤਰੀ ਦੇ ਨਿਯੰਤਰਣ ਤੋਂ ਬਾਹਰ ਹੋਵੇ। ਕੋਈ ਵੀ ਕਾਨੂੰਨ ਉਸਦੀ ਇੱਛਾ ਤੋਂ ਬਿਨ੍ਹਾਂ ਨਹੀਂ ਬਣਾਇਆ ਜਾ ਸਕਦਾ। ਮੁੱਖ ਮੰਤਰੀ ਹਰ ਪੱਖ ਤੋਂ ਸਾਰਿਆਂ ਨਾਲੋਂ ਸਰਵ-ਉੱਚ ਹੈ ਅਤੇ ਉਸਦੀ ਸਥਿਤੀ ਬਹੁਤ ਹੀ ਮਹੱਤਵਪੂਰਣ ਅਤੇ ਪ੍ਰਭਾਵਸ਼ਾਲੀ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.