ਯੋਜਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਯੋਜਕ : ਯੋਜਕ ਦਾ ਕੋਸ਼ੀ ਅਰਥ ਹੈ ‘ ਜੋੜਨ ਵਾਲਾ’ । ਇਸ ਤਰ੍ਹਾਂ ਜਿਹੜੇ ਸ਼ਬਦ ਇੱਕ ਤੋਂ ਵੱਧ ਵਿਆਕਰਨ ਇਕਾਈਆਂ ( ਵਾਕਾਂਸ਼ਾਂ-ਇੱਕ- ਸ਼ਬਦੀ ਜਾਂ ਬਹੁ-ਸ਼ਬਦੀ ਅਤੇ ਉਪਵਾਕਾਂ ) ਨੂੰ ਆਪਸ ਵਿੱਚ ਜੋੜਨ ਅਰਥਾਤ ਇੱਕ ਸਮੁੱਚਤਾ ਵਿੱਚ ਬੰਨ੍ਹਣ ਦਾ ਕਾਰਜ ਕਰਦੇ ਹਨ , ਉਹਨਾਂ ਨੂੰ ਯੋਜਕ ਸ਼੍ਰੇਣੀ ਦੇ ਸ਼ਬਦ ਕਿਹਾ ਜਾਂਦਾ ਹੈ । ਹੇਠਾਂ ਦਰਜ ਵਾਕਾਂ ( 1-10 ) ਵਿਚਲੇ ਟੇਢੀ ਛਪਾਈ ਵਾਲੇ ਸ਼ਬਦ ; ਅਤੇ , ਜਾਂ , ਕਿ , ਪਰ , ਜੇ...ਤਾਂ , ਤਾਂਕਿ/ਤਾਂਜੁ , ਇਸ ਲਈ...ਤਾਂਕਿ , ਭਾਵੇਂ , ਭਾਵੇਂ...ਪਰ/ਤਾਂਵੀ , ਕਿਉਂਕਿ , ਇਸ ਲਈ...ਕਿਉਂਕਿ ਆਦਿ ਪੰਜਾਬੀ ਵਿੱਚ ਵਰਤੇ ਜਾਂਦੇ ਪ੍ਰਮੁਖ ਯੋਜਕ ਹਨ । ਪੰਜਾਬੀ ਵਿੱਚ ਯੋਜਕ ਸੀਮਿਤ ਗਿਣਤੀ ਦੇ ਸ਼ਬਦ ਹਨ ਅਤੇ ਇਹ , ਸਾਰੇ ਦੇ ਸਾਰੇ , ਅਵਿਕਾਰੀ ਹਨ ।

        1.    ਸੋਹਣ ਅਤੇ ਮੋਹਣ ਨੇ ਦਿੱਲੀ ਜਾਣਾ ਹੈ ।

        2.    ਸੋਹਣ ਜਾਂ ਮੋਹਣ ਨੇ ਦਿੱਲੀ ਜਾਣਾ ਹੈ ।

        3.    ਸੋਹਣ ਕਿ ਮੋਹਣ ਨੇ ਦਿੱਲੀ ਜਾਣਾ ਹੈ ?

        4.    ਸੋਹਣ ਦੇ ਵੱਡੇ ਭਰਾ ਅਤੇ ਮੋਹਣ ਦੇ ਸਾਲੇ ਨੇ ਦਿੱਲੀ ਜਾਣਾ ਹੈ ।

        5.    ਸੋਹਣ ਪੜ੍ਹ ਰਿਹਾ ਹੈ ਪਰ ਮੋਹਣ ਸੁੱਤਾ ਪਿਆ ਹੈ ।

        6.    ਸੋਹਣ ਨੇ ਕਿਹਾ ਕਿ ਮੋਹਣ ਨੂੰ ਕੱਲ੍ਹ ਦਿੱਲੀ ਜਾਣਾ ਪਵੇਗਾ ।

        7.    ( ੳ )   ਜੇ ਸੋਹਣ ਦਿੱਲੀ ਗਿਆ ਤਾਂ ਮੋਹਣ ਜਲੰਧਰ ਜਾਵੇਗਾ ।

                  ( ਅ )   ਸੋਹਣ ਦਿੱਲੀ ਗਿਆ ਤਾਂ ਮੋਹਣ ਜਲੰਧਰ ਜਾਵੇਗਾ ।

        8.    ( ੳ )   ਇਸ ਲਈ ਸੋਹਣ ਦਿੱਲੀ ਗਿਆ ਤਾਂ ਕਿ/ਤਾਂ ਜੁ ਇੰਗਲੈਂਡ ਤੋਂ ਮੋਹਣ ਨੂੰ ਮਿਲ ਸਕੇ ।

                  ( ਅ )   ਸੋਹਣ ਇਸ ਲਈ ਦਿੱਲੀ ਗਿਆ ਤਾਂ ਕਿ ਇੰਗਲੈਂਡ ਤੋਂ ਆਏ ਮੋਹਣ ਨੂੰ ਮਿਲ ਸਕੇ ।

                  ( ੲ )   ਸੋਹਣ ਦਿੱਲੀ ਗਿਆ ਤਾਂ ਕਿ ਇੰਗਲੈਂਡ ਤੋਂ ਆਏ ਮੋਹਣ ਨੂੰ ਮਿਲ ਸਕੇ ।

        9.    ( ੳ )   ਭਾਵੇਂ ਸੋਹਣ ਗੁੱਸੇ ਵਿੱਚ ਸੀ ਤਾਂ ਵੀ ਸੋਹਣ ਦੀ ਗੱਲ ਉਸ ਨੇ ਧਿਆਨ ਨਾਲ ਸੁਣੀ ।

                  ( ਅ )   ਸੋਹਣ ਭਾਵੇਂ ਗੁੱਸੇ ਵਿੱਚ ਸੀ ਤਾਂ ਵੀ ਮੋਹਣ ਦੀ ਗੱਲ ਉਸ ਨੇ ਧਿਆਨ ਨਾਲ ਸੁਣੀ ।

                  ( ੲ )   ਸੋਹਣ ਗੁੱਸੇ ਵਿੱਚ ਸੀ ਤਾਂ ਵੀ ਮੋਹਣ ਦੀ ਗੱਲ ਉਸ ਨੇ ਧਿਆਨ ਨਾਲ ਸੁਣੀ ।

        10. ( ੳ )   ਸੋਹਣ ਦੀ ਦੁਕਾਨ ਬਹੁਤ ਚੱਲਦੀ ਹੈ ਕਿਉਂਕਿ ਉੱਥੇ ਹਰ ਘਰੇਲੂ ਵਸਤੂ ਮਿਲਦੀ ਹੈ ।

                  ( ਅ )   ਸੋਹਣ ਦੀ ਦੁਕਾਨ ਇਸ ਲਈ ਬਹੁਤ ਚੱਲਦੀ ਹੈ ਕਿਉਂਕਿ ਉੱਥੇ ਹਰ ਘਰੇਲੂ ਵਸਤੂ ਮਿਲਦੀ ਹੈ ।

                  ( ੲ )   ਇਸ ਲਈ ਸੋਹਣ ਦੀ ਦੁਕਾਨ ਬਹੁਤ ਚੱਲਦੀ ਹੈ ਕਿਉਂਕਿ ਉੱਥੇ ਹਰ ਘਰੇਲੂ ਵਸਤੂ ਮਿਲਦੀ ਹੈ ।

        ਬਣਤਰ ਦੇ ਆਧਾਰ ਉੱਤੇ ਪੰਜਾਬੀ ਯੋਜਕਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ-ਇਕਹਿਰੇ ਅਤੇ ਸੰਯੁਕਤ । ਇੱਕ ਸ਼ਬਦ ਰੂਪੀ ਯੋਜਨਾ ਨੂੰ ਇਕਹਿਰੇ ਯੋਜਕ ਕਿਹਾ ਜਾਂਦਾ ਹੈ ਅਤੇ ਜਾਂ , ਕਿ , ਪਰ ਆਦਿ ( ਵਾਕ ( 1 ) ਤੋਂ ( 6 ) ਤੱਕ ) ਇੱਕ ਤੋਂ ਵੱਧ ਸ਼ਬਦਾਂ ਵਾਲੇ ਯੋਜਕਾਂ ਨੂੰ ਸੰਯੁਕਤ ਯੋਜਕ ਆਖਦੇ ਹਨ ਜੋ ਅਗੋਂ ਦੋ ਪ੍ਰਕਾਰ ਦੇ ਹਨ ਬੱਝਵੇਂ ਅਤੇ ਟੁੱਟਵੇਂ । ਬੱਝਵੇਂ ਸੰਯੁਕਤ ਯੋਜਕ ਉਹ ਹੁੰਦੇ ਹਨ , ਜਿਨ੍ਹਾਂ ਦੇ ਸਾਰੇ ਸ਼ਬਦ ਰੂਪ ਵਾਕ ਵਿੱਚ ਇੱਕ ਥਾਂ ਇਕੱਠੇ ਵਿਚਰਨ : ਤਾਂ ਵੀ ( 9ੲ ) ਕਿਉਂਕਿ ( 10ੳ ) ਆਦਿ । ਇਸ ਤੋਂ ਉਲਟ , ਜਿਨ੍ਹਾਂ ਦੀਆਂ ਸ਼ਬਦ ਇਕਾਈਆਂ ਵਾਕ ਵਿੱਚ ਵੱਖ-ਵੱਖ ਥਾਂਵਾਂ ਉੱਤੇ ਵਿਚਰਨ ਉਹਨਾਂ ਨੂੰ ਟੁੱਟਵੇਂ ਸੰਯੁਕਤ ਯੋਜਕ ਕਿਹਾ ਜਾਂਦਾ ਹੈ ਜੇ...ਤਾਂ ( 7ੳ ) , ਇਸ ਲਈ...ਤਾਂਕਿ ( 8ੳ ) , ਭਾਵੇਂ...ਤਾਂ ਵੀ ( 9ੳ ) ਇਸ ਲਈ...ਕਿਉਂਕ ( 9ੲ ) ਆਦਿ ।

        ਕਾਰਜ ਦੇ ਆਧਾਰ ਉੱਤੇ ਯੋਜਕਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ-ਸਮਾਨ ਯੋਜਕ ਅਤੇ ਅਧੀਨ ਯੋਜਕ । ਸਾਵੀਆਂ ਵਾਕਾਤਮਿਕ ਬਣਤਰਾਂ ਵਿੱਚ ਕਾਰਜਸ਼ੀਲ ਹੋਣ ਵਾਲੇ ਯੋਜਕਾਂ ਨੂੰ ਸਮਾਨ ਯੋਜਕ ਆਖਦੇ ਹਨ । ਸਾਵੀਆਂ ਵਾਕਾਤਮਿਕ ਬਣਤਰਾਂ ਉਹ ਹੁੰਦੀਆਂ ਹਨ ਜਿਨ੍ਹਾਂ ਦੀ ਵਾਕ ਵਿੱਚ ਆਪਸੀ ਸਥਾਨ ਬਦਲੀ ਕੀਤਿਆਂ ਵਾਕ ਬਣਤਰ ਵਿੱਚ ਕੋਈ ਤਬਦੀਲੀ ਨਾ ਵਾਪਰੇ । ਮਿਸਾਲ ਵਜੋਂ ਉਪਰੋਕਤ ਵਾਕ ( 1 ) , ( 2 ) ਅਤੇ ( 3 ) ਵਿੱਚ ਸ਼ਬਦ ਸੋਹਣ ਅਤੇ ਮੋਹਣ , ਵਾਕ ( 4 ) ਵਿਚਲੇ ਦੋ ਨਾਂਵ-ਵਾਕਾਂਸ਼ ‘ ਸੋਹਣ ਦੇ ਵੱਡੇ ਭਰਾ’ ਅਤੇ ‘ ਮੋਹਣ ਦੇ ਸਾਲੇ’ ਅਤੇ ਵਾਕ ( 5 ) ਦੇ ਦੋਵੇਂ ਉਪਵਾਕ ਸਾਵੀਆਂ ਵਾਕਾਤਮਿਕ ਬਣਤਰਾਂ ਹਨ ।

                1.              ਮੋਹਣ ਅਤੇ ਸੋਹਣ ਨੇ ਦਿੱਲੀ ਜਾਣਾ ਹੈ ।

                4.              ਮੋਹਣ ਦੇ ਸਾਲੇ ਅਤੇ ਸੋਹਣ ਦੇ ਵੱਡੇ ਭਰਾ ਨੇ ਦਿੱਲੀ ਜਾਣਾ ਹੈ ।

                5.              ਮੋਹਣ ਸੁੱਤਾ ਪਿਆ ਹੈ ਪਰ ਸੋਹਣ ਪੜ੍ਹ ਰਿਹਾ ਹੈ ।

        ਇਹਨਾਂ ਸਾਵੀਆਂ ਬਣਤਰਾਂ ਨੂੰ ਜੋੜਨ ਵਾਲੇ ਯੋਜਕ- ਅਤੇ , ਜਾਂ , ਕਿ , ਪਰ , ਆਦਿ ਸਮਾਨ ਯੋਜਕ ਹਨ ਜੋ ਸ਼ਬਦ , ਵਾਕਾਂਸ਼ ਅਤੇ ਉਪਵਾਕ ਦੀ ਪੱਧਰ ਉੱਤੇ ਵਿਚਰਦੇ ਹਨ ।

    ਅਸਾਵੀਆਂ ਵਾਕਾਤਮਿਕ ਬਣਤਰਾਂ ਨੂੰ ਜੋੜਨ ਵਾਲੇ ਯੋਜਕ ਅਧੀਨ ਯੋਜਕ ਅਖਵਾਉਂਦੇ ਹਨ । ਅਸਾਵੀਆਂ ਵਾਕਾਤਮਿਕ ਬਣਤਰਾਂ ਉਹ ਹੁੰਦੀਆਂ ਹਨ ਜਿਨ੍ਹਾਂ ਦੀ ਵਾਕ ਵਿੱਚ ਆਪਸੀ ਸਥਾਨ ਬਦਲੀ ਨਾ ਕੀਤੀ ਜਾ ਸਕੇ । ਅਰਥਾਤ ਜਿਨ੍ਹਾਂ ਬਣਤਰਾਂ ਦੀ ਆਪਸੀ ਸਥਾਨ ਬਦਲੀ ਕੀਤਿਆਂ ਵਾਕ ਵਿਆਕਰਨਿਕ ਪੱਖੋਂ ਸ਼ੁੱਧ ਨਾ ਰਹੇ , ਉਹਨਾਂ ਨੂੰ ਅਸਾਵੀਆਂ ਵਾਕਾਤਮਿਕ ਬਣਤਰਾਂ ਕਿਹਾ ਜਾਂਦਾ ਹੈ । ਵਾਕ ( 6 ਤੋਂ 10 ) ਅਧੀਨ ਯੋਜਕ ਵਰਤੇ ਗਏ ਹਨ , ਜੋ ਅਸਾਵੀਆਂ ਵਾਕਾਤਮਿਕ ਬਣਤਰਾਂ ਨੂੰ ਜੋੜਦੇ ਹਨ । ਇਹਨਾਂ ਦੇ ਅਸਾਵੇਂਪਨ ਨੂੰ ਹੇਠਾਂ ਦਰਜ ਵਾਕਾਂ ਵਿੱਚ ਦਰਸਾਇਆ ਗਿਆ ਹੈ ।

                    11              ( 7ੳ )                   ਜੇ ਮੋਹਣ ਜਲੰਧਰ ਜਾਵੇਗਾ ਤਾਂ ਸੋਹਣ ਦਿੱਲੀ ਗਿਆ । *

                    12               ( 8ੳ )                   ਇਸ ਲਈ ਇੰਗਲੈਂਡੋਂ ਆਏ ਮੋਹਣ ਨੂੰ ਮਿਲ ਸਕੇ ਤਾਂ ਕਿ ਸੋਹਣ ਦਿੱਲੀ ਗਿਆ । *

                  ਇੱਥੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਅਧੀਨ ਯੋਜਕ ਸੰਯੁਕਤ ਬਣਤਰ ਵਾਲੇ ਹੁੰਦੇ ਹਨ । ਪੰਜਾਬੀ ਵਿੱਚ ‘ ਕਿ’ ਅਜਿਹਾ ਇਕਹਿਰਾ ਯੋਜਕ ਹੈ , ਜੋ ਸਮਾਨ ਯੋਜਕ ਵਜੋਂ ( ਵਾਕ 6 ) ਵੀ । ਟੁੱਟਵੇਂ ਸੰਯੁਕਤ ਯੋਜਕਾਂ ਦੇ ਦੋਵੇਂ ਅੰਸ਼ ਵੀ ਵਾਕ ਵਿੱਚ ਵਰਤੇ ਜਾਂਦੇ ਹਨ ( ਵਾਕ 7ੳ , 8ੳ , 9ੳ ) ਅਤੇ ਦੋਹਾਂ ਵਿੱਚੋਂ ਇੱਕ ਵੀ ( ਵਾਕ 8ੲ , 9ੲ , 10ੳ ) । ਪਰ ਇੱਕ ਵੀ ਵਾਕ ਵਿੱਚੋਂ ਗ਼ੈਰ-ਹਾਜ਼ਰੀ ਦੇ ਬਾਵਜੂਦ ਵਾਕਾਂ ਦੇ ਅਰਥਾਂ ਵਿੱਚ ਉਸ ਦਾ ਭਾਵ ਮੌਜੂਦ ਰਹਿੰਦਾ ਹੈ ।


ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਯੋਜਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਯੋਜਕ : ਦੋ ਵਿਆਕਰਨਕ ਇਕਾਈਆਂ ( ਸ਼ਬਦ , ਵਾਕੰਸ਼ , ਉਪਵਾਕ ) ਨੂੰ ਅੰਦਰੂਨੀ ਅਤੇ ਬਾਹਰੀ ਤੌਰ ’ ਤੇ ਜੋੜਨ ਵਾਲੇ ਸ਼ਬਦ ਰੂਪਾਂ ਨੂੰ ‘ ਯੋਜਕ’ ਸ਼ਬਦ-ਸ਼ਰੇਣੀ ਦੇ ਸ਼ਬਦ ਕਿਹਾ ਜਾਂਦਾ ਹੈ । ਇਨ੍ਹਾਂ ਸ਼ਬਦਾਂ ਦੇ ਸੀਮਤ ਸ਼ਬਦ ਰੂਪ ਹਨ ਭਾਵ ਇਨ੍ਹਾਂ ਨੂੰ ਸੀਮਤ ਸ਼ਬਦ-ਸ਼ਰੇਣੀਆਂ ਦੀ ਲਿਸਟ ਵਿਚ ਰੱਖਿਆ ਜਾਂਦਾ ਹੈ । ਇਸ ਸ਼ਰੇਣੀ ਵਿਚ ‘ ਤ , ਅਤੇ , ਕਿ , ਸਗੋਂ , ਭਾਵੇਂ , ਕਿਉਂਕਿ , ਜੋ , ਜਿਹੜਾ , ਜੇ-ਤਾਂ’ ਆਦਿ ਯੋਜਕ ਸ਼ਬਦ ਹਨ । ਰੂਪ ਦੇ ਪੱਖ ਤੋਂ ਇਨ੍ਹਾਂ ਦੀ ਦੋਹਰੀ ਮੈਂਬਰਸ਼ਿਪ ਹੈ ਭਾਵ ਵਿਕਾਰੀ ਅਤੇ ਅਵਿਕਾਰੀ । ਜੋ , ਜਿਹੜਾ ( ਮੂਲ ਰੂਪ ਵਿਚ ਪੜਨਾਂਵ ਸ਼ਬਦ ਹਨ ) ਨੂੰ ਛੱਡ ਕੇ ਬਾਕੀ ਸਾਰੇ ਸ਼ਬਦ ਅਵਿਕਾਰੀ । ਵਾਕੰਸ਼ ਦੀ ਅੰਦਰੂਨੀ ਬਣਤਰ ਵਿਚ ਵਿਚਰਨ ਵਾਲੇ ਸ਼ਬਦ ਜਦੋਂ ਇਕੋ ਲੜੀ ਦੇ ਮੈਂਬਰ ਹੋਣ ਤਾਂ ਇਹ ਉਨ੍ਹਾਂ ਨੂੰ ਜੋੜਨ ਦਾ ਕਾਰਜ ਕਰਦੇ ਹਨ , ਜਿਵੇਂ : ‘ ਪਿਓ ਅਤੇ ਪੁੱਤ ਪਿੰਡ ਗਏ , ਪਿਓ ਜਾਂ ਪੁੱਤ ਪਿੰਡ ਗਏ । ਕਈ ਯੋਜਕ ਵਿਕਲਪ ਲਈ ਵਰਤੇ ਜਾਂਦੇ ਹਨ ਜਿਵੇਂ : ‘ ਪਿਓ ਕਿ ਪੁੱਤ ਪਿੰਡ ਜਾਏ , ਪਿਓ ਜਾਂ ਪੁੱਤ ਪਿੰਡ ਜਾਏ , ਪਿਓ ਨਹੀਂ ਸਗੋਂ ਪੁੱਤ ਪਿੰਡ ਜਾਏ । ’ ਉਪਵਾਕ ਦੇ ਬਾਹਰੀ ਵਿਚਰਨ ਨੂੰ ਯੋਜਕਾਂ ਰਾਹੀਂ ਸਾਕਾਰ ਕੀਤਾ ਜਾਂਦਾ ਹੈ । ਕਿਸੇ ਸੰਯੁਕਤ ਜਾਂ ਮਿਸ਼ਰਤ ਵਾਕ ਵਿਚ ਵਿਚਰਨ ਵਾਲੇ ਸਵਾਧੀਨ + ਸਵਾਧੀਨ ਅਤੇ ਸਵਾਧੀਨ + ਪਰਾਧੀਨ ਆਦਿ ਤਰਤੀਬ ਦੀਆਂ ਬਣਤਰਾਂ ਨੂੰ ਯੋਜਕ ਸ਼ਬਦ ਨਿਯੋਜਤ ਕਰਦੇ ਹਨ , ਜਿਵੇਂ : ‘ ਕੁੜੀਆਂ ਪੜ੍ਹ ਰਹੀਆਂ ਹਨ ਅਤੇ ਮੁੰਡੇ ਖੇਡ ਰਹੇ ਹਨ , ਉਹ ਪਿੰਡ ਪਹੁੰਚਿਆ ਹੀ ਸੀ ਕਿ ਮੀਂਹ ਪੈਣ ਲਗ ਪਿਆ , ਉਹ ਘਰ ਨਹੀਂ ਗਿਆ ਸਗੋਂ ਸਾਧ ਦੇ ਡੇਰੇ ਚਲਾ ਗਿਆ , ਕਿਉਂਕਿ ਉਹ ਨਾਨਕੇ ਗਿਆ ਹੋਇਆ ਸੀ ਇਸ ਲਈ ਬਰਾਤ ਨਹੀਂ ਗਿਆ । ’

              ਪੰਜਾਬੀ ਵਾਕ-ਜੁਗਤ ਵਿਚ ਯੋਜਕ ਸ਼ਬਦ ਦੋ ਪਰਕਾਰ ਦੀਆਂ ਵਾਕਾਤਮਕ ਬਣਤਰਾਂ ਵਿਚ ਵਿਚਰਦੇ ਹਨ । ਇਨ੍ਹਾਂ ਬਣਤਰਾਂ ਨੂੰ ‘ ਸਾਂਵੀਆਂ ਅਤੇ ਅਸਾਂਵੀਆਂ ਬਣਤਰਾਂ’ ਦਾ ਨਾਂ ਦਿੱਤਾ ਜਾਂਦਾ ਹੈ । ਸਾਂਵੀਆਂ ਵਾਕਾਤਮਕ ਬਣਤਰਾਂ ਅਤੇ ਵਿਚਰਨ ਵਾਲੇ ਉਪਵਾਕ , ਸਵਾਧੀਨ ਹੁੰਦੇ ਹਨ ਜਦੋਂ ਕਿ ਅਸਾਂਵੀਆਂ ਵਾਕਾਤਮਕ ਬਣਤਰਾਂ ਵਿਚ ਵਿਚਰਨ ਵਾਲੇ ਉਪਵਾਕ , ਪਰਾਧੀਨ ਅਤੇ ਸਵਾਧੀਨ ਹੁੰਦੇ ਹਨ । ਜਿਹੜੇ ਯੋਜਕ ਸਾਂਵੀਆਂ ਬਣਤਰਾਂ ਵਿਚ ਵਿਚਰਦੇ ਹਨ ਉਨ੍ਹਾਂ ਯੋਜਕਾਂ ਨੂੰ ‘ ਸਮਾਨ-ਯੋਜਕ’ ਕਿਹਾ ਜਾਂਦਾ ਹੈ ਅਤੇ ਅਸਾਂਵੀਆਂ ਬਣਤਰਾਂ ਵਿਚ ਵਿਚਰਨ ਵਾਲੇ ਯੋਜਕਾਂ ਨੂੰ ‘ ਅਧੀਨ ਯੋਜਕ’ ਕਿਹਾ ਜਾਂਦਾ ਹੈ । ‘ ਤੇ , ਅਤੇ , ਜਾਂ’ ਆਦਿ ਯੋਜਕਾਂ ਨੂੰ ਸਮਾਨ ਯੋਜਕਾਂ ਦੀ ਲਿਸਟ ਵਿਚ ਰੱਖਿਆ ਜਾਂਦਾ ਹੈ ਅਤੇ ‘ ਕਿ , , ਭਾਵੇਂ , ਸਗੋਂ , ਕਿਉਂਕਿ , ਕਿਉਂਜੋ , ਇਸ ਲਈ , ਜੋ , ਜਿਹੜਾ , ਜੇ-ਤਾਂ , ਭਾਵੇਂ-ਤਾਂ , ਜਦ-ਤਦ’ ਆਦਿ ਯੋਜਕ ਨੂੰ ਅਧੀਨ ਯੋਜਕਾਂ ਦੀ ਲਿਸਟ ਵਿਚ ਰੱਖਿਆ ਜਾਂਦਾ ਹੈ । ‘ ਕਿ’ ਯੋਜਕ ਨੂੰ ਛੱਡ ਕੇ ਬਾਕੀ ਸਾਰੇ ਯੋਜਕ ਵਾਕ ਦੇ ਸ਼ੁਰੂ ਵਿਚ ਵਿਚਰ ਸਕਦੇ ਹਨ । ਵਿਚਰਨ ਦੇ ਪੱਖ ਤੋਂ ਯੋਜਕ ਦੋ ਤਰ੍ਹਾਂ ਨਾਲ ਵਿਚਰ ਸਕਦੇ ਹਨ : ਕਿਸੇ ਬਣਤਰ ਵਿਚ ਇਕੱਲੇ ਤੌਰ ’ ਤੇ ਜਿਵੇਂ : ‘ ਤੇ , ਅਤੇ , ਕਿ , ਜਾਂ’ ਆਦਿ । ਦੂਜੇ ਪਾਸੇ ਯੋਜਕ ਇਕੱਲੇ ਦੀ ਥਾਂ ਜੋਟਿਆਂ ਵਿਚ ਵਿਚਰਦੇ ਹਨ ਜਿਵੇਂ : ਇਕ ਯੋਜਕ ਪਹਿਲੇ ਉਪਵਾਕ ਦੀ ਬਣਤਰ ਵਿਚ ਹੁੰਦਾ ਹੈ ਅਤੇ ਉਸ ਦਾ ਸਹਿ-ਸਬੰਧੀ ਦੂਜੇ ਉਪਵਾਕ ਵਿਚ ਵਿਚਰਦਾ ਹੈ , ਜਿਵੇਂ : ‘ ਜੇ-ਤਾਂ’ ’ ੇ ਉਹ ਗਿਆ ਤਾਂ ਮੈਂ ਵੀ ਜਾਵਾਂਗਾ , ’ ਜਦ-ਤਦ , ਜੋ-ਉਹ , ਜਿਹੜਾ-ਉਹ , ਜਿਥੇ-ਉਥੇ , ਜਿੰਨਾ-ਉਨਾਂ , ਜੋ-ਸੋ , ਜਿਵੇਂ-ਤਿਵੇਂ ਆਦਿ । ਇਥੇ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਯੋਜਕ ਸ਼ਰੇਣੀ ਦੇ ਮੂਲ ਯੋਜਕਾਂ ਦੀ ਗਿਣਤੀ ਤਾਂ ਬਹੁਤ ਘੱਟ ਹੈ ਪਰੰਤੂ ਬਹੁਤੀ ਵਾਰ ਹੋਰਨਾਂ ਸ਼ਬਦ-ਸ਼ਰੇਣੀਆਂ ਦੇ ਸ਼ਬਦ ਵੀ ਯੋਜਕਾਂ ਵਜੋਂ ਵਿਚਰਦੇ ਹਨ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 9785, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਯੋਜਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਯੋਜਕ [ ਨਾਂਪੁ ] ( ਭਾਵਿ ) ਉਪਵਾਕਾਂ ਅਤੇ ਵਾਕੰਸ਼ਾਂ ਨੂੰ ਜੋੜਨ ਵਾਲ਼ੀ ਭਾਸ਼ਾਈ ਇਕਾਈ ( ਜਿਵੇਂ ਅਤੇ , ਤੇ )


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.