ਰਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਸ ( ਨਾਂ , ਪੁ ) 1 ਕਿਸੇ ਵਸਤੂ ਵਿੱਚੋਂ ਨਪੀੜ ਨਾਲ ਨਿਕਲਿਆ ਦ੍ਰਵ; ਗੰਨਾ ਪੀੜਨ ’ ਤੇ ਨਿਕਲੀ ਰਹੁ 2 ਮਿੱਠਾ ਖੱਟਾ ਲੂਣਾ ਆਦਿ ਛੇ ਪ੍ਰਕਾਰ ਦੇ ਰਸਾਂ ਵਿੱਚੋਂ ਕੋਈ ਇੱਕ 3 ਰਸਨਾ ਨਾਲ ਗ੍ਰਹਿਣ ਕਰਨ ਯੋਗ ਮਿਠਾਸ ਆਦਿ ਗੁਣ 4 ਸਰੀਰ ਨੂੰ ਪੁਸ਼ਟ ਕਰਨ ਵਾਲਾ ਅੰਨ ਆਦਿ ਖਾਧੇ ਪਦਾਰਥਾਂ ਦਾ ਗੁਣ 5 ਮਨ ਵਿੱਚ ਉਤਪੰਨ ਹੋਣ ਵਾਲਾ ਭਾਵ ਜੋ ਕਾਵਿ ਪੜ੍ਹਨ ਸੁਣਨ ਅਥਵਾ ਨਾਟਕ ਆਦਿ ਦੇਖਣ ਤੋਂ ਉਤਪੰਨ ਹੋਵੇ 6 ਕਾਵਿ ਦੇ ਨੌ ਰਸਾਂ ਵਿੱਚੋਂ ਕੋਈ ਇੱਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਸ [ ਨਾਂਪੁ ] ( ਕਿਸੇ ਚੀਜ਼ ਦਾ ) ਅਰਕ , ਸਤ; ਅਨੰਦ , ਸੁਆਦ; ਛੇ ਕਿਸਮ ਦੇ ਰਸਾਂ ਵਿੱਚੋਂ ਇੱਕ; ਪਿਆਰ , ਮੁਹੱਬਤ; ਕਵਿਤਾ ਵਿੱਚੋਂ ਪ੍ਰਾਪਤ ਹੁੰਦਾ ਅਨੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਸ 1 [ ਨਾਂਇ ] ਦੌੜ; ਘੋੜ-ਦੌੜ , ਦੌੜਾਂ ਦਾ ਮੁਕਾਬਲਾ 2 [ ਨਾਂਇ ] ਜਾਤੀ , ਨਸਲ , ਕੌਮ; ਵੰਸ਼ , ਕੁਲ , ਖ਼ਾਨਦਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਸ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਸ/ਰਸ ਸੰਪ੍ਰਦਾਇ : ਰਸ ਦੇ ਕੋਸ਼ਗਤ ਅਰਥ ਹਨ– – ਨਿਚੋੜ ਜਿਵੇਂ ਫਲਾਂ ਦਾ ਰਸ , ਆਯੁਰਵੇਦ ਵਿਚ ਦਵਾਈ , ਜਿਵੇਂ ਰਸੌਂਤ , ਰਸ– ਭਸਵਤ , ਆਦਿ; ਇਸੇ ਤਰ੍ਹਾਂ ਜੀਭ ਦਾ ਰਸ , ਕੰਨ ਰਸ ਆਦਿ ।

                  ਸਾਹਿਤਿਕ ਭਾਸ਼ਾ ਵਿਚ ਇਸ ਦੇ ਅਰਥ ਪੁਰਾਤਨ ਕਾਲ ਤੋਂ ਕੁਝ ਇਸ ਤਰ੍ਹਾਂ ਹੁੰਦੇ ਆਏ ਹਨ– – ਵੈਦਿਕ ਬਾਣੀ ਵਿਚ ਇਸ ਦੇ ਅਰਥ ਪ੍ਰਾਣੀ ਆਏ ਹਨ । ਉਪਨਿਸ਼ਦਾਂ ਤੇ ਗੁਰਬਾਣੀ ਵਿਚ ਰਸ ਬ੍ਰਹਮ ਅਥਵਾ ਬ੍ਰਹਮਾਨੰਦ ਲਈ ਵੀ ਵਰਤਿਆ ਗਿਆ ਹੈ , ਪਰ ਕਾਵਿ– ਖੇਤਰ ਵਿਚ ‘ ਰਸ’ ਤੋਂ ਭਾਵ ਆਨੰਦ ਜਾਂ ਸਵਾਦ ਦੇ ਹੀ ਲਏ ਗਏ ਹਨ; ਭਰਤ ਮੁਨੀ ਅਨੁਸਾਰ ਰਸ ਕਵਿਤਾ ਦਾ ਸਭ ਤੋਂ ਵੱਧ ਜ਼ਰੂਰੀ ਅੰਗ ਹੈ । ਰਸਹੀਣ ਛੰਦ– ਬੱਧ ਰਚਨਾ ਕਵਿਤਾ ਨਹੀਂ , ਪਰ ਰਸੀਲੇ ਬੋਲ ਕਵਿਤਾ ਹਨ । ਵਿਆਸ ਅਨੁਸਾਰ ਰਸ ਹੀ ਕਾਵਿ ਦੀ ਆਤਮਾ ਹੈ ।

                  ਜੇ ਕਵਿਤਾ ਰੂਹ ਦੀ ਬੋਲੀ ਮੰਨੀ ਜਾਏ ਤਾਂ ਰਸ ਦੀ ਉਤਪੱਤੀ ਵੀ ਸਹਿਜ ਸੁਭਾਅ ਹੀ ਮੰਨੀ ਜਾਏਗੀ , ਭਾਵ ਕਵੀ ਵੱਲੋਂ ਕਿਸੇ ਖ਼ਾਸ ਯਤਨ ਕੀਤੇ ਬਿਨਾ ਹੀ ਕਵਿਤਾ ਦੇ ਮਜ਼ਮੂਨ ਤੇ ਕਵੀ ਦੇ ਅਨੁਭਵ ਅਨੁਸਾਰ ਉਸ ਦੇ ਬੋਲਾਂ ਵਿਚ ਰਸ ਭਰ ਜਾਏਗਾ । ਲੋਕ ਗੀਤਾਂ ਵਿਚ ਕੁਝ ਇਸੇ ਤਰ੍ਹਾਂ ਦੀ ਸਚਾਈ ਨਜ਼ਰ ਆਉਂਦੀ ਹੈ । ਪਰ ਜਦ ਕਵਿਤਾ ਖ਼ਾਸ ਤੋਲ ਤੁਕਾਂਤ ਅਨੁਸਾਰ ਛੰਦ– ਬੱਧ ਕੀਤੀ ਜਾਏ , ਉਸ ਨੂੰ ਬੜੀ ਮਿਹਨਤ ਨਾਲ ਸੁੰਦਰ ਅਲੰਕਾਰਾਂ ਤੇ ਮੁਹਾਵਰਿਆਂ ਨਾਲ ਸਜਾਇਆ ਜਾਵੇ ਤਾਂ ਰਸ ਦੀ ਉਪਜ ਵੀ ਕਵੀ ਦੀ ਮਿਹਨਤ ਵਿਚੋਂ ਹੋਵੇਗੀ । ਫਿਰ ਵੀ ਕਵਿਤਾ ਦਾ ਮਜ਼ਮੂਨ ਤੇ ਕਵੀ ਦਾ ਅਨੁਭਵ ਰਸ ਦੇ ਪ੍ਰਗਟਾ ਵਿਚ ਪ੍ਰਮੁੱਖ ਕਾਰਜ ਕਰ ਰਹੇ ਹੋਣਗੇ ।

                  ਰਸ ਸਿਧਾਂਤ ਪਹਿਲੀ ਵਾਰ ਭਰਤ ਮੁਨੀ ਨੇ ਆਪਣੇ ‘ ਨਾਟੑਯ ਸ਼ਾਸਤ੍ਰ’ ਵਿਚ ਮੰਨਿਆ ਹੈ ਅਤੇ ਇਸ ਨੂੰ ਨਾਟ– ਰਸ ਦਾ ਨਾਂ ਦਿੱਤਾ ਹੈ । ਪਰ ਬਾਅਦ ਵਿਚ ਇਸ ਦਾ ਸਰਬਪੱਖੀ ਪ੍ਰਭਾਵ ਮੰਨਦੇ ਹੋਏ ਇਸ ਨੂੰ ਸਮੁੱਚੇ ਕਾਵਿ ਦਾ ਜ਼ਰੂਰੀ ਅੰਗ ਮੰਨ ਲਿਆ ਗਿਆ ।

                  ਰਸ ਇਕ ਆਤਮਿਕ ਆਨੰਦ ਹੈ ਜੋ ਕਵੀ ਆਪਣੇ ਸਰੋਤਿਆਂ ਅਥਵਾ ਪਾਠਕਾਂ ਨਾਲ ਸਾਂਝਾ ਕਰਦਾ ਹੈ । ਇਹ ਆਨੰਦ ਕਈ ਤਰ੍ਹਾਂ ਦਾ ਹੋ ਸਕਦਾ ਹੈ , ਜਿਵੇਂ ਪ੍ਰੇਮ– ਮਈ , ਹਾਸੇ– ਭਰਿਆ , ਕਰੁਣਾ– ਮਈ , ਬੀਰ– ਰਸੀ ਆਦਿ ।

                  ਮੂਲ ਰੂਪ ਵਿਚ ਹਰ ਰਸ ਆਪਣੇ ਅੰਦਰ ਇਕ ਬੁਨਿਆਦੀ ਵਲਵਲਾ ਰੱਖਦਾ ਹੈ । ਇਸ ਨੂੰ ਹੀ ਸਥਾਈ ਭਾਵ ਕਹਿੰਦੇ ਹਨ । ਜਿਵੇਂ ਮਨ ਵਿਚ ‘ ਪ੍ਰੇਮ’ ਦਾ ਜਜ਼ਬਾ ਹੋਵੇਗਾ ਤਾਂ ਫਿਰ ਕਵੀ ਆਪਣੇ ਮਨੁੱਖੀ ਪ੍ਰੇਮ , ਕੁਦਰਤ ਪ੍ਰੇਮ , ਕੁਦਰਤ ਸੁੰਦਰਤਾ ਆਦਿ ਸ਼ਿੰਗਾਰ ਰਸੀ ਕਵਿਤਾ ਉਤਪੰਨ ਕਰੇਗਾ । ਇਸ ਤਰ੍ਹਾਂ ਸ਼ਿੰਗਾਰ ਰਸ ਵਿਚ ਸਥਾਈ ਭਾਵ ਨੂੰ ਉਜਾਗਰ ਕਰਨ ਲਈ ਪ੍ਰੇਮੀ ਤੇ ਪ੍ਰੇਮਿਕਾ ਹਨ; ਇਨ੍ਹਾਂ ਨੂੰ ਆਲੰਬਨ ਵੀ ਕਹਿੰਦੇ ਹਨ । ਚੰਨ ਨੂੰ ਵੇਖ ਕੇ ਪ੍ਰੇਮਿਕਾ ਨੂੰ ਪ੍ਰੇਮੀ ਯਾਦ ਆਉਂਦਾ ਹੈ; ਇਸ ਤਰ੍ਹਾਂ ਚਾਨਣੀ ਪ੍ਰੇਮਿਕਾ ਸਮਾਨ ਹੈ । ਫੁੱਲ , ਕੋਇਲ , ਚੰਬੇ ਦੀ ਕਲੀ , ਸਰੂ ਦਾ ਰੁੱਖ ਆਦਿ ਸਭ ‘ ਪ੍ਰੇਮ’ ਦੇ ਸਥਾਈ ਭਾਵ ਨੂੰ ਉਜਾਗਰ ਕਰਨ ਵਿਚ ਸਹਾਈ ਹਨ , ਸੋ ਇਨ੍ਹਾਂ ਨੂੰ ਉੱਦੀਪਨ ਕਹਿੰਦੇ ਹਨ ਜੋ ਪ੍ਰੇਮ ਭਾਵਨਾ ਉਜਾਗਰ ਕਰਦੇ ਹਨ ।

                  ਸਥਾਈ ਭਾਵ ਨੂੰ ਉਜਾਗਰ ਕਰਨ ਲਈ ਕਵੀ ਮਨ ਵਿਚ ਕੁਝ ਸਹਿਕਾਰੀ ਭਾਵ ਵੀ ਰਹਿੰਦੇ ਹਨ । ਜੋ ਉਸ ਦੇ ਭਾਵਾਂ ਨੂੰ ਪ੍ਰਭਾਵਿਤ ਵੀ ਕਰਦੇ ਹਨ ਤੇ ਉਜਾਗਰ ਵੀ । ਜਿਵੇਂ ਸ਼ੇਰ ਦਾ ਦੇਖਣਾ ਜਿੱਥੇ ਭੈਅ ਭੀਤ ਕਰਦਾ ਹੈ ਉੱਥੇ ਕਈ ਵਾਰ ਕਾਂਬਾ ਵੀ ਛੇੜ ਦਿੰਦਾ ਹੈ । ਇਨ੍ਹਾਂ ਭਾਵਾਂ ਨੂੰ ਭਰਤਮੁਨੀ ਨੇ ਸੰਚਾਰੀ ਭਾਵ ਦਾ ਨਾਂ ਦਿੱਤਾ ਹੈ । ਪਰ ਮੰਮਟ ਨੇ ਇਨ੍ਹਾਂ ਨੂੰ ਸਹਿਯੋਗੀ ਅਥਵਾ ਸਹਿਕਾਰੀ ਭਾਵ ਆਖਿਆ ਹੈ । ਇਸ ਤਰ੍ਹਾਂ ਕਿਸੇ ਵੀ ਰਸ ਦੀ ਉਪਜ ਲਈ ਸਥਾਈ ਭਾਵ ਦੇ ਨਾਲ ਸੰਚਾਰੀ ਭਾਵ ਵੀ ਆਪਣਾ ਅਸਰ ਰੱਖਦੇ ਹਨ । ਇਨ੍ਹਾਂ ਸੰਚਾਰੀ ਭਾਵਾਂ ਨੂੰ ਵੱਖ ਵੱਖ ਰਸਾਂ ਨਾਲ ਸਹਿਯੋਗੀ ਹੋਣ ਕਾਰਣ ਵਿਭਚਾਰੀ ਭਾਵ ਵੀ ਕਿਹਾ ਜਾਂਦਾ ਹੈ ।

                  ਭਾਰਤ ਦੇ ਪ੍ਰਾਚੀਨ ਸਾਹਿੱਤ ਵਿਚ ਮੁੱਖ ਰੂਪ ਵਿਚ ਨੌਂ ਰਸ ਮੰਨੇ ਗਏ ਹਨ :

                  ( 1 ) ਸ਼ਿੰਗਾਰ ਰਸ : ਇਸ ਦਾ ਸਥਾਈ ਭਾਵ ਪ੍ਰੇਮ ( ਰਤੀ ) ਹੈ ।

                  ( 2 ) ਬੀਰ ਰਸ : ਇਸ ਦਾ ਸਥਾਈ ਭਾਵ ਉਤਸ਼ਾਹ ਹੈ ।

                  ( 3 ) ਰੌਦਰ ਰਸ : ਇਸ ਦਾ ਸਥਾਈ ਭਾਵ ਕ੍ਰੋਧ ਹੈ ।

                  ( 4 ) ਕਰੁਣ ਰਸ : ਇਸ ਦਾ ਸਥਾਈ ਭਾਵ ਸ਼ੋਕ ਅਥਵਾ ਗ਼ਮੀ ਹੈ ।

                  ( 5 ) ਅਦਭੁਤ ਰਸ : ਇਸ ਦਾ ਸਥਾਈ ਭਾਵ ਵਿਸਮਾਦ ( ਹੈਰਾਨੀ ) ਹੈ ।

                  ( 6 ) ਵੀਭਤਸ ਰਸ : ਇਸ ਦਾ ਸਥਾਈ ਭਾਵ ਘ੍ਰਿਣਾ ( ਜੁਗੁਪਸਾ ) ਹੈ ।

                  ( 7 ) ਭਿਆਨਕ ਰਸ : ਇਸ ਦਾ ਸਥਾਈ ਭਾਵ ਭੈ ( ਡਰ ) ਹੈ ।

                  ( 8 ) ਹਾਸ ਰਸ : ਇਸ ਦਾ ਸਥਾਈ ਭਾਵ ਹਾਸ ਹੈ ।

                  ( 9 ) ਸ਼ਾਂਤ ਰਸ : ਇਸ ਦਾ ਸਥਾਈ ਭਾਵ ਨਿਰਵੇਦ ( ਵੈਰਾਗ ) ਹੈ ।

                  ਕਾਵਿ– ਰਸ ਆਪਣੇ ਪ੍ਰਭਾਵ ਰਾਹੀਂ ਪਾਠਕ ਵਿਚ ਜੋ ਤਿੰਨ ਗੁਣ ਪੈਦਾ ਕਰਦਾ ਹੈ , ਉਹ ਹਨ– – ਮਧੁਰਤਾ , ਓਜ ਤੇ ਪ੍ਰਸਾਦ । ਸ਼ਾਂਤ ਰਸ , ਕਰੁਣ ਰਸ ਤੇ ਸ਼ਿੰਗਾਰ ਰਸ ਦਿਲ ਅੰਦਰ ਕੋਮਲਤਾ ਪੈਦਾ ਕਰਦੇ ਹਨ , ਜਿਸ ਨਾਲ ਮਨ ਵਿਚ ਮਧੁਰਤਾ ਛਾ ਜਾਂਦੀ ਹੈ । ਬੀਰ ਰਸ , ਰੌਦਰ ਰਸ ਤੇ ਭਿਆਨਕ ਰਸ ਦਿਲ ਨੂੰ ਸਾਧਾਰਣ ਹਾਲਤ ਤੇ ਵਧੇਰੇ ਹਰਕਤ ਅਥਵਾ ਜੋਸ਼ ਵਿਚ ਲੈ ਆਂਦੇ ਹਨ , ਇਹ ਓਜ ਗੁਣ ਦੇ ਪ੍ਰਸਾਰ ਦੀ ਅਵਸਥਾ ਹੈ । ਹਾਸ ਤੇ ਸ਼ਾਤ ਰਸ ਖੇੜਾ ਅਤੇ ਵੈਰਾਗ ਭਰਦੇ ਹਨ ਤੇ ਅਦਭੁੱਤ ਨਾਲ ਵਿਸਮਾਦ ਛਾ ਜਾਂਦਾ ਹੈ । ਕਾਵਿ ਵਿਚ ਰਸ ਭਰਨਾ ਕਵੀ ਦਾ ਕੰਮ ਹੈ ਜੋ ਉਹ ਸਥਾਈ ਭਾਵ , ਵਿਭਾਵ , ਅਨੁਭਵ ਆਦਿ ਦੇ ਸੁਮੇਲ ਨਾਲ ਪੈਦਾ ਕਰਦਾ ਹੈ । ਪਰ ਰਸ ਦਾ ਮਾਣਨਾ ਸਰੋਤੇ ਤੇ ਪਾਠਕ ਦੀ ਵਿਦਵਤਾ ਤੇ ਜੀਵਨ ਤਜ਼ਰਬੇ ਪੁਰ ਵੀ ਨਿਰਭਰ ਹੈ ।

                  ਅਸਪਸ਼ਟ ਜਾਂ ਲੋੜ ਤੋਂ ਵੱਧ ਸਵੈ– ਕੇਂਦ੍ਰਿਤ ਬਿਆਨ ਕਵਿਤਾ ਵਿਚ ਰਸ ਦਾ ਭਾਵ ਉਜਾਗਰ ਨਹੀਂ ਕਰਨ ਦਿੰਦਾ ।

  ( 1 ) ਸ਼ਿੰਗਾਰ ਰਸ

                  ਇਹ ਮੀਰੀ ਰਸ ਹੈ । ਮਤੀ ਰਾਮ ਇਸ ਨੂੰ ਰਸ ਰਾਜ ਵੀ ਕਹਿੰਦੇ ਹਨ । ਕਵੀਆਂ , ਸਾਹਿੱਤਕਾਰਾਂ ਤੇ ਆਲੋਚਕਾਂ ਦਾ ਮੱਤ ਹੈ ਕਿ ਸ਼ਿੰਗਾਰ ਰਸ ਸਭ ਤੋਂ ਪ੍ਰਬਲ ਰਸ ਹੈ । ਭਰਤ ਮੁਨੀ ਅਨੁਸਾਰ ਸੰਸਾਰ ਵਿਚ ਜੋ ਕੁਝ ਵੀ ਉਜ੍ਵਲ ਤੇ ਪਵਿੱਤਰ ਹੈ ਉਹ ਸ਼ਿੰਗਾਰ ਰਸ ਵਿਚ ਸ਼ਾਮਲ ਹੈ । ਕਰੁਣ ਰਸ , ਬੀਰ ਰਸ , ਅਦਭੁੱਤ ਰਸ ਤੇ ਸ਼ਾਂਤ ਰਸ ਇਸ ਦੇ ਅਧੀਨ ਹੋਕੇ ਚਲਦੇ ਹਨ । ਜਾਂ ਇਉਂ ਕਹੀਏ ਕਿ ਇਹ ਇਸ ਦੀਆਂ ਹੀ ਵੱਖ ਵੱਖ ਸਥਿਤੀਆਂ ਦੇ ਪ੍ਰਭਾਵ ਦਾ ਸਦਕਾ ਹਨ । ਪ੍ਰੇਮੀਆਂ ਦੇ ਮਿਲਾਪ ਦੀ ਖ਼ੁਸ਼ੀ , ਵਿਜੋਗੀ ਦੀ ਮਿੱਠੀ ਤੇ ਚੁਭਵੀਂ ਯਾਦ , ਸੁੰਦਰਤਾ ਦਾ ਚਿੱਤਰ ( ਮਨੁੱਖੀ ਜਾਂ ਕੁਦਰਤੀ ) ਜੋ ਜ਼ਿੰਦਗੀ ਵਿਚ ਇਕ ਹੁਲਾਰਾ ਬਖ਼ਸ਼ ਦੇਵੇ , ਇਸ ਸਭ ਨੂੰ ਸ਼ਿੰਗਾਰ ਰਸ ਅਧੀਨ ਲਿਆ ਸਕਦੇ ਹਾਂ ।

ਵਸਲ ਅਥਵਾ ਮਿਲਾਪ :

                                    ਕੋਈ ਆਇਆ

                                    ਸਰਘੀ ਸਾਰ ਮੇਰੇ ਕੋਲ!

                                    ਤੇ ਮੂੰਹ– ਝਾਖਰੇ ਵਿਚ

                                    ਸ਼ਿੰਞਾਤੇ ਬੋਲ

                                    ਸੁੱਤੇ ਸੂਰਜ ਤੇ ਚੰਦ

                                    ਤਾਰਿਆਂ ਦੀ ਲਿਸ਼ ਲਿਸ਼ ਬੰਦ ,

                                    ਪਰ ਹਸਦੇ ਨੂਰਾਂ ਨਾਲ

                                    ਭਰੀ ਮੇਰੀ ਝੋਲ ।                                                                           – – ( ਪ੍ਰੀਤਮ ਸਿੰਘ ਸਫ਼ੀਰ , ‘ ਸਰਘੀ ਸਾਰ’ )

ਵਿਜੋਗ ਸਮੇਂ :

                                    ਮਿਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ,

                                    ਤੁਧ ਬਿਨ ਰੋਗ ਰਜਾਈਆਂ ਦਾ ਓਢਣ ,

                                    ਨਾਗ ਨਿਵਾਸਾਂ ਦੇ ਰਹਿਣਾ ।

                                    ਸੂਲ ਸੁਰਾਹੀ ਖੰਜਰ ਪਿਆਲਾ ,

                                    ਬਿੰਗ ਕਸਾਈਆਂ ਦਾ ਸਹਿਣਾ ,

                                    ਯਾਰੜੇ ਦਾ ਸਾਨੂੰ ਸਥਰ ਚੰਗਾ ,

                                    ਭਠ ਖੇੜਿਆਂ ਦਾ ਰਹਿਣਾ ।                                                                                             – – ( ਗੁਰੂ ਗੋਬਿੰਦ ਸਿੰਘ )

                  ਇਸੇ ਤਰ੍ਹਾਂ ਸੁੰਦਰਤਾ ਦਾ ਬਿਆਨ ਵੀ ਸ਼ਿੰਗਾਰ ਰਸ ਵਿਚ ਆਉਂਦਾ ਹੈ , ਜਿਵੇਂ :

                                    ਕੇਹੀ ਹੀਰ ਦੀ ਕਰੇ ਤਾਰੀਫ਼ ਸ਼ਾਈਰ , ਮਥੇ ਚਮਕਦਾ ਹੁਸਨ ਮਹਿਤਾਬ ਦਾ ਜੀ ।

                                    ਖੂੰਨੀ ਚੂੰਡੀਆਂ ਰਾਤ ਜਿਉਂ ਚੰਦ ਗਿਰਦੇ , ਸੁਰਖ਼ ਰੰਗ ਜਿਉਂ ਰੰਗ ਸ਼ਰਾਬ ਦਾ ਜੀ ।

                                    ਨੈਣ ਨਰਗਸੀ ਮਿਰਗ ਮਮੋਲੜੇ ਦੇ , ਗੱਲ੍ਹਾਂ ਟਹਿਕੀਆਂ ਫੁਲ ਗੁਲਾਬ ਦਾ ਜੀ ।

                                    ਸੁਰਮਾ ਨੈਣਾਂ ਦੀ ਧਾਰ ਵਿਚ ਖੁੱਭ ਰਹਿਆਂ , ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ ।

                                    … ..        … ..        … ..        … ..        … ..        … ..        … ..

                                    ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ , ਗੁਝੀ ਰਹੇ ਨਾ ਹਰਿ ਹਜ਼ਾਰ ਵਿਚੋਂ ,

                                    ਲੰਕਾ ਬਾਗ਼ ਦੀ ਪਰੀ ਕਿ ਇੰਦਰਾਨੀ , ਹੂਰ ਨਿਕਲੀ ਚੰਦ ਪਰਿਵਾਰ ਵਿਚੋਂ ।

                                                                                                                                                                                  – – ( ਵਾਰਸ ਸ਼ਾਹ , ‘ ਹੀਰ’ )

                  ਇਸੇ ਤਰ੍ਹਾਂ ਕੁਦਰਤ ਦਾ ਦਿਲ– ਖਿੱਚਵਾਂ ਚਿਤ੍ਰਣ ਵੀ ਸ਼ਿੰਗਾਰ ਰਸ ਵਿਚ ਆਉਂਦਾ ਹੈ :

                                    ਪੱਕ ਪਈਆਂ ਕਣਕਾਂ , ਲੁਕਾਠ ਰੱਸਿਆ ।

                                    ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ।

                                    ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ ।

                                    ਬੇਰੀਆਂ ਲਿਫ਼ਾਈਆਂ ਟਾਹਣੀਆਂ ਦੇ ਭਾਰ ਨੇ ।

                                    ਪੁੰਗਰੀਆਂ ਵੱਲਾਂ , ਵੇਲਾਂ ਰੁਖੀਂ ਚੜ੍ਹੀਆਂ ।

                                    ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ ।

                                    ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ ।

                                    ਚਲ ਨੀ ਪਰੇਮੀਏ! ਵਿਸਾਖੀ ਚੱਲੀਏ ।

                                                                                                                                          – – ( ਧਨੀ ਰਾਮ ਚਾਤ੍ਰਿਕ , ‘ ਵਿਸਾਖੀ ਦਾ ਮੇਲਾ’ )

                  ਇਸੇ ਤਰ੍ਹਾਂ ਸਾਵਣ ਦੀ ਬਹਾਰ , ਚੜ੍ਹਦੇ ਸੂਰਜ ਦੇ ਫੈਲਦੇ ਨੂਰ , ਲਹਿੰਦੇ ਦੀ ਲਾਲੀ , ਬੱਚੇ ਦੀ ਮੁਸਕਰਾਹਟ , ਵਗਦੇ ਪਾਣੀਆਂ ਦਾ ਸੁੰਦਰ ਵਰਣਨ ਸਭ ਸ਼ਿੰਗਾਰ ਰਸ ਵਿਚ ਆਉਂਦੇ ਹਨ । ਅਧਿਕਤਰ ਪੰਜਾਬੀ ਲੋਕ ਗੀਤ ਸ਼ਿੰਗਾਰ– ਰਸ ਦਾ ਭੰਡਾਰ ਹਨ , ਜਿਵੇਂ :

                                    ਕੰਨਾਂ ਨੂੰ ਬੁੰਦੇ , ਸਿਰ ਤੇ ਬੋਦੀ ਝੁਲ ਪਈ ,

                                    ਢੋਲਾ ਮੇਰਾ ਬੋਤਲ ਸ਼ਰਾਬ ਦੀ ਵਿਚ ਗਲੀ ਦੇ ਡੁਲ੍ਹ ਪਈ ,

                                    ਲਾਈ ਭੁਲ ਭੁਲਾਵੇ ਗਲ ਸ਼ਹਰੀਂ ਹੁਲ ਪਈ ।

                                    ਹਿਕ ਮੈਂ ਨ ਭੁਲੀ , ਇਥੇ ਲਖਵਾਂ ਭੁਲ ਪਈ ।

                                    ਕਿਸੇ ਲ੍ਹਾਮ ਤੇ ਜਾਨਾਂ ਏਂ , ਤਾਂ ਮੋੜ ਮਹਾਰ ਨੂੰ

                                    ਮੇਰੀ ਹਾਣੀ ਢੋਲਾ ਓ ।

                                    ਵਾ ਵਤਨਾਂ ਤੇ ਫ਼ਜ਼ਲਾਂ ਦੀ ਘੁਲ ਪਈ ।                                                       – – ( ਹਰਜੀਤ ਸਿੰਘ , ‘ ਨੈ ਝਨਾਂ’ )

  ( 2 ) ਬੀਰ ਰਸ

                  ਸ਼ਿੰਗਾਰ ਰਸ ਤੋਂ ਮਗਰੋਂ ਪੰਜਾਬੀ ਕਾਵਿ ਵਿਚ ਬੀਰ ਰਸ ਨੂੰ ਖ਼ਾਸ ਥਾਂ ਪ੍ਰਾਪਤ ਰਹੀ ਹੈ । ਬੀਰ ਰਸ ਦਾ ਸਥਾਈ ਭਾਵ ਪਾਠਕਾਂ ਤੇ ਸਰੋਤਿਆਂ ਵਿਚ ਜੀਵਨ ਉਤਸ਼ਾਹ ਪੈਦਾ ਕਰਨਾ ਹੈ । ਯੋਧਿਆਂ ਦਾ ਜੰਗ ਲਈ ਤਿਆਰ ਹੋਣਾ , ਯੁੱਘ ਵਿਚ ਸ਼ਾਮਲ ਹੋਣ , ਕਰਾਰੇ ਹੱਥ ਵਿਖਾਣਾ , ਇਸੇ ਤਰ੍ਹਾਂ ਕਿਸੇ ਆਗੂ ਦਾ ਸਰੋਤਿਆਂ ਵਿਚ ਬੀਰ ਭਾਵਨਾ ਉਜਾਗਰ ਕਰਨਾ ਸਭ ਬੀਰ ਰਸ ਵਿਚ ਆਉਂਦੇ ਹਨ । ਦਸ਼ਮੇਸ਼ ਪਿਤਾ ਦਾ ਦ੍ਰਿੜਿ ਇਰਾਦਾ ਕਿ ਉਹ ਨਿਮਾਣੀ ਤੇ ਲਤਾੜੀ ਜਨਤਾ ਵਿਚ ਕਿਵੇਂ ਜ਼ਿੰਦਗੀ ਭਰ ਦੇਣਗੇ , ਬੀਰ ਰਸੀ ਕਵਿਤਾ ਦਾ ਉੱਤਰ ਨਮੂਨਾ ਹੈ :

                                    ਭੇੜੋਂ ਕੋ ਮੈਂ ਸ਼ੇਰ ਬਨਾਊਂ , ਰਾਠਨ ਕੇ ਸੰਗ ਰੰਗ ਲੜਾਊਂ ।

                                    ਭੂਪ ਗਰੀਬਨ ਕੋ ਕਹਵਾਊਂ , ਚਿੜੀਓ ਸੇ ਮੈਂ ਬਾਜ਼ ਤੁੜਾਊਂ ।

                                    ਸਵਾ ਲਾਖ ਸੇ ਏਕ ਲੜਾਊਂ ।

                                    ਤਬੈ ਗੋਬਿੰਦ ਸਿੰਘ ਨਾਮ ਧਰਾਊਂ ।

                  ਇਸੇ ਤਰ੍ਹਾਂ ਜੋਧੇ ਰਣ ਕਿਵੇਂ ਜੂਝਦੇ ਹਨ :

                                    ਉਹ ਜੁਟ ਪਏ ਦੋਵੇਂ ਸੂਰਮੇ ਰਣ ਘੱਗੇ ਹਾਰੇ ,

                                    ਉਹ ਮਰਣ ਸੱਟ ਵਦਾਣ ਵਾਂਗ ਹੋ ਪੱਬਾਂ ਭਾਰੇ

                                    ਕਰ ਝੜਕ ਕੜਕ ਕੜਕ ਕੜਕ ਢਾਲੀਂ ਬਲਖਾਰੇ ।                                                             – – ( ਨਜਾਬਤ )

                  ਪੰਜਾਬੀ ਲੋਕ– ਵਾਰਾਂ ਦਾ ਪ੍ਰਧਾਨ ਰਸ ਬੀਰ ਰਸ ਹੈ । ਕੁਝ ਲੋਗ ਗੀਤ ਵੀ ਹਨ ਜੋ ਬੀਰ ਰਸ ਨਾਲ ਭਰੇ ਹਨ , ਜਿਵੇਂ :

                  ਜਿੱਥੇ ਵਜਦੀ , ਬੱਦਲ ਵਾਂਗ ਗਜਦੀ ਡਾਂਗ ਮੇਰੇ ਨਿਕੇ ਵੀਰ ਦੀ ।

ਇਸੇ ਤਰ੍ਹਾਂ ਪੰਜਾਬੀ ਬੋਲਾਂ ਤੇ ਅਖਾਣਾਂ ਵਿਚ ਵੀ ਬੀਰ ਰਸ ਇਸੇ ਤਰ੍ਹਾਂ ਭਰਿਆ ਹੈ , ਜਿਵੇਂ ਪੰਜਾਬੀ ਜੀਵਨ ਵਿਚ ।

  ( 3 ) ਰੌਦਰ ਰਸ

                  ਰੌਦਰ ਰਸ ਕ੍ਰੋਧ ਵਿਚੋਂ ਉਪਜਦਾ ਹੈ । ਸਾਹਿੱਤਕਾਰਾਂ ਨੇ ਬੀਰ ਰਸ ਤੇ ਰੌਦਰ ਰਸ ਵਿਚ ਬੜਾ ਬਰੀਕ ਫ਼ਰਕ ਬਿਆਨ ਕੀਤਾ ਹੈ । ਜਦ ਬਹਾਦਰ ਪੁਰਸ਼ ਗ਼ੁੱਸਾ ਖਾ ਕੇ ਨੇਕੀ ਲਈ ਮੈਦਾਨ ਵਿਚ ਜੂਝਦਾ ਹੈ ਤਾਂ ਬੀਰ ਰਸ ਦਾ ਪ੍ਰਗਟਾਵਾ ਹੁੰਦਾ ਹੈ ਪਰ ਮਾਮੂਲੀ ਅਥਵਾ ਮਾੜਾ ਮਨੁੱਖ ਘਟੀਆ ਇੱਛਾ ਦੇ ਅਧੀਨ ਗੁੱਸਾ ਖਾ ਕੇ ਆਪਣਾ ਰੋਹ ਪ੍ਰਗਟ ਕਰਦਾ ਹੈ ਤਾਂ ਉਸ ਨੂੰ ਰੌਦਰ ਰਸ ਕਹਿੰਦੇ ਹਨ । ਇਸ ਤਰ੍ਹਾਂ ਬਦਲੇ ਦੀ ਭਾਵਨਾ ਜਾਂ ਗੁੱਸੇ ਦਾ ਆਮ ਪ੍ਰਗਟਾ ਰੌਦਰ ਰਸ ਕਹਾਇਆ , ਜਿਵੇਂ ਰਾਂਝਾ ਜੋਗੀ ਤੇ ਸਹਿਤੀ ਵਿਚ ਝੜਪ ਹੋ ਗਈ ਤਾਂ ਸਹਿਤੀ ਗ਼ੁੱਸਾ ਖਾ ਕੇ ਕਹਿੰਦੀ ਹੈ :

                                    ਛੇੜ ਖੁੰਦਰਾਂ ਭੇੜ ਮਚਾਉਨਾ ਏਂ , ਸੇਕਾਂ ਲਿੰਗ ਤੇਰੇ ਨਾਲ ਸੋਟਿਆਂ ਦੇ ,

                                    ਅਸੀਂ ਜੱਟੀਆਂ ਮੁਸ਼ਕ ਪਲੱਟੀਆਂ ਹਾਂ , ਨੱਕ ਪਾੜ ਸੁੱਟੇ ਜਿਨ੍ਹਾਂ ਝੋਟਿਆਂ ਦੇ ।

ਅਤੇ ਅੱਗੋ ਜੋਗੀ ਕਿਹੜਾ ਘੱਟ ਹੈ :

                                    ਝਾਟਾ ਮੁੰਨਕੇ ਮੀਢੀਆਂ ਖੋਹ ਸੁਟੂੰ , ਗੁੱਤੋਂ ਪਕੜ ਕੇ ਦੇਊਂ ਵਲਾਵੜਾ ਨੀਂ ,

                                    ਹੱਥ ਲੱਗੇ ਤਾਂ ਸਿਟੂੰਗਾ ਚੀਰ ਰੰਨੇ , ਕੱਢ ਲਊਂਗਾ ਦਿਲੇ ਦਾ ਕਾਊੜਾਂ ਨੀਂ ।

                                                                                                                                                                          – – ( ਵਾਰਸ ਸ਼ਾਹ , ‘ ਹੀਰ’ )

ਪੰਜਾਬੀ ਕਿੱਸਾ ਕਾਵਿ ਵਿਚ ਰੌਦਰ ਰਸ ਦੇ ਥਾਂ ਪਰ ਥਾਂ ਨਮੂਨੇ ਮਿਲਦੇ ਹਨ , ਜਿਵੇਂ ਹੀਰ ਤੇ ਕਾਜ਼ੀ ਅਤੇ ਜੋਗੀ ਤੇ ਸਹਿਤੀ ਵਿਚਕਾਰ ਤਕਰਾਰ , ਸੱਸੀ ਤੇ ਉਸ ਦੇ ਅਸਲ ਮਾਂ ਬਾਪ ਵਿਚਕਾਰ ਝੜਪ , ਇਤਿਆਦਿ ।

  ( 4 ) ਕਰੁਣਾ ਰਸ

                  ਗ਼ਮ ਅਥਵਾ ਸ਼ੋਕ ਇਸ ਦੇ ਸਥਾਈ ਭਾਵ ਹਨ । ਪ੍ਰਿਯ ਦੀ ਮ੍ਰਿਤੂ ਕਾਰਣ ਪੈਦਾ ਹੋਏ ਵਿਯੋਗ ਤੇ ਵਿਯੋਗ ਦੇ ਕਾਰਣ ਛਲਕਦੇ ਹੰਝੂ , ਵਿਰਲਾਪ , ਦੁੱਖ ਦੇ ਕਾਰਣ ਪਿਆਰੇ ਨੂੰ ਤਾਅਨੇ ਮਿਹਣੇ ਸਭ ਕਰੁਣ ਰਸ ਵਿਚ ਸ਼ਾਮਲ ਹਨ । ਦੇਸ ਦੀ ਬਾਦਹਾਲੀ ਪਰ ਗ਼ਮ ਦੇ ਗੀਤ , ਮਨੁੱਖੀ ਤਬਾਹੀ ’ ਤੇ ਗਾਏ ਪੀੜਾ– ਮਈ ਬੋਲ ਆਦਿ ਸਭ ਵਿਚ ਇਹੀ ਮਜ਼ਮੂਨ ਭਰਿਆ ਹੈ । ਗੁਰਵਾਕ “ ਏਤੀ ਮਾਰ ਪਈ ਕੁਰਲਾਣੇ , ਤੈਂ ਕੀ ਦਰਦ ਨਾ ਆਇਆ” ( ਮ. 1 ) ਕਰੁਣ ਰਸ ਦਾ ਅਤਿ ਉੱਤਮ ਨਮੂਨਾ ਹੈ ।

                  ਭਵਭੂਤੀ ਅਨੁਸਾਰ ਕਰੁਣ ਰਸ ਹੀ ਅਸਲ ਰਸ ਹੈ । ਇਸ ਨਾਲ ਮਨ ਅੰਦਰ ਹਮਦਰਦੀ ਦਾ ਸੋਮਾ ਫੁੱਟਦਾ ਹੈ ਤੇ ਕੋਮਲਤਾ ਛਾ ਜਾਂਦੀ ਹੈ । ਅੰਤਰ ਆਤਮਾ ਕੀਮਤਾਂ ਘੜਨਾ ਲੋਚਦੀ ਹੈ ।

                  ਨਜਾਬਤ ਰਚਿਤ ਵਾਰ ਵਿਚ ਕਈ ਥਾਂਵਾਂ ਪੁਰ ਇਸ ਦੇ ਅਤਿ ਸੁੰਦਰ ਨਮੂਨੇ ਮਿਲਦੇ ਹਨ , ਜਿਵੇਂ ‘ ਖੇਡ ਸੁਤੇ ਨੇ ਹੋਲੀ ਰਾਜਪੁਤ ਕਰ ਸੂਹਾ ਬਾਣਾ’ ।

                  ਇਸੇ ਤਰ੍ਹਾਂ ਸੰਨਿਆਸੀਆਂ ਦੇ ਨਾਦਰ ਸ਼ਾਹ ਨਾਲ ਕੀਤੇ ਯੁੱਧ ਨੂੰ ਕਵੀ ਇਸ ਤਰ੍ਹਾਂ ਅੰਕਿਤ ਕਰਦਾ ਹੈ :

                                    ਪਹਿਲਾਂ ਜੰਗ ਸੰਨਿਆਸੀ ਕਰਦ ਓੜਕਾ ,

                                    ਖ਼ਾਕ ਜਿਨ੍ਹਾਂ ਦੀ ਬਾਜ਼ੀ ਜਾਤੀ ਦੇ ਸੂਰਮੇ ।

                                    ਉਨ੍ਹਾਂ ਦੀ ਕੋਈ ਨਾ ਫੁਫੀ ਮਾਸੀ ਕਿਸੇ ਨਾ ਰੋਵਣਾ ,

                                    ਉਨ੍ਹਾਂ ਦੇ ਦੀਵੇ ਬਲਣ ਅਕਾਸੀ ਵਾਉਂ ਝਟਕਿਆ ।

                  ਸਿੱਖਾਂ ਤੇ ਅੰਗ੍ਰੇਜਾਂ ਦੀ ਪਹਿਲੀ ਜੰਗ ਦਾ ਜੋ ਦਰਦਨਾਕ ਸਿੱਟਾ ਨਿਕਲਿਆ , ਕਵੀ ਸ਼ਾਹ ਮੁਹੰਮਦ ਉਸ ਦਾ ਇਸ ਤਰ੍ਹਾਂ ਰੁਦਨ ਕਰਦਾ ਹੈ :

                                    ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ , ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ ।

                                    ਸ਼ਾਹ ਮੁਹੰਮਦਾ ਇਕ ਸਰਦਾਰ ਬਾਝੋਂ , ਫੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੀ ।

                  ਵਰਤਮਾਨ ਯੁੱਗ ਵਿਚ ਅੰਮ੍ਰਿਤਾ ਪ੍ਰੀਤਮ ਰਚਿਤ ਕਵਿਤਾ ‘ ਅਜ ਆਖਾਂ ਵਾਰਸ ਸ਼ਾਹ ਨੂੰ’ ਵਿਚ ਅੰਤਾਂ ਦਾ ਕਰੁਣ ਰਸ ਭਰਿਆ ਹੈ ।

  ( 5 ) ਅਦਭੁਤ ਰਸ

                  ਅਸਚਰਜ ਜਾਂ ਵਿਸਮਾਦ ਇਸ ਦਾ ਸਥਾਈ ਭਾਵ ਹੈ । ਅਨੋਖੀ ਤੇ ਵਿਚਿਤ੍ਰ ਅਵਸਥਾ ਜੋ ਬਿਆਨ ਕੀਤੀ ਨਹੀਂ ਜਾ ਸਕਦੀ , ਅਦਭੁਤ ਰਸ ਪੈਦਾ ਕਰਦੀ ਹੈ । ਹੈਰਾਨੀ ਤੇ ਖ਼ੁਸ਼ੀ ਦਾ ਮਿਲਵਾਂ ਪ੍ਰਭਾਵ ਕੁਝ ਅਜਿਹੀ ਸਥਿਤੀ ਪੈਦਾ ਕਰਦਾ ਹੈ ਕਿ ਕੁਝ ਕਹਿ ਨਹੀਂ ਹੁੰਦਾ; ਗੁਰੂ ਨਾਨਕ ਦੇਵ ਜੀ ਨੇ ‘ ਆਸਾ ਦੀ ਵਾਰ’ ਵਿਚ ਕਿਹਾ ਹੈ :

                  ( 1 )         ਵਿਸਮਾਦ ਨਾਦ , ਵਿਸਮਾਦ ਵੇਦ

                                    ਵਿਸਮਾਦ ਜੀਅ ਵਿਸਮਾਦ ਭੇਦ ।

                                    ਵਿਸਮਾਦ ਰੂਪ ਵਿਸਮਾਦ ਰੰਗ ।

                                    ਵਿਸਮਾਦ ਨਾਗੇ ਫਿਰਹ ਜੰਤ ।

                                    ਵਿਸਮਾਦ ਪੌਣ ਵਿਸਮਾਦ ਪਾਣੀ

                                    ਵਿਸਮਾਦ ਅਗਨੀ ਖੇਡਹਿ ਵਿਡਾਣੀ ।

                                    ਵੇਖ ਵਿਡਾਣ ਰਹਿਆ ਵਿਸਮਾਦ , ਨਾਨਕ ਬੁਝਣ ਪੂਰੇ ਭਾਗ

                  ( 2 )         ‘ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਅ । ’

ਇੱਕੇ ਵੀ ਅਦਭੁਤ ਰਸ ਮੌਜੂਦ ਹੈ ।

                  ਕਿਸੇ ਅਲੋਕਾਰ ਗੱਲ ਜਾਂ ਘਟਨਾ ਦੇ ਵਾਪਰ ਜਾਣ ਪੁਰ ਵੀ ਕਵੀ ਦੇ ਬਿਆਨ ਵਿਚ ਅਦਭੁਤ ਰਸ ਆ ਜਾਂਦਾ ਹੈ , ਜਿਵੇਂ :

                  ( 1 )         ਜੋਗਣੀਆਂ ਰਤ ਪੀਵਣ ਆਈਆਂ ਸੀਸ ਸਿਰਾਂ ਤੇ ਨਾਹੀਂ ।                                                         – – ( ਦਮੋਦਰ , ‘ ਹੀਰ’ )

                  ( 2 )         ਅੰਬਰ ਪਾੜ ਨਿਕੱਥੀਆਂ ਹੂਰਾਂ ਜਤ ਸਿਆਲੀਂ ਪਰੀਆਂ ।                                       – – ( ਦਮੋਦਰ , ‘ ਹੀਰ’ )

  ( 6 )       ਵੀਭਤਸ ਰਸ

                  ਇਸ ਦੀ ਉਪਜ ਘ੍ਰਿਣਾ ਤੋਂ ਹੁੰਦੀ ਹੈ । ਕਿਸੇ ਚੀਜ਼ ਦਾ ਚਿੱਤਰ ਇਸ ਤਰ੍ਹਾਂ ਖਿਚਣਾ ਕਿ ਇਸ ਤੋਂ ਘ੍ਰਿਣਾ ਉਪਜੇ । ਪੁਰਾਣੇ ਸਾਹਿੱਤ ਵਿਚ ਜੰਗ ਵਿਚ ਮੁਰਦਿਆਂ ਦੇ ਢੇਰ ਤੋਂ ਉਪਜੀ ਸੜ੍ਹਾਂਦ ਦਾ ਜ਼ਿਕਰ ਮਿਲਦਾ ਹੈ । ਕਰਤਾਰ ਸਿੰਘ ਦੁੱਗਲ ਨੇ ਆਪਣੇ ਨਾਵਲ ‘ ਆਂਦਰਾਂ’ ਵਿਚ ਢੇਰੋ ਪਾਤਰ ਦਾ ਜੋ ਚਿੱਤਰ ਖਿਚਿਆ ਹੈ , ਉਹ ਵੀਭਤਸ ਰਸ ਦੀ ਬਹੁਤ ਸਫ਼ਲ ਮਿਸਾਲ ਹੈ । ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ ਕੀੜੇ’ ਵਿਚ ਵੀ ਇਹੀ ਰਸ ਪ੍ਰਧਾਨ ਹੈ :

                                    ਜਗਦੀ ਜੋਤ ਸੀ ਤਾਂ ਚਹੁੰ ਪਾਸੀਂ ਔਂਦੇ ਸੀ ਭੰਬਟ                                                   

                                    ਅੱਜ ਮੁਰਦਾ ਮਾਸ ਏ , ਚਹੁੰ ਪਾਸੀਂ ਕੀੜਿਆਂ ਦਾ ਝੁਰਮਟ

                                    ਜਦ ਛਲਕ ਆਏ ਜੋਬਨ , ਤੇ ਟੁਟ ਜਾਣ ਬੀੜੇ

                                    ਕਿਸੇ ਚਿਟੇ ਲਹੂ ਨੂੰ ਕਿਸੇ ਰੱਤੇ ਲਹੂ ਨੂੰ , ਚਮੁੱਟ ਜਾਣ ਕੀੜੇ ।

                                    ਇਹ ਲਹੂਆਂ ਨੂੰ ਘੋਲਦੇ , ਤੇ ਮਿੱਟੀ ਨੂੰ ਘਚੋਲਦੇ

                                    ਹੱਥਾਂ ਵਿਚ ਰੋਲਦੇ , ਪੈਰਾਂ ਵਿਚ ਰੋਲਦੇ

                                    ਚੁੰਝਾਂ ਨਾਲ ਫੋਲਦੇ , ਨਹੁੰਆਂ ’ ਚ ਫਰੋਲਦੇ

                                    ਅੰਗਾਂ ਵਿਚ ਪਾਲਦੇ , ਮੂੰਹਾਂ ਵਿਚ ਪਪੋਲਦੇ ।

                                    ਛੋੜਦੇ , ਨਹੀਂ ਛੋੜਦੇ , ਰੱਤਾਂ ਨੂੰ ਨਚੋੜਦੇ ।

                                    ਮਾਸਾਂ ਨੂੰ ਮਰੁੰਡਦੇ , ਹੱਡਾਂ ਨੂੰ ਤਰੁੰਡਦੇ ।

                                    ਚਮੜੀ ਨੂੰ ਨੋਚਦੇ , ਆਂਦਰਾਂ ਖਰੋਚਦੇ ।

                                    ਹਟਦੇ , ਨਹੀਂ ਹਟਦੇ , ਕੁਝ ਜੀਊਂਦਿਆਂ ਚਮੁਟਦੇ

                                    ਕੁਝ ਵੱਡੇ ਕੁਝ ਛੋਟੇ

                                    ਕੁਝ ਕਾਲੇ ਮੂਹ ਵਾਲੇ , ਕੁਝ ਚਿੱਟੇ ਮੂੰਹ ਵਾਲੇ ।

                                    ਲਹੂ ਲਹੂ ਪੀਂਦੇ , ਮਾਸ ਨੂੰ ਧਰੂੰਦੇ

                                    ਮਿੱਟੀ ਨੂੰ ਖਾਂਦੇ , ਮਿੱਟੀ ’ ਚੋਂ ਸੂੰਦੇ ।

  ( 7 )       ਭਿਆਨਕ ਰਸ

                  ਭੈ ਇਸ ਦਾ ਸਥਾਈ ਹੈ । ਡਰਾਉਣੇ ਦ੍ਰਿਸ਼ ਬਿਆਨ ਕਰਕੇ ਕਵੀ ਡਰ ਦੀ ਸਥਿਤੀ ਪੈਦਾ ਕਰਦਾ ਹੈ । ਪੁਰਾਣੀਆਂ ਜਿੰਨਾਂ ਭੂਤਾਂ ਦੀਆਂ ਕਹਾਣੀਆਂ ਵਿਚ ਇਹ ਰੰਗ ਆਮ ਮਿਲਦਾ ਹੈ । ਇਸੇ ਤਰ੍ਹਾਂ ਜੰਗ ਵਿਚ ਲੜਾਈ ਦਾ ਹੂ– ਬਹੂ ਚਿੱਤਰ ਵੀ ਭਿਆਨਕ ਰਸ ਪੈਦਾ ਕਰਦਾ ਹੈ , ਜਿਵੇਂ :

                                    ਜਿਵੇਂ ਟਿੰਡਾਂ ਲਾਹ ਕੁਭਾਰਾਂ ਧਰੀਆਂ ਚੱਕ ਤੋਂ ,

                                    ਤਿਵੇਂ ਸਿਰੀਆਂ ਬੇਸ਼ੁਮਾਰਾਂ ਘੱਟੇ ਰੁਲਦੀਆਂ ।                                                                               – – ( ਨਜਾਬਤ )

                  ਇਮਾਸ ਬਖ਼ਸ਼ ਨੇ ਇਕ ਦੇਹ ਦੀ ਜੋ ਤਸਵੀਰ ਖਿੱਚੀ ਹੈ , ਉਸ ਵਿਚ ਅਤਿ ਦਾ ਭਿਆਨਕ ਰਸ ਹੈ :

                                    ਵੱਡੀ ਪਹਾੜ ਜਿਹੀ ਉਹ ਆਫ਼ਤ , ਸ਼ਕਲ ਡਰਾਉਣ ਵਾਲੀ ।

                                    ਯਾ ਉਹ ਆਣ ਇਕੱਠੀ ਹੋਈ , ਰਾਤ ਹਨੇਰੀ ਕਾਲੀ ।

                                    ਸਿਰ ਉਸਦੇ ਦੋ ਸਿੰਗ ਉਤਾਹਾਂ , ਵਾਂਗ ਦਰਖ਼ਤ ਖਜੂਰਾਂ ।

                                    ਕੋਹਲੂ ਜੇਡੀਆਂ ਮੂੰਹ ਦੇ ਉੱਤੇ , ਨਾਸਾਂ ਵਾਂਗ ਤਨੂਰਾਂ ।

                                    ਦੋਵੇਂ ਹੋਠ ਲਬਾਂ ਦੇ ਢਹਿੰਦੇ , ਇਕ ਨੂੰ ਇਕ ਜ਼ਿਆਦਾ ।

                                    ਹੋਠਾਂ ਦੇ ਵਿਚ ਵਾਤ ਮੂੰਹ ਦਾ , ਖੁਲ੍ਹਾ ਖੂਹ ਕੁਸ਼ਾਦਾ ।

  ( 8 )       ਹਾਸ ਰਸ

                  ਹਾਸ ਰਸ ਕੇਵਲ ਮੋਟਾ ਠੁਲ੍ਹਾ ਹਾਸਾ ਨਹੀਂ । ਇਸ ਵਿਚ ਖਿੜ ਖਿੜਾ ਕੇ ਖੁਲ੍ਹੇ ਹਾਸੇ ਨਾਲ ਬੁੱਲ੍ਹਾਂ ਵਿਚਕਾਰ ਰਹਿਣ ਵਾਲੀ ਮੁਸਕਰਾਹਟ ਵੀ ਸ਼ਾਮਲ ਹੈ । ਇਸ ਤਰ੍ਹਾਂ ਜ਼ੋਰ ਦਾ ਹਾਸਾ , ਵਿਅੰਗ , ਚੋਟ ਤੇ ਹਾਜ਼ਰ– ਜਵਾਬੀ ( ਜ਼ਰਾਫ਼ਤ ) ਸਭ ਹਾਸ ਰਸ ਵਿਚ ਸ਼ਾਮਲ ਹਨ ।

                  ਸੰਸਕ੍ਰਿਤ ਸਾਹਿੱਤ ਵਿਚ ਇਸ ਨੂੰ ਨੌਂ ਰਸਾਂ ਵਿਚ ਜ਼ਰੂਰ ਸ਼ਾਮਲ ਕੀਤਾ ਗਿਆ ਹੈ , ਪਰ ਇਸ ਨੂੰ ਕੋਈ ਉੱਚੀ ਥਾਂ ਪ੍ਰਾਪਤ ਨਹੀਂ । ਪੰਜਾਬੀ ਵਿਚ ਉਸ ਨੂੰ ਸਦਾ ਚੰਗੇ ਰਸਾਂ ਵਿਚ ਗਿਣਿਆ ਗਿਆ ਹੈ । ਹਾਸੇ ਮਖ਼ੌਲ ਨਾਲ ਦੂਜੇ ਨੂੰ ਉਸ ਦੇ ਐਬਾਂ ਤੋਂ ਜਾਣੂੰ ਕਰਾਉਣਾ ਤੇ ਫਿਰ ਸਿੱਧੇ ਰਾਹੇ ਪਾਣਾ , ਹਾਰ ਰਸ ਦਾ ਵੱਡਾ ਨਿਸ਼ਾਨਾ ਹੈ । ਚਰਨ ਸਿੰਘ ਸ਼ਹੀਦ ਦੀਆਂ ‘ ਬਾਦਸ਼ਾਹੀਆਂ’ ਜਾਂ ਈਸ਼ਰ ਸਿੰਘ ਈਸ਼ਰ ਦੀਆਂ ‘ ਭਾਈਆਂ’ ਨਾਂ ਹੇਠ ਕਵਿਤਾਵਾਂ ਪੰਜਾਬੀ ਹਾਸ ਰਸ ਦੀਆਂ ਮਿਸਾਲਾਂ ਹਨ । ਅਣ ਬਣਦੀ ਗੱਲ , ਨਾ ਫਬਦਾ ਲਿਬਾਸ , ਵਿਚਿਤ੍ਰ ਹਾਵ– ਭਾਵ ਆਦਿ ਸਭ ਹਾਸ ਰਸ ਨੂੰ ਪੈਦਾ ਕਰਨ ਵਿਚ ਸਹਾਈ ਹਨ , ਜਿਵੇਂ “ ਉਨ੍ਹਾਂ ਦੇ ਨੱਕ ਫੀਨੇ ਤੇ ਸਿਰ ਤਾਵੜੇ ਢਿਡ ਢੋਲ ਢਮੱਕੇ , ਉਹ ਹਿਕਾ ਨਾਰ ਵਸਾਂਵਦੇ ਦਾਹ ਭਾਈ ਸਕੇ” ( ਨਜਾਬਤ )

  ( 9 )       ਸ਼ਾਂਤ ਰਸ

                  ਸ਼ਾਂਤ ਰਸ ਦਾ ਸੰਬੰਧ ਹਿਰਦੇ ਦੀ ਸ਼ਾਂਤੀ ਨਾਲ ਹੈ । ਵੈਰਾਗ ਇਸ ਦਾ ਸਥਾਈ ਭਾਵ ਹੈ । ਸੰਸਾਰ ਨੂੰ ਮਿਥਿਆ ਮੰਨਕੇ ਇਸ ਦਾ ਮੋਹ ਨਾ ਕਰਨਾ ਵੀ ਇਕ ਤਰ੍ਹਾਂ ਮਨ ਵਿਚ ਸ਼ਾਂਤੀ ਪੈਦਾ ਕਰਨ ਵਿਚ ਸਹਾਈ ਹੁੰਦਾ ਹੈ । ਸਵੇਰ ਦਾ ਸੁਹਾਵਣਾ ਸਮਾਂ ਤੇ ਹਰ ਪਾਸੇ ਦੀ ਚੁਪ– ਚਾਂ ਵੀ ਸ਼ਾਂਤੀ ਪੈਦਾ ਕਰਦੀ ਹੈ । ਕਈ ਵਿਦਵਾਨਾਂ ਅਨੁਸਾਰ ਇਹ ਕੋਈ ਵੱਖਰਾ ਰਸ ਨਹੀਂ ਸਗੋਂ ਪਲਾਇਨਵਾਦ ਦਾ ਹੀ ਦੂਜਾ ਨਾਂ ਹੈ । ਸੰਸਾਰ ਤੋਂ ਉਪਰਾਮਤਾ ਦੀ ਇਸ ਦਾ ਵੱਡਾ ਪ੍ਰਗਟਾ ਹੈ ਪਰ ਗੁਰਬਾਣੀ ਵਿਚ ਆਏ ਸ਼ਾਂਤ ਰਸ ਦੀ ਵਧੇਰੇ ਉਪਜ ਪ੍ਰੇਮਾ– ਭਗਤੀ ਵਿਚੋਂ ਹੋਈ ਜਿਸ ਨੂੰ ਪ੍ਰੇਮ ਵਿਚ ਸ਼ਾਮਲ ਕਰ ਸਕਦੇ ਹਾਂ , ਨਾ ਕਿ ਪਲਾਇਨਵਾਦ ਵਿਚ , ਜਿਵੇਂ :

                  ( 1 )         ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ।

                                    ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰੁ ।      

                                    ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ।                                                                                 – – ( ‘ ਜਪੁਜੀ’ )

          ( 2 )     ਆਦੇਸੁ ਤਿਸੈ ਆਦੇਸੁ ।

                                    ਆਦਿ ਅਨੀਲੁ ਅਨਾਦੁ ਅਨਾਹਤਿ ਜੁਗੁ ਜੁਗੁ ਏਕੋ ਵੇਸੁ ।

                  ਗੁਰੂ ਅਮਰਦਾਸ ਰਚਿਤ ‘ ਅਨੰਦੁ ਸਾਹਿਬ’ ਸਾਰਾ ਹੀ ਸ਼ਾਂਤ ਰਸ ਨਾਲ ਭਰਿਆ ਹੋਇਆ ਹੈ ।

                  ਨਵੀਨ ਕਾਵਿ ਵਿਚ ਭਾਈ ਵੀਰ ਸਿੰਘ ਦੀ ਰਚਨਾ ਅੰਦਰ ਸ਼ਾਂਤ ਰਸ ਬਹੁਤ ਥਾਂਵਾਂ ਪੁਰ ਮਿਲਦਾ ਹੈ ਜਿਵੇਂ :

                                    ਇਕ ਕਿਸ਼ਤੀ ਵਿਚ ਦੁਇ ਇਕ ਹੋਏ ,

                                    ਬੇ ਖੁਦੀਆਂ ਦੀ ਗੋਦੀ ਸੋਏ ,

                                    ਲਿਵ ਦੀ ਸਾਂਝੀ ਤਾਰ ਪਰੋਏ ,

                                    ਰੰਗ ਰੱਤੇ ਰਸ ਰੰਗ ਸਮੋਏ ।

                                    ਮਸਤੀਆਂ ਕੁਛੜ ਚੁੱਕ ,

                                    ਅਰਸ਼ੀਂ ਲੈ ਗਈਆਂ

                                    ਸ਼ਾਮਾਂ ਪੈ ਗਈਆਂ

                                    ਲਹਿਰਾਂ ਸੈਂ ਗਈਆਂ ,

                                    ਪਾਣੀ ਸੀਨੇ ਲੱਗ

                                    ਲਹਿਰਾਂ ਸੈਂ ਗਈਆਂ ।

                  ਇਹ ਨੌ ਰਸ ਪੁਰਾਤਨ ਸਾਹਿੱਤ ਵਿਚ ਪ੍ਰਮਾਣਿਕ ਰੂਪ ਵਿਚ ਮੰਨੇ ਗਏ ਹਨ , ਪਰ ਅੱਜ ਵਿਦਵਾਨ ‘ ਵਾਤਸਲ ਰਸ’ ( ਦੇਖੋ ) ਭਗਤੀ ਰਸ , ( ਦੇਸ਼ ) ਭਗਤੀ ਰਸ ਤੇ ਬੌਧਿਕ ਰਸ ਆਦਿ ਵੀ ਨਵੇਂ ਵਾਧੇ ਦੇ ਰੂਪ ਵਿਚ ਮੰਨਦੇ ਹਨ ।

                  ਪ੍ਰੋ. ਪੂਰਨ ਸਿੰਘ ਦੀ ਕਵਿਤਾ ‘ ਮਾਂ’ ਵਾਤਸਲ ਰਸ ਦਾ ਚੰਗਾ ਨਮੂਨਾ ਹੈ । ਬਹੁਤ ਸਾਰੀ ਗੁਰਬਾਣੀ ਤੇ ਹੋਰ ਭਗਤੀ– ਕਾਵਿ ਭਗਤੀ ਰਸ ਦਾ ਲਖਾਇਕ ਹੈ । ਸ਼ਾਹ ਮੁਹੰਮਦ , ਭਾਈ ਵੀਰ ਸਿੰਘ , ਧਨੀ ਰਾਮ ਚਾਤ੍ਰਿਕ , ਕਿਰਪਾ ਸਾਗਰ , ਮੁਸਾਫ਼ਿਰ , ਸ਼ਰਫ਼ ਤੇ ਹੋਰ ਬਹੁਤ ਸਾਰੇ ਨਵੇਂ ਕਵੀਆਂ ਦੀਆਂ ਰਚਨਾਵਾਂ ਵਿਚ ( ਦੇਸ਼ ) ਭਗਤੀ ਰਸ ਦਾ ਵੱਡਾ ਹਿੱਸਾ ਹੈ । ਪ੍ਰੀਤਮ ਸਿੰਘ ਸਫ਼ੀਰ ਦੀ ਕਵਿਤਾ ਵਿਚ ਬੌਧਿਕ ਰਸ ਪ੍ਰਧਾਨ ਹੈ ।

                  [ ਸਹਾ. ਗ੍ਰੰਥ– – ਮ. ਕੋ.; ਡਾ. ਪ੍ਰੇਮ ਪ੍ਰਕਾਸ਼ ਸਿੰਘ : ‘ ਭਾਰਤੀ ਕਾਵਿ ਸ਼ਾਸਤ੍ਰ’ ; ਡਾ. ਗੁਰਸ਼ਰਨ ਕੌਰ ਜੱਗੀ : ‘ ਭਾਰਤੀ ਕਾਵਿ ਸ਼ਾਸਤ੍ਰ : ਸਰੂਪ ਅਤੇ ਸਿਧਾਂਤ’ ; ਡਾ. ਰਾਜ ਕਿਸ਼ੋਰ ਸਿੰਘ : ‘ ਭਾਰਤੀਯ ਕਾਵੑਯ ਸ਼ਾਸਤ੍ਰ ਕੇ ਸਿਧਾਂਤ’ ]          


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.