ਰਾਜਤਰੰਗਿਣੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਾਜਤਰੰਗਿਣੀ : ਰਾਜਤਰੰਗਿਣੀ ਇੱਕ ਅਜਿਹੀ ਇਤਿਹਾਸਿਕ ਮਹਾਂਕਾਵਿ-ਪਰੰਪਰਾ ਹੈ ਜਿਸ ਵਿੱਚ ਕਸ਼ਮੀਰ ਦੇ ਰਾਜਿਆਂ ਦੇ ਅਨੇਕ ਵੰਸ਼ਾਂ ਦਾ ਇਤਿਹਾਸ ਸੰਸਕ੍ਰਿਤ ਕਾਵਿ-ਰੂਪ ਵਿੱਚ ਲਿਖਿਆ ਹੋਇਆ ਹੈ । ਸਮੁੰਦਰ ਦੀਆਂ ਤਰੰਗਾਂ ਦਾ ਆਉਣਾ ਅਤੇ ਜਾਣਾ ਕਦੇ ਵੀ ਸਮਾਪਤ ਨਹੀਂ ਹੁੰਦਾ । ਰਾਜਿਆਂ ਦਾ ਆਉਣਾ-ਜਾਣਾ ਵੀ ਸਮੁੰਦਰ ਦੀਆਂ ਤਰੰਗਾਂ ਦੀ ਤਰ੍ਹਾਂ ਚੱਲਦਾ ਰਹਿੰਦਾ ਹੈ । ਤਰੰਗਾਂ ਵਾਂਗ ਆਉਣ ਅਤੇ ਜਾਣ ਵਾਲੇ ਇਹਨਾਂ ਰਾਜਿਆਂ ਦਾ ਵਰਣਨ ਹੋਣ ਕਾਰਨ ਇਸ ਮਹਾਂਕਾਵਿ ਪਰੰਪਰਾ ਦਾ ਨਾਂ ਰਾਜਤਰੰਗਿਣੀ ਰੱਖਿਆ ਗਿਆ । ਤਰੰਗਿਣੀ ਨਦੀ ਨੂੰ ਵੀ ਆਖਦੇ ਹਨ । ਰਾਜੇ ਵੀ ਸਮੇਂ ਦੀ ਨਦੀ ਵਿੱਚ ਪਾਣੀ ਵਾਂਗ ਆਉਂਦੇ-ਜਾਂਦੇ ਰਹਿੰਦੇ ਹਨ । ਰਣਜੀਤ ਸੀਤਾਰਾਮ ਪੰਡਤ ਨੇ ਰਾਜਤਰੰਗਿਣੀ ਦੇ ਅੰਗਰੇਜ਼ੀ ਅਨੁਵਾਦ ਦਾ ਨਾਂ ਰੀਵਰ ਆਫ਼ ਕਿੰਗਜ਼ ਰੱਖਿਆ ਹੈ । ਇਸ ਮਹਾਂਕਾਵਿ ਪਰੰਪਰਾ ਵਿੱਚ ਕਸ਼ਮੀਰ ਦੇ ਰਾਜਿਆਂ ਦਾ 1588 ਤੱਕ ਦਾ ਇਤਿਹਾਸ ਲਿਖਿਆ ਹੋਇਆ ਹੈ । ਰਾਜਤਰੰਗਿਣੀ ਨਾਂ ਇੱਕ ਹੈ ਪਰ ਇਸ ਦੇ ਲੇਖਕ ਚਾਰ ਹਨ । 1149 ਤੱਕ ਦਾ ਕਸ਼ਮੀਰ ਦੇ ਰਾਜਿਆਂ ਦਾ ਇਤਿਹਾਸ ਕਲਹਣ ਦੀ ਰਾਜਤਰੰਗਿਣੀ ਵਿੱਚ ਮਿਲਦਾ ਹੈ । ਉਸ ਤੋਂ ਬਾਅਦ ਜੋਨਰਾਜ ਨੇ 1149 ਤੋਂ 1339 ਤੱਕ ਦੇ ਕਸ਼ਮੀਰ ਦੇ ਹਿੰਦੂ ਰਾਜਿਆਂ ਦਾ ਅਤੇ 1339 ਤੋਂ 1459 ਤੱਕ ਦੇ ਉੱਥੇ ਦੇ ਮੁਸਲਮਾਨ ਸੁਲਤਾਨਾ ਦਾ ਇਤਿਹਾਸ ਆਪਣੀ ਰਾਜਤਰੰਗਿਣੀ ਵਿੱਚ ਦਿੱਤਾ ਹੈ । ਸ਼੍ਰੀਵਰ ਨੇ ਆਪਣੀ ਰਾਜਤਰੰਗਿਣੀ ਵਿੱਚ 1459 ਤੋਂ 1486 ਤੱਕ ਦੇ ਕਾਲਖੰਡ ਦੇ ਸ਼ਾਸਕਾਂ ਦਾ ਇਤਿਹਾਸ ਲਿਖਿਆ ਹੈ । ਪ੍ਰਾਜਯ ਭੱਟ ਨੇ ਆਪਣੀ ਰਾਜਤਰੰਗਿਣੀ ਵਿੱਚ 1486 ਤੋਂ 1513 ਤੱਕ ਦਾ ਇਤਿਹਾਸ ਲਿਖਿਆ ਸੀ । ਇਹ ਪੁਸਤਕ ਉਪਲਬਧ ਨਹੀਂ ਹੈ । ਉਸ ਤੋਂ ਬਾਅਦ ਸ਼ੁਕ ਨੇ 1588 ਤੱਕ ਦੇ ਕਸ਼ਮੀਰ ਦੇ ਰਾਜਿਆਂ ਦੇ ਇਤਿਹਾਸ ਦਾ ਵਰਣਨ ਆਪਣੀ ਰਾਜਤਰੰਗਿਣੀ ਵਿੱਚ ਕੀਤਾ ਹੈ । ਇਸ ਤਰ੍ਹਾਂ ਰਾਜਤਰੰਗਿਣੀ ਕਿਸੀ ਇੱਕ ਲੇਖਕ ਦੁਆਰਾ ਇੱਕ ਟਾਈਮ ਤੇ ਲਿਖਿਆ ਹੋਇਆ ਇੱਕ ਮਹਾਂ-ਕਾਵਿ ਨਾ ਹੋ ਕੇ ਕਲਹਣ , ਜੋਨਰਾਜ , ਸ਼੍ਰੀਵਰ ਅਤੇ ਸ਼ੁਕ ਇਹਨਾਂ ਚਾਰ ਲੇਖਕਾਂ ਦੁਆਰਾ ਸੰਸਕ੍ਰਿਤ ਭਾਸ਼ਾ ਵਿੱਚ ਰਚਿਤ ਇਤਿਹਾਸਿਕ ਮਹਾਂਕਾਵਿ-ਪਰੰਪਰਾ ਹੈ । ਪਹਿਲੇ ਲੇਖਕ ਨੇ ਜਿੱਥੇ ਆਪਣੇ ਮਹਾਂਕਾਵਿ ਨੂੰ ਵਿਰਾਮ ਦਿੱਤਾ ਅਗਲੇ ਲੇਖਕ ਨੇ ਉਸ ਮਿਤੀ ਤੋਂ ਅਗੇ ਦਾ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ ।

        ਰਾਜਤਰੰਗਿਣੀ ( ਕਲਹਣ ) : ਕਲਹਣ ਨੇ ਰਾਜ ਤਰੰਗਿਣੀ ਦੀ ਰਚਨਾ 1148 ਵਿੱਚ ਸ਼ੁਰੂ ਕਰ ਕੇ 1149 ਦੇ ਅੰਤ ਜਾਂ 1150 ਦੇ ਸ਼ੁਰੂ ਵਿੱਚ ਸਮਾਪਤ ਕਰ ਦਿੱਤੀ ਸੀ । ਇਸ ਇਤਿਹਾਸਿਕ ਮਹਾਂਕਾਵਿ ਦੀ ਰਚਨਾ ਅੱਠ ਤਰੰਗਾਂ ਵਿੱਚ ਹੋਈ ਹੈ । ਪਹਿਲੀ ਤਰੰਗ ਦੇ ਸ਼ੁਰੂ ਵਿੱਚ ਕਵੀ ਮੰਗਲਾਚਰਨ , ਇਤਿਹਾਸ ਲੇਖਨ ਦੀ ਜ਼ਰੂਰਤ ਅਤੇ ਕਸ਼ਮੀਰ ਦੀ ਭੂਗੋਲਿਕ ਸੁੰਦਰਤਾ ਦਾ ਵਰਣਨ ਕਰਨ ਤੋਂ ਬਾਅਦ ਇਤਿਹਾਸ ਦਾ ਵਰਣਨ ਸ਼ੁਰੂ ਕਰਦਾ ਹੈ । ਰਾਜਤਰੰਗਿਣੀ ਦੇ ਅਨੁਸਾਰ ਜਦੋਂ ਕੌਰਵ ਅਤੇ ਪਾਂਡਵ ਹੋਏ ਉਸ ਸਮੇਂ ਕਲਿਯੁਗ ਦੇ 653 ਸਾਲ ਬੀਤ ਚੁੱਕੇ ਸਨ ( ਕਲਹਣ ਰਾਜਤਰੰਗਿਣੀ , 1/51 ) । ਰਾਜਤਰੰਗਿਣੀ ਦਾ ਇਤਿਹਾਸ ਗੋਨੰਦ ਪ੍ਰਥਮ ਤੋਂ ਸ਼ੁਰੂ ਹੁੰਦਾ ਹੈ । ਗੋਨੰਦ ਤਰਿਤੀਯ ਕੌਰਵਾਂ ਅਤੇ ਪਾਂਡਵਾਂ ਦਾ ਸਮਕਾਲੀ ਸੀ ( ਕ. ਰਾ. ਤ. , 1/44 ) । ਕਲਹਣ ਲਿਖਦਾ ਹੈ ਕਿ ਉਸ ਤੋਂ ਪਹਿਲਾਂ ਕਸ਼ਮੀਰ ਵਿੱਚ 52 ਰਾਜੇ ਹੋਏ ਜਿਨ੍ਹਾਂ ਦਾ ਇਤਿਹਾਸ ਲੁਪਤ ਹੈ ।

        ਕਲਹਣ ਨੇ ਪਹਿਲੀ ਤਰੰਗ ਵਿੱਚ ਗੋਨੰਦ ਤਰਿਤੀਯ ਤੋਂ ਲੈ ਕੇ ਯੁਧਿਸ਼ਠਰ ਤੱਕ ਇੱਕ੍ਹੀ ਰਾਜਿਆਂ ਦਾ ਇਤਿਹਾਸ ਸੰਖੇਪ ਵਿੱਚ ਦਿੱਤਾ ਹੈ । ਦੂਜੀ ਤਰੰਗ ਵਿੱਚ ਪ੍ਰਤਾਪਾਦਿਤਯ ਤੋਂ ਲੈ ਕੇ ਸੰਧੀਮਤੀ ( ਆਰਿਯ ਰਾਜ ) ਤੱਕ ਦੇ ਛੇ ਰਾਜਿਆਂ ਦਾ ਇਤਿਹਾਸ ਹੈ । ਤੀਜੀ ਤਰੰਗ ਵਿੱਚ ਮੇਘਵਾਹਨ ਤੋਂ ਲੈ ਕੇ ਬਾਲਾਦਿਤਯ ਤੱਕ ਦਸ ਰਾਜਿਆਂ ਦੇ ਇਤਿਹਾਸ ਦਾ ਵਰਣਨ ਹੈ । ਚੌਥੀ ਤਰੰਗ ਵਿੱਚ ਦੁਰਲਭ ਵਰਧਨ ਤੋਂ ਲੈ ਕੇ ਉਤਪਲਾਪੀੜ ਤੱਕ ਦੇ ਸਤਾਰ੍ਹਾਂ ਰਾਜਿਆਂ ਦਾ ਇਤਿਹਾਸ ਹੈ । ਪੰਜਵੀਂ ਤਰੰਗ ਵਿੱਚ ਅਵੰਤੀ ਵਰਮਾ ਤੋਂ ਲੈ ਕੇ ਸ਼ੂਰਵਰਮਾ ( ਦਵਿਤੀਯ ) ਤੱਕ ਪੰਦਰ੍ਹਾਂ ਰਾਜਿਆਂ ਦੇ ਇਤਿਹਾਸ ਦਾ ਵਰਣਨ ਹੈ । ਛੇਵੀਂ ਤਰੰਗ ਵਿੱਚ ਯਸ਼ਸਕਰਦੇਵ ਤੋਂ ਲੈ ਕੇ ਦੀਦਾ ਤੱਕ ਦਸ ਸ਼ਾਸਕਾਂ ਦਾ ਇਤਿਹਾਸ ਹੈ । ਸੱਤਵੀਂ ਤਰੰਗ ਵਿੱਚ ਸੰਗ੍ਰਾਮ ਰਾਜ ਤੋਂ ਲੈ ਕੇ ਹਰਸ਼ ਤੱਕ ਛੇ ਰਾਜਿਆਂ ਦੇ ਇਤਿਹਾਸ ਦਾ ਵਰਣਨ ਹੈ । ਅੱਠਵੀਂ ਤਰੰਗ ਵਿੱਚ ਉੱਚਲ ਤੋਂ ਲੈ ਕੇ ਜੈ ਸਿੰਘ ਤੱਕ ਕਸ਼ਮੀਰ ਦੇ ਰਾਜਿਆਂ ਦੇ ਇਤਿਹਾਸ ਦਾ ਵਰਣਨ ਹੈ ।

        ਸ਼ਰੂ ਦੀਆਂ ਤਰੰਗਾਂ ਦਾ ਵਰਣਨ ਅਸਪਸ਼ਟ ਹੈ । ਕਲਹਣ ਨੇ ਪ੍ਰੇਮ-ਕਥਾਵਾਂ , ਅਸੰਭਵ ਮਿਤੀਆਂ ਦਾ ਅਤੇ ਪੌਰਾਣਿਕ ਨਾਮਾਂ ਦਾ ਵਰਣਨ ਕੀਤਾ ਹੈ । ਧਾਰਮਿਕ ਹੋਣ ਕਰ ਕੇ ਕਲਹਣ ਨੂੰ ਪੁਰਾਣਾਂ ਵਿੱਚ ਅਤੇ ਪੌਰਾਣਿਕ- ਗਾਥਾਵਾਂ ਵਿੱਚ ਗਹਿਰਾ ਵਿਸ਼ਵਾਸ ਸੀ । ਉਸ ਨੇ ਇਹਨਾਂ ਪੌਰਾਣਿਕ-ਗਾਥਾਵਾਂ ਨੂੰ ਆਧਾਰ ਬਣਾ ਕੇ ਇਤਿਹਾਸ ਦਾ ਰੂਪ ਦਿੱਤਾ ਹੈ । ਚੌਥੀ ਤਰੰਗ ਦੇ ਅੱਧੇ ਹਿੱਸੇ ਤੱਕ ਇਤਿਹਾਸ ਦਾ ਵਰਣਨ ਸਪਸ਼ਟ ਨਹੀਂ ਹੈ । ਚੌਥੀ ਤਰੰਗ ਵਿੱਚ ਵਰਣਿਤ 11ਵੇਂ ਰਾਜਾ ਜਯਾਪੀੜ ਤੋਂ ਕਲਹਣ ਦਾ ਇਤਿਹਾਸ ਵਰਣਨ ਵਿਵਸਥਿਤ ਹੋਣਾ ਸ਼ੁਰੂ ਹੁੰਦਾ ਹੈ । ਇਸ ਤੋਂ ਪਹਿਲਾਂ ਦੀ ਸਮਗਰੀ ਪਰੰਪਰਾ ਅਤੇ ਜਨਸ਼ਰੁਤੀਆਂ ਤੇ ਆਧਾਰਿਤ ਹੈ । ਪੰਜਵੀਂ ਤਰੰਗ ਤੋਂ ਕਲਹਣ ਕਾਲ-ਗਣਨਾ ਦੇ ਨਾਲ ਘਟਨਾਵਾਂ ਦਾ ਵਰਣਨ ਕਰਨਾ ਸ਼ੁਰੂ ਕਰਦਾ ਹੈ । ਛੇਵੀਂ ਤਰੰਗ ਦੇ ਦੂਜੇ ਅੱਧ ਤੋਂ ਕਲਹਣ ਦੀ ਕਲਾ-ਗਣਨਾ ਠੀਕ ਹੋਣ ਲੱਗਦੀ ਹੈ । ਉਹ ਰਾਜਿਆਂ ਦੇ ਅਭਿਸ਼ੇਕ , ਮ੍ਰਿਤੂ ਆਦਿ ਦੀ ਮਿਤੀਆਂ ਦੇਣ ਲੱਗਦਾ ਹੈ । ਕਾਲ-ਗਣਨਾ ਲਈ ਕਲਹਣ ਨੇ ਲੌਕਿਕ ਸੰਮਤ ( ਕਸ਼ਮੀਰ ਸੰਮਤ ) ਦਾ ਪ੍ਰਯੋਗ ਕੀਤਾ ਹੈ । ਲੌਕਿਕ ਸੰਮਤ ਅਤੇ ਈਸਵੀ ਸੰਨ ਵਿੱਚ 3076 ਵਰ੍ਹਿਆਂ ਦਾ ਅੰਤਰ ਹੈ । ਉਦਾਹਰਨ ਦੇ ਰੂਪ ਵਿੱਚ ਰਾਜਾ ਅਵੰਤੀਵਰਮਾ ਦੀ ਮ੍ਰਿਤੂ ਲੌਕਿਕ ਸੰਮਤ 3959 ਵਿੱਚ ਹੋਈ ਸੀ ( ਕ.ਰਾ.ਤ. , 5/126 ) । ਇਹ ਈਸਵੀ ਸੰਨ 883 ਬਣਦਾ ਹੈ । ਸੱਤਵੀਂ ਅਤੇ ਅੱਠਵੀਂ ਤਰੰਗ ਦੀ ਕਾਲ-ਗਣਨਾ ਪੂਰੀ ਤਰ੍ਹਾਂ ਠੀਕ ਹੈ । ਕਲਹਣ ਨੇ ਸੱਤਵੀਂ ਤਰੰਗ ਦੀ ਸਮਗਰੀ ਆਪਣੇ ਪਿਤਾ ਚੰਪਕ ਅਤੇ ਚਾਚਾ ਕਨਕ ਤੋਂ ਪ੍ਰਾਪਤ ਕੀਤੀ ਸੀ । ਇਹ ਦੋਨੋਂ ਉਸ ਸਮੇਂ ਦੀਆਂ ਘਟਨਾਵਾਂ ਦੇ ਪ੍ਰਤੱਖਦਰਸ਼ੀ ਸਨ । ਰਾਜਾ ਜੈ ਸਿੰਘ ਨੇ 1128 ਤੋਂ 1159 ਤੱਕ ਰਾਜ ਕੀਤਾ ਸੀ । ਕਲਹਣ ਨੇ ਰਾਜਾ ਜੈ ਸਿੰਘ ਦੇ 22 ਸਾਲਾਂ ਦੇ ਸ਼ਾਸਨ ਕਾਲ ਦੀਆਂ ਘਟਨਾਵਾਂ ਦਾ ਵਰਣਨ ਕਰ ਕੇ ਇਸ ਇਤਿਹਾਸਿਕ ਗ੍ਰੰਥ ਨੂੰ ਸਮਾਪਤ ਕਰ ਦਿੱਤਾ ਹੈ । ਇਹਨਾਂ 22 ਸਾਲਾਂ ਦੀਆਂ ਘਟਨਾਵਾਂ ਦਾ ਉਹ ਖ਼ੁਦ ਪ੍ਰਤੱਖਦਰਸ਼ੀ ਸੀ । ਇਹਨਾਂ ਘਟਨਾਵਾਂ ਦਾ ਉਸ ਨੇ ਬਹੁਤ ਹੀ ਵਿਸਤਾਰ ਨਾਲ ਵਰਣਨ ਕੀਤਾ ਹੈ । ਕਲਹਣ ਦੀ ਰਾਜਤਰੰਗਿਣੀ ਵਿੱਚ ਕੁੱਲ ਮਿਲਾ ਕੇ 7 , 819 ਸਲੋਕ ਹਨ । ਪਹਲੀ ਤਰੰਗ ਤੋਂ ਲੈ ਕੇ ਛੇਵੀਂ ਤਰੰਗ ਤੱਕ ਦੇ ਸਲੋਕਾਂ ਦੀ ਸੰਖਿਆ ਕ੍ਰਮਸ਼ : 373 , 171 , 530 , 720 , 483 , 368 ਹੈ । ਇਹਨਾਂ ਛੇ ਤਰੰਗਾਂ ਦੇ ਸਲੋਕਾਂ ਦੀ ਸੰਖਿਆ ਕੁੱਲ ਮਿਲਾ ਕੇ 2645 ਹੈ । ਸੱਤਵੀਂ ਤਰੰਗ ਦੀ ਰਚਨਾ 1732 ਸਲੋਕਾਂ ਵਿੱਚ ਹੋਈ ਹੈ ਕਿਉਂਕਿ ਇਸ ਤਰੰਗ ਵਿੱਚ ਵਰਣਿਤ ਘਟਨਾਵਾਂ ਦੇ ਬਾਰੇ ਕਵੀ ਨੂੰ ਆਪਣੇ ਪਿਤਾ ਅਤੇ ਚਾਚਾ ਤੋਂ ਵਿਸਤਾਰ ਨਾਲ ਜਾਣਕਾਰੀ ਮਿਲੀ ਸੀ । ਅੱਠਵੀਂ ਤਰੰਗ ਦੀ ਰਚਨਾ 3442 ਸਲੋਕਾਂ ਵਿੱਚ ਹੋਈ ਹੈ । ਇਹ ਆਕਾਰ ਸੱਤਵੀਂ ਤਰੰਗ ਦੇ ਆਕਾਰ ਤੋਂ ਲਗਪਗ ਦੁਗਣਾ ਹੈ । ਇਹ ਇਸ ਲਈ ਹੈ ਕਿ ਇਸ ਤਰੰਗ ਵਿੱਚ ਵਰਣਿਤ ਘਟਨਾਵਾਂ ਦੇ ਬਾਰੇ ਕਲਹਣ ਨੂੰ ਵਿਅਕਤੀਗਤ ਸਤਰ ਤੇ ਵਿਸਤਰਿਤ ਜਾਣਕਾਰੀ ਸੀ ।

        ਰਾਜਤਰੰਗਿਣੀ ( ਜੋਨਰਾਜ ) : ਕਲਹਣ ਦੀ ਰਾਜ ਤਰੰਗਿਣੀ ਜੈ ਸਿੰਘ ਦੇ ਰਾਜ ਦਾ 1149 ਤੱਕ ਦਾ ਵਰਣਨ ਕਰ ਕੇ ਸਮਾਪਤ ਹੋ ਜਾਂਦੀ ਹੈ । ਉਸ ਦੇ ਰਾਜ ਦੇ 1149 ਤੋਂ 1155 ਤੱਕ ਦੇ ਛੇ ਸਾਲਾਂ ਦੇ ਇਤਿਹਾਸ ਦਾ ਵਰਣਨ ਜੈਨਰਾਜ ਨੇ ਆਪਣੀ ਰਾਜਤਰੰਗਿਣੀ ਵਿੱਚ ਕੀਤਾ ਹੈ । ਜੈਨਰਾਜ ਨੇ ਲਿਖਿਆ ਹੈ ਕਿ ਉਸ ਨੇ ਜੈਨੁਲ ਆਬਦੀਨ ਦੇ ਸ਼ਾਸਨ ਕਾਲ ਵਿੱਚ ਇਸ ਗ੍ਰੰਥ ਦੀ ਰਚਨਾ ਕੀਤੀ ਸੀ ( ਜੋਨਰਾਜ ਰਾਜਤਰੰਗਿਣੀ , 7 ) । ਜੈਨੁਲ ਆਬਦੀਨ ਦਾ ਸ਼ਾਸਨ ਕਾਲ 1419 ਤੋਂ 1470 ਤੱਕ ਹੈ । ਸ਼੍ਰੀਵਰ ਦੀ ਰਾਜਤਰੰਗਿਣੀ ਦੇ ਅਨੁਸਾਰ ਜੋਨਰਾਜ ਦੀ ਮ੍ਰਿਤੂ 1459 ਵਿੱਚ ਹੋਈ ਸੀ । ਜੋਨਰਾਜ ਨੇ 1149 ਤੋਂ 1459 ਤੱਕ ਦੇ ਕਾਲ ਖੰਡ ਵਿੱਚ ਕਸ਼ਮੀਰ ਉੱਤੇ ਸ਼ਾਸਨ ਕਰਨ ਵਾਲੇ ਜੈ ਸਿੰਘ ਤੋਂ ਲੈ ਕੇ ਕੋਟਾ ਰਾਣੀ ਤੱਕ ਪੰਦ੍ਹਰਾਂ ਰਾਜਿਆਂ ਦੇ ਅਤੇ ਸ਼ਮਸ਼ੁੱਦੀਨ ( ਸ਼ਾਹਮੀਰ ) ਤੋਂ ਲੈ ਕੇ ਜੈਨੁਲ ਆਬਦੀਨ ਤੱਕ ਅੱਠ ਮੁਸਲਮਾਨ ਸੁਲਤਾਨਾਂ ਦੇ ਸ਼ਾਸਨ ਦਾ ਇਤਿਹਾਸ ਲਿਖਿਆ ਹੈ । ਸਿਕੰਦਰ ਬੁਤਸ਼ਿਕਨ ਦੇ ਰਾਜਗੱਦੀ ਸੰਭਾਲਣ ਦੇ ਸਮੇਂ ਪੈਦਾ ਹੋਣ ਵਾਲੇ ਜੋਨਰਾਜ ਨੇ ਸਿਕੰਦਰ , ਅਲੀਸ਼ਾਹ ਅਤੇ ਜੈਨੁਲ ਆਬਦੀਨ ਦੇ ਸ਼ਾਸਨ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ । ਉਸ ਨੇ ਕਸ਼ਮੀਰ ਦੇ ਹਿੰਦੂ ਰਾਜਿਆਂ ਦੇ ਪਤਨ ਅਤੇ ਮੁਸਲਿਮ ਰਾਜ ਦੀ ਉਤਪਤੀ ਅਤੇ ਸਥਾਪਨਾ ਦਾ ਵਿਸਤਰਿਤ ਅਤੇ ਇਤਿਹਾਸਿਕ ਦ੍ਰਿਸ਼ਟੀ ਨਾਲ ਮੰਨਣਯੋਗ ਵਰਣਨ ਕੀਤਾ ਹੈ । ਜੋਨਰਾਜ ਦੇ ਸਮੇਂ ਇਤਿਹਾਸ ਦੇ ਗ੍ਰੰਥ ਲੁਪਤ ਹੋ ਗਏ ਸਨ । ਸਿਕੰਦਰ ਬੁਤਸ਼ਿਕਨ ਨੇ ਭਾਰਤੀ ਗ੍ਰੰਥਾਂ ਨੂੰ ਹੋਲੀ ਜਲਾ ਕੇ ਜਾਂ ਪਾਣੀ ਵਿੱਚ ਵਹਾ ਕੇ ਸਮਾਪਤ ਕਰ ਦਿੱਤਾ ਸੀ । ਕਲਹਣ ਦੀ ਰਾਜਤਰੰਗਿਣੀ ਨਸ਼ਟ ਹੋਣ ਤੋਂ ਬਚ ਗਈ ਸੀ । ਜੋਨਰਾਜ ਦੇ ਸਮੇਂ ਹੀ ਜੈਨੁਲ ਆਬਦੀਨ ਦੇ ਕਲਹਣ ਦੀ ਰਾਜ ਤਰੰਗਿਣੀ ਦਾ ਫ਼ਾਰਸੀ ਵਿੱਚ ਅਨੁਵਾਦ ਕਰਨ ਦਾ ਹੁਕਮ ਦਿੱਤਾ ਸੀ । ਜੋਨਰਾਜ ਨੇ ਕਲਹਣ ਦੀ ਰਾਜਤਰੰਗਿਣੀ ਤੋਂ ਪ੍ਰੇਰਨਾ ਲੈ ਕੇ ਅਤੇ ਜੈਨੁਲ ਆਬਦੀਨ ਦੇ ਧਰਮਾਧਿਕਾਰੀ ਸ਼ਿਰਿਯ ਭੱਟ ਤੋਂ ਆਗਿਆ ਲੈ ਕੇ ( ਜੋ.ਰਾ.ਤ. , 11 ) ਜਿੱਥੇ ਕਲਹਣ ਨੇ ਛੱਡਿਆ ਸੀ ਉੱਥੋਂ ਹੀ ਸ਼ੁਰੂ ਕਰ ਕੇ ਆਪਣੀ ਮ੍ਰਿਤੂ ਦੇ ਸਮੇਂ ਤੱਕ ਦਾ ਕਸ਼ਮੀਰ ਦਾ ਇਤਿਹਾਸ ਲਿਖਿਆ ਹੈ । ਰਾਜਤਰੰਗਿਣੀ ਦੇ 976 ਸਲੋਕਾਂ ਦੀ ਰਚਨਾ ਕਰਨ ਤੋਂ ਬਾਅਦ ਜੋਨਰਾਜ ਦੀ ਮ੍ਰਿਤੂ ਅਚਾਨਕ ਹੋ ਗਈ ਸੀ । ਅੰਤਿਮ ਸਲੋਕ ਨੂੰ ਪੜ੍ਹ ਕੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਰਚਨਾ ਅਧੂਰੀ ਹੈ ।

        ਰਾਜਤਰੰਗਿਣੀ ( ਸ਼੍ਰੀਵਰ ਦੀ ਜੈਨ ਰਾਜਤਰੰਗਿਣੀ ) : ਸ਼੍ਰੀਵਰ ਦੇ ਅਨੁਸਾਰ ਰਾਜਤਰੰਗਿਣੀ ਦੀ ਰਚਨਾ ਕਰਦੇ ਹੋਏ 1459 ਵਿੱਚ ਜੋਨਰਾਜ ਦੀ ਮ੍ਰਿਤੂ ਹੋਈ ਸੀ । ਉਸੀ ਜੋਨਰਾਜ ਦਾ ਚੇਲਾ ਸ਼੍ਰੀਵਰ ਪੰਡਤ ਉਸ ਗ੍ਰੰਥ ਨੂੰ ਪੂਰਾ ਕਰਨ ਦਾ ਕੰਮ ਆਪਣੇ ਹੱਥ ਵਿੱਚ ਲੈ ਰਿਹਾ ਹੈ ( ਜੈਨ ਰਾਜਤਰੰਗਿਣੀ , 1/1/6-7 ) । ਜੋਨਰਾਜ ਨੇ ਆਪਣੀ ਰਾਜਤਰੰਗਿਣੀ ਨੂੰ ਕਲਹਣ ਦੀ ਤਰ੍ਹਾਂ ਤਰੰਗਾਂ ਵਿੱਚ ਨਹੀਂ ਵੰਡਿਆ , ਜਦੋਂ ਕਿ ਉਹ ਦੇ ਚੇਲੇ ਸ਼੍ਰੀਵਰ ਨੇ ਕਲਹਣ ਦਾ ਅਨੁਕਰਨ ਕਰਦੇ ਹੋਏ ਆਪਣੇ ਕਾਵਿ ਨੂੰ ਤਰੰਗਾਂ ਵਿੱਚ ( ਚਾਰ ਤਰੰਗਾਂ ਵਿੱਚ ) ਤਾਂ ਵੰਡਿਆ ਹੀ , ਨਾਲ ਹੀ ਪਹਿਲੀ ਤਰੰਗ ਨੂੰ ਸੱਤ ਸਰਗਾਂ ਵਿੱਚ ਵੀ ਵੰਡਿਆ ਹੈ । ਸ਼੍ਰੀਵਰ ਨੇ ਜੈਨੂਲ ਆਬਦੀਨ ਦੇ ਸ਼ਾਸਨ ਦਾ 1459 ਤੋਂ ਲੈ ਕੇ 1470 ਤੱਕ ਦਾ ਇਤਿਹਾਸ ਪਹਿਲੀ ਤਰੰਗ ਦੇ ਸੱਤ ਸਰਗਾਂ ਵਿੱਚ ਮਿਤੀਵਾਰ ਘਟਨਾਵਾਂ ਦਾ ਵਿਸਤਾਰ ਨਾਲ ਵਰਣਨ ਕਰਦੇ ਹੋਏ ਦਿੱਤਾ ਹੈ । ਉਸ ਤੋਂ ਬਾਅਦ ਦੂਸਰੀ ਤਰੰਗ ਵਿੱਚ ਹੈਦਰਸ਼ਾਹ , ਤੀਸਰੀ ਤਰੰਗ ਵਿੱਚ ਹੱਸਨਸ਼ਾਹ ਅਤੇ ਚੌਥੀ ਤਰੰਗ ਵਿੱਚ ਮੁਹੰਮਦਸ਼ਾਹ ਦੇ ਸ਼ਾਸਨ ਅਤੇ 1486 ਈਸਵੀ ਵਿੱਚ ਉਸ ਦੇ ਪਤਨ ਤੋਂ ਬਾਅਦ ਫਤਿਹ ਸ਼ਾਹ ਦੇ ਰਾਜਗੱਦੀ ਤੇ ਬੈਠਣ ਤੱਕ ਦਾ ਇਤਿਹਾਸ ਹੈ । ਸ਼੍ਰੀਵਰ ਰਾਜਕਵੀ ਸੀ । ਉਸ ਨੇ ਸੁਲਤਾਨ ਜੈਨੂਲ ਆਬਦੀਨ ਨੂੰ ਖ਼ੁਸ਼ ਕਰਨ ਲਈ ਆਪਣੀ ਰਾਜਤਰੰਗਿਣੀ ਦਾ ਨਾਂ ਸੁਲਤਾਨ ਦੇ ਨਾਂ ਤੇ ਜੈਨ ਰਾਜਤਰੰਗਿਣੀ ਰੱਖ ਦਿੱਤਾ ।

        ਰਾਜਤਰੰਗਿਣੀ ( ਸ਼ੁਕ ) : ਕਲਹਣ ਤੋਂ ਸ਼ੁਰੂ ਹੋਈ ਰਾਜਤਰੰਗਿਣੀ ਪਰੰਪਰਾ ਵਿੱਚ ਸ਼ੁਕ ਦੀ ਰਾਜਤਰੰਗਿਣੀ ਆਖਰੀ ਗ੍ਰੰਥ ਹੈ । ਸ਼ੁਕ ਦੇ ਅਨੁਸਾਰ ਫਤਿਹ ਸ਼ਾਹ ਦੇ ਰਾਜ ਵਿੱਚ ਪ੍ਰਾਜ਼ਯਭੱਟ ਨੇ 1513 ਤੱਕ ਇਸ ਪਰੰਪਰਾ ਵਿੱਚ ਕੰਮ ਕੀਤਾ ਸੀ ਪਰੰਤੂ ਉਹ ਕੰਮ ਅੱਗੇ ਨਹੀਂ ਚੱਲ ਸਕਿਆ । ਇਸ ਲਈ ਉਹ ਇਤਿਹਾਸ ਲਿਖਣ ਦਾ ਇਹ ਕੰਮ ਕਰ ਰਿਹਾ ਹੈ ( ਸ਼ੁਕ ਰਾਜਤਰੰਗਿਣੀ , 1/7-9 ) । ਸ਼ੁਕ ਰਾਜਤਰੰਗਿਣੀ ਦੀਆਂ ਦੋ ਤਰੰਗਾਂ ਹਨ । ਪਹਿਲੀ ਤਰੰਗ ਵਿੱਚ ਫਤਿਹ ਸ਼ਾਹ ਅਤੇ ਮੁਹੰਮਦ ਸ਼ਾਹ ਦੇ ਰਾਜਾਂ ਦੇ ਉਥਾਨ ਅਤੇ ਪਤਨ ਤੋਂ ਬਾਅਦ ਇਬਰਾਹੀਮ ਸ਼ਾਹ ਦੇ ਰਾਜਗੱਦੀ ਉੱਤੇ ਬੈਠਣ ਦਾ ਵਰਣਨ ਹੈ । ਦੂਜੀ ਤਰੰਗ ਵਿੱਚ ਇਬਰਾਹੀਮ ਸ਼ਾਹ ਤੋਂ ਬਾਅਦ ਨਾਜ਼ੁਕ ਸ਼ਾਹ ਅਤੇ ਮੁੜ ਮੁਹੰਮਦ ਸ਼ਾਹ ਦੇ ਗੱਦੀ ਤੇ ਬੈਠਣ ਦਾ ਅਤੇ 1537 ਵਿੱਚ ਉਸ ਦੀ ਮ੍ਰਿਤੂ ਤੋਂ ਬਾਅਦ ਸ਼ਮਸ਼ੁੱਦੀਨ ਦੇ ਰਾਜ ਦਾ ਵਰਣਨ ਹੈ । ਵਿਸ਼ਵੇਸ਼ਵਰਾਨੰਦ ਸੰਸਥਾਨ ਦੁਆਰਾ 1966 ਵਿੱਚ ਪ੍ਰਕਾਸ਼ਿਤ ਸੰਸਕਰਨ ਵਿੱਚ ਸ਼ੁਕ ਰਾਜਤਰੰਗਿਣੀ ਵਿੱਚ ਸ਼ੁਕ ਦੇ ਨਾਂ ਤੇ ਦੂਜੀ ਤਰੰਗ ਦੇ 139 ਸਲੋਕ ਹੀ ਦਿੱਤੇ ਹਨ । ਰਘੁਨਾਥ ਸਿੰਘ ਦੇ ਅਨੁਸਾਰ ਸ਼ੁਕ 1513 ਤੋਂ 1538 ਤੱਕ ਭਾਵ 25 ਸਾਲ ਦੀਆਂ ਘਟਨਾਵਾਂ ਅਤੇ ਇਤਿਹਾਸ ਦਾ ਪ੍ਰਤੱਖਦਰਸ਼ੀ ਹੈ । ਪਰੰਤੂ ਉਪਲਬਧ ਸੰਕੇਤਾਂ ਦੇ ਅਨੁਸਾਰ ਸ਼ੁਕ ਨੇ ਆਪਣੀ ਰਾਜਤਰੰਗਿਣੀ ਵਿੱਚ ਕਸ਼ਮੀਰ ਦੇ ਸ਼ਾਸਕਾਂ ਦਾ 1588 ਤੱਕ ਦਾ ਇਤਿਹਾਸ ਦਿੱਤਾ ਹੈ । ਇਸ ਦੇ ਅਨੁਵਾਦ ਹੀ ਮਿਲਦੇ ਹਨ ਅਤੇ ਇਤਿਹਾਸਕਾਰਾਂ ਨੇ ਪ੍ਰਮਾਣ ਦੇ ਰੂਪ ਵਿੱਚ ਸ਼ੁਕ ਰਾਜ ਤਰੰਗਿਣੀ ਦੇ ਸੰਦਰਭ ਵੀ ਦਿੱਤੇ ਹਨ ।

                  ਰਾਜਤਰੰਗਿਣੀ ਸੰਸਕ੍ਰਿਤੀ ਭਾਸ਼ਾ ਵਿੱਚ ਲਿਖੀ ਹੋਈ ਇਤਿਹਾਸਿਕ ਕਾਵਿ-ਪਰੰਪਰਾ ਹੈ । ਇਤਿਹਾਸ ਦੇ ਅਨੇਕ ਗ੍ਰੰਥਾਂ ਦੇ ਹੋਣ ਦੇ ਬਾਵਜੂਦ ਇਸ ਦਾ ਆਪਣਾ ਮਹੱਤਵ ਹੈ । ਮੁਸਲਿਮ ਕਾਲ ਵਿੱਚ ਭਾਰਤੀ ਸੰਸਕ੍ਰਿਤ ਸਾਹਿਤ ਨੂੰ ਨਸ਼ਟ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਪਰੰਤੂ ਰਾਜਤਰੰਗਿਣੀ ਇੱਕ ਇਹੋ ਜਿਹੀ ਇਤਿਹਾਸਿਕ ਕਾਵਿ- ਪਰੰਪਰਾ ਹੈ ਜੋ ਮੁਸਲਮਾਨ ਸ਼ਾਸਕਾਂ ਦੀ ਛਤਰ-ਛਾਇਆ ਵਿੱਚ ਵੀ ਲਿਖੀ ਅਤੇ ਪੜ੍ਹੀ ਗਈ । ਇਸ ਦੇ ਅਨੇਕ ਅਨੁਵਾਦ ਹੋਏ ਹਨ । ਰਾਜਤਰੰਗਿਣੀ ਸਿਰਫ਼ ਗਾਥਾਵਾਂ ਦਾ ਸੰਕਲਨ ਨਹੀਂ ਹੈ । ਕਸ਼ਮੀਰ ਦੇ ਹਿੰਦੂ ਅਤੇ ਮੁਸਲਮਾਨ ਦੋਨੋਂ ਹੀ ਇਸ ਨੂੰ ਆਪਣੇ ਪੂਰਵਜਾਂ ਦਾ ਇਤਿਹਾਸ ਮੰਨਦੇ ਹਨ ।


ਲੇਖਕ : ਮਹੇਸ਼ ਗੌਤਮ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.