ਰਾਮਗੜ੍ਹੀਆ ਮਿਸਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਾਮਗੜ੍ਹੀਆ ਮਿਸਲ : ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿਚੋਂ ਇਕ , ਜਿਸ ਦੀ ਸਥਾਪਨਾ ਲਾਹੌਰ ਜ਼ਿਲ੍ਹੇ ਦੇ ਸੈਦਬੇਗ ਪਿੰਡ ਦੇ ਨਿਵਾਸੀ ਸ. ਭਗਵਾਨ ਸਿੰਘ ਤਖਾਣ ਦੇ ਪੁੱਤਰ ਸ. ਜੱਸਾ ਸਿੰਘ ਨੇ ਕੀਤੀ । ਸ਼ੁਰੂ ਤੋਂ ਹੀ ਜੱਸਾ ਸਿੰਘ ਬੜਾ ਬਹਾਦਰ ਅਤੇ ਨਿਡਰ ਯੋਧਾ ਸੀ । ਆਪਣੇ ਪਿਤਾ ਦੀ ਮ੍ਰਿਤੂ ਤੋਂ ਬਾਦ ਇਸ ਨੇ ਸ. ਨੰਦ ਸਿੰਘ ਦੇ ਜੱਥੇ ਵਿਚ ਸ਼ਾਮਲ ਹੋ ਕੇ ਪੰਥ ਦੇ ਗੌਰਵ ਨੂੰ ਵਧਾਉਣ ਲਈ ਯੁੱਧਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਬਾਦ ਵਿਚ ਖ਼ੁਦ ਇਸ ਜੱਥੇ ਦਾ ਮੁਖੀ ਬਣਿਆ । ਸੰਨ 1748 ਈ. ਵਿਚ ਦਲ ਖ਼ਾਲਸੇ ਦੀ ਸਥਾਪਨਾ ਨਾਲ ਇਸ ਦੇ ਜੱਥੇ ਨੂੰ ਰਾਮਗੜ੍ਹੀਆ ਮਿਸਲ ਦਾ ਨਾਂ ਦਿੱਤਾ ਗਿਆ । ਇਸ ਮਿਸਲ ਨੂੰ ਤਰੁਣਾ ਦਲ ਵਿਚ ਸ਼ਾਮਲ ਕੀਤਾ ਗਿਆ । ਸੰਨ 1748 ਈ. ਵਿਚ ਆਪਣੀ ਸੁਰਖਿਆ ਲਈ ਖ਼ਾਲਸੇ ਨੇ ਅੰਮ੍ਰਿਤਸਰ ਵਿਚ ਇਕ ਕੱਚੀ ਵਲਗਣ ਤਿਆਰ ਕੀਤੀ ਅਤੇ ਉਸ ਦਾ ਨਾਂ ਰਾਮਰਾਉਣੀ ਰਖਿਆ । ਫਿਰ ਰਾਮਰਾਉਣੀ ਵਾਲੇ ਸਥਾਨ ਉਤੇ ਇਕ ਕਿਲ੍ਹਾ ਉਸਾਰਿਆ ਗਿਆ ਅਤੇ ਗੁਰੂ ਰਾਮਾਦਸ ਜੀ ਦੇ ਨਾਂ ਉਤੇ ਉਸ ਦਾ ਨਾਂ ‘ ਰਾਮਗੜ੍ਹ ’ ਰਖਿਆ ਗਿਆ । ਕਿਉਂਕਿ ਪੰਥ ਨੇ ਇਹ ਕਿਲ੍ਹਾ ਸ. ਜੱਸਾ ਸਿੰਘ ਦੇ ਹਵਾਲੇ ਕੀਤਾ ਸੀ , ਇਸ ਲਈ ਇਸ ਦੇ ਜੱਥੇ ਅਥਵਾ ਮਿਸਲ ਦਾ ਨਾਂ ‘ ਰਾਮਗੜ੍ਹੀਆ ਮਿਸਲ’ ਪ੍ਰਚਲਿਤ ਹੋ ਗਿਆ ।

ਸ. ਜੱਸਾ ਸਿੰਘ ਨੇ ਕਨ੍ਹੀਆ ਮਿਸਲ ਦੇ ਸਰਦਾਰ ਜੈ ਸਿੰਘ ਨਾਲ ਮਿਲ ਕੇ ਗੁਰਦਾਸਪੁਰ ਜ਼ਿਲ੍ਹੇ ਦਾ ਬਹੁਤ ਇਲਾਕਾ ਜਿਤਿਆ ਅਤੇ ਆਪਣੀ ਮਿਸਲ ਦੀ ਰਿਆਸਤ ਕਾਇਮ ਕੀਤੀ । ਆਪਣੀ ਬਹਾਦਰੀ ਕਾਰਣ ਦਲ ਖ਼ਾਲਸਾ ਵਿਚ ਇਸ ਦਾ ਵਿਸ਼ੇਸ਼ ਸਥਾਨ ਬਣ ਗਿਆ । ਇਸ ਨੇ ਸੰਨ 1770 ਈ. ਵਿਚ ਕਾਂਗੜਾ ਦੇ ਪਹਾੜੀ ਰਾਜਿਆਂ ਤੋਂ ਖ਼ਿਰਾਜ ਵਸੂਲ ਕੀਤਾ । ਹੋਰਨਾਂ ਮਿਸਲਦਾਰਾਂ ਨਾਲ ਮਿਲ ਕੇ ਇਸ ਨੇ ਅਹਿਮਦਸ਼ਾਹ ਦੁਰਾਨੀ ਨਾਲ ਕਈ ਲੜਾਈਆਂ ਲੜੀਆਂ । ਸੰਨ 1775 ਈ. ਵਿਚ ਦੀਨਾਨਗਰ ਦੀ ਲੜਾਈ ਵੇਲੇ ਇਸ ਨੇ ਭੰਗੀਆਂ ਦੀ ਮਿਸਲ ਦੇ ਸਰਦਾਰਾਂ ਨਾਲ ਰਲ ਕੇ ਕਨ੍ਹੀਆ ਅਤੇ ਸੁਕਰਚਕੀਆ ਮਿਸਲਾਂ ਵਾਲਿਆਂ ਦਾ ਵਿਰੋਧ ਕੀਤਾ ਪਰ ਜੱਸਾ ਸਿੰਘ ਆਹਲੂਵਾਲੀਆ ਨੇ ਇਸ ਨੂੰ ਹਾਂਸੀ , ਹਿਸਾਰ ਵਲ ਖਦੇੜ ਦਿੱਤਾ । ਇਸ ਨੇ ਦਿੱਲੀ ਤਕ ਦਾ ਇਲਾਕਾ ਗਾਹ ਮਾਰਿਆ ਅਤੇ ਸ਼ਹੀਦਾਂ ਵਾਲੀ ਮਿਸਲ ਦੇ ਸ. ਕਰਮ ਸਿੰਘ ਨਾਲ ਮਿਲ ਕੇ ਤੀਹ ਹਜ਼ਾਰ ਘੋੜਚੜ੍ਹਿਆਂ ਨਾਲ ਸਹਾਰਨਪੁਰ ਉਤੇ ਹਮਲਾ ਕੀਤਾ ਅਤੇ ਖ਼ੂਬ ਲੁਟਿਆ ।

ਸੰਨ 1783 ਈ. ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਦੇ ਮਰਨ ਉਪਰੰਤ ਇਹ ਪੰਜਾਬ ਵਲ ਪਰਤ ਆਇਆ ਅਤੇ ਸੁਕਰਚਕੀਆ ਮਿਸਲ ਨਾਲ ਰਲ ਕੇ ਕਨ੍ਹੀਆ ਮਿਸਲ ਦੀ ਸ਼ਕਤੀ ਨੂੰ ਦਬੋਚ ਲਿਆ । ਇਸ ਮਿਸਲ ਨੇ ਗੁਰਦਾਸਪੁਰ , ਜਲੰਧਰ ਜ਼ਿਲ੍ਹਿਆਂ ਦੇ ਬਹੁਤ ਸਾਰੇ ਇਲਾਕੇ ਆਪਣੇ ਕਬਜ਼ੇ ਵਿਚ ਕਰ ਲਏ ਅਤੇ ਕਾਂਗੜਾ , ਨੂਰਪੁਰ , ਮੰਡੀ ਅਤੇ ਚੰਬਾ ਦੇ ਪਹਾੜੀ ਰਾਜਿਆਂ ਤੋਂ ਖ਼ਿਰਾਜ ਵਸੂਲ ਕੀਤਾ ।

ਸੰਨ 1803 ਈ. ਵਿਚ ਜੱਸਾ ਸਿੰਘ ਦੇ ਦੇਹਾਂਤ ਤੋਂ ਬਾਦ ਇਸ ਦਾ ਲੜਕਾ ਜੋਧ ਸਿੰਘ ਮਿਸਲਦਾਰ ਬਣਿਆ । ਇਸ ਨੇ ਅੰਮ੍ਰਿਤਸਰ ਵਿਚ ਹਰਿਮੰਦਿਰ ਦੇ ਪਰਿਸਰ ਵਿਚ ਰਾਮਗੜ੍ਹੀਆਂ ਦਾ ਬੁੰਗਾ ਉਸਰਵਾਇਆ । ਇਸ ਦੇ ਚਚੇਰੇ ਭਰਾ ਦੀਵਾਨ ਸਿੰਘ ਨੇ ਇਸ ਮਿਸਲ ਦੇ ਕੁਝ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ । ਸੰਨ 1808 ਈ. ਵਿਚ ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਮਿਸਲ ਦੀ ਸਾਰੀ ਰਿਆਸਤ ਨੂੰ ਆਪਣੇ ਅਧੀਨ ਕਰ ਲਿਆ ਅਤੇ ਜੋਧ ਸਿੰਘ ਤੇ ਦੀਵਾਨ ਸਿੰਘ ਨੂੰ ਜਾਗੀਰਾਂ ਬਖ਼ਸ਼ ਦਿੱਤੀਆਂ । ਇਸ ਤਰ੍ਹਾਂ ਇਸ ਮਿਸਲ ਦਾ ਅੰਤ ਹੋ ਗਿਆ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.