ਰਾਮਧਾਰੀ ਸਿੰਹ ਦਿਨਕਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਾਮਧਾਰੀ ਸਿੰਹ ਦਿਨਕਰ ( 1908– 1975 ) : ਹਿੰਦੀ ਦੀ ਰਾਸ਼ਟਰੀ ਕਾਵਿ-ਧਾਰਾ ਵਿੱਚ ਰਾਮਧਾਰੀ ਸਿੰਹ ਦਿਨਕਰ ਇੱਕ ਉੱਚ-ਕੋਟੀ ਦਾ ਕਵੀ ਮੰਨਿਆ ਜਾਂਦਾ ਹੈ । ਉਸ ਦਾ ਜਨਮ 30 ਸਤੰਬਰ 1908 ਨੂੰ ਮੁੰਗੇਰ ਜ਼ਿਲ੍ਹੇ ਵਿੱਚ ਸਿਮਰਿਯਾ ਪਿੰਡ ਵਿੱਚ ਇੱਕ ਆਮ ਕਿਰਸਾਣ ਪਰਿਵਾਰ ਵਿੱਚ ਹੋਇਆ । ਉਸ ਨੂੰ ਆਰਥਿਕ ਕਾਰਨਾਂ ਕਰ ਕੇ ਆਪਣੀ ਪੜ੍ਹਾਈ ਬੰਦ ਕਰਨੀ ਪਈ ਪਰ ਉਸ ਨੇ ਜੀਵਨ-ਭਰ ਕਵਿਤਾ ਲੇਖਨ ਵਿੱਚ ਇੱਕ ਮਿਸਾਲ ਪੈਦਾ ਕੀਤੀ ।

        ਦਿਨਕਰ ਦੋ ਸਾਲਾਂ ਦਾ ਸੀ ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ । ਉਸ ਦੀ ਮੁਢਲੀ ਸਿੱਖਿਆ ਘਰ ਵਿੱਚ ਹੋਈ । ਉਸ ਨੇ 1932 ਵਿੱਚ ਪਟਨਾ ਤੋਂ ਬੀ.ਏ. ਦੀ ਉਪਾਧੀ ਪ੍ਰਾਪਤ ਕੀਤੀ । ਇਸ ਤੋਂ ਬਾਅਦ ਸਕੂਲ ਵਿੱਚ ਮੁੱਖ ਅਧਿਆਪਕ ਰਿਹਾ ਅਤੇ ਬਾਅਦ ਵਿੱਚ ਸਬ ਰਜਿਸਟਰਾਰ ਅਤੇ ਜਨ ਸੰਪਰਕ ਵਿਭਾਗ ਦੇ ਉਪਨਿਦੇਸ਼ਕ ਦੇ ਪਦ ਤੇ ਕਾਰਜ ਕਰਦਾ ਰਿਹਾ । 1950 ਵਿੱਚ ਦਿਨਕਰ ਨੇ ਬਿਹਾਰ ਯੂਨੀਵਰਸਿਟੀ ਵਿੱਚ ਹਿੰਦੀ ਦੇ ਲੈਕਚਰਾਰ ਵਜੋਂ ਕਾਰਜ ਕੀਤਾ । ਇਸ ਤੋਂ ਬਾਅਦ ਭਾਗਲਪੁਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਕਾਰਜ ਕੀਤਾ । ਦਿਨਕਰ ਦੀਆਂ ਯੋਗਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਸੰਸਦ ਦੀ ਰਾਜਸਭਾ ਦਾ ਮੈਂਬਰ ਨਾਮਜਦ ਕੀਤਾ ਗਿਆ । ਉਸ ਨੂੰ ਭਾਗਲਪੁਰ ਯੂਨੀਵਰਸਿਟੀ ਤੋਂ ਡੀ.ਲਿਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਰਕਾਰ ਵੱਲੋਂ 1958 ਵਿੱਚ ਪਦਮ ਭੂਸ਼ਣ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ । ਦਿਨਕਰ ਦੀ ਉਲੇਖ ਯੋਗ ਪ੍ਰਬੰਧ ਰਚਨਾ ਉਰਵਸ਼ੀ ਲਈ 1974 ਵਿੱਚ ਉਸ ਨੂੰ ਗਿਆਨਪੀਠ ਦੇ ਇੱਕ ਲੱਖ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਜਿੰਨਾ ਸਨਮਾਨ ਇਸ ਕਵੀ ਨੂੰ ਜੀਵਨ ਵਿੱਚ ਮਿਲਿਆ , ਸ਼ਾਇਦ ਹੀ ਕਿਸੇ ਹੋਰ ਨੂੰ ਮਿਲਿਆ ਹੋਵੇ । ਕਵਿਤਾ ਲਿਖਣ ਦਾ ਰੁਝਾਨ ਉਸ ਨੂੰ ਬਚਪਨ ਤੋਂ ਸੀ , ਉਸ ਉੱਤੇ ਉਸ ਵੇਲੇ ਹੋਣ ਵਾਲੇ ਅੰਦੋਲਨਾਂ ਅਤੇ ਲੇਖਕਾਂ ਦਾ ਪ੍ਰਭਾਵ ਪਿਆ । ਇਸ ਲਈ ਉਸ ਨੂੰ ਰਾਸ਼ਟਰੀ ਚੇਤਨਾ ਦਾ ਕਵੀ ਮੰਨਿਆ ਜਾਂਦਾ ਹੈ । ਉਸ ਦਾ ਸਭ ਤੋਂ ਪਹਿਲਾ ਕਾਵਿ-ਸੰਗ੍ਰਹਿ ਪ੍ਰਣਭੰਗ ਦੇ ਨਾਂ ਨਾਲ ਪ੍ਰਕਾਸ਼ਿਤ ਹੋਇਆ । ਇਹ ਸੰਗ੍ਰਹਿ ਉਸ ਵੇਲੇ ਪ੍ਰਕਾਸ਼ਿਤ ਹੋਇਆ ਜਦੋਂ ਉਸ ਨੇ ਦਸਵੀਂ ਦੀ ਪਰੀਖਿਆ ਪਾਸ ਕੀਤੀ ਸੀ । ਇਸ ਤੋਂ ਬਾਅਦ ਦੂਜਾ ਕਾਵਿ-ਸੰਗ੍ਰਹਿ ਰੇਣੂਕਾ ਦੇ ਨਾਂ ਨਾਲ ਛਪਿਆ ਅਤੇ ਤੀਜਾ ਕਾਵਿ-ਸੰਗ੍ਰਹਿ 1936 ਵਿੱਚ ਛਪਿਆ ।

        ਹੁੰਕਾਰ , ਰਸਵੰਤੀ , ਰਸ਼ਮੀਰਥੀ , ਕੁਰੂਕਸ਼ੇਤਰ , ਸਾਮਧੇਨੀ , ਨੀਲਕੁਸਮ , ਉਰਵਸ਼ੀ , ਪਰਸ਼ੁਰਾਮ ਕੀ ਪ੍ਰਤੀਕਸ਼ਾ , ਹਾਰੇ ਕੋ ਹਰਿਨਾਮ ਦਿਨਕਰ ਦੇ ਕਾਵਿ-ਸੰਗ੍ਰਹਿ ਹਨ । ਇਹਨਾਂ ਰਚਨਾਵਾਂ ਵਿੱਚੋਂ ਉਰਵਸ਼ੀ ਕਾਮ ਅਧਿਆਤਮ ਦੀ ਸਮੱਸਿਆ ਉੱਤੇ ਲਿਖਿਆ ਹੋਇਆ ਇੱਕ ਮਹੱਤਵਪੂਰਨ ਪ੍ਰਬੰਧ-ਕਾਵਿ ਹੈ । ਇਸ ਨੂੰ ਕਵੀ ਦੀ ਵਿਸ਼ੇਸ਼ ਉਪਲਬਧੀ ਮੰਨਿਆ ਗਿਆ ਹੈ ।

        ਉਸ ਦੀਆਂ ਪ੍ਰਤਿਨਿਧ ਕਵਿਤਾਵਾਂ ਦਾ ਸੰਗ੍ਰਹਿ ਚਕਰ ਵਾਲ ਨਾਂ ਨਾਲ ਛਪਿਆ । ਉਸ ਦੀਆਂ ਕੁਝ ਰਚਨਾਵਾਂ ਦਾ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਇਆ ਹੈ । ਦਿਨਕਰ ਚਾਲੀ ਵਰ੍ਹਿਆਂ ਤੱਕ ਹਿੰਦੀ ਸਾਹਿਤ ਦੀ ਸੇਵਾ ਕਰਦਾ ਰਿਹਾ । ਕਵਿਤਾ ਉਸ ਦਾ ਮਨਮੋਹਣਾ ਵਿਸ਼ਾ ਸੀ ਪਰ ਗੱਦ ਵਿੱਚ ਵੀ ਅੱਧਾ ਦਰਜਨ ਦੇ ਕਰੀਬ ਰਚਨਾਵਾਂ ਹਨ ਜਿਹੜੀਆਂ ਉਸ ਦੇ ਨਾਮ ਨੂੰ ਜਿੰਦਾ ਰੱਖਣਗੀਆਂ । ਮਿੱਟੀ ਕੀ ਅੋਰ , ਅਰਧਨਾਰੀਸ਼ਵਰ , ਕਾਵਿ ਕੀ ਭੂਮਿਕਾ , ਸ਼ੁਧ ਕਵਿਤਾ ਕੀ ਖੋਜ , ਸਾਹਿਤਮੁੱਖੀ , ਹਮਾਰੀ ਸਾਂਸਕ੍ਰਿਤਿਕ ਏਕਤਾ , ਸੰਸਕ੍ਰਿਤੀ ਕੇ ਚਾਰ ਅਧਿਆਇ , ਧਰਮ ਨੈਤਿਕਤਾ ਔਰ ਵਿਗਿਆਨ , ਲੋਕ ਦੇਵ ਨਹਿਰੂ , ਆਦਿ ਉਸ ਦੇ ਉਲੇਖਯੋਗ ਗ੍ਰੰਥ ਹਨ ।

        ਭਾਵੇਂ ਦਿਨਕਰ ਵੀਰ-ਰਸ ਦਾ ਕਵੀ ਮੰਨਿਆ ਜਾਂਦਾ ਹੈ । ਉਸ ਦੀ ਰਚਨਾ ਸੰਸਕ੍ਰਿਤੀ ਕੇ ਚਾਰ ਅਧਿਆਇ ਦਿਨਕਰ ਦੇ ਚਿੰਤਕ ਰੂਪ ਦੀ ਪ੍ਰਤੀਤੀ ਸਹਿਜੇ ਹੀ ਕਰਾ ਦਿੰਦੀ ਹੈ । ਇਸੇ ਲਈ ਦਿਨਕਰ ਨੂੰ ਕਵੀ ਦੇ ਨਾਲ-ਨਾਲ ਇੱਕ ਉੱਚ-ਕੋਟੀ ਦਾ ਚਿੰਤਕ ਆਲੋਚਕ ਸਵੀਕਾਰ ਕਰਨਾ ਉਚਿਤ ਹੋਵੇਗਾ ।

        ਦਿਨਕਰ ਇੱਕ ਕ੍ਰਾਂਤੀਕਾਰੀ ਕਵੀ ਸੀ । ਉਸ ਦੀਆਂ ਕਵਿਤਾਵਾਂ ਵਿੱਚ ਸੂਰਬੀਰਤਾ , ਹਿੰਮਤ , ਸੁਭਾਏਮਾਨ ਅਤੇ ਮਾਨਵ ਕਲਿਆਣ ਦੇ ਸੁਰ ਦੀ ਪ੍ਰਧਾਨਤਾ ਹੈ । ਉਹ ਨਿਰਭੈ ਹੋ ਕੇ ਜੀਵਨ ਜਿਊਂਣ ਦੀ ਜਾਚ ਦੱਸਦਾ ਹੈ ਅਤੇ ਸਮਾਜ ਵਿੱਚ ਸ਼ੋਸ਼ਣ ਦੇ ਖਿਲਾਫ਼ ਹੈ । ਜੇ ਕੋਈ ਸਾਡੀ ਅਜ਼ਾਦੀ ਨੂੰ ਖੋਹਣ ਦਾ ਯਤਨ ਕਰਦਾ ਹੈ ਤਾਂ ਸਾਨੂੰ ਉਸ ਦੇ ਲਈ ਸੰਘਰਸ਼ ਜਾਂ ਯੁੱਧ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ । ਇਹ ਸਾਫ਼ ਤੌਰ ਤੇ ਆਪਣੀਆਂ ਰਚਨਾਵਾਂ ਵਿੱਚ ਸੰਕੇਤ ਕਰ ਦਿੰਦਾ ਹੈ । ਜੇ ਕੋਈ ਸਾਡੇ ਅਸਤਿਤਵ ਤੇ ਸੱਟ ਮਾਰਦਾ ਹੈ ਜਾਂ ਉਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਸਾਨੂੰ ਉਸ ਵੇਲੇ ਤਪ ਤੇ ਤਿਆਗ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ । ਇਹ ਕਵੀ ਯੁੱਧ ਦੀ ਸਥਿਤੀ ਨੂੰ ਸਪਸ਼ਟ ਕਰਦਿਆਂ ਕਹਿੰਦਾ ਹੈ :

ਯੁਧ ਕਾ ਉਨਮਾਦ ਸੰਕ੍ਰਮਸ਼ੀਲ ਹੈ ,

ਏਕ ਚਿਨਗਾਰੀ ਕਹੀਂ ਜਾਗੀ ਅਗਰ

ਤੁਰੰਤ ਬਹ ਉਠਤੇ ਪਵਨ ਓਨਚਾਸ ਹੈ

                  ਦੋੜਤੀ ਹੰਸਤੀ , ਉਬਲਤੀ ਆਗ ਚਾਰੋਂ ਅੋਰ ਹੈ ।

        ਦਿਨਕਰ ਇੱਕ ਦਾਰਸ਼ਨਿਕ ਕਵੀ ਵਜੋਂ ਵੀ ਸਾਡੇ ਸਾਮ੍ਹਣੇ ਅਨੇਕਾਂ ਸਮੱਸਿਆਵਾਂ ਪ੍ਰਸਤੁਤ ਕਰਦਾ ਹੈ । ਇਸ ਨੇ ਭਾਰਤੀ ਚਿੰਤਨ ਧਾਰਾਵਾਂ ਨੂੰ ਦਰਸ਼ਨ ਤੇ ਅਧਿਆਤਮ , ਨੀਤੀ ਤੇ ਅਨੀਤੀ , ਭਾਵਨਾ ਤੇ ਕਰਮ , ਪੁੰਨ ਤੇ ਪਾਪ , ਗ਼ਲਤ ਤੇ ਸਹੀ , ਹਿੰਸਾ ਅਤੇ ਅਹਿੰਸਾ ਅਤੇ ਯੁੱਧ ਤੇ ਸ਼ਾਂਤੀ ਬਾਰੇ ਆਪਣੇ ਵਿਚਾਰਾਂ ਨੂੰ ਕਵਿਤਾ ਵਿੱਚ ਢਾਲ ਕੇ ਪ੍ਰਸਤੁਤ ਕੀਤਾ ਹੈ । ਉਰਵਸੀ ਉਸ ਦੀਆਂ ਰਚਨਾਵਾਂ ਤੋਂ ਭਿੰਨ ਧਰਾਤਲ ਦੀ ਰਚਨਾ ਹੈ ਜਿਸ ਵਿੱਚ ਕਵੀ ਨੇ ਨਰ ਤੇ ਨਾਰੀ ਦੇ ਚਿਰ ਸੰਵਾਦਾਂ ਨੂੰ ਪੁਰਰੁਵਾ ਤੇ ਉਰਵਸ਼ੀ ਦੀ ਪੌਰਾਣਿਕ ਕਹਾਣੀ ਨਾਲ ਸਪਸ਼ਟ ਕਰਨ ਦੀ ਚੇਸ਼ਟਾ ਕੀਤੀ । ਇਸ ਨੂੰ ਕਾਮ ਅਤੇ ਅਧਿਆਤਮਿਕ ਦਾ ਡੂੰਘਾ ਕਾਵਿ-ਗ੍ਰੰਥ ਮੰਨਿਆ ਗਿਆ ਹੈ । ਪੁਰਰੁਵਾ ਉਰਵਸ਼ੀ ਨੂੰ ਕਹਿੰਦਾ ਹੈ ‘ ਉਰਵਸ਼ੀ ਸਮੇਂ ਕਾ ਸੂਰਯ ਹੂੰ ਮੈਂ’ ਅਤੇ ‘ ਪੜੋ ਰਕਤ ਕੀ ਭਾਸ਼ਾ ਕੋ ਵਿਸ਼ਵਾਸ ਕਰੋ ਇਸ ਲਿਪਿ ਕਾ’ ਵਰਗੀਆਂ ਕਾਵਿ-ਪੰਕਤੀਆਂ ਤੋਂ ਸੂਖਮ ਅਭਿ- ਵਿਅਕਤੀ ਦਾ ਪਤਾ ਸਹਿਜੇ ਹੀ ਲੱਗ ਜਾਂਦਾ ਹੈ । ਇਸ ਦੇ ਪਾਤਰ ਇਸ ਦੀ ਕਿਸੇ ਨਾ ਕਿਸੇ ਭਾਵ , ਵਿਚਾਰ ਤੇ ਵਿਚਾਰਧਾਰਾ ਨੂੰ ਸਹਿਜੇ ਪ੍ਰਸਤੁਤ ਕਰ ਦਿੰਦੇ ਹਨ । ਸਹੀ ਅਰਥਾਂ ਵਿੱਚ ਦਿਨਕਰ ਇੱਕ ਡੂੰਘਾ ਦਾਰਸ਼ਨਿਕ ਕਵੀ ਸਿੱਧ ਹੁੰਦਾ ਹੈ । ਇਸ ਕਵੀ ਨੂੰ ਮੰਚ ਤੇ ਸੁਣਨ ਲਈ ਭੀੜ ਲੱਗ ਜਾਂਦੀ ਸੀ । ਉਸ ਕੋਲ ਪੇਸ਼ਕਾਰੀ ਦੀ ਵਿਲੱਖਣ ਪ੍ਰਤਿਭਾ ਸੀ ।

        ਦਿਨਕਰ ਨੇ ਕਵਿਤਾ ਦੇ ਨਾਲ ਹੀ ਸਮੇਂ-ਸਮੇਂ ਮਹੱਤਵਪੂਰਨ ਸਮੀਖਿਆਵਾਂ ਵੀ ਕੀਤੀਆਂ ਹਨ । ਕਾਵਿ- ਭਾਸ਼ਾ ਅਤੇ ਸਮੀਖਿਆ-ਭਾਸ਼ਾ ਦਾ ਅੰਤਰ ਵੇਖਿਆ ਜਾ ਸਕਦਾ ਹੈ । ਉਸ ਨੂੰ ਭਾਰਤੀ ਸੰਸਕ੍ਰਿਤੀ , ਦਰਸ਼ਨ ਅਤੇ ਚਿੰਤਨ ਦੀ ਪੂਰੀ ਸਮਝ ਸੀ । ਉਸ ਨੇ ਭਾਰਤੀ ਤੇ ਪੱਛਮੀ ਲੇਖਕਾਂ ਅਤੇ ਚਿੰਤਕਾਂ ਬਾਰੇ ਖ਼ੂਬ ਅਧਿਐਨ ਕੀਤੇ , ਤੁਲਨਾ ਵੀ ਕੀਤੀ । ਦਿਨਕਰ ਦੀਆਂ ਆਪਣੇ ਤੋਂ ਪਹਿਲੇ ਦੇ ਕਵੀਆਂ-ਰਚਨਾਕਾਰਾਂ ਬਾਰੇ ਵਿਚਾਰ ਉਸ ਦੇ ਈਮਾਨਦਾਰ ਸਮੀਖਿਅਕ ਹੋਣ ਦਾ ਪਰਿਚੈ ਸਹਿਜੇ ਕਰਾ ਦਿੰਦੇ ਹਨ । ਸਹੀ ਅਰਥਾਂ ਵਿੱਚ ਦਿਨਕਰ ਇੱਕ ਉੱਚਕੋਟੀ ਦਾ ਕਵੀ ਅਤੇ ਚਿੰਤਨ ਲੇਖਕ ਸੀ । ਉਸ ਦੀ ਸਪਸ਼ਟ ਧਾਰਨਾ ਹੈ ਕਿ ਸੱਚੀ ਕਵਿਤਾ ਨਿਯਮਾਂ ਵਿੱਚ ਬੰਨ੍ਹ ਕੇ ਨਹੀਂ ਲਿਖੀ ਜਾ ਸਕਦੀ ।


ਲੇਖਕ : ਸ਼ੀਲਾ ਰਾਜਪਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.