ਰਾਮ ਸਿੰਘ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਾਮ ਸਿੰਘ (ਮ. 1716 ਈ.): ਅੰਮ੍ਰਿਤਸਰ ਦੇ ਮੀਰਪੁਰ ਪੱਟੀ ਨਾਂ ਦੇ ਪਿੰਡ ਦਾ ਇਕ ਬਲ ਜੱਟ , ਜੋ ਭਾਈ ਬਾਜ ਸਿੰਘ ਦਾ ਛੋਟਾ ਭਰਾ ਸੀ। ਇਸ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਪਾਨ ਕੀਤਾ ਅਤੇ ਜਦੋਂ ਗੁਰੂ ਜੀ ਨੇ ਨਾਂਦੇੜ ਤੋਂ ਬਾਬਾ ਬੰਦਾ ਬਹਾਦਰ ਨੂੰ ਪੰਜਾਬ ਵਲ ਭੇਜਿਆ ਤਾਂ ਪੰਜ ਸਿੰਘ ਵੀ ਨਾਲ ਤੋਰੇ ਜਿਨ੍ਹਾਂ ਵਿਚੋਂ ਇਕ ਇਹ ਸੀ। ਇਸ ਨੇ ਬਾਬਾ ਬੰਦਾ ਬਹਾਦਰ ਦੀਆਂ ਕੀਤੀਆਂ ਅਨੇਕ ਸੈਨਿਕ ਮੁਹਿੰਮਾਂ ਵਿਚ ਹਿੱਸਾ ਲਿਆ ਅਤੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਮਈ 1710 ਈ. ਵਿਚ ਬਾਬਾ ਬੰਦਾ ਬਹਾਦਰ ਨੇ ਇਸ ਨੂੰ ਥਾਨੇਸਰ ਦਾ ਪ੍ਰਬੰਧਕ ਸਥਾਪਿਤ ਕੀਤਾ। ਇਸ ਨੇ ਫ਼ਿਰੋਜ਼ਖ਼ਾਨ ਮਿਵਾਤੀ ਨਾਲ ਤਰਾਉੜੀ, ਥਾਨੇਸਰ, ਸ਼ਾਹਾਬਾਦ ਆਦਿ ਵਿਚ ਹੋਏ ਯੁੱਧਾਂ ਵਿਚ ਹਿੱਸਾ ਲਿਆ। ਗੁਰਦਾਸ-ਨੰਗਲ ਦੀ ਗੜ੍ਹੀ ਵਿਚੋਂ ਇਸ ਨੂੰ ਬੰਦੀ ਬਣਾਇਆ ਗਿਆ ਅਤੇ ਜੂਨ 1716 ਈ. ਵਿਚ ਬਾਬਾ ਬੰਦਾ ਬਹਾਦਰ ਦੇ ਨਾਲ ਦਿੱਲੀ ਵਿਚ ਸ਼ਹੀਦ ਕੀਤਾ ਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਰਾਮ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਰਾਮ ਸਿੰਘ : ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਛਾਪਾ ਦੇ ਦਿਆਲ ਸਿੰਘ ਦਾ ਪੁੱਤਰ ਸੀ ਜੋ ਆਪਣੇ ਭਰਾ ਕਿਸ਼ਨ ਸਿੰਘ ਸਮੇਤ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਵਿਚ ਸ਼ਾਮਲ ਸੀ। ਮਹਾਰਾਜੇ ਨੇ ਇਸ ਨੂੰ ਸ਼ਹਿਜ਼ਾਦਾ ਖੜਕ ਸਿੰਘ ਦੇ ਕਹਿਣ ਤੇ 500 ਸਵਾਰਾਂ ਦਾ ਮੁਖੀ ਨਿਯੁਕਤ ਕੀਤਾ ਸੀ। ਸੰਨ 1827 ਦੀ ਲੜਾਈ ਵਿਚ ਕਿਸ਼ਨ ਸਿੰਘ ਤਾਂ ਮਾਰਿਆ ਗਿਆ ਸੀ ਪਰ ਰਾਮ ਸਿੰਘ ਨੇ ਜੰਗ ਦੇ ਮੈਦਾਨ ਵਿਚ ਬਹਾਦਰੀ ਦੇ ਬਹੁਤ ਜੌਹਰ ਵਿਖਾਏ ਸਨ। ਇਸ ਬਹਾਦਰੀ ਬਦਲੇ ਇਸ ਨੂੰ ਅੰਮ੍ਰਿਤਸਰ ਦੇ 7 ਪਿੰਡ ਦਿੱਤੇ ਗਏ ਸਨ। ਚੇਤ ਸਿੰਘ ਦੇ ਕਤਲ ਬਾਅਦ ਖੜਕ ਸਿੰਘ ਨੇ ਇਸ ਨੂੰ ਅੰਮ੍ਰਿਤਸਰ ਅਤੇ ਸ਼ਾਹਪੁਰ ਜ਼ਿਲ੍ਹਿਆਂ ਦੇ ਕਈ ਪਿੰਡ ਜਾਗੀਰ ਵੱਜੋਂ ਦਿੱਤੇ ਸਨ। ਮਹਾਰਾਜਾ ਸ਼ੇਰ ਸਿੰਘ ਦੇ ਸਮੇਂ ਇਨ੍ਹਾਂ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਸੀ। ਸੰਨ 1847 ਵਿਚ ਉਸ ਨੂੰ ਕੁਝ ਘੋੜਸਵਾਰਾਂ ਦਾ ਮੁਖੀ ਬਣਾ ਕੇ ਸਰਦਾਰ ਸ਼ਮਸ਼ੇਰ ਸਿੰਘ ਸੰਧਾਵਾਲੀਆ ਦੇ ਅਧੀਨ ਬਾਨੂੰ ਭੇਜਿਆ ਗਿਆ ਜੋ ਕਿ ਸਿੱਖ ਫ਼ੌਜਾਂ ਦਾ ਹੁਕਮਰਾਨ ਸੀ। ਉਸ ਨੂੰ ਲੈਫ਼ਟੀਨੈਂਟ ਐਚ.ਬੀ. ਐਵਾਰਡ ਦੀ ਸਹਾਇਤਾ ਹਿੱਤ ਭੇਜਿਆ ਗਿਆ ਸੀ। ਰਾਮ ਸਿੰਘ ਦਾ ਇਕ ਦੁਸ਼ਮਣ ਫ਼ਤਹਿ ਖਾਂ ਟਿਵਾਣਾ ਇਸ ਕਿਲ੍ਹੇ ਦਾ ਇਨਚਾਰਜ ਸੀ ਜਿਸ ਨੂੰ ਸਿੱਖਾਂ ਨੇ ਪਕੜ ਲਿਆ। ਫ਼ਤਹਿ ਖਾਂ ਮਾਰਿਆ ਗਿਆ ਅਤੇ ਕਿਲ੍ਹੇ ਤੇ ਕਬਜ਼ਾ ਕਰ ਲਿਆ ਗਿਆ। ਇਸ ਤੋਂ ਬਾਅਦ ਇਹ ਸਿੱਖ ਫ਼ੌਜਾਂ ਸਮੇਤ ਰਾਜਾ ਸ਼ੇਰ ਸਿੰਘ ਅਟਾਰੀਵਾਲੇ ਨਾਲ ਜਾ ਰਲਿਆ। ਦੂਜੀ ਐਂਗਲੋ-ਸਿੱਖ ਜੰਗ ਇਸ ਨੇ ਅੰਗਰੇਜ਼ਾਂ ਵਿਰੁੱਧ ਬਹੁਤ ਬਹਾਦਰੀ ਨਾਲ ਲੜੀ । ਇਹ ਸਿੱਖ ਫ਼ੌਜਾਂ ਦੇ ਅਤਿ ਬਹਾਦਰ ਸਿਪਾਹੀਆਂ ਵਿੱਚੋਂ ਇਕ ਸੀ ਇਸ ਨੇ ਰਾਮ ਨਗਰ ਅਤੇ ਚੇਲ੍ਹਿਆਂ ਵਾਲਾ ਦੀ ਲੜਾਈ ਵਿਚ ਜੌਹਰ ਵਿਖਾਏ। ਇਹ 1849 ਈ. ਵਿਚ ਗੁਜਰਾਤ ਦੀ ਲੜਾਈ ਵਿਚ ਮਾਰਿਆ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-12-01-40, ਹਵਾਲੇ/ਟਿੱਪਣੀਆਂ: ਹ. ਪੁ. –ਹੂ. ਜ਼ ਹੂ ਇਨ ਦੀ ਹਿਸਟਰੀ ਆਫ਼ ਪੰਜਾਬ : 319
ਰਾਮ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਰਾਮ ਸਿੰਘ : ਇਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਜਮਾਂਦਰ ਖੁਸ਼ਹਾਲ ਸਿੰਘ ਦਾ ਪੁੱਤਰ ਸੀ ਜਿਸ ਨੂੰ ਜਨਰਲ ਵੈਨਤੂਰਾ ਨੇ ਲੜਾਈ ਦੇ ਤੌਰ-ਤਰੀਕਿਆਂ ਬਾਰੇ ਸਿੱਖਿਆ ਦਿੱਤੀ ਸੀ। ਸੰਨ 1837 ਵਿਚ ਇਸ ਨੂੰ ਫ਼ੌਜ ਵਿਚ ਜਨਰਲ ਬਣਾਇਆ ਗਿਆ ਸੀ। ਇਹ 1837 ਈ. ਵਿਚ ਮਹਾਰਾਜੇ ਨਾਲ ਅੰਮ੍ਰਿਤਸਰ ਆਇਆ ਤੇ ਇਸ ਨੇ ਬਿਸ਼ਨ ਸਿੰਘ ਨਾਂ ਦੇ ਲੜਕੇ ਨੂੰ ਕਿਸੇ ਕਾਰਨ ਕਤਲ ਕਰ ਦਿੱਤਾ ਸੀ ਪਰ ਇਸ ਨੂੰ ਕੋਈ ਸਜ਼ਾ ਨਹੀਂ ਹੋਈ ਸੀ। ਇਹ ਤਿੰਨ ਇਨਫੈਂਟਰੀ ਰੈਜਮੈਂਟਾਂ, ਦੋ ਕੈਵਲਿਰੀ ਰੈਜਮੈਂਟਾਂ ਅਤੇ ਆਰਟਿਲਰੀ ਦੀਆਂ 10 ਟੁਕੜੀਆਂ ਦਾ ਕਮਾਂਡਰ ਸੀ।
ਇਸ ਦੀ ਮੌਤ 30 ਜੁਲਾਈ, 1839 ਨੂੰ ਹੋਈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-12-02-31, ਹਵਾਲੇ/ਟਿੱਪਣੀਆਂ: ਹ. ਪੁ. –ਹੂ ਜ਼ ਹੂ ਇਨ ਦੀ ਹਿਸਟਰੀ ਆਫ਼ ਪੰਜਾਬ : 320
ਵਿਚਾਰ / ਸੁਝਾਅ
Please Login First