ਲਾਚੀ ਬੇਰ: ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨੀ ਦੁਆਰ ਕੋਲ ਸਥਿਤ ਇਕ ਬੇਰੀ ਜਿਸ ਦਾ ਇਹ ਨਾਂ ਉਸ ਨੂੰ ਲਗਦੇ ਲਾਚੀਆਂ ਦੇ ਸ਼ਕਲ ਵਾਲੇ ਬੇਰਾਂ ਕਰਕੇ ਪਿਆ ਸੀ। ਇਸ ਹੇਠਾਂ ਬੈਠ ਕੇ ਭਾਈ ਸਾਲੋ ਜੀ ਹਰਿਮੰਦਿਰ ਸਾਹਿਬ ਦੀ ਉਸਾਰੀ ਦੀ ਸੇਵਾ ਕਰਾਇਆ ਕਰਦੇ ਸਨ। ਕਈ ਵਾਰ ਗੁਰੂ ਅਰਜਨ ਦੇਵ ਜੀ ਨੇ ਖ਼ੁਦ ਵੀ ਇਸ ਬੇਰੀ ਹੇਠਾਂ ਬੈਠ ਕੇ ਕਾਰ-ਸੇਵਾ ਦੀ ਪ੍ਰਗਤੀ ਵੇਖੀ ਸੀ। ਭਾਈ ਮਤਾਬ ਸਿੰਘ ਅਤੇ ਭਾਈ ਸੁਖਾ ਸਿੰਘ ਨੇ ਮੱਸੇ ਰੰਘੜ ਨੂੰ ਦੰਡ ਦੇਣ ਲਈ ਹਰਿਮੰਦਿਰ ਸਾਹਿਬ ਅੰਦਰ ਪ੍ਰਵੇਸ਼ ਕਰਨ ਵੇਲੇ ਆਪਣੇ ਘੋੜੇ ਇਸੇ ਬੇਰ ਨਾਲ ਬੰਨ੍ਹੇ ਸਨ ਅਤੇ ਉਸ ਦਾ ਸਿਰ ਵੱਢਣ ਉਪਰੰਤ ਤੁਰਤ ਆਪਣਿਆਂ ਘੋੜਿਆਂ ਉਤੇ ਸਵਾਰ ਹੋ ਕੇ ਨਿਕਲ ਗਏ ਸਨ।