ਲਾਭਾਂਸ਼ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Dividend _ ਲਾਭਾਂਸ਼ : ਲਾਭਾਂਸ਼ ਦਾ ਸਾਧਾਰਨ ਅਰਥ ਅਜਿਹੀ ਆਮਦਨ ਤੋਂ ਹੈ ਜੋ ਕਿਸੇ ਸ਼ੇਅਰਧਾਰੀ ਨੂੰ ਸ਼ੇਅਰਧਾਰੀ ਹੋਣ ਕਾਰਨ ਉਸ ਕੰਪਨੀ ਦੇ ਲਾਭ ਤੋਂ ਹੁੰਦੀ ਹੈ ਜਿਸ ਦਾ ਉਹ ਸ਼ੇਅਰਧਾਰੀ ਹੁੰਦਾ ਹੈ । ਲਾਭਾਂਸ਼ ਐਲਾਨ ਕੀਤੇ ਜਾਣ ਦੀਆਂ ਰਸਮੀ ਕਾਰਵਾਈਆਂ ਅਤੇ ਤਕਨੀਕੀ ਗੱਲਾਂ ਉਸ ਵਾਕੰਸ਼ ਦੇ ਸਾਧਾਰਨ ਅਰਥਾਂ ਵਿਚ ਕੋਈ ਫ਼ਰਕ ਨਹੀਂ ਪਾਉਂਦੀਆਂ ।

            ਇਨਕਮ ਟੈਕਸ ਐਕਟ ਦੀ ਧਾਰਾ 2 ( 6-ੳ ) ਵਿਚ ਦਿੱਤੀ ਗਈ ਲਾਭਾਂਸ਼ ਦੀ ਪਰਿਭਾਸ਼ਾ ਵਿਆਪਕ ਨਹੀਂ ਹੈ । ਲਾਭਾਂਸ਼ ਸ਼ਬਦ ਦੇ ਵਿਆਪਕ ਅਰਥਾਂ ਵਿਚ ਧਨ ਦੀ ਉਸ ਰਕਮ ਜਾ ਵੰਡਣ ਯੋਗ ਹਿੱਸੇ ਨੂੰ ਲਾਭਾਂਸ਼ ਕਿਹਾ ਜਾਂਦਾ ਹੈ ਜੋ ਨਿਯਤ ਸਕੀਮ ਅਨੁਸਾਰ ਵੰਡੀ ਜਾਣੀ ਹੁੰਦੀ ਹੈ ਅਤੇ ਇਹ ਉਹ ਹਿੱਸਾ ਹੁੰਦਾ ਹੈ ਜੋ ਕਮਾਈ ਵਿਚੋਂ ਸ਼ੇਅਰਧਾਰੀ ਨੂੰ ਆਪਣੇ ਸਰਮਾਏ ਤੇ ਹੋਈ ਆਮਦਨ ਵਜੋਂ ਉਸ ਦੇ ਲੇਖੇ ਵਿਚ ਜਮ੍ਹਾਂ ਕੀਤਾ ਜਾਂਦਾ ਹੈ ।

            ਲਾਭਾਂਸ਼ ਦਾ ਮੁੱਖ ਲਛਣ ਇਹ ਹੈ ਕਿ ਇਸ ਦਾ ਐਲਾਨ ਪੂਰੇ ਤੌਰ ਦੇ ਨਿਰੋਲ ਲਾਭਾਂ ਜਾਂ ਅਣਵੰਡੀ ਕਮਾਈ ਵਿਚੋਂ ਕੀਤਾ ਜਾਂਦਾ ਹੈ ਅਤੇ ਉਸ ਵਿਚੋਂ ਹੀ ਅਦਾ ਕੀਤਾ ਜਾਂਦਾ ਹੈ , ਸ਼ੇਅਰਧਾਰੀ ਦਾ ਪੂੰਜੀਗਤ ਸਟਾਕ ਵਿਚ ਭਿੰਨਾਤਮਕ ਹਿੱਸਾ ਪਹਿਲਾ ਵਾਂਗ ਕਾਇਮ ਰਹਿੰਦਾ ਹੈ । ਲਾਭਾਂਸ਼ ਪੂੰਜੀ ਨਹੀਂ ਹੁੰਦੀ ਸਗੋਂ ਪੂੰਜੀ ਦੀ ਉਪਜ ਜਾਂ ਕਮਾਈ ਹੁੰਦੀ ਹੈ । ਕੁਝ ਮੰਨੀਆਂ ਪਰਮੰਨੀਆਂ ਸੀਮਾਵਾ ਦੇ ਤਾਬੇ , ਲਾਭਾਂਸ਼ ਆਮ ਅਤੇ ਅਨਿਸਚਿਤ ਅਰਥਾਂ ਵਾਲਾ ਸ਼ਬਦ ਹੈ ਅਤੇ ਇਸ ਤੋਂ ਕੋਈ ਸੰਕੁਚਿਤ ਜਾਂ ਤਕਨੀਕੀ ਅਰਥ ਨਹੀਂ ਲਏ ਜਾ ਸਕਦੇ । ਇਹ ਸ਼ਬਦ ਉਸ ਵੰਡੀ ਜਾਣ ਵਾਲੀ ਰਕਮ , ਹਿੱਸੇ ਜਾਂ ਪ੍ਰਤੀਸ਼ਤਤਾ ਲਈ ਵਰਤਿਆ ਜਾਂਦਾਹੈ ਜੋ ਕਿਸੇ ਸਾਂਝੇ ਉੱਦਮ ਦਾ ਲਾਭ ਹੁੰਦਾ ਹੈ । ਲਾਭਾਂਸ਼ ਦਾ ਇਕ ਹੋਰ ਅਰਥ ਉਸ ਅਨੁਪਾਤਕ ਰਕਮ ਦਾ ਵੀ ਲਿਆ ਜਾਂਦਾ ਹੈ ਜੋ ਕੰਪਨੀ ਦੇ ਸਮਾਪਨ ਤੇ ਅਦਾ ਕੀਤੀ ਜਾਂਦੀ ਹੈ । ਪਰ ਇਸ ਸ਼ਬਦ ਦਾ ਪਰਮੁੱਖ ਅਰਥ ਸ਼ੇਅਰ- ਧਾਰੀਆਂ ਵਿਚਕਾਰ ਅਨੁਪਾਤਕ ਰੂਪ ਵਿਚ ਵੰਡੇ ਜਾਣ ਵਾਲੇ ਨਿਗਮਤ ਲਾਭ ਦਾ ਹੀ ਲਿਆ ਜਾਂਦਾ ਹੈ । ਲਾਭਾਂਸ਼ ਆਮ ਤੌਰ ਤੇ ਉਸ ਸਾਲ ਦੇ ਚਲੰਤ ਲਾਭ ਵਿਚੋਂ ਅਦਾ ਕੀਤਾ ਜਾਂਦਾ ਹੈ ਜਿਸ ਬਾਰੇ ਉਹ ਐਲਾਨਿਆਂ ਜਾਂਦਾ ਹੈ । ਪਰ ਕੰਪਨੀ ਜੇ ਚਾਹੇ ਤਾਂ ਚਲੰਤ ਲਾਭ ਵੰਡਣ ਦੀ ਥਾਂ ਸੰਚਿਤ ਵੀ ਕਰ ਸਕਦੀ ਹੈ । ਇਥੋਂ ਤਕ ਕਿ ਕੰਪਨੀ ਸੰਚਤ ਲਾਭ ਨੂੰ ਪੂੰਜੀ ਵਿਚ ਸ਼ਾਮਲ ਕਰ ਸਕਦੀ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.