ਲਿੰਗ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਲਿੰਗ : ਕਿਸੇ ਵੀ ਭਾਸ਼ਾ ਦੇ ਵਿਆਕਰਨ ਦੇ ਖੇਤਰ ਵਿੱਚ ‘ਲਿੰਗ` ਇੱਕ ਮਹੱਤਵਪੂਰਨ ਸੰਕਲਪ ਹੈ। ਇਸ ਦਾ ਸਿੱਧਾ ਸੰਬੰਧ ਭਾਸ਼ਾ ਦੀ ਸ਼ਬਦਾਵਲੀ ਨਾਲ ਜੁੜਦਾ ਹੈ। ਕਿਸੇ ਭਾਸ਼ਾ ਦੇ ਵਿਆਕਰਨ (ਭਾਸ਼ਾਈ ਵਰਤੋਂ ਵਿਉਂਤ ਦੇ ਨੇਮਾਂ ਦੀ ਉਹ ਪੁਸਤਕ ਜਿਸ ਅਧੀਨ ਭਾਸ਼ਾ ਵਰਤੀ ਜਾਂਦੀ ਹੈ) ਦੇ ਨਿਯਮ ਸਥਾਪਿਤ ਕਰਨ ਲਈ ਜਾਂ ਸਮਝਣ ਲਈ, ਸ਼ਬਦਾਵਲੀ ਦੀ ਵਰਤੋਂ ਵਿਉਂਤ ਦੇ ਕਈ ਪੱਖਾਂ ਵਿੱਚੋਂ ‘ਲਿੰਗ’ ਇੱਕ ਮਹੱਤਵਪੂਰਨ ਸੰਕਲਪ ਹੈ। ਇਸ ਸੰਕਲਪ ਲਈ ਅੰਗਰੇਜ਼ੀ ਭਾਸ਼ਾ ਵਿੱਚ Gender ਸ਼ਬਦ ਪ੍ਰਚਲਿਤ ਹੈ, ਜੋ ਕਿ ਆਪਣੀ ਮੂਲ ਭਾਸ਼ਾ ਲਾਤੀਨੀ ਦੇ ਸ਼ਬਦ Genus ਤੋਂ ਬਣਿਆ ਹੈ। Genus ਦਾ ਅਰਥ ਹੈ ਵਰਗ ਜਾਂ ਕਿਸਮ। ਇਸ ਅਰਥ ਦੇ ਆਧਾਰ `ਤੇ ਹੀ ਭਾਸ਼ਾਵਾਂ ਵਿੱਚ ਸ਼ਬਦਾਂ ਦੀ ਵਰਤੋਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੱਖ-ਵੱਖ ਵਰਗ ਸਥਾਪਿਤ ਹੋਏ ਹਨ। ਸਧਾਰਨ ਅਰਥਾਂ ਵਿੱਚ ‘ਨਰ’ ਅਤੇ ‘ਮਾਦਾ’ ਦਾ ਭੇਦ ਦਰਸਾਉਣ ਵਾਲੇ ਸ਼ਬਦਾਂ ਦੇ ਵਰਗਾਂ ਨੂੰ ‘ਲਿੰਗ’ ਕਿਹਾ ਜਾਣ ਲੱਗ ਪਿਆ ਹੈ। ‘ਨਰ’ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ ਨੂੰ ‘ਪੁਲਿੰਗ’ ਅਤੇ ‘ਮਾਦਾ’ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ ਨੂੰ ‘ਇਸਤਰੀ ਲਿੰਗ’ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਹ ਵਰਗ ਵੰਡ ਕੁਦਰਤ ਵਿੱਚ ਪ੍ਰਾਪਤ ਲਿੰਗਕ ਭੇਦ ਦੇ ਆਧਾਰ ਤੇ ਹੀ ਕੀਤੀ ਗਈ।
ਪਰੰਤੂ ਭਾਸ਼ਾਵਾਂ ਵਿੱਚ ਸ਼ਬਦਾਂ ਦੇ ਵਰਤਾਰੇ ਨੂੰ ਧਿਆਨ ਵਿੱਚ ਰੱਖ ਕੇ ਜੇ ਉਪਰੋਕਤ ਵੰਡ ਨੂੰ ਆਧਾਰ ਬਣਾਇਆ ਜਾਵੇ ਤਾਂ ਇਹ ਪੂਰੀ ਤਰ੍ਹਾਂ ਸਹੀ ਨਹੀਂ ਉੱਤਰਦੀ। ਇਸ ਗੱਲ ਦੀ ਸਪਸ਼ਟਤਾ ਲਈ ਪੰਜਾਬੀ ਭਾਸ਼ਾ ਦੇ ਸੰਦਰਭ ਵਿੱਚ ਇਹ ਕਹਿਣਾ ਜ਼ਰੂਰੀ ਹੈ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਵਿਉਂਤ ਵਿੱਚ ਜਾਨਦਾਰ ਵਸਤਾਂ ਵਿੱਚ ਲਿੰਗਕ ਭੇਦ ਮੌਜੂਦ ਹੋਣ ਦੇ ਬਾਵਜੂਦ ਉਹਨਾਂ ਦਾ ਨਾਮ ਇੱਕੋ ਹੈ ਮਿਸਾਲ ਵਜੋਂ-ਇੱਲ, ਬਾਜ, ਤਿੱਤਲੀ, ਭੰਵਰਾ ਆਦਿ। ਇਸ ਤਰੁੱਟੀ ਦਾ ਹੱਲ ਵਿਦਵਾਨਾਂ/ਵਿਆਕਰਨਕਾਰਾਂ ਨੇ ਇਹ ਕਹਿ ਕੇ ਲੱਭਿਆ ਕਿ - ਈ ਅੰਤਿਕ ਸ਼ਬਦ ਇਸਤਰੀ ਲਿੰਗ ਹੋਣਗੇ ਤੇ -ਆ ਅੰਤਿਕ ਸ਼ਬਦ ਪੁਲਿੰਗ। ਪਰੰਤੂ ਅਜਿਹੀ ਵੰਡ ਵਿੱਚ ਪੰਜਾਬੀ ਭਾਸ਼ਾ ਦੇ ਸਾਰੇ ਸ਼ਬਦਾਂ ਦਾ ਸਮੋਣਾ ਔਖਾ ਸੀ। ਕਿਉਂਕਿ ਬਹੁਤ ਸਾਰੀ -ਈ ਅੰਤਿਕ ਸ਼ਬਦ ‘ਨਰ’ ਹਨ ਅਤੇ -ਆ ਅੰਤਿਕ ਸ਼ਬਦ ‘ਮਾਦਾ’ ਹਨ, ਜਿਵੇਂ ਹਾਥੀ, ਤੇਲੀ, ਦਰਜੀ, ਮੋਚੀ ਆਦਿ ਪੁਲਿੰਗ ਦੇ ਤੌਰ ਤੇ ਵਰਤੇ ਜਾਂਦੇ ਹਨ ਅਤੇ ਭੂਆ, ਹਵਾ ਆਦਿ ਇਸਤਰੀ ਲਿੰਗ ਦੇ ਤੌਰ ਤੇ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਵਿੱਚ ਬੇਜਾਨ ਵਸਤਾਂ ਨੂੰ ਵੀ ਕੁਦਰਤੀ ਲਿੰਗ ਵਾਂਗ ਵਰਤਿਆ ਜਾਂਦਾ ਹੈ। ਜਿੱਥੇ ਕਿ ਵਿਆਕਰਨਕਾਰਾਂ ਨੇ ‘ਆਕਾਰ’ ਨੂੰ ਆਧਾਰ ਮਿੱਥ ਲਿਆ। ਇਸ ਨਿਯਮ ਵਿੱਚ ਵੀ ਥੋੜ੍ਹੀ ਦੇਰ ਬਾਅਦ ਵਿਆਕਰਨਕਾਰਾਂ ਨੂੰ ਸੋਧ ਕਰਨੀ ਪਈ, ਕਿਉਂਕਿ ਬਹੁਤ ਸਾਰੀ ਸ਼ਬਦਾਵਲੀ ਉਹਨਾਂ ਦੇ ਉਪਰੋਕਤ ਨਿਯਮ ਅਨੁਸਾਰ ਨਹੀਂ ਸੀ ਵਰਤੀ ਜਾਂਦੀ। ਉਹਨਾਂ ਦਾ ਨਿਯਮ ਸੀ ਕਿ ਵੱਡਾ ਆਕਾਰ ‘ਪੁਲਿੰਗ’ ਵਜੋਂ ਅਤੇ ਛੋਟਾ ਆਕਾਰ ‘ਇਸਤਰੀ ਲਿੰਗ’ ਵਜੋਂ ਵਰਤਿਆ ਜਾਵੇਗਾ। ਉਦਾਹਰਨਾਂ ਵਿੱਚ ਤਵਾ/ਤਵੀ, ਬੋਰਾ/ਬੋਰੀ ਨੂੰ ਲਿਆ ਜਾ ਸਕਦਾ ਹੈ। ਪੰਜਾਬੀ ਭਾਸ਼ਾ ਦੀ ਵਰਤੋਂ ਵਿਉਂਤ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ‘ਪੜਨਾਂਵ’ ਸ਼੍ਰੇਣੀ ਦੇ ਸ਼ਬਦਾਂ ਦਾ ਵਰਤਾਰਾ ਵੀ ਕੁਦਰਤੀ ਲਿੰਗ ਪ੍ਰਥਾ ਨਾਲ ਮੇਲ ਨਹੀਂ ਖਾਂਦਾ। ਪੜਨਾਂਵ ਸ਼ਬਦ (ਮੈਂ, ਤੂੰ, ਤੁਸੀਂ, ਉਹ ਆਦਿ) ਵਿੱਚ ਲਿੰਗ ਭੇਦ ਨਹੀਂ ਹੈ। ਭਾਵੇਂ ਕੋਈ ਇਸਤਰੀ ਹੈ ਤੇ ਭਾਵੇਂ ਮਰਦ ਉਹ ‘ਮੈਂ’ ਸ਼ਬਦ ਦੀ ਵਰਤੋਂ ਹੀ ਕਰੇਗਾ।
ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਦੀ ਵਰਤੋਂ ਵਿਉਂਤ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਵਿੱਚ ਸ਼ਬਦਾਂ ਦਾ ਵਰਤਾਰਾ ਕੁਦਰਤੀ ਲਿੰਗ ਪ੍ਰਥਾ ਵਾਲਾ ਨਹੀਂ, ਸਗੋਂ ਇਸ ਵਿੱਚ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਹੀ ਲਿੰਗ ਦਾ ਨਿਪਟਾਰਾ ਕਰ ਸਕਦੀ ਹੈ। ਇਸ ਕਾਰਨ ਪੰਜਾਬੀ ਭਾਸ਼ਾ ਵਿੱਚ ਵਿਆਕਰਨਿਕ ਲਿੰਗ ਮੌਜੂਦ ਹੈ ਨਾ ਕਿ ਕੁਦਰਤੀ ਲਿੰਗ ਪ੍ਰਣਾਲੀ। ਸ਼ਬਦਾਂ ਦੇ ਵਾਕਾਂ ਵਿੱਚ ਨਿਪਟਾਰੇ ਦੌਰਾਨ /-ਆ/ ਅੰਤਿਕ ਜਾਂ ਕੰਨੇ ਨਾਲ ਖ਼ਤਮ ਹੋਣ ਵਾਲੇ ਸ਼ਬਦ ਪੁਲਿੰਗ ਅਖਵਾਉਣਗੇ ਅਤੇ -ਈ ਅੰਤਿਕ ਜਾਂ ਬਿਹਾਰੀ ਨਾਲ ਖ਼ਤਮ ਹੋਣ ਵਾਲੇ ਸ਼ਬਦ ਇਸਤਰੀ ਲਿੰਗ ਅਖਵਾਉਣਗੇ। ਕਿਹਾ ਜਾ ਸਕਦਾ ਹੈ ਕਿ ਸ਼ਬਦਾਂ ਦਾ ‘ਨਰ’ ਅਤੇ ‘ਮਾਦਾ’ ਵਜੋਂ ਵਿਚਰਨ ਨੂੰ ਲਿੰਗ ਕਿਹਾ ਜਾਂਦਾ ਹੈ ਅਤੇ ‘ਲਿੰਗ’ ਦੀਆਂ ਦੋ ਪ੍ਰਣਾਲੀਆਂ ਕੁਦਰਤੀ ਲਿੰਗ ਤੇ ਵਿਆਕਰਨਿਕ ਲਿੰਗ ਹੁੰਦੀਆਂ ਹਨ। ਪੰਜਾਬੀ ਭਾਸ਼ਾ ਵਿੱਚ ਵਿਆਕਰਨਿਕ ਲਿੰਗ ਪ੍ਰਣਾਲੀ ਮੌਜੂਦ ਹੈ। ਜਿਸ ਅਧੀਨ ਨਾਂਵ/ਵਿਸ਼ੇਸ਼ਣ/ਕਿਰਿਆ ਆਦਿ ਸਾਰੇ ਵਿਕਾਰੀ ਸ਼ਬਦ ਆਪਸ ਵਿੱਚ ਇੱਕ-ਦੂਜੇ ਦੇ ਹਾਣੀ ਬਣ ਕੇ ਵਾਕਾਂ ਵਿੱਚ ਵਿਚਰਦੇ ਹਨ।
ਲੇਖਕ : ਕਵਲਜੀਤ ਜੱਸਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 49140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਲਿੰਗ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਲਿੰਗ: ਲਿੰਗ ਇਕ ਵਿਆਕਰਨਕ ਸ਼ਰੇਣੀ ਹੈ। ਪੰਜਾਬੀ ਵਿਚ ਹਰ ਨਾਂਵ ਦਾ ਕੋਈ ਨਾ ਕੋਈ ਲਿੰਗ ਜ਼ਰੂਰ ਹੁੰਦਾ ਹੈ ਭਾਵ ਇਹ ਇਕ ਅਜਿਹੀ ਵਿਆਕਰਨਕ ਸ਼ਰੇਣੀ ਹੈ ਜੋ ਨਾਂਵ ਦਾ ਮੂਲ ਲੱਛਣ ਹੈ ਅਤੇ ਇਸ ਨੂੰ ਨਾਂਵ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਵਾਕਾਤਮਕ ਬਣਤਰਾਂ ਵਿਚ ਨਾਂਵ ਜਾਂ ਨਾਂਵ ਦੀ ਥਾਂ ਜਾਂ ਨਾਂਵ ਦੇ ਨਾਲ ਵਿਚਰਨ ਵਾਲੇ ਸ਼ਬਦ ਰੂਪਾਂ ਤੇ ਇਸ ਦਾ ਪਰਭਾਵ ਪੈਂਦਾ ਹੈ, ਜਿਵੇਂ : ‘ਕਾਲਾ’ ਵਿਸ਼ੇਸ਼ਣ ਤੋਂ ਜ਼ਾਹਿਰ ਹੁੰਦਾ ਹੈ ਕਿ ਇਸ ਤੋਂ ਪਿਛੋਂਵਿਚਰਨ ਵਾਲੇ ਨਾਂਵ ਦਾ ਲਿੰਗ, ਪੁਲਿੰਗ ਰੂਪੀ ਹੋਵੇਗਾ ਜਿਵੇਂ : ‘ਕਾਲਾ ਮੁੰਡਾ, ਕਾਲਾ ਕੁੱਤਾ।’ ਇਸੇ ਤਰ੍ਹਾਂ ਬੰਧ-ਸੂਚਕ ‘ਮੇਰੀ’ ਤੋਂ ਨਾਂਵ ਦੇ ਲਿੰਗ ਦਾ ਭੇਦ ਪਤਾ ਚਲਦਾ ਹੈ : ‘ਮੇਰੀ ਕੁੜੀ, ਮੇਰਾ ਮੁੰਡਾ’ ‘ਦਾ’ ਵਰਗ ਦੇ ਸਬੰਧਕ ਜਦੋਂ ਕਿਸੇ ਵਾਕਾਤਮਕ ਬਣਤਰ ਵਿਚ ਨਾਂਵ ਪੜਨਾਂਵ ਦੇ ਨਾਲ ਵਿਚਰਦੇ ਹਨ ਤਾਂ ਇਨ੍ਹਾਂ ਦੇ ਰੂਪ ਨਾਂਵ ਦੇ ਲਿੰਗ ਅਨੁਸਾਰ ਹੀ ਬਦਲਦੇ ਹਨ ਜਿਵੇਂ : ‘ਉਸ ਦਾ ਮੁੰਡਾ, ਉਸ ਦੀ ਧੀ’ ਆਦਿ। ਪੰਜਾਬੀ ਲਿੰਗ ਦਾ ਘੇਰਾ ਨਾਂਵ (ਵਾਕੰਸ਼) ਤੱਕ ਸੀਮਤ ਨਹੀਂ ਸਗੋਂ ਇਸ ਦਾ ਪਰਭਾਵ (ਹੋਰ ਸ਼ਰੇਣੀਆਂ ਵਾਂਗ) ਕਿਰਿਆ ਤੇ ਪੈਂਦਾ ਹੈ ਭਾਵ ਨਾਂਵ ਦਾ ਲਿੰਗ ਕਿਰਿਆ ’ਤੇ ਮਾਰਕ ਹੁੰਦਾ ਹੈ, ਜਿਵੇਂ : ‘ਬੱਚਾ ਆਇਆ ਹੈ, ਕੁੜੀ ਆਈ ਹੈ।’ ਪੰਜਾਬੀ ਪੜਨਾਂਵ ਸ਼ਬਦਾਂ ਵਿਚ ਕੋਈ ਲਿੰਗ ਭੇਦ ਨਹੀਂ ਹੁੰਦਾ ਪਰੰਤੂ ਸੰਦਰਭ ਵਿਚ ਪੜਨਾਂਵ ਦੇ ਲਿੰਗ ਦਾ ਪਤਾ ਚਲਦਾ ਹੈ ਅਤੇ ਉਹੀ ਲਿੰਗ ਕਿਰਿਆ ’ਤੇ ਮਾਰਕ ਹੁੰਦਾ ਹੈ, ਜਿਵੇਂ : ‘ਉਹ ਜਾਂਦਾ ਹੈ, ਉਹ ਜਾਂਦੀ ਹੈ।’
ਹਰ ਜਿਉਂਦੇ ਜੀਵ-ਜੰਤੂ, ਨਰ ਅਤੇ ਮਾਦਾ ਜੋੜਿਆਂ ਦੇ ਰੂਪ ਵਿਚ ਵਿਚਰਦੇ ਹਨ। ਹਰ ਇਕ ਨਰ ਦਾ ਮਾਦਾ ਰੂਪ ਅਤੇ ਹਰ ਮਾਦਾ ਦਾ ਨਰ ਰੂਪ ਲਾਜ਼ਮੀ ਹੁੰਦਾ ਹੈ। (ਕੁਝ ਅਪਵਾਦਾਂ ਨੂੰ ਛੱਡ ਕੇ)। ਜਿਉਂਦੀ ਵਸਤੂ ਦੇ ਇਸ ਪੱਖ ਨੂੰ ਕਈ ਵਾਰ ਵਿਆਕਰਨ ’ਤੇ ਲਾਗੂ ਕਰ ਲਿਆ ਜਾਂਦਾ ਹੈ ਅਤੇ ਭਾਸ਼ਾ ਵਿਚਲੇ ਲਿੰਗ ਦਾ ਨਿਰਨਾ ਨਰ ਅਤੇ ਮਾਦਾ ਦੇ ਕੁਦਰਤੀ ਲਿੰਗ ਦੇ ਅਧਾਰ ’ਤੇ ਕਰ ਲਿਆ ਜਾਂਦਾ ਹੈ। ਇਸ ਪਰਕਾਰ ਦਾ ਵਰਤਾਰਾ ਗੈਰ-ਵਿਗਿਆਨਕ ਹੈ। ਨਰ ਅਤੇ ਮਾਦਾ ਦੇ ਅਧਾਰ ’ਤੇ ਵਿਆਕਰਨਕ ਲਿੰਗ ਦਾ ਨਿਰਨਾ ਇਸ ਲਈ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਰੇ ਨਾਂਵ ਸ਼ਬਦ ਕੇਵਲ ਜਿਉਂਦੀਆਂ ਚੀਜ਼ਾਂ ਨਾਲ ਸਬੰਧਤ ਨਹੀਂ ਹੁੰਦੇ। ਭਾਵੇਂ ਅੰਗਰੇਜ਼ੀ ਦੀ ਲਿੰਗ ਵੰਡ ਦਾ ਅਧਾਰ ਨਰ ਮਾਦਾ ਨੂੰ ਬਣਾਇਆ ਜਾਂਦਾ ਹੈ ਕਿਉਂਕਿ ਅੰਗਰੇਜ਼ੀ ਵਿਚ ਵਿਆਕਰਨਕ ਲਿੰਗ ਮੌਜੂਦ ਨਹੀਂ। ਇਸ ਪਰਕਾਰ ਦਾ ਵਰਤਾਰਾ ਪੰਜਾਬੀ ਲਿੰਗ ਵਿਧਾਨ ਵਿਚ ਨਹੀਂ ਵਾਪਰਦਾ। ਪੰਜਾਬੀ ਦੀ ਸ਼ਬਦਾਵਲੀ ਨੂੰ ਨਰ ਅਤੇ ਮਾਦਾ ਦੇ ਅਧਾਰ ਤੇ ਨਹੀਂ ਵੰਡਿਆ ਜਾ ਸਕਦਾ ਕਿਉਂਕਿ ਜੇ ਹਰ ਨਰ ਲਈ ਮਾਦਾ ਮੈਂਬਰ ਹੈ ਤਾਂ ਹਰ ਨਰ-ਸੂਚਕ ਸ਼ਬਦ ਲਈ ਉਸ ਦੇ ਵਿਰੋਧੀ ਮਦੀਨ-ਸੂਚਕ ਸ਼ਬਦ ਵੀ ਹੋਣਾ ਚਾਹੀਦਾ ਹੈ। ਪਰ ਪੰਜਾਬੀ ਵਿਚ ਕਈ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਲਿੰਗ ਪੱਖੋਂ ਜੁੱਟ ਨਹੀਂ ਹਨ, ਜਿਵੇਂ : ‘ਇੱਲ, ਘੁੱਗੀ, ਜੋਕ, ਜੂੰ, ਧੱਖ, ਮੱਛੀ, ਬੱਤਖ,’ ਇਸਤਰੀ ਲਿੰਗ ਸ਼ਬਦ ਹਨ ਪਰ ਇਨ੍ਹਾਂ ਦੇ ਲਿੰਗ ਵਿਰੋਧ-ਸੂਚਕ ਸ਼ਬਦ ਨਹੀਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਮਾਦਾ ਦੇ ਕੋਈ ਨਰ ਜੀਵ ਨਹੀਂ ਹਨ। ਇਸ ਤੋਂ ਉਲਟ, ‘ਬਾਜ਼, ਸਾਹਣ, ਢੱਠਾ, ਬਿੱਛੂ, ਗੰਡੋਇਆ, ਬਗਲਾ, ਕੱਛੂਕੁਮਾ,’ ਪੁਲਿੰਗ ਸ਼ਬਦ ਹਨ ਪਰ ਇਨ੍ਹਾਂ ਦੇ ਇਸਤਰੀ ਲਿੰਗ ਰੂਪ ਨਹੀਂ ਹਨ। ਜੇ ਲਿੰਗ ਦਾ ਸਿੱਧਾ ਸਬੰਧ ਨਰ ਮਾਦਾ ਨਾਲ ਹੁੰਦਾ ਤਾਂ ਇਸ ਤਰ੍ਹਾਂ ਨਹੀਂ ਸੀ ਵਾਪਰਨਾ। ਇਸ ਤੱਥ ਦੀ ਪੁਸ਼ਟੀ ਲਈ ਦੂਜਾ ਅਧਾਰ ਮੌਜੂਦ ਹੈ। ਪੰਜਾਬੀ ਦੇ ਹਰ ਨਾਂਵ ਦਾ ਕੋਈ ਨਾ ਕੋਈ ਲਿੰਗ ਜ਼ਰੂਰ ਹੁੰਦਾ ਹੈ ਭਾਵੇਂ ਉਹ ਸ਼ਬਦ ਜਿਉਂਦੀਆਂ ਜਾਂ ਗੈਰ-ਜਿਊਂਦੀਆਂ ਵਸਤਾਂ ਦੇ ਸੂਚਕ ਹਨ, ਜਿਵੇਂ : ‘ਮੰਜਾ, ਸੋਟਾ, ਰੱਸਾ, ਖੂਹ, ਗੱਡਾ’ ਪੁਲਿੰਗ ਸ਼ਬਦ ਹਨ ਅਤੇ ਇਨ੍ਹਾਂ ਦੇ ‘ਮੰਜੀ, ਸੋਟੀ, ਰੱਸੀ, ਖੂਹੀ, ਗੱਡੀ’ ਇਸਤਰੀ ਲਿੰਗ ਸੂਚਕ ਸ਼ਬਦ ਰੂਪ ਹਨ। ਜੇ ਲਿੰਗ ਦਾ ਨਰ ਮਾਦਾ ਨਾਲ ਸਬੰਧ ਹੁੰਦਾ ਤਾਂ ਗੈਰ-ਜਿਊਂਦੀਆਂ ਚੀਜ਼ਾਂ ਦੇ ਸੂਚਕ ਨਾਵਾਂ ਵਿਚ ਲਿੰਗ ਭੇਦ ਨਹੀਂ ਸੀ ਹੋਣਾ। ਇਸੇ ਤੱਥ ਦੀ ਪੁਸ਼ਟੀ ਲਈ ਇਕ ਹੋਰ ਮਿਸਾਲ ਦਿੱਤੀ ਜਾ ਸਕਦੀ ਹੈ। ਜੇ ਵਿਆਕਰਨਕ ਲਿੰਗ ਅਤੇ ਕੁਦਰਤੀ ਲਿੰਗ ਵਿਚ ਕੋਈ ਅੰਤਰ ਨਾ ਹੁੰਦਾ ਤਾਂ ਹਰ ਭਾਸ਼ਾ ਵਿਚਲਾ ਲਿੰਗ ਵਿਧਾਨ ਇਕੋ ਜਿਹਾ ਹੋਣਾ ਚਾਹੀਦਾ ਸੀ ਪਰ ਹਰ ਭਾਸ਼ਾ ਦੇ ਵਰਤਾਰੇ ਵਿਚ ਲਿੰਗ-ਭੇਦ ਦੀ ਭਿੰਨਤਾ ਹੈ। ਅੰਗਰੇਜ਼ੀ ਵਿਚ ਇਹ ਵਰਤਾਰਾ ਸ਼ਾਬਦਕ ਲਿੰਗ ਤੱਕ ਸੀਮਤ ਹੈ। ਸੰਸਕ੍ਰਿਤ ਵਿਚ ਤਿੰਨ ਲਿੰਗ (ਪੁਲਿੰਗ, ਇਸਤਰੀ ਲਿੰਗ ਅਤੇ ਨਪੁੰਸਕ ਲਿੰਗ) ਹਨ। ਸੰਸਕ੍ਰਿਤ ਮੂਲ ਦੇ ਸ਼ਬਦ ਜਦੋਂ ਪੰਜਾਬੀ ਵਿਚ ਤਤਸਮ ਅਤੇ ਤਦਭਵ ਰੂਪ ਵਿਚ ਵਿਚਰਦੇ ਹਨ ਤਾਂ ਉਨ੍ਹਾਂ ਦੇ ਲਿੰਗ ਭੇਦ ’ਤੇ ਵੀ ਅਸਰ ਪੈਂਦਾ ਹੈ, ਜਿਵੇਂ : ਅਗਨਿ (ਪੁਲਿੰਗ)-ਅੱਗ (ਇਸਤਰੀ ਲਿੰਗ), ਕਰਮ (ਨਿਪੁੰਸਕ ਲਿੰਗ)-ਕੰਮ (ਪੁਲਿੰਗ), ਲਾਲਸਾ (ਇਸਤਰੀ ਲਿੰਗ)-ਲਾਲਚ (ਪੁਲਿੰਗ) ਹਨ। ਇਸ ਪਰਕਾਰ ਦਾ ਵਰਤਾਰਾ ਦੂਜੀਆਂ ਭਾਸ਼ਾਵਾਂ ਤੋਂ ਲਏ ਗਏ ਉਧਾਰੇ ਸ਼ਬਦਾਂ ’ਤੇ ਵੀ ਵਾਪਰਦਾ ਹੈ। ਅਫਰੀਕੀ ਭਾਸ਼ਾ ਪਰਿਵਾਰ ਦੀ ਮੈਂਬਰ ਭਾਸ਼ਾ ਬੰਟੂ ਪਰਿਵਾਰ ਦੀ ਇਕ ਭਾਸ਼ਾ ਸਵਾਹਿਲੀ ਦੇ ਨਾਂਵ ਪਰਬੰਧ ਵਿਚ ਛੇ ਲਿੰਗ ਹਨ। ਇਨ੍ਹਾਂ ਤੱਥਾਂ ਤੋਂ ਸਾਬਤ ਹੁੰਦਾ ਹੈ ਕਿ ਵਿਆਕਰਨਕ ਲਿੰਗ ਅਤੇ ਕੁਦਰਤੀ ਲਿੰਗ ਦਾ ਕੋਈ ਸਿੱਧਾ ਸਬੰਧ ਨਹੀਂ। ਲਿੰਗ ਨੂੰ ਵਿਆਕਰਨਕ ਅਤੇ ਸ਼ਾਬਦਕ ਲਿੰਗ ਵਿਚ ਵੰਡਿਆ ਜਾਂਦਾ ਹੈ।
ਰੂਪ ਪੱਖ ਤੋਂ ਨਾਂਵ ਸ਼ਬਦਾਂ ਦੇ ਲਿੰਗ ਭੇਦ ਨੂੰ ਜਾਣਨ ਲਈ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਵਿਅੰਜਨ ਅੰਤਕ ਸ਼ਬਦਾਂ ਨਾਲ ‘-ਈ, -ਨੀ, -ਣੀ, -ਆਣੀ, -ਅਣ, ਆਦਿ ਅੰਤਕ ਲਾ ਕੇ ਲਿੰਗ ਬਦਲਿਆ ਜਾ ਸਕਦਾ ਹੈ ਜਿਵੇਂ : ਹਿਰਨ-ਹਿਰਨੀ, ਜੱਟ-ਜੱਟੀ, ਸੰਤ-ਸੰਤਣੀ ਆਦਿ। (ii) ਸਵਰ ਅੰਤਕ ਸ਼ਬਦਾਂ ਨਾਲ ‘-ਆ, -ਈ, -ਅਣ, -ਆਣੀ’ ਲਗਾ ਕੇ ਸਵਰ ਅੰਤਕ ਸ਼ਬਦਾਂ ਦੇ ਉਲਟ ਲਿੰਗ-ਸੂਚਕ ਵਿਅੰਜਨ ਅੰਤਕ ਹੁੰਦੇ ਹਨ ਜਿਵੇਂ : ‘ਚਾਚਾ-ਚਾਚੀ, ਸੋਟਾ-ਸੋਟੀ, ਧੋਬੀ-ਧੋਬਣ, ਤੇਲੀ-ਤੇਲਣ’ ਆਦਿ। (iii) ਤੀਜੀ ਪਰਕਾਰ ਦੇ ਉਹ ਨਾਂਵ ਸ਼ਬਦ ਹਨ ਜਿਨ੍ਹਾਂ ਦੇ ਲਿੰਗ ਭੇਦ ਦਾ ਪਤਾ ਵਿਰੋਧੀ ਸ਼ਬਦ ਜੁੱਟਾਂ ਤੋਂ ਹੀ ਚਲਦਾ ਹੈ ਇਨ੍ਹਾਂ ਸ਼ਬਦਾਂ ਦੇ ਮੂਲ ਵੱਖਰੇ ਹੁੰਦੇ ਹਨ, ਜਿਵੇਂ : ‘ਮੁੰਡਾ-ਕੁੜੀ, ਮਾਂ-ਪਿਓ, ਖਸਮ-ਰੰਨ, ਸਾਲੀ-ਸਾਂਢੂ’ ਆਦਿ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 49068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਲਿੰਗ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲਿੰਗ (ਨਾਂ,ਪੁ) 1 ਸੰਤਾਨ ਪੈਦਾ ਕਰਨ ਦੀ ਪੁਰਸ਼ ਇੰਦਰੀ 2 ਪੁਰਸ਼ ਅਤੇ ਇਸਤਰੀ ਦੀ ਸੰਗਿਆ ਦਾ ਬੋਧਕ ਸ਼ਬਦ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 49031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਲਿੰਗ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Gender (ਜੈਂਨਡਅ*) ਲਿੰਗ: ਹੁਣ ਲਿੰਗ-ਪੁਲਿੰਗ (gender) ਅਤੇ ਲਿੰਗ ਭੇਦ (sex) ਵਿਚਕਾਰ ਵਧੇਰੇ ਭਿੰਨਤਾ ਦਰਸਾਈ ਜਾਂਦੀ ਹੈ। ਇਹ ਆਮ ਮੰਨਿਆ ਜਾਂਦਾ ਹੈ ਕਿ ਲਿੰਗ-ਭੇਦ (sex) ਜੀਵ-ਵਿਗਿਆਨਿਕ ਦੁਆਰਾ ਨਿਰਧਾਰਿਤ ਹੈ। ਜਦੋਂ ਕਿ ਨਰ (male) ਅਤੇ ਮਾਦਾ (female) ਲਿੰਗ-ਭੇਦ (sexes) ਜੀਵ-ਵਿਗਿਆਨਿਕ ਸਚਾਈਆਂ (biological facts) ਹਨ। ਪਰ ਲਿੰਗ-ਪੁਲਿੰਗ (gender) ਨੂੰ ਸਮਾਜ ਅਤੇ ਸਭਿਆਚਾਰ ਨੇ ਰੂਪਵਾਨ ਕੀਤਾ ਹੈ। ਸਮਾਜ ਆਸ਼ਾ ਕਰਦਾ ਹੈ ਕਿ ਆਦਮੀ ਅਤੇ ਔਰਤ ਆਪਣੀਆਂ ਭੂਮਿਕਾਵਾਂ ਨਿਭਾਉਣ। ਰਵਾਇਤੀ ਤੌਰ ਤੇ ਮਨੁੱਖ ਰੋਟੀ-ਰੋਜ਼ੀ ਕਮਾਉਂਦਾ (bread winner) ਹੈ ਪਰ ਤੀਵੀਂ ਘਰ ਨੂੰ ਸੰਭਾਲਦੀ ਅਤੇ ਬੱਚੇ ਜਣਦੀ ਹੈ। ਹੁਣ ਬਹੁਤ ਸਾਰੇ ਦੇਸ਼ਾਂ ਵਿੱਚ ਆਰਥਿਕ ਦਸ਼ਾ ਵਿੱਚ ਪਰਿਵਰਤਨ ਆਉਣ ਨਾਲ ਪੁਰਸ਼ਾਂ ਅਤੇ ਇਸਤਰੀਆਂ ਦਾ ਨਜ਼ਰੀਆ ਬਦਲ ਰਿਹਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48985, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਲਿੰਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲਿੰਗ [ਨਾਂਪੁ] ਪੁਰਸ਼ ਅਤੇ ਇਸਤਰੀ ਦੀ ਸੰਗਿਆ ਦਾ ਬੋਧਕ ਸ਼ਬਦ; ਪੁਰਸ਼ ਦੀ ਇੰਦਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਲਿੰਗ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Gender_ਲਿੰਗ: ਸਭ ਕੇਂਦਰੀ ਐਕਟਾਂ ਅਤੇ ਵਿਨਿਯਮਾਂ ਵਿਚ ਜੇਕਰ ਵਿਸ਼ੇ ਜਾਂ ਪ੍ਰਸੰਗ ਤੋਂ ਹੋਰਵੇਂ ਨ ਲੋੜੀਂਦਾ ਹੋਵੇ ਤਾਂ ਪੁਲਿੰਗ ਸ਼ਬਦਾਂ ਵਿਚ ਇਸਤਰੀ ਲਿੰਗ ਸ਼ਾਮਲ ਸਮਝਿਆ ਜਾਂਦਾ ਹੈ। ਪੜਨਾਵ ਅਤੇ ਕ੍ਰਿਆ ਰੂਪ ਪੁਲਿੰਗ ਹੀ ਵਰਤੇ ਜਾਂਦੇ ਹਨ ਪਰ ਇਸਤਰੀ ਲਿੰਗ ਪ੍ਰਤੀ ਹਵਾਲਾ ਉਸ ਵਿਚ ਸ਼ਾਮਲ ਸਮਝਿਆ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First