ਵਡਾਲੀ ਗੁਰੂ ਕੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਡਾਲੀ ਗੁਰੂ ਕੀ (ਪਿੰਡ): ਇਸ ਨੂੰ ‘ਗੁਰੂ ਕੀ ਵਡਾਲੀ ’ ਵੀ ਕਿਹਾ ਜਾਂਦਾ ਹੈ। ਇਹ ਪਿੰਡ ਅੰਮ੍ਰਿਤਸਰ ਨਗਰ ਦੇ ਪੱਛਮ ਵਾਲੇ ਪਾਸੇ ਲਗਭਗ 6 ਕਿ.ਮੀ. ਦੀ ਵਿਥ ਉਤੇ ਸਥਿਤ ਹੈ। ਸਿੱਖ ਇਤਿਹਾਸ ਅਨੁਸਾਰ ਗੁਰੂ ਅਰਜਨ ਦੇਵ ਜੀ ਇਸ ਪਿੰਡ ਵਿਚ 1594 ਈ. ਤੋ. 1597 ਈ. ਦਰਮਿਆਨ ਸਵਾ ਤਿੰਨ ਸਾਲ ਰਹੇ ਸਨ ਅਤੇ ਇਥੇ ਹੀ ਗੁਰੂ ਹਰਿਗੋਬਿੰਦ ਸਾਹਿਬ ਦਾ 14 ਜੂਨ 1595 ਈ. ਨੂੰ ਜਨਮ ਹੋਇਆ ਸੀ। ਦੋ ਗੁਰੂ ਸਾਹਿਬਾਨ ਦੀ ਚਰਣ-ਛੋਹ ਪ੍ਰਾਪਤ ਕਰਨ ਵਾਲੇ ਇਸ ਪਿੰਡ ਵਿਚ ਤਿੰਨ ਗੁਰੂ-ਧਾਮ ਹਨ।

ਗੁਰਦੁਆਰਾ ਮੰਜੀ ਸਾਹਿਬ ਉਸ ਸਥਾਨ ਉਤੇ ਉਸਰਿਆ ਹੋਇਆ ਹੈ, ਜਿਥੇ ਗੁਰੂ ਅਰਜਨ ਦੇਵ ਜੀ ਭਾਈ ਸਹਾਰੀ ਦੀ ਖੇਤੀ ਵੇਖਣ ਲਈ ਕਦੀ ਕਦੀ ਆ ਕੇ ਬਿਰਾਜਦੇ ਸਨ। ਇਸ ਖੇਤੀ ਦੀ ਉਪਜ ‘ਗੁਰੂ ਕਾ ਲੰਗਰ ’ ਵਿਚ ਵਰਤੀ ਜਾਂਦੀ ਸੀ। ਗੁਰੂ ਜੀ ਨੇ ਖੇਤਾਂ ਦੀ ਸਿੰਚਾਈ ਲਈ ਇਕ ਖੂਹ ਵੀ ਲਗਵਾਇਆ ਸੀ, ਜੋ ਹੁਣ ਵੀ ਮੌਜੂਦ ਹੈ। ਇਸ ਦੀ ਵਿਵਸਥਾ ਭਾਈ ਸਹਾਰੀ ਦੇ ਵੰਸ਼ਜ ਕਰਦੇ ਹਨ। ਇਸ ਦੀ ਵਰਤਮਾਨ ਇਮਾਰਤ ਉਨ੍ਹਾਂ ਨੇ ਹੀ ਸੰਨ 1980 ਈ. ਦੇ ਨੇੜੇ-ਤੇੜੇ ਬਣਵਾਈ ਸੀ।

ਗੁਰਦੁਆਰਾ ਜਨਮ ਅਸਥਾਨ ਪਾਤਿਸ਼ਾਹੀ ਛੇਵੀਂ ਪਿੰਡ ਦੀ ਆਬਾਦੀ ਵਿਚ ਹੀ ਬਣਿਆ ਹੋਇਆ ਹੈ। ਇਸ ਨੂੰ ‘ਅਟਾਰੀ ਸਾਹਿਬ’ ਵੀ ਕਹਿੰਦੇ ਹਨ। ਇਸ ਗੁਰੂ-ਧਾਮ ਵਾਲੀ ਥਾਂ’ਤੇ ਗੁਰੂ ਅਰਜਨ ਦੇਵ ਜੀ ਰਹਿੰਦੇ ਸਨ। ਇਸ ਵਿਚਲੀ ਭੋਰਾ ਸਾਹਿਬ ਵਾਲੀ ਥਾਂ’ਤੇ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ। ਇਸ ਗੁਰੂ-ਧਾਮ ਦੀ ਇਮਾਰਤ ਬਾਬਾ ਖੜਕ ਸਿੰਘ ਕਾਰ-ਸੇਵਾ ਵਾਲੇ ਨੇ ਸੰਨ 1960 ਈ. ਦੇ ਨੇੜੇ-ਤੇੜੇ ਬਣਵਾਈ ਸੀ।

ਗੁਰਦੁਆਰਾ ਦਮਦਮਾ ਸਾਹਿਬ ਜੋ ਪਿੰਡ ਦੇ ਦੱਖਣ ਵਾਲੇ ਪਾਸੇ ਥੋੜੀ ਵਿਥ ਉਤੇ ਬਣਿਆ ਹੋਇਆ ਹੈ। ਕਹਿੰਦੇ ਹਨ ਕਿ ਭਾਈ ਭਾਨੇ ਦੀ ਬੇਨਤੀ’ਤੇ ਛੇਵੇਂ ਗੁਰੂ ਇਥੇ ਇਕ ਵਾਰ ਆਏ ਸਨ। ਉਨ੍ਹਾਂ ਨੇ ਸ਼ਿਕਾਰ ਖੇਡਣ ਦੌਰਾਨ ਇਕ ਵੱਡੇ ਸੂਰ ਨੂੰ ਗੁਰੂ-ਧਾਮ ਵਾਲੀ ਥਾਂ’ਤੇ ਮਾਰਿਆ ਸੀ।

ਗੁਰਦੁਆਰਾ ਜਨਮ ਅਸਥਾਨ ਪਾਤਿਸ਼ਾਹੀ ਛੇਵੀਂ’ ਅਤੇ ‘ਗੁਰਦੁਆਰਾ ਦਮਦਮਾ ਸਾਹਿਬ ’ ਦੋਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹਨ, ਪਰ ਇਨ੍ਹਾਂ ਦੀ ਵਿਵਸਥਾ ਇਕ ਸਥਾਨਕ ਕਮੇਟੀ ਕਰਦੀ ਹੈ। ਉਹੀ ਕਮੇਟੀ ਵਡਾਲੀ ਪਿੰਡ ਦੇ ਨੇੜੇ ਸਥਿਤ ‘ਗੁਰਦੁਆਰਾ ਛੇਹਰਟਾ ਸਾਹਿਬ ’ (ਵੇਖੋ) ਦੀ ਦੇਖ-ਭਾਲ ਵੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਡਾਲੀ ਗੁਰੂ ਕੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਵਡਾਲੀ ਗੁਰੂ ਕੀ : ਇਹ ਪਿੰਡ ਅੰਮ੍ਰਿਤਸਰ ਤੋਂ ਲਗਭਗ 6.5 ਕਿ. ਮੀ. ਦੂਰ ਹੈ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਨਾਲ ਸਬੰਧਤ ਹੈ। ਸੰਨ 1594 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ  ਨੇ ਇਥੇ ਆ ਕੇ ਨਿਵਾਸ ਕੀਤਾ ਸੀ। ਪ੍ਰਿਥੀਚੰਦ ਨੇ ਸੁਲਹੀ ਖ਼ਾਨ ਨੂੰ ਅਰਜ਼ੀ ਦੇ ਕੇ ਬੁਲਾ ਭੇਜਿਆ ਸੀ ਤਾਂ ਕਿ ਉਸ ਨੂੰ ਗੁਰਿਆਈ ਦੀ ਗੱਦੀ ਮਿਲ ਸਕੇ। ਗੁਰੂ ਅਰਜਨ ਦੇਵ ਜੀ ਇਸ ਕਲੇਸ਼ ਤੋਂ ਪਹਿਲਾਂ ਹੀ ਕੁੱਝ ਸਮੇਂ ਲਈ ਅੰਮ੍ਰਿਤਸਰ ਤੋਂ ਦੂਰ ਜਾਣਾ ਚਾਹੁੰਦੇ ਸਨ। ਇੰਨੇ ਨੂੰ ਵਡਾਲੀ ਦੀ ਸੰਗਤ ਨੇ ਆਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਸਾਡੇ ਪਿੰਡ ਆ ਟਿਕੋ। ਉਨ੍ਹਾਂ ਦਾ ਪ੍ਰੇਮ ਦੇਖਕੇ ਗੁਰੂ ਜੀ ਵਡਾਲੀ ਪਿੰਡ ਆ ਗਏ।

ਉਥੋਂ ਦੇ ਚੌਧਰੀ ਭਾਈ ਭਾਗੂ ਨੇ ਗੁਰੂ ਜੀ ਨੂੰ ਆਪਣੇ ਘਰ ਲਿਜਾ ਕੇ ਵੱਖਰੀ ਹਵੇਲੀ ਦਿੱਤੀ। ਇਥੇ ਹੀ ਗੁਰੂ ਹਰਿਗੋਬਿੰਦ ਜੀ ਨੇ ਅਵਤਾਰ ਧਾਰਿਆ। ਗੁਰੂ ਜੀ ਨੇ ਇਸ ਖੁਸ਼ੀ ਦੇ ਸਮੇਂ ਇਕ ਛੇ-ਹਰਟਾ ਖੂਹ ਲੁਆਇਆ ਜਿਥੇ ਅੱਜਕੱਲ੍ਹ ਗੁਰਦੁਆਰਾ ਛੇਹਰਟਾ ਸਾਹਿਬ ਮੌਜੂਦ ਹੈ ਅਤੇ ਜਿਸ ਹਵੇਲੀ ਵਿਚ ਗੁਰੂ ਹਰਿਗੋਬਿੰਦ ਜੀ ਨੇ ਅਵਤਾਰ ਧਾਰਿਆ ਉਸ ਅਸਥਾਨ ਨੂੰ ਗੁਰਦੁਆਰਾ ‘ਗੁਰੂ ਕੀ ਵਡਾਲੀ’ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਇਥੇ ਗੁ. ਬਾਬਾ ਸ਼ਹੀਦ ਸਿੰਘ ਅਤੇ ਗੁ. ਦਮਦਮਾ ਸਾਹਿਬ ਵੀ ਸੁਸ਼ੋਭਿਤ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-04-16-41, ਹਵਾਲੇ/ਟਿੱਪਣੀਆਂ: ਹ. ਪੁ. –ਤ. ਗੁ. ਖਾ.; ਮਨੁੱਖਤਾ ਦੇ ਗੁਰੂ –ਸੀਤਲ; ਸਿੱਖ ਸ਼ਰਾਈਨਜ਼ ਇਨ ਇੰਡੀਆ - ਜੀ. ਐਸ. ਰਨਧੀਰ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.