ਵਿਆਕਰਨਕ ਸ਼ਬਦ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਆਕਰਨਕ ਸ਼ਬਦ : ਵਿਆਕਰਨ ਵਿਚ ਸ਼ਬਦ-ਸ਼ਰੇਣੀਆਂ ਦੀ ਸਥਾਪਤੀ , ਕੋਸ਼-ਵਿਗਿਆਨ ਵਿਚ ਕੋਸ਼ ਦੇ ਇੰਦਰਾਜ ਵਜੋਂ ਵਰਤਨ ਦੇ ਅਧਾਰ ਅਤੇ ਅਰਥ-ਵਿਗਿਆਨ ਦੇ ਪੱਖ ਤੋਂ ਇਕਾਈਆਂ ਵਿਚਲੇ ਸਬੰਧਾਂ ਦੇ ਅਧਾਰ ’ ਤੇ ਦੋ ਭਾਗਾਂ ਵਿਚ ਕੀਤੀ ਜਾਂਦੀ ਹੈ : ( i ) ਕੋਸ਼ੀ ਸ਼ਬਦ ਅਤੇ ( ii ) ਵਿਆਕਰਨਕ ਸ਼ਬਦ । ਕੋਸ਼ੀ ਸ਼ਬਦ , ਸ਼ਬਦ ਕੋਸ਼ ਵਿਚ ਇੰਦਰਾਜ ਦੇ ਤੌਰ ’ ਤੇ ਲਿਆ ਜਾਂਦਾ ਹੈ ਜਦੋਂ ਕਿ ਵਿਆਕਰਨਕ ਸ਼ਬਦਾਂ ਦੁਆਰਾ ਉਨ੍ਹਾਂ ਦੇ ਸਬੰਧਾਂ ਨੂੰ ਵਾਚਿਆ ਜਾਂਦਾ ਹੈ । ਕਿਸੇ ਵੀ ਭਾਸ਼ਾ ਦੀ ਸ਼ਬਦਾਵਲੀ ਨੂੰ ‘ ਮੁਖ ਸ਼ਬਦ ਅਤੇ ਗੌਣ ਸ਼ਬਦ’ ਦੋ ਭਾਗਾਂ ਵਿਚ ਰੱਖਿਆ ਜਾਂਦਾ ਹੈ । ਮੁੱਖ ਸ਼ਬਦ-ਸ਼ਰੇਣੀਆਂ ਵਿਚ ਖੁੱਲ੍ਹੀਆਂ ਸ਼ਬਦ-ਸ਼ਰੇਣੀਆਂ ( ਨਾਂਵ , ਕਿਰਿਆ , ਕਿਰਿਆ ਵਿਸ਼ੇਸ਼ਣ ਆਦਿ ) ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਦੇ ਮੈਂਬਰਾਂ ਦੀ ਤਾਦਾਦ ਅਸੀਮਤ ਹੁੰਦੀ ਹੈ ਜਦੋਂ ਕਿ ਗੌਣ ਸ਼ਬਦ-ਸ਼ਰੇਣੀਆਂ ਵਿਚ ਬੰਦ ਸ਼ਬਦ-ਸ਼ਰੇਣੀਆਂ ( ਸਬੰਧਕ , ਯੋਜਕ ਵਿਸਮਕ , ਪੜਨਾਂਵ ਆਦਿ ) ਦੇ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਦੀ ਤਾਦਾਦ ਸੀਮਤ ਹੁੰਦੀ ਹੈ । ਖੁੱਲ੍ਹੀਆਂ ਸ਼ਬਦ-ਸ਼ਰੇਣੀਆਂ ਦੇ ਮੈਂਬਰ ਸ਼ਬਦ ਕੋਸ਼ੀ ਸ਼ਬਦਾਂ ਵਜੋਂ ਵਿਚਰਦੇ ਹਨ ਅਤੇ ਇਨ੍ਹਾਂ ਨੂੰ ਕੋਸ਼ ਵਿਚ ਮੁੱਖ ਅਤੇ ਅਧੀਨ ਇੰਦਰਾਜ ਵਜੋਂ ਵਰਤਿਆ ਜਾਂਦਾ ਹੈ ਜਦੋਂ ਕਿ ਸੀਮਤ ਸ਼ਬਦ-ਸ਼ਰੇਣੀਆਂ ਦੇ ਸ਼ਬਦਾਂ ਦਾ ਮੁੱਖ ਕਾਰਜ ਵਾਕਾਤਮਕ ਸਬੰਧਾਂ ਨੂੰ ਪਰਗਟਾਉਣਾ ਹੁੰਦਾ ਹੈ ਜਿਵੇਂ : ਸਬੰਧਕ ਸ਼ਬਦਾਂ ਰਾਹੀਂ ਵਾਕ ਜਾਂ ਵਾਕੰਸ਼ ਵਿਚ ਵਿਚਰਦੇ ਸ਼ਬਦਾਂ ਦੇ ਕਾਰਕੀ ਸਬੰਧਾਂ ਦੀ ਸੂਚਨਾ ਮਿਲਦੀ ਹੈ । ਯੋਜਕ ਸ਼ਬਦਾਂ ਰਾਹੀਂ ਦੋ ਇਕਾਈਆਂ ਨੂੰ ਜੋੜਿਆ ਜਾਂਦਾ ਹੈ । ਇਸ ਪਰਕਾਰ ਇਨ੍ਹਾਂ ਸ਼ਬਦਾਂ ਨੂੰ ਵਿਆਕਰਨਕ ਸ਼ਬਦ ਕਿਹਾ ਜਾਂਦਾ ਹੈ । ਇਨ੍ਹਾਂ ਦਾ ਅਧਾਰ ਖੇਤਰ ਵਿਆਕਰਨ ਹੈ ਜਦੋਂ ਕਿ ਇਨ੍ਹਾਂ ਸ਼ਬਦਾਂ ਨੂੰ ਕੋਸ਼ ਵਿਚ ਮਾਤਰ ਇਕ ਇੰਦਰਾਜ ਵਜੋਂ ਵਰਤਿਆ ਜਾਂਦਾ ਹੈ । ਕੋਸ਼ਕ ਸ਼ਬਦਾਂ ਦੀ ਵੀ ਵਿਆਕਰਨ ਦੇ ਪੱਖ ਤੋਂ ਰੂਪਾਵਲੀ ਬਣਦੀ ਹੈ ਪਰ ਕੋਸ਼ ਵਿਚ ਮੂਲ ਸ਼ਬਦਾਂ ਨੂੰ ਹੀ ਦਰਜ ਕੀਤਾ ਜਾਂਦਾ ਹੈ ਉਨ੍ਹਾਂ ਦੇ ਰੂਪਾਂਤਰੀ ਰੂਪਾਂ ਨੂੰ ਨਹੀਂ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.