ਅਰਥ-ਵਿਗਿਆਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਰਥ-ਵਿਗਿਆਨ : ਭਾਸ਼ਾ ਦੀ ਪ੍ਰਕਿਰਤੀ, ਬਣਤਰ ਅਤੇ ਵਰਤੋਂ ਦੇ ਨੇਮ ਨੂੰ ਉਜਾਗਰ ਕਰਨ ਲਈ ਭਾਸ਼ਾ- ਵਿਗਿਆਨਿਕ ਸਿਧਾਂਤਾਂ ਅਨੁਸਾਰ ਮਾਨਵੀ ਭਾਸ਼ਾ ਦੇ ਚਾਰ ਵਿਸ਼ਲੇਸ਼ਣ ਪੱਧਰ ਮੰਨੇ ਗਏ ਹਨ-ਧੁਨੀ- ਵਿਗਿਆਨ (phonetics), ਭਾਵਾਂਸ਼ (ਸ਼ਬਦ) ਵਿਗਿਆਨ (morphology), ਵਾਕ-ਵਿਗਿਆਨ (ਵਿਆਕਰਨ) (syntax) ਅਤੇ ਅਰਥ-ਵਿਗਿਆਨ (semantics) ਇਸ ਤਰ੍ਹਾਂ ਅਰਥ-ਵਿਗਿਆਨ ਭਾਸ਼ਾ ਦੇ ਵਿਸ਼ਲੇਸ਼ਣ ਦਾ ਇੱਕ ਪੱਧਰ ਹੈ। ਇਸ ਪੱਧਰ ਦੇ ਵਿਸ਼ਲੇਸ਼ਣ ਰਾਹੀਂ ਭਾਸ਼ਾ ਵਿੱਚ ਅਰਥਾਂ ਦੇ ਸੰਗਠਨ ਜਾਂ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ।

     ਅਰਥ-ਵਿਗਿਆਨ ਅੰਗਰੇਜ਼ੀ ਸ਼ਬਦ ਸੀਮਾਂਟਿਕਸ (semantics) ਦਾ ਪੰਜਾਬੀ ਅਨੁਵਾਦ ਹੈ। ਅੰਗਰੇਜ਼ੀ ਵਿੱਚ ਇਸ ਸ਼ਬਦ ਦੀ ਵਿਉਤਪਤੀ ਅਤੇ ਵਿਕਾਸ ਯੂਨਾਨੀ ਸ਼ਬਦ semaino ਤੋਂ ਹੋਇਆ ਮੰਨਿਆ ਜਾਂਦਾ ਹੈ। ਯੂਨਾਨੀ ਵਿੱਚ ਇਸ ਸ਼ਬਦ ਦਾ ਭਾਵ ਹੈ ਜ਼ਾਹਰ ਕਰਨਾ ਜਾਂ ਅਰਥ ਦੇਣਾ। ਉਨ੍ਹੀਵੀਂ ਸਦੀ ਦੇ ਅੰਤ `ਤੇ ਇਸ ਤਕਨੀਕੀ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ 1887 ਵਿੱਚ ਮੀਸ਼ੈਲ ਬਰੇਲ (Michael Breal) ਨੇ ਕੀਤੀ। ਬਾਅਦ ਵਿੱਚ ਵੀਹਵੀਂ ਸਦੀ ਦੌਰਾਨ ਤਰਕ ਸ਼ਾਸਤਰੀਆਂ, ਦਰਸ਼ਨ ਸ਼ਾਸਤਰੀਆਂ ਅਤੇ ਭਾਸ਼ਾ-ਵਿਗਿਆਨੀਆਂ ਨੇ ਅਰਥ ਮਦ ਦੀ ਪਰਿਭਾਸ਼ਾ ਅਤੇ ਪ੍ਰਕਿਰਤੀ ਦਾ ਅਧਿਐਨ ਅਰਥ-ਵਿਗਿਆਨ ਦੇ ਅੰਤਰਗਤ ਕੀਤਾ। ਹੌਲੀ-ਹੌਲੀ ਇਹਨਾਂ ਤਿੰਨਾਂ ਅਨੁਸ਼ਾਸਨਾਂ ਵਿੱਚ ਅਰਥ ਸੰਬੰਧੀ ਖੋਜ ਨੇ ਵੱਖੋ-ਵੱਖਰੇ ਪਸਾਰ ਗ੍ਰਹਿਣ ਕਰ ਲਏ। ਇਹਨਾਂ ਅਨੁਸਾਰ:

     ਤਰਕ ਸ਼ਾਸਤਰ ਉਹਨਾਂ ਨੇਮਾਂ ਅਤੇ ਸਥਿਤੀਆਂ ਦਾ ਅਧਿਐਨ ਕਰਦਾ ਹੈ ਜਿਨ੍ਹਾਂ ਦੇ ਆਧਾਰ `ਤੇ ਭਾਸ਼ਾਈ ਅਤੇ ਗ਼ੈਰ-ਭਾਸ਼ਾਈ ਚਿੰਨ੍ਹ (sign) ਅਤੇ ਸੰਕੇਤ (symbol) ਅਰਥ ਗ੍ਰਹਿਣ ਕਰਦੇ ਹਨ।

     ਦਰਸ਼ਨ ਸ਼ਾਸਤਰ ਵਸਤੂ ਜਗਤ ਦੇ ਪ੍ਰਤੱਖਣ ਦੀ ਚਿੰਨ੍ਹ- ਵਿਗਿਆਨਿਕ ਪ੍ਰਕਿਰਿਆ ਦਾ ਅਧਿਐਨ ਕਰਦਾ ਹੈ। ਇਸ ਤਰ੍ਹਾਂ ਦੇ ਅਰਥ-ਵਿਗਿਆਨਿਕ ਅਧਿਐਨ ਨਾਲ ਮਾਨਵੀ ਸੋਚ ਦੀ ਸਿਰਜਣ ਪ੍ਰਕਿਰਿਆ ਅਤੇ ਸੰਚਾਰਨ ਵਿਧੀ ਸਮਝਣ ਦਾ ਯਤਨ ਕੀਤਾ ਜਾਂਦਾ ਹੈ।

     ਭਾਸ਼ਾ-ਵਿਗਿਆਨ ਵਿੱਚ ਭਾਸ਼ਾਈ ਵਰਤੋਂ ਦੇ ਸਾਰੇ ਪੱਧਰਾਂ ਤੇ ਅਰਥ ਦੀ ਜੁਗਤ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਅਰਥ-ਵਿਗਿਆਨਿਕ ਅਧਿਐਨ ਅਧੀਨ ਸ਼ਬਦ, ਵਾਕ ਤੇ ਪਾਠ ਪੱਧਰ `ਤੇ ਅਰਥਾਂ ਦੀ ਸਿਰਜਣ ਅਤੇ ਸੰਚਾਰਨ ਪ੍ਰਕਿਰਿਆ ਦੇ ਨੇਮਾਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਜਾਂਦਾ ਹੈ।

     ਭਾਸ਼ਾ-ਵਿਗਿਆਨ ਦੇ ਅਨੁਸ਼ਾਸਨ ਵਿੱਚ ਅਰਥ- ਵਿਗਿਆਨ ਇਹ ਮੰਨ ਕੇ ਚਲਦਾ ਹੈ ਕਿ ਮਾਨਵੀ ਭਾਸ਼ਾ ਉਚਰਤ ਚਿੰਨ੍ਹਾਂ (ਸ਼ਬਦਾਂ) ਦੀ ਸੰਚਾਰ ਪ੍ਰਣਾਲੀ ਹੈ। ਭਾਸ਼ਾ ਰਾਹੀਂ ਮਨੁੱਖ ਆਪਣੇ ਆਲੇ-ਦੁਆਲੇ ਦੇ ਵਸਤੂ-ਜਗਤ ਨੂੰ ਮਾਨਸਿਕ ਵਜੂਦਾਂ ਵਜੋਂ ਦਿਮਾਗ਼ ਵਿੱਚ ਜਮ੍ਹਾਂ ਕਰਦਾ ਹੈ। ਇਸ ਤਰ੍ਹਾਂ ਵਸਤੂ-ਜਗਤ ਨੂੰ ਗ੍ਰਹਿਣ ਕਰਨਾ ਇੱਕ ਮਾਨਸਿਕ ਪ੍ਰਕਿਰਿਆ ਹੈ। ਪਰ ਵਸਤੂ-ਜਗਤ ਦੇ ਇਸ ਮਾਨਸਿਕ ਵਜੂਦ ਵਾਲੀ ਸੋਚ ਦੇ ਸੰਚਾਰ ਲਈ ਉਸ ਨੂੰ ਆਪਣੀ ਭਾਸ਼ਾ ਦੀ ਸ਼ਬਦਾਵਲੀ ਅਤੇ ਵਿਆਕਰਨਿਕ ਨੇਮਾਂ ਦਾ ਸਹਾਰਾ ਲੈਣਾ ਪੈਂਦਾ ਹੈ। ਭਾਸ਼ਾਈ ਰੂਪ ਮਾਨਵੀ ਸੋਚ ਨੂੰ ਸਥੂਲ ਸਰੂਪ ਪ੍ਰਦਾਨ ਕਰਦੇ ਹਨ। ਭਾਸ਼ਾਈ ਰੂਪ ਇੱਕ ਪਾਸੇ ਧੁਨੀ ਪੱਧਰ `ਤੇ ਸਾਰਥਕ ਉਚਾਰ ਹੁੰਦੇ ਹਨ ਅਤੇ ਦੂਜੇ ਪਾਸੇ ਇਹ ਸੋਚ ਆਧਾਰਿਤ ਸੂਚਨਾ ਦਾ ਸੰਚਾਰ ਕਰਦੇ ਹਨ। ਭਾਸ਼ਾਈ ਰੂਪ ਦਾ ਅਧਿਐਨ ਧੁਨੀ- ਵਿਗਿਆਨ, ਭਾਵਾਂਸ਼ (ਸ਼ਬਦ) ਵਿਗਿਆਨ ਅਤੇ ਵਾਕ- ਵਿਗਿਆਨ (ਵਿਆਕਰਨ) ਦੇ ਅੰਤਰਗਤ ਕੀਤਾ ਜਾਂਦਾ ਹੈ ਜਦ ਕਿ ਭਾਸ਼ਾਈ ਇਕਾਈਆਂ ਰਾਹੀਂ ਸੂਚਨਾ ਦਾ ਸਿਰਜਣ ਤੇ ਸੰਚਾਰਨ ਪ੍ਰਕਿਰਿਆ ਦਾ ਅਧਿਐਨ ‘ਅਰਥ-ਵਿਗਿਆਨ` ਦੇ ਅੰਤਰਗਤ ਕੀਤਾ ਜਾਂਦਾ ਹੈ।

     ਭਾਰਤੀ ਪਰੰਪਰਾ ਵਿੱਚ ਅਰਥ-ਵਿਗਿਆਨ ਅਧਿਐਨ ਦਾ ਪਹਿਲਾ ਪੜਾਅ ਕੋਸ਼ (ਡਿਕਸ਼ਨਰੀ) ਰਚਨਾ ਤੇ ਇਤਿਹਾਸ ਨਾਲ ਸੰਬੰਧਿਤ ਹੈ। ਪ੍ਰਾਚੀਨ ਵੈਦਿਕ ਧਰਮ ਗ੍ਰੰਥ ਦੇ ਪਾਠ ਨੂੰ ਸਰਲ ਕਰਨ ਲਈ ਅਤੇ ਰਲੇ ਤੋਂ ਬਚਾਉਣ ਲਈ ਔਖੀ ਵੈਦਿਕ ਸ਼ਬਦਾਵਲੀ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ। ਇਹਨਾਂ ਨੂੰ ‘ਨਿਘੰਟੂ` ਕਿਹਾ ਜਾਂਦਾ ਹੈ। ਇਹਨਾਂ ਨਿਘੰਟੂਆਂ ਵਿੱਚ ਸ਼ਾਮਲ ਸ਼ਬਦਾਵਲੀ ਦੇ ਸਹੀ ਅਰਥ ਉਲੀਕਣ ਲਈ ਯਾਸਕ ਮੁਨੀ ਨੇ ਨਿਰੁਕਤ ਦੀ ਸਿਰਜਣਾ ਕੀਤੀ। ਨਿਰੁਕਤ ਸਿਰਜਣਾ, ਅਰਥ-ਵਿਗਿਆਨਿਕ ਅਧਿਐਨ ਪਰੰਪਰਾ ਦੀ ਪੁਰਾਣੀ ਮਿਸਾਲ ਕਹੀ ਜਾ ਸਕਦੀ ਹੈ। ਬਾਅਦ ਵਿੱਚ ਇਸ ਪਰੰਪਰਾ ਨੇ ਪਰਿਆਇ ਕੋਸ਼ ਅਤੇ ਟੀਕਾਕਾਰੀ ਦਾ ਸਰੂਪ ਹਾਸਲ ਕਰ ਲਿਆ।

     ਪਰੰਪਰਾਈ ਭਾਸ਼ਾ-ਵਿਗਿਆਨ ਵਿੱਚ ਅਰਥ- ਵਿਗਿਆਨ ਅਧਿਐਨ ਅਧੀਨ (ਕੋਸ਼ਕਾਰੀ ਅਤੇ ਸਾਹਿਤ ਅਧਿਐਨ ਦੇ ਹਵਾਲੇ ਨਾਲ) ਸ਼ਬਦ-ਸ਼ਕਤੀਆਂ ਅਤੇ ਅਰਥਾਂ ਦੇ ਆਧਾਰ `ਤੇ ਸ਼ਬਦਾਵਲੀ ਦਾ ਵਰਗੀਕਰਨ ਕੀਤਾ ਗਿਆ। ਭਾਸ਼ਾ ਦੀ ਸਾਹਿਤ ਸਿਰਜਣਾ ਵਿੱਚ ਵਰਤੋਂ ਨੇ ਸ਼ਬਦਾਂ ਦੀਆਂ ਅਭਿਧਾ, ਲਕਸ਼ਣਾਂ ਅਤੇ ਵਿਅੰਜਨਾਂ ਸ਼ਕਤੀਆਂ (ਵੇਖੋ ‘ਅਰਥ`) ਦੇ ਸੰਕਲਪਾਂ ਦੀ ਸਿਰਜਣਾ ਕੀਤੀ। ਕੋਸ਼ਕਾਰੀ ਦੇ ਪਰਿਪੇਖ ਵਿੱਚ ਅਰਥਾਂ ਦੇ ਆਧਾਰ `ਤੇ ਸ਼ਬਦਾਵਲੀ ਨੂੰ ਪਰਿਆਇਵਾਚੀ ਜਾਂ ਸਮਾਨਾਰਥਕ, ਵਿਪਰਿਆਇਵਾਚੀ ਜਾਂ ਵਿਰੋਧਾਰਥਕ, ਬਹੁ-ਅਰਥਕ, ਸਮੂਹਅਰਥਕ, ਸਮਰੂਪ ਅਤੇ ਸਮਧੁਨੀ ਸ਼ਬਦਾਂ (ਵੇਖੋ ‘ਅਰਥ`) ਵਿੱਚ ਵੰਡਿਆ ਜਾਂਦਾ ਹੈ। ਸਮਾਜਿਕ ਵਿਕਾਸ ਨਾਲ ਹਰੇਕ ਭਾਸ਼ਾ ਵਿੱਚ ਸ਼ਬਦਾਵਲੀ ਦੀ ਵਰਤੋਂ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ। ਇਸ ਲਈ ਅਰਥ ਵਿਗਿਆਨ ਦੇ ਅੰਤਰਗਤ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਅਧੀਨ ਅਰਥਾਂ ਵਿੱਚ ਵਿਸਤਾਰ, ਵਿਗਾੜ ਜਾਂ ਸੰਕੋਚ ਦੇ ਸਰੂਪ ਨੂੰ ਉਲੀਕਣ ਦਾ ਯਤਨ ਕੀਤਾ ਜਾਂਦਾ ਹੈ।

     ਆਧੁਨਿਕ ਭਾਸ਼ਾ-ਵਿਗਿਆਨ ਵਿੱਚ ਅਰਥ- ਵਿਗਿਆਨ ਦੇ ਅੰਤਰਗਤ ਅਰਥ ਦੀ ਪ੍ਰਕਿਰਤੀ ਨੂੰ ਸਮਝਣ ਲਈ ਸ਼ਬਦਾਵਲੀ ਦੇ ਨਾਲ-ਨਾਲ ਉਚਾਰਾਂ ਤੇ ਪਾਠਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇੱਕ ਅੰਗ ਨੂੰ ਰੂਪਕ ਅੰਗ (formal component) ਅਤੇ ਦੂਜੇ ਨੂੰ ਅਰਥ ਅੰਗ (semantic component) ਕਿਹਾ ਜਾਂਦਾ ਹੈ। ਭਾਸ਼ਾ ਦੇ ‘ਅਰਥ ਅੰਗ` ਦੇ ਵਿਸ਼ਲੇਸ਼ਣ ਲਈ ਵਿਹਾਰਕ ਭਾਸ਼ਾ ਵਿਗਿਆਨ ਦੀ ਪੱਧਰ `ਤੇ ਪਾਠ ਭਾਸ਼ਾ-ਵਿਗਿਆਨ (text linguistics), ਬਿਰਤਾਂਤ ਸ਼ਾਸਤਰ (narratology) ਅਤੇ ਪ੍ਰਵਚਨ ਵਿਸ਼ਲੇਸ਼ਣ (discourse analysis) ਨਾਂ ਦੀਆਂ ਵਿਧੀਆਂ ਦੀ ਸਿਰਜਣਾ ਕੀਤੀ ਗਈ ਹੈ। ਇਹਨਾਂ ਦੀ ਮਦਦ ਨਾਲ ਭਾਸ਼ਾਈ, ਸਾਹਿਤਿਕ, ਲੋਕਧਾਰਾਈ ਅਤੇ ਸੱਭਿਆਚਾਰਿਕ ਰਚਨਾਵਾਂ ਦੀ ਪੱਧਰ ਤੇ ਅਰਥ ਦੀ ਸਿਰਜਣ ਤੇ ਸੰਚਾਰਨ ਪ੍ਰਕਿਰਿਆ ਦੇ ਨੇਮਾਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।


ਲੇਖਕ : ਪਰਮਜੀਤ ਸਿੰਘ ਸਿੱਧੂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12648, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.