ਵਿਲੀਅਮ ਬਲੇਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਲੀਅਮ ਬਲੇਕ (1757-1827) : ਰੁਮਾਂਟਿਕ ਅੰਦੋਲਨ ਦੇ ਕਵੀਆਂ ਵਿੱਚ ਵਿਲੀਅਮ ਬਲੇਕ (William Blake) ਸਿਰਮੌਰ ਕਵੀ ਕਰ ਕੇ ਜਾਣਿਆ ਜਾਂਦਾ ਹੈ। ਸਿਧਾਂਤਿਕ ਅਤੇ ਵਿਹਾਰਿਕ ਤੌਰ ਤੇ ਰੁਮਾਂਟਿਕ ਅੰਦੋਲਨ ਦਾ ਅਰੰਭ ਬੰਧਨਾਂ ਨੂੰ ਤੋੜਨ ਤੋਂ ਸ਼ੁਰੂ ਹੋਇਆ। ਆਪਣੇ ਤੀਬਰ ਜੋਸ਼ ਅਤੇ ਤੈਸ਼ ਵਿੱਚ ਬਲੇਕ ਨੇ ਰਸਮੀ ਕਾਵਿ- ਪ੍ਰਣਾਲੀ ਦਾ ਖੰਡਨ ਕੀਤਾ ਅਤੇ ਆਪਣੀ ਘਿਰਨਾ ਅਤੇ ਨਫ਼ਰਤ ਦਾ ਪਾਤਰ ਉਹਨਾਂ ਸਾਰੀਆਂ ਪ੍ਰਚਲਿਤ ਟਕਸਾਲੀ ਕਾਵਿ-ਪ੍ਰਣਾਲੀਆਂ ਨੂੰ ਬਣਾਇਆ ਜੋ ਕਲਾ ਅਤੇ ਸਮੀਖਿਆ ਨਾਲ ਸੰਬੰਧ ਰੱਖਦੀਆਂ ਸਨ। ਬਲੇਕ ਰੂੜ੍ਹੀ- ਵਾਦੀ ਵਿਚਾਰਧਾਰਾ ਅਤੇ ਨੈਤਿਕਤਾ ਦਾ ਵਿਰੋਧੀ ਸੀ ਜੋ ਅੰਨ੍ਹੇ ਕਨੂੰਨਾਂ ਅਤੇ ਨੇਮਾਂ ਦਾ ਸਹਾਰਾ ਲੈ ਕੇ ਮਨੁੱਖ ਦੀ ਹੋਂਦ, ਸ਼ਕਤੀ, ਅਸਤਿਤਵ ਅਤੇ ਅਧਿ- ਆਤਮਿਕ ਖ਼ੁਸ਼ੀ ਨੂੰ ਮਿਟਾਉਂਦੀਆਂ ਹਨ। ਵਿਲੀਅਮ ਬਲੇਕ ਅਨੁਸਾਰ ਕਵਿਤਾ ਮਨੁੱਖ ਨੂੰ ਬੰਧਨਾਂ ਤੋਂ ਮੁਕਤ ਕਰਦੀ ਹੈ। ਕੌਮਾਂ ਦੇ ਪਰਸਪਰ ਵਿਕਾਸ ਜਾਂ ਵਿਨਾਸ਼ ਦਾ ਅਨੁਮਾਨ ਉਹਨਾਂ ਵੱਲੋਂ ਰਚੀ ਕਵਿਤਾ, ਕਲਾ ਅਤੇ ਸੰਗੀਤ ਤੋਂ ਲੱਗਦਾ ਹੈ।

     ਇਸ ਮਹਾਨ ਰਹੱਸਵਾਦੀ, ਕਵੀ ਅਤੇ ਕਲਾਕਾਰ ਦਾ ਜਨਮ ਲੰਦਨ ਵਿਖੇ 28 ਨਵੰਬਰ 1757 ਨੂੰ ਹੋਇਆ। ਉਸ ਦੇ ਪਿਤਾ ਜੁਰਾਬਾਂ ਅਤੇ ਬੁਨੈਣਾਂ ਬੁਣਨ ਦਾ ਕੰਮ ਕਰਦੇ ਸਨ। ਛੋਟੀ ਉਮਰ ਵਿੱਚ ਹੀ ਬਲੇਕ ਆਪਣੀਆਂ ਕਲਾਤਮਿਕ ਯੋਗਤਾਵਾਂ ਕਰ ਕੇ ਜਾਣਿਆ ਜਾਂਦਾ ਸੀ। ਬਲੇਕ ਦੀਆਂ ਡਰਾਇੰਗਜ਼ ਪੁਰਾਤਨ ਇਮਾਰਤਾਂ ਅਤੇ ਸਮਾਰਕ ਚਿੰਨ੍ਹਾਂ ਵਾਲੀ ਗੌਥਿਕ ਸ਼ੈਲੀ ਵਿੱਚ ਹੁੰਦੀਆਂ ਸਨ। ਉਸ ਦੀ ਰਚਨਾਤਮਿਕ ਪ੍ਰਤਿਭਾ ਛੋਟੀ ਉਮਰੇ ਉਸ ਦੀ ਕਿਤਾਬ ਪੋਇਟੀਕਲ ਸਕੈਚਿਜ਼ ਤੋਂ ਸ਼ੁਰੂ ਹੋਈ, ਜੋ 1783 ਵਿੱਚ ਛਾਪੀ ਗਈ।

     1779 ਵਿੱਚ ਬਲੇਕ ਨੇ ਨਕਾਸ਼ੀ, ਮੂਰਤੀ-ਕਲਾ ਤੇ ਚਿੱਤਰਾਂ ਦੀ ਖ਼ੁਦਾਈ ਦਾ ਕੰਮ ਅਰੰਭਿਆ। 1783-87 ਦੌਰਾਨ ਬਲੇਕ ਨੇ ਬਹੁਤ ਉੱਘੇ ਤੇ ਪ੍ਰਸਿੱਧ ਵਿਦਵਾਨਾਂ ਨਾਲ ਮੇਲ-ਮਿਲਾਪ ਵਧਾਇਆ, ਪਰ ਉਹਨਾਂ ਦੀ ਸੰਗਤ ਉਸ ਨੂੰ ਰਾਸ ਨਹੀਂ ਆਈ ਅਤੇ ਜਲਦੀ ਹੀ ਉਹ ਇਸ ਸੰਗਤ ਤੋਂ ਅੱਕ ਗਿਆ। ਆਪਣੀ ਇੱਕ ਰਚਨਾ ਐਨ ਆਈਲੈਂਡ ਇਨ ਦਾ ਮੂਨ ਵਿੱਚ ਉਸ ਨੇ ਇਹੋ ਜਿਹੀ ਸੰਗਤ ਦਾ ਮਜ਼ਾਕ ਉਡਾਇਆ। 1788 ਵਿੱਚ ਉਸ ਨੇ ਕਾਪਰ ਪਲੇਟਾਂ ’ਤੇ ਤਸਵੀਰਾਂ ਉਕਰਨ ਦਾ ਨਵਾਂ ਤਜਰਬਾ ਸ਼ੁਰੂ ਕੀਤਾ। ਬਲੇਕ ਨੇ ਦੋ ਰੂੜ੍ਹੀਵਾਦੀ ਰਚਨਾਵਾਂ ਦੇਅਰ ਇਜ਼ ਨੋ ਨੈਚੁਰਲ ਰਿਲੀਜਨ ਅਤੇ ਆਲ ਰਿਲੀਜਨਜ਼ ਆਰ ਵੱਨ ਲਿਖੀਆਂ। ਇਸ ਪ੍ਰਥਾ ਦਾ ਵਿਕਾਸ ਬਲੇਕ ਨੇ ਆਪਣੇ ਸਾਂਗਜ਼ ਆਫ਼ ਇਨੋਸੈਂਸ ਵਿੱਚ ਕੀਤਾ। ਇਹਨਾਂ ਸਧਾਰਨ ਗੀਤਮਈ ਕਵਿਤਾਵਾਂ ਦਾ ਅਰੰਭ ਉਸ ਨੇ ਤਾਂਬੇ ਦੀਆਂ ਪਲੇਟਾਂ ਉੱਤੇ ਖੋਦਣ ਜਾਂ ਖੁਣਨ ਨਾਲ ਕੀਤਾ, ਜਿਨ੍ਹਾਂ ਨੂੰ ਹੱਥ ਨਾਲ ਬੜੇ ਸ਼ਾਨਦਾਰ ਰੰਗਾਂ ਨਾਲ ਸਜਾਇਆ ਗਿਆ ਸੀ। ਇਹ ਪੁਸਤਕ 1789 ਵਿੱਚ ਮੁਕੰਮਲ ਹੋਈ ਪਰ ਇਸ ਦੀ ਰਾਇਲਟੀ ਵਜੋਂ ਬਲੇਕ ਨੂੰ ਕੁਝ ਸ਼ਲਿੰਗ ਹੀ ਨਸੀਬ ਹੋਏ ਪਰ ਇਸ ਸ਼ੁਰੂਆਤ ਨਾਲ ਬਲੇਕ ਦੀਆਂ ਇਲੁਮੀਨੇਟਿਡ ਪ੍ਰਿੰਟਿੰਗਜ਼ ਦਾ ਸਿਲਸਿਲਾ ਜਾਰੀ ਹੋਇਆ।

     ਕਲਾਕਾਰ ਵਜੋਂ ਬਲੇਕ ਦੀ ਪ੍ਰਾਪਤੀ ਮਹੱਤਵਪੂਰਨ ਹੈ। ਬਲੇਕ ਦੀ ਮਹੱਤਵਪੂਰਨ ਕਿਤਾਬ ਸਾਂਗਜ਼ ਆਫ਼ ਇਨੋਸੈਂਸ ਐਂਡ ਸਾਂਗਜ਼ ਆਫ਼ ਐਕਸਪੀਰੀਐਂਸ ਹੈ, ਜਿਸ ਵਿੱਚ ਲਿਖੀਆਂ ਕਵਿਤਾਵਾਂ ਜ਼ਿੰਦਗੀ ਦੇ ਦੋ ਵੱਖ-ਵੱਖ ਪੱਖ ਪੇਸ਼ ਕਰਦੀਆਂ ਹਨ। ਹਰੇਕ ਕਵਿਤਾ ਨੂੰ ਬਲੇਕ ਨੇ ਇਲੁਮੀਨੇਟਿਡ ਪੇਂਟਿੰਗ ਨਾਲ ਦਰਸਾਇਆ। ਸਾਂਗਜ਼ ਆਫ਼ ਇਨੋਸੈਂਸ ਜ਼ਿੰਦਗੀ ਦੀ ਸਰਲਤਾ ਅਤੇ ਭੋਲੇ-ਭਾਲੇ ਬੱਚੇ ਦੇ ਦ੍ਰਿਸ਼ਟੀਕੋਣ ਨੂੰ ਬਿਆਨ ਕਰਦੀਆਂ ਹਨ। ਬੱਚੇ ਲਈ ਦੁਨੀਆ ਖ਼ੁਸ਼ੀ, ਸੁੰਦਰਤਾ ਅਤੇ ਪਿਆਰ ਦਾ ਪ੍ਰਤੀਕ ਹੈ। ਇਸ ਅਵਸਥਾ ਵਿੱਚ ਪਿਆਰ ਚਕਾਚੌਂਧ ਕਰਨ ਵਾਲਾ ਤਜਰਬਾ ਹੈ ਅਤੇ ਮਨੁੱਖੀ ਪੀੜਾ ਆਰਜ਼ੀ ਅਤੇ ਛਿਣ-ਮਾਤਰ ਹੈ। ਬੱਚੇ ਦੀ ਦੁਨੀਆ ਨਿਰਮਲ, ਪਵਿੱਤਰ, ਹੁਲਾਸ-ਭਰਪੂਰ, ਸੁਰੱਖਿਅਤ ਅਤੇ ਭੇਦ-ਭਾਵ ਰਹਿਤ ਹੈ। ਬੱਚਾ ਅਤੇ ਮੇਮਣਾ ਈਸਾ ਮਸੀਹ ਦੇ ਪ੍ਰਤੀਕ ਹਨ। ਇਸ ਲੜੀ ਦੀਆਂ ਪ੍ਰਮੁਖ ਕਵਿਤਾਵਾਂ ‘ਇੰਟਰੋਡਕਸ਼ਨ`, ‘ਦਾ ਐਕੋਇੰਗ ਗਰੀਨ`, ‘ਦਾ ਲੈਂਬ`, ‘ਦਾ ਸੈਫ਼ਰਡ`, ‘ਦਾ ਲਿਟਲ ਬਲੈਕ ਬੋਆਏ`, ‘ਲਾਫਿੰਗ ਸਾਂਗ`, ‘ਸਪਰਿੰਗ`, ‘ਏ ਕਰੇਡਿਲ ਸਾਂਗ`, ‘ਨਰਸਿਜ਼ ਸਾਂਗ`, ‘ਹੋਲੀ ਥਰਸਡੇ`, ‘ਦਾ ਚਿਮਨੀ ਸਵੀਪਰ`, ‘ਦਾ ਡਿਵਾਈਨ ਇਮੇਜ਼` ਅਤੇ ‘ਦਾ ਲਿਟਲ ਬੋਆਏ ਲਾਸਟ` ਹਨ।

     ਸਾਂਗਜ਼ ਆਫ਼ ਐਕਸਪੀਰੀਐਂਸ ਦੀਆਂ ਕਵਿਤਾਵਾਂ ਅਖੌਤੀ ਸੱਭਿਅ ਮਨੁੱਖ ਦੀ ਬੇਰਹਿਮੀ, ਨਿਰਦੈਤਾ ਅਤੇ ਮਾਨਸਿਕ ਸੱਟ ਮਾਰਨ ਦੀਆਂ ਭਾਵਨਾਵਾਂ ਦਰਸਾਉਂਦੀਆਂ ਹਨ। ਕੁੱਝ ਕਵਿਤਾਵਾਂ ਧਰਮ, ਰਿਵਾਜ ਅਤੇ ਕਨੂੰਨ ਦੀ ਆੜ ਵਿੱਚ ਲਾਈਆਂ ਬੰਦਸ਼ਾਂ ਦੀ ਤਿੱਖੀ ਆਲੋਚਨਾ ਕਰਦੀਆਂ ਹਨ। ਬਲੇਕ ਅਫ਼ਸੋਸ ਜ਼ਾਹਰ ਕਰਦਾ ਹੈ ਕਿ ਕਿਵੇਂ ਦਲੀਲ ਅਤੇ ਨੈਤਿਕਤਾ ਹਾਵੀ ਹੋ ਕੇ ਕੁਦਰਤੀ, ਸੁਭਾਵਿਕ ਅਤੇ ਖ਼ਾਸ ਤੌਰ ਤੇ ਲਿੰਗ ਮੂਲਕ ਪ੍ਰਵਿਰਤੀਆਂ ਨੂੰ ਕੁਚਲਣ ਦੀ ਸਮਰੱਥਾ ਰੱਖਦੀਆਂ ਹਨ। ਸਾਂਗਜ਼ ਆਫ਼ ਐਕਸਪੀਰੀਐਂਸ ਅਤੇ ਸਾਂਗਜ਼ ਆਫ਼ ਇਨੋਸੈਂਸ ਇੱਕ ਦੂਜੇ ਦੀਆਂ ਵਿਰੋਧੀ ਸਥਿਤੀਆਂ ਬਿਆਨ ਕਰਦੇ ਹਨ। ਕੁਝ ਕਵਿਤਾਵਾਂ ਦੇ ਸਿਰਲੇਖ ਵਿਪਰੀਤ ਸਥਿਤੀ ਬਿਆਨ ਕਰਨ ਦੇ ਬਾਵਜੂਦ ਵੀ ਇੱਕੋ ਜਿਹੇ ਹਨ। ਸਾਂਗਜ਼ ਆਫ਼ ਐਕਸਪੀਰੀਐਂਸ ਦੀਆਂ ਪ੍ਰਮੁਖ ਕਵਿਤਾਵਾਂ ‘ਅਰਥਜ਼ ਆਂਨਸਵਰ`, ‘ਨਰਸਿੰਗ ਸਾਂਗਜ਼`, ‘ਦਾ ਟਾਈਗਰ`, ‘ਦਾ ਲਿਟਲ ਗਰਲ ਲੋਸਟ`, ‘ਦਾ ਲਿਟਲ ਗਰਲ ਫਾਊਂਡ`, ‘ਦਾ ਕਲੋਡ ਐਂਡ ਦਾ ਪੈਬਲ`, ‘ਲਿਟਲ ਵੈਗਾਬਾਂਡ`, ‘ਹੋਲੀ ਥਰਸਡੇ`, ‘ਦਾ ਵਾਇਸ ਆਫ਼ ਦਾ ਐਨਸ਼ੀਐਂਟ ਬਾਰਡ`, ‘ਮਾਈ ਪਰੈਟੀ ਰੋਜ਼ ਟ੍ਰੀ`, ‘ਆਹ! ਸਨ ਫਲਾਵਰ`, ‘ਦਾ ਗਾਰਡਨ ਆਫ਼ ਲਵ`, ‘ਏ ਲਿਟਲ ਬੁਆਏ ਲੋਸਟ`, ‘ਲੰਦਨ`, ‘ਦਾ ਚਿਮਨੀ ਸਵੀਪਰ`, ‘ਦਾ ਹਿਊਮਨ ਐਬਸਟਰੈਕਟ` ਅਤੇ ‘ਏ ਡਿਵਾਈਨ ਇਮੇਜ਼` ਹਨ।

     ਲੰਦਨ ਵਿਖੇ ਰਹਿੰਦਿਆਂ ਬਲੇਕ ਨੇ ਆਪਣੀਆਂ ਮਹੱਤਵਪੂਰਨ ਰਚਨਾਵਾਂ ਦਾ ਬੁੱਕ ਆਫ਼ ਥੈਲ (1789), ਦਾ ਮੈਰਿਜ ਆਫ਼ ਹੈਵਨ ਐਂਡ ਹੈਲ (1793), ਅਮਰੀਕਾ (1793), ਵਿਜ਼ਨਸ ਆਫ਼ ਦਾ ਡਾਟਰਜ਼ ਆਫ਼ ਅਲਬੀਅਨ (1793), ਯੂਰਪ (1794), ਯੂਰੀਜ਼ਨ (1794), ਦਾ ਬੁੱਕ ਆਫ਼ ਲਾਸ (1795), ਦਾ ਬੁੱਕ ਆਫ਼ ਆਹਾਨੀਆ (1795) ਅਤੇ ਦਾ ਸਾਂਗ ਆਫ਼ ਲਾਸ (1795) ਮੁਕੰਮਲ ਕੀਤੀਆਂ। ਇੱਕ ਕਵਿਤਾ ਦਾ ਫੋਰ ਜ਼ੋਆਸ ਤੇ ਬਲੇਕ ਨੇ ਬੜੀ ਲਗਨ ਨਾਲ ਕੰਮ ਕੀਤਾ। ਇਹ ਕਵਿਤਾ ਬਲੇਕ ਦੀ ਰਚਨਾ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ। ਇਹ ਰਹੱਸਵਾਦੀ ਕਵਿਤਾ ਬਾਅਦ ਵਿੱਚ ਉਸ ਦੀ ਲੰਬੀ ਕਵਿਤਾ ਮਿਲਟਨ ਵਿੱਚ ਛਪੀ।

     1809 ਵਿੱਚ ਬਲੇਕ ਨੇ ਆਪਣੇ ਕਲਾ-ਚਿੱਤਰਾਂ ਦੀ ਨੁਮਾਇਸ਼ ਆਪਣੇ ਭਰਾ ਜੇਮਜ਼ ਦੇ ਘਰ ਬਰਾਡ ਵੇਅ ਸਟਰੀਟ ਵਿੱਚ ਲਗਾਈ। ਇਸ ਨੁਮਾਇਸ਼ ਵਿੱਚ 16 ਚਿੱਤਰ ਲਗਾਏ ਗਏ। ਇਹਨਾਂ ਚਿੱਤਰਾਂ ਵਿੱਚ ਚਾਸਰ ਦੇ ਕੈਂਟਰਬਰੀ ਯਾਤਰੂ ਵੀ ਮੌਜੂਦ ਸਨ। ਨੁਮਾਇਸ਼ ਦੇਖਣ ਵਾਲੇ ਹਰੇਕ ਵਿਅਕਤੀ ਨੂੰ ਡੈਸਕ੍ਰਿਪਟਿਵ ਕੈਟਾਲਾਗ ਦੀ ਇੱਕ ਕਾਪੀ ਦਿੱਤੀ ਗਈ। ਬਹੁਤ ਥੋੜ੍ਹੇ ਆਲੋਚਕਾਂ ਅਤੇ ਸਾਹਿਤਕਾਰਾਂ ਨੇ ਇਸ ਨੁਮਾਇਸ਼ ਦਾ ਨੋਟਿਸ ਲਿਆ। ਜਿਹੜੀ ਕੁੱਝ ਆਲੋਚਨਾ ਤੇ ਸਮੀਖਿਆ ਕੀਤੀ ਵੀ ਗਈ, ਉਹ ਵੀ ਵੈਰ-ਭਾਵਨਾ ਤੋਂ ਪ੍ਰਭਾਵਿਤ ਸੀ।

     ਅਗਲੇ ਕੁਝ ਸਾਲਾਂ ਵਿੱਚ ਬਲੇਕ ਦਾ ਜੀਵਨ ਗੁੰਮਨਾਮੀ ਦੀ ਅਵਸਥਾ ਵਿੱਚ ਬੀਤਿਆ। ਇਹ ਵੀ ਸੰਕੇਤ ਮਿਲਦੇ ਹਨ ਕਿ ਬਲੇਕ ਨੂੰ ਦਿਮਾਗ਼ੀ ਇਲਾਜ ਲਈ ਮਾਨਸਿਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। 1811 ਵਿੱਚ ਰਾਬਰਟ ਸਾਊਦੀ ਨੇ ਉਸ ਨੂੰ ਪਾਗਲ ਕਰਾਰ ਦਿੱਤਾ ਪਰ ਉਸ ਦੇ ਮਿੱਤਰ ਇਹ ਯਕੀਨ ਰੱਖਦੇ ਸਨ ਕਿ ਬਲੇਕ ਕਦੀ ਵੀ ਪਾਗਲ ਨਹੀਂ ਹੋ ਸਕਦਾ। ਇਸੇ ਸਮੇਂ ਦੌਰਾਨ ਬਲੇਕ ਨੂੰ ਆਪਣੀਆਂ ਇਲੁਮੀਨੇਟਿਡ ਬੁੱਕਸ ਵੇਚਦਿਆਂ ਵੇਖਿਆ ਗਿਆ। ਕਈ ਮਾਲਕਾਂ ਦੇ ਕਹਿਣ ਤੇ ਉਸ ਨੇ ਚਿੱਤਰ ਵੀ ਬਣਾਏ ਅਤੇ ਤਕਰੀਬਨ 100 ਉੱਕਰੀਆਂ ਹੋਈਆਂ ਕਵਿਤਾਵਾਂ ਆਪਣੀ ਸੰਕੇਤਿਕ ਰਚਨਾ ਜ਼ੈਰੂਸਲਮ ਵਿੱਚ ਛਾਪੀਆਂ।

     1818 ਵਿੱਚ ਬਲੇਕ ਆਪਣੀ ਉਮਰ ਦੇ ਆਖ਼ਰੀ ਪੜਾਅ ਵਿੱਚ ਪਹੁੰਚਿਆ ਅਤੇ 1827 ਵਿੱਚ ਆਪਣੀ ਮੌਤ ਦੇ ਸਮੇਂ ਤੱਕ ਉਹ ਆਪਣੇ ਦੋਸਤਾਂ ਦੀ ਸੰਗਤ ਵਿੱਚ ਖ਼ੁਸ਼ ਰਿਹਾ। ਇਤਨਾ ਖ਼ੁਸ਼ ਉਹ ਪਹਿਲਾਂ ਕਦੀ ਨਹੀਂ ਰਿਹਾ ਸੀ। ਹੁਣ ਉਸ ਨੂੰ ਬਹੁਤ ਜ਼ਿਆਦਾ ਕੰਮ ਮਿਲ ਜਾਂਦਾ ਸੀ ਅਤੇ ਨੌਜਵਾਨ ਕਲਾਕਾਰਾਂ ਨੂੰ ਪਿਆਰ, ਇੱਜ਼ਤ ਅਤੇ ਸਰਪ੍ਰਸਤੀ ਦੇਣ ਵਿੱਚ ਉਸ ਨੂੰ ਪ੍ਰਸੰਨਤਾ ਮਹਿਸੂਸ ਹੁੰਦੀ ਸੀ। 1821 ਵਿੱਚ ਬਲੇਕ ਨੇ ਆਪਣੀ ਮਹੱਤਵਪੂਰਨ ਕਿਤਾਬ ਇਲਸਟ੍ਰੇਸ਼ਨਜ਼ ਆਫ਼ ਦਾ ਬੁੱਕ ਆਫ਼ ਜਾਬ ਮੁਕੰਮਲ ਕੀਤੀ। ਭਾਵੇਂ ਬਾਹਰੀ ਤੌਰ ਤੇ ਉਸ ਦੀ ਵਿਆਖਿਆ ਬਾਈਬਲ ਦੀਆਂ ਕਹਾਣੀਆਂ ’ਤੇ ਆਧਾਰਿਤ ਸੀ, ਪਰ ਉਸ ਦੇ ਉੱਕਰੇ ਹੋਏ ਚਿੱਤਰ ਸੰਕੇਤਿਕ ਦ੍ਰਿਸ਼ਟੀ ਵੱਲ ਝੁਕਾਅ ਰੱਖਦੇ ਸਨ। ਅਕਤੂਬਰ 1825 ਵਿੱਚ ਬਲੇਕ ਨੂੰ ਦਾਂਤੇ ਦੀ ਡਿਵਾਈਨ ਕਾਮੇਡੀ ਦੀ ਵਿਆਖਿਆ ਕਰਨ ਲਈ ਕਿਹਾ ਗਿਆ। ਉਸ ਨੇ 100 ਪਾਣੀ ਦੇ ਰੰਗਾਂ ਵਾਲੇ ਡਿਜ਼ਾਈਨ ਤਿਆਰ ਕੀਤੇ ਜਿਹੜੇ ਬਾਅਦ ਵਿੱਚ ਕਾਪਰ ਪਲੇਟਾਂ ਤੇ ਉਕਰਾਏ ਵੀ ਗਏ ਅਤੇ ਇਸ ਕੰਮ ਨੂੰ ਕਰਦਿਆਂ-ਕਰਦਿਆਂ 1827 ਨੂੰ ਬਲੇਕ ਦਾ ਦਿਹਾਂਤ ਹੋ ਗਿਆ।

     ਅਨੇਕ ਔਕੜਾਂ ਦੇ ਬਾਵਜੂਦ ਬਲੇਕ ਨੇ ਆਪਣੀ ਸੂਝ-ਬੂਝ ਅਤੇ ਈਮਾਨਦਾਰੀ ਨੂੰ ਕਾਇਮ ਰੱਖਿਆ ਅਤੇ ਆਪਣੀ ਕਲਾ ਦੀ ਕੁਵਰਤੋਂ ਨਹੀਂ ਕੀਤੀ। ਉਸ ਨੇ ਦਿਮਾਗ਼ੀ ਚਿੰਤਨ ਨੂੰ ਹੀ ਤਰਜ਼ੀਹ ਦਿੱਤੀ ਅਤੇ ਉਹ ਪਦਾਰਥਵਾਦੀ ਖਾਹਸ਼ਾਂ ਤੋਂ ਉਪਰ ਹੀ ਰਿਹਾ। ਉਹ ਧਾਰਮਿਕ ਵਿਅਕਤੀ ਸੀ, ਪਰ ਰਸਮਾਂ-ਰਿਵਾਜਾਂ ਤੋਂ ਬਹੁਤ ਉਪਰ ਸੀ। ਜੀਵਨ ਦੇ ਆਖ਼ਰੀ ਸਾਲਾਂ ਵਿੱਚ ਈਸਾ ਮਸੀਹ ਤੇ ਕਲਾ ਵਿੱਚ ਉਸ ਨੂੰ ਕੋਈ ਫ਼ਰਕ ਨਹੀਂ ਲੱਗਦਾ ਸੀ। ਉਸ ਦੇ ਬਹੁਤ ਸਾਰੇ ਸਿਧਾਂਤ ਇਸੇ ਦ੍ਰਿਸ਼ਟੀ ਤੋਂ ਹੀ ਦੇਖੇ ਜਾ ਸਕਦੇ ਹਨ ਪਰੰਤੂ ਸ਼ਾਇਦ ਬਲੇਕ ਦੇ ਅਸਤਿਤਵ ਦਾ ਵਿਕਾਸ ਉਸ ਦੇ ਅਖਾਣ ਰੂਪੀ ਉਪਦੇਸ਼ ਵਾਕਾਂ ਵਿੱਚੋਂ ਦੇਖਿਆ ਜਾ ਸਕਦਾ ਹੈ।

     ਬਲੇਕ ਨੂੰ ਉਸ ਦੇ ਸਮਕਾਲੀਆਂ ਨੇ ਚੰਗੀ ਤਰ੍ਹਾਂ ਨਹੀਂ ਸਮਝਿਆ। ਨਾ ਤਾਂ ਉਸ ਨੇ ਆਪਣੇ ਸਮਕਾਲੀਆਂ ਨੂੰ ਪ੍ਰਭਾਵਿਤ ਕੀਤਾ ਅਤੇ ਨਾ ਹੀ ਉਹ ਉਹਨਾਂ ਤੋਂ ਆਪ ਪ੍ਰਭਾਵਿਤ ਹੋਇਆ। ਉਸ ਦੀ ਪਹਿਲੀ ਜੀਵਨੀ ਗਿਲ ਕਰਾਈਸਟ ਨੇ 1963 ਵਿੱਚ ਲਿਖੀ। ਇਸ ਜੀਵਨੀ ਤੋਂ ਬਾਅਦ ਹੀ ਬਲੇਕ ਦੀ ਮੌਲਿਕਤਾ ਨੂੰ ਸਲਾਹਿਆ ਜਾਣ ਲੱਗਾ ਅਤੇ ਆਧੁਨਿਕ ਸਾਹਿਤ ਅਤੇ ਕਲਾ ਦੀ ਦੁਨੀਆ ਵਿੱਚ ਬਲੇਕ ਦਾ ਸਥਾਨ ਉੱਘਾ ਹੋਇਆ। 1957 ਵਿੱਚ ਉਸ ਦੇ ਦੋ ਸੌ ਸਾਲਾ ਜਨਮ ਦਿਨ ਤੇ ਇੱਕ ਤਾਂਬੇ ਦੀ ਬਸਟ ਪੋਇਟਸ ਕਾਰਨਰ ਵੈਸਟ ਮਨਿਸਟਰ ਐਬੇ ਵਿੱਚ ਰੱਖੀ ਗਈ। ਉਸ ਦੇ ਬਹੁਤ ਸਾਰੇ ਕਲਾ ਚਿੱਤਰ ਅਤੇ ਕਿਤਾਬਾਂ ਟੇਟ ਗੈਲਰੀ ਅਤੇ ਬ੍ਰਿਟਿਸ਼ ਮਿਊਜ਼ੀਅਮ ਵਿੱਚ ਮੌਜੂਦ ਹਨ।


ਲੇਖਕ : ਅਵਤਾਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.