ਵੇਰਕਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵੇਰਕਾ ( ਕਸਬਾ ) : ਪੰਜਾਬ ਦੇ ਅੰਮ੍ਰਿਤਸਰ ਨਗਰ ਤੋਂ 9 ਕਿ.ਮੀ. ਉੱਤਰ-ਪੂਰਬ ਵਲ ਵਸਿਆ ਇਕ ਕਸਬਾ ਜਿਸ ਵਿਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ‘ ਗੁਰਦੁਆਰਾ ਨਾਨਕਸਰ’ ਹੈ । ਗੁਰੂ ਜੀ ਆਪਣੀ ਉਦਾਸੀ ਦੌਰਾਨ ਇਸ ਕਸਬੇ ਵਿਚ ਆਏ ਸਨ ਅਤੇ ਪਿੰਡ ਦੇ ਪੱਛਮ ਵਾਲੇ ਪਾਸੇ ਇਕ ਟੋਭੇ ਦੇ ਕੰਢੇ ਠਹਿਰੇ ਸਨ । ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਉਥੇ ਇਕ ਥੜਾ ਸਾਹਿਬ ਬਣਾਇਆ ਗਿਆ । ਸੰਨ 1899 ਈ. ਵਿਚ ਉਸੇ ਥਾਂ ਉਤੇ ਗੁਰਦੁਆਰੇ ਦੀ ਇਮਾਰਤ ਬਣਵਾਈ ਗਈ । ਬਾਦ ਵਿਚ ਸ਼ਰਧਾਲੂਆਂ ਨੇ ਸੰਨ 1926 ਈ. ਵਿਚ ਨਵੀਂ ਇਮਾਰਤ ਉਸਰਵਾਈ । ਇਸ ਗੁਰੂ-ਧਾਮ ਦੀ ਵਰਤਮਾਨ ਇਮਾਰਤ ਸੰਨ 1973 ਈ. ਵਿਚ ਸਿਰਜੀ ਗਈ । ਮੁੱਖ ਭਵਨ ਦੇ ਖੱਬੇ ਪਾਸੇ ਸਰੋਵਰ ਬਣਿਆ ਹੋਇਆ ਹੈ ਅਤੇ ਪਿਛਲੇ ਪਾਸੇ ‘ ਗੁਰੂ ਕਾ ਲੰਗਰ ’ ਉਸਰਿਆ ਹੋਇਆ ਹੈ । ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ , ਪਰ ਇਸ ਦੀ ਦੇਖ-ਭਾਲ ਸਥਾਨਕ ਕਮੇਟੀ ਕਰਦੀ ਹੈ । ਗੁਰੂ ਨਾਨਕ ਦੇਵ ਜੀ ਦੀ ਆਮਦ ਵਾਲੇ ਦਿਨ 25 ਮਾਰਚ ਨੂੰ ਹਰ ਸਾਲ ਵੱਡਾ ਧਾਰਮਿਕ ਮੇਲਾ ਲਗਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1059, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.