ਸ਼ਹੀਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਹੀਦ [ ਨਾਂਪੁ ] ਪਰਸੁਆਰਥ ਲਈ ਜਾਨ ਵਾਰ ਦੇਣ ਵਾਲ਼ਾ ਵਿਅਕਤੀ , ਦੇਸ਼/ਕੌਮ/ਧਰਮ ਆਦਿ ਲਈ ਮਰ-ਮਿਟਿਆ ਇਨਸਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਹੀਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੀਦ . ਅ਼ ਸ਼ਹਾਦਤ ਦੇਣ ਵਾਲਾ. ਗਵਾਹ. ਸਾ੖੢ ( ਸਾਖੀ ) ੨ ਸੰਗ੍ਯਾ— ਅਜੇਹਾ ਕੰਮ ਕਰਨ ਵਾਲਾ ਜਿਸ ਦੀ ਲੋਕ ਸਾਖੀ ਦੇਣ । ੩ ਧਰਮਯੁੱਧ ਵਿੱਚ ਜਿਸ ਨੇ ਜੀਵਨ ਅਰਪਿਆ ਹੈ । ੪ ਰਤਨਮਾਲ ( ਸੌ ਸਾਖੀ ) ਅਨੁਸਾਰ ਸ਼ਹੀਦ ਇਕ ਦੇਵ ਜਾਤਿ ਹੈ , ਜੋ ਗੁਪਤ ਰੂਪ ਵਿਚਰਦੀ ਅਤੇ ਵੱਡਾ ਬਲ ਰਖਦੀ ਹੈ. ਸ਼ਹੀਦਾਂ ਦਾ ਨਾਮ ਇਸੇ ਸਾਖੀ ਵਿੱਚ ਬੇਤਾਲ ਅਤੇ ਵਿਦ੍ਯਾਧਰ ਭੀ ਦਿੱਤਾ ਹੈ । ੫ ਵਿ— ਸ਼ਹੀਦਾਂ ਦੀ ਮਿਸਲ ਦਾ. ਦੇਖੋ , ਸ਼ਹੀਦਾਂ ਦੀ ਮਿਸਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸ਼ਹੀਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹੀਦ : ਇਹ ਅਰਬੀ ਦਾ ਸ਼ਬਦ ਹੈ ਅਤੇ ‘ ਕੁਰਾਨ’ ਵਿਚ ਇਸ ਦੀ ਵਰਤੋਂਗਵਾਹ ’ ਜਾਂ ‘ ਸਾਕੑਸ਼ੀ’ ਦੇ ਅਰਥਾਂ ਵਿਚ ਹੋਈ ਹੈ । ਪਰ ਕਾਲਾਂਤਰ ਵਿਚ ਇਸ ਸ਼ਬਦ ਦਾ ਅਰਥ- ਵਿਸਤਾਰ ਹੋ ਗਿਆ ਅਤੇ ਇਸ ਨੂੰ ਕੁਰਬਾਨੀ ਜਾਂ ਬਲਿਦਾਨ ਦੇ ਅਰਥਾਂ ਵਿਚ ਵਰਤਿਆ ਜਾਣ ਲਗਾ । ਹਦੀਸਾਂ ਵਿਚ ‘ ਸ਼ਹੀਦ’ ਉਸ ਵਿਅਕਤੀ ਨੂੰ ਕਿਹਾ ਜਾਣ ਲਗਾ ਜੋ ਇਸਲਾਮ ਧਰਮ ਦੇ ਪਸਾਰ ਲਈ ਕਾਫ਼ਰਾਂ ਦੇ ਵਿਰੁੱਧ ਲੜਦਾ ਹੋਇਆ ਮਾਰਿਆ ਜਾਂਦਾ ਹੈ । ਅਜਿਹੇ ਵਿਅਕਤੀ ਲਈ ਬਹਿਸ਼ਤ ਦੇ ਦੁਆਰ ਖੁਲ੍ਹ ਜਾਂਦੇ ਹਨ । ਉਸ ਦੇ ਕਰਮਾਂ ਦਾ ਹਿਸਾਬ-ਕਿਤਾਬ ਖ਼ਤਮ ਹੋ ਜਾਂਦਾ ਹੈ , ਸਾਰੇ ਗੁਨਾਹ ਬਖ਼ਸ਼ੇ ਜਾਂਦੇ ਹਨ । ਮਰਨ ਉਪਰੰਤ ਅਜਿਹੇ ਵਿਅਕਤੀਆਂ ਨੂੰ ਕਬਰ ਵਿਚ ਦਬਣ ਤੋਂ ਪਹਿਲਾਂ ਨੁਹਾਇਆ ਨਹੀਂ ਜਾਂਦਾ ਕਿਉਂਕਿ ਉਹ ਤਾਂ ਸ਼ਹੀਦ ਹੋਣ ਕਾਰਣ ਪਹਿਲਾਂ ਹੀ ਪਵਿੱਤਰ ਹੋ ਚੁੱਕੇ ਮੰਨ ਲਏ ਜਾਂਦੇ ਹਨ ।

                      ਇਸਲਾਮ ਵਿਚ ਸ਼ਹੀਦਾਂ ਦੇ ਕਈ ਭੇਦ-ਉਪਭੇਦ ਹਨ ਪਰ ਸਭ ਤੋਂ ਸ੍ਰੇਸ਼ਠ ਸ਼ਹੀਦ ਉਸ ਨੂੰ ਸਮਝਿਆ ਜਾਂਦਾ ਹੈ ਜੋ ਰੱਬ ਦੀ ਰਜ਼ਾ ਵਿਚ ਸਚਾਈ ਦੇ ਰਸਤੇ ਉਤੇ ਚਲਦੇ ਹੋਇਆਂ ਆਪਣੀ ਜਾਨ ਕੁਰਬਾਨ ਕਰ ਦੇਵੇ । ਸ਼ਹੀਦ ਆਮ ਤੌਰ ’ ਤੇ ਅਮਰ ਸਮਝੇ ਜਾਂਦੇ ਹਨ । ਇਮਾਮ ਹਸਨ ਅਤੇ ਹੁਸੈਨ ਨੂੰ ਇਸਲਾਮ ਵਿਚ ਮਹਾਨ ਸ਼ਹੀਦ ਦੀ ਪਦਵੀ ਪ੍ਰਾਪਤ ਹੈ । ਹੋਰ ਵੀ ਅਨੇਕ ਮੁਸਲਮਾਨ ਸ਼ਹੀਦਾਂ ਦੀ ਸੂਚੀ ਵਿਚ ਗਿਣੇ ਜਾਂਦੇ ਹਨ । ਈਸਾ ਨੂੰ ਵੀ ਮਹਾਨ ਸ਼ਹੀਦ ਮੰਨਿਆ ਜਾਂਦਾ ਹੈ । ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਨੇ ‘ ਸ਼ਹੀਦ’ ਨੂੰ ਪੀਰਾਂ ਪੈਗ਼ੰਬਰਾਂ ਦੀ ਪੰਕਤੀ ਵਿਚ ਖੜਾ ਕਰਦਿਆਂ ਲਿਖਿਆ ਹੈ— ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰ ਸਹੀਦ ( ਗੁ.ਗ੍ਰੰ.53 ) ।

                      ‘ ਸ਼ਹੀਦ’ ਜਾਂ ‘ ਸ਼ਹਾਦਤ ’ ਦਾ ਦ੍ਰਿਸ਼ਟੀਕੋਣ ਸਾਮੀ ਸੰਸਕ੍ਰਿਤੀ ਤੋਂ ਭਾਰਤ ਵਿਚ ਆਇਆ । ਭਾਰਤ ਵਿਚ ਪਹਿਲਾਂ ਅਜਿਹੀ ਭਾਵਨਾ ਦਾ ਅਭਾਵ ਸੀਪੰਜਾਬ ਅਤੇ ਭਾਰਤ ਵਿਚ ਅਨੇਕ ਮੁਸਲਮਾਨ ਫ਼ਕੀਰਾਂ , ਸੂਫ਼ੀ ਦਰਵੇਸ਼ਾਂ ਦੀ ਸ਼ਹਾਦਤ ਦੀਆਂ ਕਈ ਘਟਨਾਵਾਂ ਹੋਈਆਂ ਹਨ । ‘ ਸ਼ਹਾਦਤ’ ਦਾ ਵਿਚਾਰ ਸਿੱਖ ਸਮਾਜ ਵਿਚ ਵਖਰੇ ਜਿਹੇ ਢੰਗ ਨਾਲ ਵਿਕਸਿਤ ਹੋਇਆ ਹੈ । ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖਾਂ ਦੇ ਖ਼ੂਨ ਵਿਚ ਸ਼ਹਾਦਤ ਦਾ ਤੱਤ੍ਵ ਸ਼ਾਮਲ ਕਰ ਦਿੱਤਾ ਅਤੇ ਗੁਰੂ ਤੇਗ ਬਹਾਦਰ ਜੀ ਨੇ ਇਸ ਭਾਵਨਾ ਨੂੰ ਆਪਣੀ ਸ਼ਹਾਦਤ ਨਾਲ ਪੁਸ਼ਟ ਕਰ ਦਿੱਤਾ । ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਤਾਂ ਇਤਿਹਾਸ ਦੇ ਪੱਤਰਿਆਂ ਉਤੇ ਆਪਣੀ ਰੱਤ ਦਾ ਕੁੰਗੂ ਪਾ ਦਿੱਤਾ । ਮੁਸਲਮਾਨ ਹੁਕਮਰਾਨਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਨੂੰ ਸ਼ਹੀਦ ਕੀਤਾ । ਵੱਡੇ ਵੱਡੇ ਅਤੇ ਮੁੱਖੀ ਸਿੱਖਾਂ ਦੀ ਸ਼ਹਾਦਤ ਵਾਲੀ ਥਾਂ ਤੇ ਅਨੇਕ ਧਰਮ-ਧਾਮ ਜਾਂ ਸ਼ਹੀਦ ਗੰਜ ਬਣਾਏ ਗਏ ਹਨ । ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ-ਸਥਾਨ ਗੁਰਦੁਆਰਾ ਡੇਰਾ ਸਾਹਿਬ ( ਲਾਹੌਰ ) ਦੇ ਨਾਂ ਨਾਲ ਪ੍ਰਸਿੱਧ ਹੈ , ਗੁਰੂ ਤੇਗ ਬਹਾਦਰ ਦੀ ਸ਼ਹਾਦਤ ਵਾਲੇ ਸਥਾਨ ਉਤੇ ਹੁਣ ਗੁਰਦੁਆਰਾ ਸੀਸ ਗੰਜ ( ਦਿੱਲੀ ) ਕਾਇਮ ਹੈ । ਦਸਮ ਗੁਰੂ ਦੇ ਵੱਡੇ ਦੋ ਸਾਹਿਬਜ਼ਾਦਿਆਂ ਦਾ ਸ਼ਹੀਦੀ-ਸਥਾਨ ਚਮਕੌਰ ਸਾਹਿਬ ਵਿਚ ਅਤੇ ਛੋਟੇ ਦੋ ਸਾਹਿਬਜ਼ਾਦਿਆਂ ਦਾ ਸਮਾਰਕ ਸਰਹਿੰਦ ਵਿਚ ਹੈ ।

                      ਭਾਰਤ ਦੀ ਆਜ਼ਾਦੀ ਦੀ ਜੰਗ ਵਿਚ ਸ਼ਹਾਦਤ ਪਾਉਣ ਵਾਲੇ ਸਿਰਲਥ ਜਵਾਨਾਂ ਵਿਚ 80 ਪ੍ਰਤਿਸ਼ਤ ਸਿੱਖ ਸਨ । ਸ਼ਹੀਦ ਭਗਤ ਸਿੰਘ ਦੀ ਮਿਸਾਲ ਸਰਵ-ਸ੍ਰੇਸ਼ਠ ਹੈ । ਕੂਕਾ ਲਹਿਰ ਨਾਲ ਸੰਬੰਧਿਤ ਮਲੇਰਕੋਟਲਾ ਦਾ ਸ਼ਹੀਦੀ ਸਾਕਾ ਆਪਣੀ ਮਿਸਾਲ ਆਪ ਹੈ । ਗੁਰਦੁਆਰਾ ਸੁਧਾਰ ਵੇਲੇ ਨਨਕਾਣਾ ਸਾਹਿਬ ਅਤੇ ਹੋਰ ਗੁਰੂ-ਧਾਮਾਂ ਨੂੰ ਆਜ਼ਾਦ ਕਰਾਉਣ ਸੰਬੰਧੀ ਅਨੇਕ ਸਾਧਕਾਂ ਨੇ ਆਪਣੀਆਂ ਕੁਰਬਾਣੀਆਂ ਦਿੱਤੀਆਂ ਸਨ । ਇਸ ਤਰ੍ਹਾਂ ਸ਼ਹੀਦ , ਸ਼ਹੀਦੀ , ਸ਼ਹਾਦਤ ਸ਼ਬਦ ਸਿੱਖ ਸਭਿਆਚਾਰ ਦੇ ਅੰਗ ਬਣ ਗਏ ਹਨ । ਹੁਣ ਵੀ ਧਰਮ ਨਾਲ ਸੰਬੰਧਿਤ ਮੋਰਚਿਆਂ ਵੇਲੇ ਸਿੱਖ ਸਾਧਕ ਸ਼ਹੀਦੀਆਂ ਪ੍ਰਾਪਤ ਕਰਨ ਲਈ ਸਦਾ ਤਿਆਰ ਰਹਿੰਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸ਼ਹੀਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸ਼ਹੀਦ : ਸ਼ਹੀਦ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ , ਜਿਹੜਾ ਸਚਾਈ ਅਤੇ ਧਰਮ ਦੇ ਰਾਹ ਤੇ ਚਲਦਿਆਂ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ । ਇਹ ਸ਼ਬਦ ਸਭ ਤੋਂ ਪਹਿਲਾਂ ਕੁਰਾਨ ਵਿਚ ਮਿਲਦਾ ਹੈ । ਕੁਰਾਨ ਵਿਚ ‘ ਸ਼ਹੀਦ’ ਦਾ ਭਾਵ “ ਗਵਾਹ" ਤੋਂ ਲਿਆ ਗਿਆ ਹੈ । ਜਿਵੇਂ “ ਕੀ ਤੁਸੀਂ ਇਸ ਦੇ ਚਸ਼ਮਦੀਦ ਸ਼ਹੀਦ ( ਗਵਾਹ ) ਹੋ , ਜਦੋਂ ਮੌਤ ਕਿਨਾਰੇ ਬੈਠੇ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਸੂਰਾ 11.133 । ਕਈ ਵਾਰੀ ਖੁਦਾ ਨੂੰ ਵੀ ਸ਼ਹੀਦ ( ਗਵਾਹ ) ਵਜੋਂ ਸੰਬੋਧਿਤ ਕੀਤਾ ਗਿਆ ਹੈ ਜਿਵੇਂ “ ਤੂੰ ਹੀ ਸਭਨਾ ਦਾ ਸ਼ਹੀਦ ਹੈ । " – – – ਸੂਰਾ 5.117 । ਕੁਰਾਨ ਵਿਚ “ ਸ਼ਹੀਦ" ਨੂੰ ਇਸ ਦੇ ਪ੍ਰਚੱਲਿਤ ਅਤੇ ਪ੍ਰਸਿੱਧ ਅਰਥ ਵਿਚ ਨਹੀਂ ਲਿਆ ਗਿਆ । ਇਹ ਤਾਂ ਕੁਰਾਨ ਤੋਂ ਬਾਅਦ ਦੇ ਟੀਕਾਕਾਰਾਂ ਨੇ ਹੀ ‘ ਸ਼ਹੀਦ’ ਦੀ ਵਰਤੋਂ ਇਸ ਅਰਥ ਵਿਚ ਕਰਨ ਦਾ ਯਤਨ ਕੀਤਾ । ਕੁਰਬਾਨੀ ਕਰਨ ਵਾਲੇ ਜਾਂ ਬਲਿਦਾਨ ਦੇਣ ਵਾਲੇ ਵਿਅਕਤੀ ਲਈ ‘ ਸ਼ਹੀਦ’ ਸ਼ਬਦ ਦੀ ਵਰਤੋਂ ਈਸਾਈ ਪ੍ਰਭਾਵ ਅਧੀਨ ਸ਼ੁਰੂ ਹੋਈ । ਈਸਾਈ ਧਰਮ ਵਿਚ ਈਸਾ ਨੂੰ ਸਭ ਤੋਂ ਵੱਡਾ ਸ਼ਹੀਦ ਮੰਨਿਆ ਜਾਂਦਾ ਹੈ । ਵੈਨਸਿੰਕ ਅਨੁਸਾਰ ਪੂਰਬ ਵਿਚ ਇਸਲਾਮ ਤੇ ਈਸਾਈ ਧਰਮਾਂ ਵਿਚ ‘ ਸ਼ਹੀਦ’ ਧਾਰਨਾ ਹੌਲੀ ਹੌਲੀ ਇਕੋ ਜਿਹੀ ਹੀ ਬਣ ਗਈ । ਜੇਕਰ ਇਸ ਦਾ ਪਿਛੋਕੜ ਵੇਖੀਏ ਤਾਂ ਅਸੀਂ ਪ੍ਰਾਚੀਨ ( ਯਹੂਦੀ ) ਅਤੇ ਯੂਨਾਨੀ ਫ਼ਲਸਫੇ ਤਕ ਜਾ ਅੱਪੜਦੇ ਹਾਂ । ਹੌਲੀ ਹੌਲੀ ‘ ਸ਼ਹੀਦ’ ਦਾ ‘ ਗਵਾਹ’ ਵਜੋਂ ਵਰਤਿਆ ਜਾਣਾ ਬਿਲਕੁਲ ਹੀ ਸਮਾਪਤ ਹੋ ਗਿਆ । ਸਮੁੱਚੇ ਇਸਲਾਮੀ ‘ ਹਦੀਸ ਸਾਹਿਤ’ ਵਿਚ ਸ਼ਹੀਦ ਉਸ ਨੂੰ ਕਿਹਾ ਜਾਂਦਾ ਹੈ ਜੋ ਕਾਫ਼ਰਾਂ ਵਿਰੁੱਧ ਲੜਦਾ ਹੋਇਆ ਜਾਨ ਦੇ ਦਿੰਦਾ ਹੈ । ਉਸ ਲਈ ਬਹਿਸ਼ਤ ਦੇ ਦਰਵਾਜ਼ੇ ਖੁਲ੍ਹ ਜਾਂਦੇ ਹਨ ਅਤੇ ‘ ਮੁਨਕਰ’ ਤੇ ‘ ਨਕੀਰ’ ਫ਼ਰਿਸ਼ਤੇ ਉਸ ਦੇ ਕਰਮਾਂ ਦਾ ਹਿਸਾਬ ਨਹੀਂ ਕਰਦੇ । ਉਸ ਨੂੰ ਬਹਿਸ਼ਤ ਵਿਚ ਖੁਦਾ ਦੇ ਤਖ਼ਤ ਦੇ ਅਤਿ ਨੇੜੇ ਜਗ੍ਹਾ ਮਿਲਦੀ ਹੈ । ‘ ਸ਼ਹੀਦ’ ਮੌਤ ਪ੍ਰਾਪਤ ਕਰ ਕੇ ਸਾਰੇ ਗੁਨਾਹਾਂ ਤੋਂ ਬਰੀ ਹੋ ਜਾਂਦਾ ਹੈ । ਸਿਰਫ਼ ਉਹੋ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਦਫ਼ਨਾਨ ਤੋਂ ਪਹਿਲਾਂ ਇਸ਼ਨਾਨ ਨਹੀਂ ਕਰਵਾਇਆ ਜਾਂਦਾ । ਕਿਉਂਕਿ ਉਹ ਸ਼ਹੀਦੀ ਪ੍ਰਾਪਤ ਕਰਕੇ ਪਹਿਲਾਂ ਹੀ ਪਾਕ ਹੋ ਚੁੱਕੇ ਹੁੰਦੇ ਹਨ । ਇਸਲਾਮ ਧਰਮ ਅਨੁਸਾਰ ਉੱਤਮ ਦਰਜੇ ਦਾ ਸ਼ਹੀਦ ਉਹ ਹੈ ਜਿਸ ਨੇ ਹਜ਼ਰਤ ਮੁਹੰਮਦ ਸਾਹਿਬ ਨਾਲ ਲੜਾਈਆਂ ਵਿਚ ਸ਼ਾਮਲ ਹੋ ਕੇ ਆਪਣੀ ਜਾਨ ਕੁਰਬਾਨ ਕੀਤੀ । ਅਜਿਹੇ ਸ਼ਹੀਦਾਂ ਨੂੰ ਜਿਹੜੇ ਦੀਨ ਫੈਲਾਉਣ ਲਈ ਸ਼ਹੀਦੀ ਪ੍ਰਾਪਤ ਕਰਦੇ ਹਨ , ਉਨ੍ਹਾਂ ਨੂੰ ਅਰਮ ਪਦਵੀ ਪ੍ਰਾਪਤ ਹੋ ਜਾਂਦੀ ਹੈ । ਸਰਬੋਤਮ ਸ਼ਹੀਦ ਉਸ ਨੂੰ ਮੰਨਿਆ ਜਾਂਦਾ ਹੈ ਜਿਹੜਾ ਰੱਬ ਦੀ ਰਜ਼ਾ ਵਿਚ ਸਚਾਈ ਦੇ ਰਸਤੇ ਤੇ ਚਲਦਿਆਂ ਹੋਇਆ ਜਾਨ ਵਾਰ ਦੇਵੇ । ਹਜ਼ਰਤ ਇਮਾਮ ਹੁਸੈਨ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਵੀ ਇਸੇ ਦਰਜੇ ਦੀ ਗਿਣੀ ਜਾਂਦੀ ਹੈ । ਹੱਕ ਦੇ ਰਾਹ ਤੇ ਚਲਦਿਆਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਇਸਲਾਮ ਧਰਮ ਵਿਚ ਕਾਫ਼ੀ ਗਿਣਤੀ ਵਿਚ ਮਿਲਦੇ ਹਨ । ਇਸਲਾਮੀ ਦ੍ਰਿਸ਼ਟੀਕੋਣ ਅਨੁਸਾਰ ਸ਼ਹੀਦ ਮਰਦੇ ਨਹੀਂ । ਉਹ ਸਾਡੇ ਵਾਂਗ ਹੀ ਚਲਦੇ-ਫਿਰਦੇ ਤੇ ਖਾਂਦੇ-ਪੀਂਦੇ ਹਨ । ਉਨ੍ਹਾਂ ਨੂੰ ਸਾਡੇ ਵਾਂਗ ਹੀ ਰਿਜਕ ਪ੍ਰਾਪਤ ਹੁੰਦਾ ਰਹਿੰਦਾ ਹੈ । ਉਨ੍ਹਾਂ ਨੂੰ ਇਸ ਗੱਲ ਦੀ ਵੀ ਆਗਿਆ ਹੁੰਦੀ ਹੈ । ਉਹ ਆਪਣੀ ਮਰਜ਼ੀ ਅਨੁਸਾਰ ਆਪਣੇ ਕਿਸੇ ਮਿੱਤਰ ਜਾਂ ਖਾਸ ਮਨੁੱਖ ਨਾਲ ਗੱਲਬਾਤ ਕਰ ਸਕਦੇ ਹਨ । ਇਸਲਾਮ ਦੋ ਕਿਸਮ ਦੀ ਸ਼ਹੀਦੀ ਮੰਨਦਾ ਹੈ । ਇਸ ਵਿਚਾਰਧਾਰਾ ਅਨੁਸਾਰ ਖ਼ੁਦਾ ਦੇ ਡਰ ਨਾਲ ਰੋਂਦਿਆਂ ਜੇ ਕੋਈ ਮਰ ਜਾਵੇ ਤਾਂ ਉਸ ਨੂੰ ‘ ਸ਼ਹਾਦਤ ਕਿਬਰਾ’ ਅਰਥਾਤ ਵੱਡੀ ਸ਼ਹੀਦੀ ਪ੍ਰਾਪਤ ਹੋਵੇਗੀ । ਸ਼ਹੀਦੇ-ਅਕਬਰ ਅਰਥਾਤ ਵੱਡੇ ਸ਼ਹੀਦ ਤੋਂ ਕਿਆਮਤ ਸਮੇਂ ਕਿਸੇ ਪ੍ਰਕਾਰ ਦਾ ਹਿਸਾਬ ਨਹੀਂ ਮੰਗਿਆ ਜਾਂਦਾ । ਕਈ ਦੂਜੀ ਪ੍ਰਕਾਰ ਦੀ ਸ਼ਹੀਦੀ ਵਿਚ ਪਲੇਗ , ਤਪਦਿਕ ਆਦਿ ਨਾਲ ਮਰਨ ਵਾਲੇ ਉਹ ਵਿਅਕਤੀ ਆਉਂਦੇ ਹਨ , ਜੋ ਮੋਮਨ ਹੋਣ ਅਤੇ ਬੀਮਾਰੀ ਜਾਂ ਬੀਮਾਰੀ ਕਾਰਨ ਹੋਣ ਵਾਲੀ ਮੌਤ ਤੋਂ ਡਰ ਕੇ ਦੇਸ਼ ਛੱਡ ਕੇ ਚਲੇ ਜਾਣ । ਅਜਿਹੇ ਸ਼ਹੀਦਾਂ ਨੂੱ ਕਿਆਮਤ ਸਮੇਂ ਆਪਦਾ ਹਿਸਾਬ ਦੇਣਾ ਪੈਂਦਾ ਹੈ । ਬੇਗੁਨਾਹ ਦਾ ਕਤਲ ਵੀ ਸ਼ਹਾਦਤ ਮੰਨਿਆ ਜਾਂਦਾ ਹੈ । ਜੇ ਕਿਸੇ ਦੀ ਜ਼ਹਿਰ ਨਾਲ ਮੌਤ ਹੋ ਜਾਵੇ ਤਾਂ ਉਸ ਨੂੰ ਵੀ ਸ਼ਹੀਦ ਸਮਝਿਆ ਜਾਂਦਾ ਹੈ ਪਰ ਜੇ ਜ਼ਹਿਰ ਖੁਦ ਖਾ ਲਵੇ ਤਾਂ ਖੁਦਕੁਸ਼ੀ ਹੈ । ਅਜਿਹੀ ਮੌਤ ਇਸਲਾਮ ਅਨੁਸਾਰ ਹਰਾਮ ਹੈ ਅਤੇ ਦੁਨਿਆਵੀ ਕਾਨੂੰਨ ਅਨੁਸਾਰ ਵੀ ਦੰਡ-ਯੋਗ ਹੈ । ਜੇ ਗਰਭਵਤੀ ਇਸਤਰੀ ਦੀ ਬੱਚੇ ਦੇ ਜਨਮ ਸਮੇਂ ਮੌਤ ਹੋ ਜਾਵੇ ਤਾਂ ਉਸ ਨੂੰ ਵੀ ਸ਼ਹੀਦ ਦਾ ਦਰਜਾ ਪ੍ਰਾਪਤ ਹੋ ਜਾਂਦਾ ਹੈ । ਇਸਲਾਮ ਵਿਚ ਸ਼ਹੀਦ ਅਤੇ ਗ਼ਾਜ਼ੀ ਵਿਚਕਾਰ ਵੀ ਅੰਤਰ ਮੰਨਿਆ ਜਾਂਦਾ ਹੈ । ਜਿਹੜਾ ਮੁਸਲਮਾਨ ਕਾਫ਼ਰਾਂ ਨਾਲ ਲੜਦਾ ਹੋਇਆ ਮਾਰਿਆ ਜਾਵੇ , ਉਹ ਸ਼ਹੀਦ ਕਹਾਉਂਦਾ ਹੈ ਅਤੇ ਜਿਹੜਾ ਸਫ਼ਲ ਹੋ ਜਾਵੇ ਅਤੇ ਕਾਫ਼ਰਾਂ ਨੂੰ ਜਿੱਤ ਲਵੇ , ਗ਼ਾਜ਼ੀ ਕਹਾਉਂਦਾ ਹੈ । ਸ਼ਹੀਦੀ ਇਕ ਰੱਬੀ ਦਾਤ ਹੈ ਅਤੇ ਰੱਬੀ ਹੁਕਮ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ । ਹਿੰਦੂ ਅਤੇ ਸਿੱਖ ਧਰਮ ਦੇ ਦ੍ਰਿਸ਼ਟੀਕੋਣ ਅਨੁਸਾਰ ਸ਼ਹੀਦ ਉਹ ਹੈ ਜੋ ਦੇਸ਼ ਦੀ ਖਾਤਰ ਆਪਣੀ ਜਾਨ ਤਕ ਕੁਰਬਾਨ ਕਰ ਦੇਵੇ । ਹਿੰਦੂ ਧਰਮ ਵਿਚ ਵੀ ਸ਼ਹੀਦ ਮਿਲਦੇ ਹਨ । ਉਦਾਹਰਣ ਵਜੋਂ ਵੀਰ ਹਕੀਕਤ ਰਾਏ ਤੇ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਉਸ ਨੇ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫ਼ਾਤਿਮਾ ਦੀ ਸ਼ਾਨ ਵਿਚ ਕੁਝ ਅਯੋਗ ਸ਼ਬਦ ਕਹੇ ਹਨ । ਉਸ ਨੂੰ ਲਾਹੌਰ ਦੇ ਸੂਬੇਦਾਰ ਨੇ ਇਸਲਾਮ ਕਬੂਲ ਕਰਨ ਲਈ ਕਿਹਾ ਪਰ ਉਸ ਨਾਂਹ ਕਰ ਦਿੱਤੀ ਅਤੇ ਅੰਤ ਵਿਚ ਉਸ ਨੇ ਸ਼ਹੀਦੀ ਪ੍ਰਾਪਤ ਹੋਈ । ਸਿੱਖ ਇਤਿਹਾਸ ਧਰਮ , ਦੇਸ਼ ਅਤੇ ਕੌਮ ਲਈ ਕੀਤੀਆਂ ਕੁਰਬਾਨੀਆਂ ਅਤੇ ਬਲੀਦਾਨਾਂ ਨਾਲ ਭਰਿਆ ਪਿਆ ਹੈ । ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਵਿਸ਼ਵ ਇਤਿਹਾਸ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਨੀਹਾਂ ਵਿਚ ਚਿਣੇ ਜਾਣਾ “ ਸ਼ਹੀਦੀ" ਦੀ ਇਕ ਬੇਮਿਸਾਲ ਉਦਾਹਰਣ ਹੈ । ਬਾਬਾ ਦੀਪ ਸਿੰਘ , ਭਾਈ ਤਾਰੂ ਸਿੰਘ , ਭਾਈ ਮਨੀ ਸਿੰਘ , ਬਾਬਾ ਬੰਦਾ ਬਹਾਦਰ ਆਦਿ ਹੋਰ ਪ੍ਰਸਿੱਧ ਸ਼ਹੀਦ ਹਨ । ਸ਼ਹੀਦਾਂ ਦੀ ਯਾਦ ਵਿਚ ਥਾਂ ਥਾਂ ਗੁਰਦੁਆਰੇ ਸਥਾਪਿਤ ਹਨ । ਸੀਸ ਗੰਜ ਦਿੱਲੀ ਤੋਂ ਲੈ ਕੇ ਸ਼ਹੀਦਜੰਗ ਸਿੰਘਣੀਆਂ ਲਾਹੌਰ ਤਕ ਸਿੱਖਾਂ ਦੇ ਪਵਿੱਤਰ ਸ਼ਹੀਦੀ ਸਥਾਨ ਉਸਰੇ ਹੋਏ ਹਨ । ਇਸ ਧਰਮ ਵਿਚ ਸ਼ਹੀਦਾਂ ਪ੍ਰਤੀ ਇਸਲਾਮ ਤੇ ਹੋਰਨਾਂ ਧਰਮਾਂ ਵਾਂਗ ਹੀ ਬੇਮਿਸਾਲ ਸ਼ਰਧਾ ਪਾਈ ਜਾਂਦੀ ਹੈ । ਭਾਰਤ ਦੀ ਜੰਗੇ ਆਜ਼ਾਦੀ ਵਿਚ ਅਨੇਕ ਬਹਦਾਰਾਂ ਨੇ ‘ ਸ਼ਹੀਦ’ ਬਣਨ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ । ਸ਼ਹੀਦੇ ਆਜ਼ਾਮ ਭਗਤ ਸਿੰਘ , ਰਾਜਗੁਰੂ , ਸੁਖਦੇਵ , ਕਰਤਾਰ ਸਿੰਘ ਸਰਾਭਾ , ਊਧਮ ਸਿੰਘ , ਤੇ ਮਦਨ ਲਾਲ ਢੀਂਗਰਾ ਆਦਿ ਅਮਰ ਸ਼ਹੀਦ ਸਾਡੀ ਕੌਮ ਲਈ ਮਾਣ ਦਾ ਕਾਰਨ ਹਨ ।


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਸ਼ਹੀਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ਹੀਦ : ਸ਼ਹੀਦ ਸ਼ਬਦ ਦੀ ਰਚਨਾ ਅਰਬੀ ਦੇ ਸ਼ਹਾਦਤ ਸ਼ਬਦ ਤੋਂ ਹੋਈ ਹੈ । ਮਹਾਨ ਕੋਸ਼ ਵਿਚ ਇਸ ਸ਼ਬਦ ਦੇ ਅਰਥ ਲਿਖੇ ਹਨ– – ਸ਼ਹਾਦਤ ਦੇਣ ਵਾਲਾ , ਗਵਾਹ , ਸਾਕਸ਼ੀ ( ਸਾਖੀ ) , ਅਜਿਹਾ ਕੰਮ ਕਰਨ ਵਾਲਾ ਜਿਸ ਦੀ ਲੋਕ ਸਾਖੀ ਦੇਣ । ਬਾਅਦ ਵਿਚ ਇਸ ਸ਼ਬਦ ਨੂੰ ਉਸ ਵਿਅਕਤੀ ਲਈ ਪ੍ਰਯੋਗ ਕੀਤਾ ਜਾਣ ਲੱਗ ਪਿਆ ਜੋ ਦੇਸ਼ ਜਾਂ ਧਰਮ ਲਈ ਆਪਣੀ ਜਾਨ ਕੁਰਬਾਨ ਕਰ ਦੇਵੇ ।

              ਮੁਸਲਮਾਨਾਂ ਵਿਚ ਸ਼ਹੀਦ ਦੀ ਬੜੀ ਮਾਨਤਾ ਹੈ ਅਤੇ ਇਹ 12 ਪ੍ਰਕਾਰ ਦੇ ਮੰਨੇ ਜਾਂਦੇ ਹਨ । ਮੁਸਲਮਾਨਾਂ ਨੇ ਜਿਹੜੇ ਯੁੱਧ ਗ਼ੈਰ-ਮੁਸਲਮਾਨਾਂ ਨਾਲ ਕੀਤੇ , ਉਨ੍ਹਾਂ ਵਿਚ ਮਾਰੇ ਗਏ ਮੁਸਲਮਾਨ ਸ਼ਹੀਦ ਗਿਣੇ ਜਾਂਦੇ ਹਨ । ਜਿਹੜੇ ਵਿਅਕਤੀ ਦੂਜਿਆਂ ਦੀ ਰੱਖਿਆ ਕਰਦੇ ਸਮੇਂ ਮਾਰੇ ਜਾਂਦੇ ਹਨ ਉਨ੍ਹਾਂ ਨੂੰ ਵੀ ਸ਼ਹੀਦ ਕਿਹਾ ਜਾਂਦਾ ਹੈ । ਜੇ ਕੋਈ ਮੁਸਲਮਾਨ ਬਿਨਾ ਕਿਸੇ ਦੋਸ਼ ਦੇ ਮਾਰਿਆ ਜਾਵੇ ਤਾਂ ਉਸ ਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ ।

              ਸਿੱਖ ਵੀ ਮੁਸਲਮਾਨਾਂ ਵਾਂਗ ਸ਼ਹੀਦ ਨੂੰ ਉੱਚਾ ਸਥਾਨ ਦਿੰਦੇ ਹਨ । ਸਿੱਖਾਂ ਵਿਚ ਉਸ ਵਿਅਕਤੀ ਨੂੰ ਸ਼ਹੀਦ ਮੰਨਿਆ ਜਾਂਦਾ ਹੈ ਜੋ ਮਨੁੱਖਤਾ ਜਾਂ ਕਿਸੇ ਅਸੂਲ ਲਈ ਲੜਦਿਆਂ ਆਪਣੇ ਪ੍ਰਾਣ ਨਿਛਾਵਰ ਕਰ ਦੇਵੇ । ਸਿੱਖਾਂ ਵਿਚ ਵਿਸ਼ਵਾਸ ਹੈ ਕਿ ਜਿਹੜਾ ਵਿਅਕਤੀ ਸ਼ਹੀਦ ਹੁੰਦਾ ਹੈ ਉਹ ਮੁਕਤ ਹੋ ਜਾਂਦਾ ਹੈ । ਗੁਰੂ ਗੋਬਿੰਦ ਸਿੰਘ ਜੀ ਵੇਲੇ ਮੁਕਤਸਰ ਵਿਖੇ ਯੁੱਧ ਕਰਦਿਆਂ ਜੋ ਚਾਲ੍ਹੀ ਸਿੰਘ ਸ਼ਹੀਦ ਹੋਏ ਸਨ ਉਨ੍ਹਾਂ ਨੂੰ ਚਾਲ੍ਹੀ ਮੁਕਤੇ ਵੀ ਇਸੇ ਲਈ ਕਿਹਾ ਜਾਂਦਾ ਹੈ । ਸਿੱਖਾਂ ਵਿਚ ਗੁਰੂ ਸਾਹਿਬਾਨ ਦੇ ਵੇਲੇ ਤੋਂ ਹੀ ਸ਼ਹੀਦੀ ਦੀ ਪ੍ਰਥਾ ਕਾਇਮ ਹੈ । ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਜ਼ੁਲਮ ਦੇ ਖਿਲਾਫ਼ , ਜ਼ਮੀਰ ਦੀ ਅਜ਼ਾਦੀ ਅਤੇ ਮਨੁੱਖਤਾ ਲਈ ਆਪਾ ਕੁਰਬਾਨ ਕੀਤਾ । ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਤੇ ਲਾਹੌਰ ਵਿਖੇ ਗੁਰਦੁਆਰਾ ਡੇਹਰਾ ਸਾਹਿਬ ਬਣਾਇਆ ਗਿਆ ਹੈ ਜਿਥੇ ਹਰ ਸਾਲ ਜੇਠ-ਸੁਦੀ ਚੌਥ ਨੂੰ ਭਾਰੀ ਸਮਾਗਮ ਹੁੰਦਾ ਹੈ । ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਵਿਖੇ ਜਿਸ ਥਾਂ ਸ਼ਹੀਦ ਕੀਤਾ ਗਿਆ ਸੀ ਉਥੇ ਅੱਜਕੱਲ੍ਹ ਗੁਰਦੁਆਰਾ ਸੀਸਗੰਜ ਸੁਸ਼ੋਭਿਤ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਆਪਣੇ ਧਰਮ ਨੂੰ ਪਾਲਦੇ ਹੋਏ ਸ਼ਹੀਦ ਹੋਏ । ਵੱਡੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੇ ਜੰਗ ਵਿਚ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ । ਇਸ ਥਾਂ ਤੇ ਵੀ ਗੁਰਦੁਆਰਾ ਬਣਿਆ ਹੋਇਆ ਹੈ ਜਿਥੇ ਹਰ ਸਾਲ ਜੋੜ ਮੇਲਾ ਹੁੰਦਾ ਹੈ । ਛੋਟੇ ਦੋ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਸਰਹਿੰਦ ( ਫ਼ਤਹਿਗੜ੍ਹ ਸਾਹਿਬ ) ਵਿਖੇ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ । ਉਨ੍ਹਾਂ ਦੀ ਯਾਦ ਵਿਚ ਵੀ ਹਰ ਸਾਲ ਫ਼ਤਹਿਗੜ੍ਹ ਸਾਹਿਬ ਵਿਖੇ ਭਾਰੀ ਸਮਾਗਮ ਹੁੰਦਾ ਹੈ ।

              ਸ੍ਰੀ ਗੁਰੂ ਤੇਗ ਬਹਾਦਰ ਜੀ , ਭਾਈ ਮਤੀਦਾਸ , ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ-ਸਮਾਰਕ ਵੀ ਦਿੱਲੀ ਵਿਚ ਹਨ । ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ , ਭਾਈ ਦਿਆਲਾ ਨੂੰ ਦੇਗ ਵਿਚ ਉਬਾਲਿਆ ਗਿਆ । ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਨੂੰ ਇਸਲਾਮ ਵਿਚ ਲਿਆਉਣ ਦੇ ਜਤਨ ਕਾਰਨ ਸ਼ਹੀਦ ਕਰ ਦਿੱਤਾ । ਲਾਹੌਰ ਸਟੇਸ਼ਨ ਦੇ ਨੇੜੇ ਸ਼ਹੀਦ ਗੰਜ ਉਨ੍ਹਾਂ ਸਿੰਘਾਂ ਸਿੰਘਣੀਆਂ ਦੀ ਸ਼ਹੀਦੀ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੂੰ ਮੀਰ ਮੰਨੂ ਦੇ ਸਮੇਂ ਸ਼ਹੀਦ ਕਰਕੇ ਖੂਹ ਵਿਚ ਸੁਟਿਆ ਜਾਂਦਾ ਰਿਹਾ । ਬਾਬਾ ਦੀਪ ਸਿੰਘ ਜੀ ਭਾਈ ਤਾਰੂ ਸਿੰਘ ਜੀ ਆਦਿ ਦੇ ਨਾਮ ਵੀ ਮੁੱਖ ਸ਼ਹੀਦਾਂ ਵਿਚ ਹਨ । ਸਿੱਖ ਆਪਣੇ ਸ਼ਹੀਦਾਂ ਨੂੰ ਹਰ ਖੁਸ਼ੀ-ਗਮੀ ਦੇ ਸਮਾਗਮਾਂ ਅਤੇ ਨਿਤਨੇਮ ਦੀ ਅਰਦਾਸ ਵਿਚ ਵੀ ਯਾਦ ਕਰਦੇ ਹਨ ।


ਲੇਖਕ : ਡਾ. ਜਾਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-03-11-12-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.