ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹੀਦ ਸਿੱਖ ਮਿਸ਼ਨਰੀ ਕਾਲਜ : ਇਸ ਕਾਲਜ ਦੀ ਸਥਾਪਨਾ ਸੰਨ 1927 ਈ. ਦੇ ਅਕਤੂਬਰ ਮਹੀਨੇ ਵਿਚ ਅੰਮ੍ਰਿਤਸਰ ਵਿਚ ਹੋਈ ਸੀ । ਇਸ ਦੀ ਸਥਾਪਨਾ ਦਾ ਮੁੱਖ ਉਦੇਸ਼ ਸਿੱਖ ਪ੍ਰਚਾਰਕ , ਗ੍ਰੰਥੀ ਅਤੇ ਰਾਗੀ ਤਿਆਰ ਕਰਨਾ ਸੀ । ਸਿੱਖ ਗੁਰਦੁਆਰਾ ਐਕਟ 1925 ਦੀ ਲੋਅ ਵਿਚ ਬਣੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਉਥੋਂ ਦੇ 20 ਫਰਵਰੀ 1921 ਈ. ਨੂੰ ਹੋਏ ਸਾਕੇ ਵਿਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਇਕ ਸਮਾਰਕ ਬਣਾਉਣ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰਚਾਰਕਾਂ ਦੀ ਘਾਟ ਨੂੰ ਪੂਰਾ ਕਰਨ ਲਈ , ਕਿਸੇ ਅਧਿਆਪਨ ਕੇਂਦਰ ਦੀ ਸਥਾਪਨਾ ਕਰਨ ਦੇ ਮਸਲੇ ਉਤੇ ਵਿਚਾਰ ਕੀਤਾ ਅਤੇ ਸ਼ਹੀਦੀ ਫੰਡ ਇਕੱਠਾ ਕਰਨ ਲਈ ਵਿਵਸਥਾ ਕੀਤੀ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਵਿਚ ਸੰਨ 1927 ਈ. ਵਿਚ ਇਸ ਕਾਲਜ ਦੀ ਸਥਾਪਨਾ ਨਾਲ ਉਪਰੋਕਤ ਦੋਵੇਂ ਮਨੋਰਥ ਪੂਰੇ ਕਰਨ ਦਾ ਉਦਮ ਕੀਤਾ ਗਿਆ । ਇਸ ਦਾ ਪਹਿਲਾ ਪਿ੍ਰੰਸੀਪਲ ਸ. ਗੰਗਾ ਸਿੰਘ ਨੂੰ ਬਣਾਇਆ ਗਿਆ । ਸੰਨ 1932 ਤੋਂ 1935 ਈ. ਤਕ ਭਾਵੇਂ ਇਸ ਵਿਚ ਪੜ੍ਹਾਈ ਰੁਕੀ ਰਹੀ , ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਨ 1936 ਈ. ਵਿਚ ਇਸ ਕਾਲਜ ਦੀ ਚੰਗੀ ਵਿਵਸਥਾ ਕਰਨ ਲਈ ‘ ਸਰਬ ਹਿੰਦ ਸਿੱਖ ਮਿਸ਼ਨ ’ ਦੀ ਸਥਾਪਨਾ ਕੀਤੀ ਅਤੇ ਸ. ਧਰਮਾਨੰਤ ਸਿੰਘ ਨੂੰ ਪਿ੍ਰੰਸੀਪਲ ਥਾਪਿਆ । ਹੁਣ ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ‘ ਧਰਮ ਪ੍ਰਚਾਰ ਕਮੇਟੀ’ ਵਲੋਂ ਚਲਾਇਆ ਜਾ ਰਿਹਾ ਹੈ । ਇਸ ਵਿਚ ਦੋ ਦੋ ਸਾਲਾਂ ਦੇ ਤਿੰਨ ਡਿਪਲੋਮਾ ਕੋਰਸ ਚਲ ਰਹੇ ਹਨ । ਇਕ ਵਿਚ ਧਰਮ ਪ੍ਰਚਾਰ ਕਰਨ ਦੀ , ਦੂਜੇ ਵਿਚ ਗ੍ਰੰਥੀ ਬਣਨ ਦੀ ਅਤੇ ਤੀਜੇ ਵਿਚ ਗੁਰਮਤਿ ਸੰਗੀਤ ਵਿਚ ਪ੍ਰਵੀਣ ਹੋਣ ਦੀ ਸਿਖਿਆ ਦਿੱਤੀ ਜਾਂਦੀ ਹੈ । ਇਸ ਦੇ ਪੜ੍ਹੇ ਹੋਏ ਮਿਸ਼ਨਰੀਆਂ ਨੇ ਨ ਕੇਵਲ ਧਰਮ-ਪ੍ਰਚਾਰ ਵਿਚ ਆਪਣਾ ਯੋਗਦਾਨ ਪਾਇਆ , ਸਗੋਂ ਆਪਣੀ ਮਿਹਨਤ ਅਤੇ ਸਿੱਖ ਸਮਾਜ ਵਿਚ ਬਣਾਏ ਆਪਣੇ ਆਦਰਯੋਗ ਸਥਾਨ ਕਰਕੇ ਉੱਚੇ ਔਹਦੇ ਵੀ ਪ੍ਰਾਪਤ ਕੀਤੇ । ਇਸ ਕਾਲਜ ਦੇ ਅਧਿਆਪਨ ਕਾਰਜ ਵਿਚ ਮੰਨੇ ਪ੍ਰਮੰਨੇ ਸਿੱਖ ਧਰਮ-ਸ਼ਾਸਤ੍ਰੀ ਅਤੇ ਫਲਾਸਫਰਾਂ ਦਾ ਵੀ ਯੋਗਦਾਨ ਪ੍ਰਾਪਤ ਰਿਹਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.