ਸ਼ਾਹ ਸ਼ਰਫ਼ ਬਟਾਲਵੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼ਾਹ ਸ਼ਰਫ਼ ਬਟਾਲਵੀ (1640–1724): ਪੰਜਾਬੀ ਦੀ ਸੂਫ਼ੀ ਧਾਰਾ ਦੇ ਅੰਤਰਗਤ ਸ਼ਰਫ਼ ਨਾਂ ਦੇ ਕਈ ਸ਼ਾਇਰਾਂ ਦਾ ਹਵਾਲਾ ਮਿਲਦਾ ਹੈ-ਜਿਵੇਂ ਸ਼ੇਖ਼ ਸ਼ਰਫ਼ੁਦੀਨ ਬੂ ਅਲੀ ਕਲੰਦਰ, ਸ਼ਾਹ ਸ਼ਰਫ਼ ਬਟਾਲਵੀ, ਸ਼ਾਹ ਸ਼ਰਫ਼ ਪੋਠੋਹਾਰੀ ਅਤੇ ਬਾਬੂ ਫ਼ਿਰੋਜ਼ਦੀਨ ਸ਼ਰਫ਼। ਮੋਹਨ ਸਿੰਘ ਦੀਵਾਨਾ ਅਤੇ ਗੁਰਦੇਵ ਸਿੰਘ ਨੇ ਆਪਣੀ ਖੋਜ ਦੇ ਆਧਾਰ `ਤੇ ਜਿਸ ਸ਼ਾਹ ਸ਼ਰਫ਼ ਦਾ ਜ਼ਿਕਰ ਕੀਤਾ ਹੈ ਉਹ ਸ਼ਾਹ ਸ਼ਰਫ਼ ਬਟਾਲਵੀ ਹੈ ਜੋ ਕਾਦਰੀ ਸਿਲਸਿਲੇ ਨਾਲ ਸੰਬੰਧਿਤ ਹੈ। ਪੰਜਾਬੀ ਦੇ ਇਸ ਸ਼ਾਇਰ ਦੇ ਵੱਡੇ-ਵਡੇਰੇ ਹਿੰਦੂ ਖੱਤਰੀ ਸਨ। ਸ਼ਾਹ ਸ਼ਰਫ਼ ਦਾ ਦਾਦਾ ਬਟਾਲੇ ਦਾ ਕਾਨੂੰਗੋ ਸੀ ਜਿਸਨੇ ਕਲਮਾ ਪੜ੍ਹ ਕੇ ਇਸਲਾਮ ਕਬੂਲ ਕਰ ਲਿਆ ਸੀ। ਉਸ ਦੇ ਜੀਵਨ ਬਾਰੇ ਜੋ ਥੋੜ੍ਹੀ ਬਹੁਤ ਜਾਣਕਾਰੀ ਪ੍ਰਾਪਤ ਹੈ ਉਸ ਦੇ ਅਨੁਸਾਰ ਉਹ ਬਟਾਲੇ ਦਾ ਜੰਮਪਲ ਸੀ ਅਤੇ ਉਸ ਦੇ ਮੁਰਸ਼ਦ ਦਾ ਨਾਂ ਮੁਹੰਮਦ ਫ਼ਾਜ਼ਿਲ ਕਾਦਰ ਸੀ। ਸ਼ਰਫ਼ ਹਾਲੇ ਛੋਟੀ ਉਮਰ ਦਾ ਹੀ ਸੀ ਕਿ ਉਸ ਦੇ ਭਰਾ ਅਬਦੁਲ ਰਹੀਮ ਦਾ ਦਿਹਾਂਤ ਹੋ ਗਿਆ। ਉਸ ਦੀ ਵਿਧਵਾ ਭਰਜਾਈ ਸਮੇਂ-ਸਮੇਂ ਉਸਨੂੰ ਮਿਲਦੀ ਰਹਿੰਦੀ ਸੀ। ਸ਼ਰਫ਼ ਦੀ ਪਤਨੀ ਉਸਨੂੰ ਇਸ ਗੱਲੋਂ ਤਾਹਨੇ-ਮਿਹਣੇ ਦਿੰਦੀ ਰਹਿੰਦੀ ਸੀ ਜਿਸ ਕਾਰਨ ਲੋਕਾਂ ਵਿੱਚ ਉਸ ਦੀ ਬਦਨਾਮੀ ਹੋਣ ਲੱਗੀ। ਇਸ ਸੱਚੀ ਜਾਂ ਝੂਠੀ ਤੁਹਮਤ ਤੋਂ ਦੁਖੀ ਹੋ ਕੇ ਸ਼ਰਫ਼ ਨੇ ਘਰ-ਬਾਰ ਤਿਆਗ ਦਿੱਤਾ ਅਤੇ ਲਾਹੌਰ ਜਾ ਕੇ ਰਹਿਣ ਲੱਗਾ।
ਲਾਹੌਰ ਵਿੱਚ ਆ ਕੇ ਉਸ ਨੇ ਸ਼ੇਖ਼ ਮੁਹੰਮਦ ਫ਼ਜ਼ਲ ਕਾਦਰੀ ਨੂੰ ਆਪਣਾ ਮੁਰਸ਼ਦ ਬਣਾ ਲਿਆ ਅਤੇ ਫ਼ਕੀਰਾਨਾ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ। ਇੱਥੇ ਹੀ ਉਸ ਨੇ ਦੁਨਿਆਵੀ ਅਤੇ ਰੂਹਾਨੀ ਤਾਲੀਮ ਹਾਸਲ ਕੀਤੀ। ਸ਼ਰਫ਼ ਬਟਾਲਵੀ ਦੇ ਮੁਰਸ਼ਦ ਸ਼ੇਖ਼ ਮੁਹੰਮਦ ਫ਼ਜ਼ਲ ਕਾਦਰੀ ਉਸ ਨੂੰ ਸ਼ਾਹ ਸ਼ਰਫ਼ ਆਖ ਕੇ ਬੁਲਾਂਦੇ ਸਨ। ਇਸ ਲਈ ਉਸ ਦਾ ਇਹੀ ਨਾਮ ਪ੍ਰਸਿੱਧ ਹੋ ਗਿਆ।
ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਇਸ ਸ਼ਾਇਰ ਦਾ ਬਹੁਤ ਘੱਟ ਜ਼ਿਕਰ ਕੀਤਾ ਹੈ। ਸਿਰਫ਼ ਮੀਆਂ ਮੁਹੰਮਦ ਬਖ਼ਸ਼, ਮੌਲਾ ਬਖ਼ਸ਼ ਕੁਸ਼ਤਾ ਅਤੇ ਮੌਲਵੀ ਮੁਹੰਮਦ ਦੀਨ ਨੇ ਹੀ ਇਸ ਸ਼ਾਇਰ ਬਾਰੇ ਕੁਝ ਹਵਾਲੇ ਦਿੱਤੇ ਹਨ। ਪੰਜਾਬੀ ਦੇ ਇਸ ਘੱਟ-ਗੌਲੇ ਸ਼ਾਇਰ ਦਾ ਜੀਵਨ-ਕਾਲ 1640 ਤੋਂ 1724 ਤੱਕ ਮਿਥਿਆ ਗਿਆ ਹੈ। ਉਸ ਨੇ ਮੁੱਖ ਤੌਰ `ਤੇ ਕਾਫ਼ੀਆਂ ਦੇ ਰੂਪ ਵਿੱਚ ਆਪਣੇ ਕਲਾਮ ਦੀ ਰਚਨਾ ਕੀਤੀ ਹੈ। ਇਹਨਾਂ ਕਾਫ਼ੀਆਂ ਵਿੱਚ ਉਸ ਦੇ ਸੂਫ਼ੀ ਅਨੁਭਵ ਦਾ ਪ੍ਰਗਟਾਵਾ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਤੋਂ ਇਲਾਵਾ ‘ਸ਼ੁਤਰਨਾਮਾ` ਦੇ ਸਿਰਲੇਖ ਅਧੀਨ ਸ਼ਰਫ਼ ਬਟਾਲਵੀ ਦੀ ਇੱਕ ਹੋਰ ਰਚਨਾ ਵੀ ਪ੍ਰਾਪਤ ਹੈ ਜੋ ਕਥਾ-ਕਾਵਿ ਦੀ ਵੰਨਗੀ ਵਿੱਚ ਰਚੀ ਗਈ ਹੈ। ਇਸ ਵਿੱਚ ਸ਼ਾਹ ਸ਼ਰਫ਼ ਨੇ ਸ਼ੁਤਰ (ਊਠ) ਨੂੰ ਰੂਹਾਨੀ ਗਿਆਨ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਹੈ। ਸਾਹਿਤਿਕ ਦ੍ਰਿਸ਼ਟੀਕੋਣ ਤੋਂ ਇਹ ਗੱਲ ਖ਼ਾਸੀ ਦਿਲਚਸਪ ਹੈ।
ਸ਼ਾਹ ਸ਼ਰਫ਼ ਨੇ ਆਪਣੇ ਕਲਾਮ ਵਿੱਚ ਪੰਜਾਬੀ ਸੂਫ਼ੀ ਸ਼ਾਇਰੀ ਦੀ ਰਵਾਇਤ ਨੂੰ ਨਿਭਾਉਣ ਦਾ ਉਪਰਾਲਾ ਕੀਤਾ ਹੈ। ਉਸ ਦੀਆਂ ਕਾਫ਼ੀਆਂ ਵਿੱਚ ਪੂਰਬਲੇ ਸੂਫ਼ੀ ਕਵੀਆਂ ਦੇ ਬਹੁ-ਪ੍ਰਚਲਿਤ ਕਾਵਿ-ਕਥਨਾਂ ਦੀ ਗੂੰਜ ਸੁਣਾਈ ਦਿੰਦੀ ਹੈ। ਮਿਸਾਲ ਵਜੋਂ ਉਸ ਦੀ ਰਚਨਾ ਦੀਆਂ ਇਹ ਕਾਵਿ- ਪੰਕਤੀਆਂ ਦੇਖੀਆਂ ਜਾ ਸਕਦੀਆਂ ਹਨ :
ਰਹਿ ਵੇ ਅੜਿਆ, ਰਹਿ ਵੇ ਅੜਿਆ,
ਇਥੇ ਬੋਲਣ ਦੀ ਨਹੀਂ ਜਾ ਵੇ ਅੜਿਆ।
ਜੇ ਤੈਂ ਮਨ ਦਾ ਰਾਹ ਪਛਾਤਾ,
ਦਮ ਨਾ ਮਾਰ ਵੇ ਰਹੀਂ ਚੁਪਾਤਾ,
ਜੋ ਦੇਵੇ ਸ਼ਹੁ, ਸਹਿ ਵੇ ਅੜਿਆ।
ਸ਼ਾਹ ਸ਼ਰਫ਼ ਦੀ ਸ਼ਾਇਰੀ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਮਨੁੱਖੀ ਜੀਵਨ ਦੀ ਨਾਸਵਾਨਤਾ ਅਤੇ ਰੱਬੀ ਪਿਆਰ ਦੇ ਮਹੱਤਵ ਨੂੰ ਮੂਰਤੀਮਾਨ ਕੀਤਾ ਗਿਆ ਹੈ। ਉਹ ਸ਼ਾਹ ਹੁਸੈਨ ਅਤੇ ਬੁੱਲ੍ਹੇਸ਼ਾਹ ਵਾਂਗ ਰੱਬ ਤੋਂ ਵਿਛੜੇ ਹੋਣ ਦੇ ਅਹਿਸਾਸ ਦਾ ਪ੍ਰਗਟਾਵਾ ਕਰਦਾ ਹੈ। ਪਰ ਉਸ ਦੀ ਸ਼ਾਇਰੀ ਵਿੱਚ ਇਹਨਾਂ ਕਵੀਆਂ ਵਰਗੀ ਤੀਬਰਤਾ ਦ੍ਰਿਸ਼ਟੀਗੋਚਰ ਨਹੀਂ ਹੁੰਦੀ। ਇਸ ਮੰਤਵ ਲਈ ਉਸ ਦੇ ਕਲਾਮ ਦੀਆਂ ਨਿਮਨ-ਅੰਕਿਤ ਪੰਕਤੀਆਂ ਦੇਖੀਆਂ ਜਾ ਸਕਦੀਆਂ ਹਨ :
ਆਉ ਪਿਆਰੇ ਗਲ ਲੱਗ ਮਿਲੀਏ,
ਜਗ ਮਹਿ ਜੀਵਨ ਥੋਰਾ ਹੈ।
ਮੈਂ ਪੁੱਛਾਂ ਪੰਡਤ ਜੋਇਸੀ,
ਪੀਆ ਕਬਹੂ ਮਿਲਾਵਾ ਹੋਇਸੀ?
ਮਿਲੇ ਦਰਦ ਵਿਛੋੜਾ ਖੋਇਸੀ,
ਤਪ ਰਹੀਅਸ ਮਾਏ ਜੀ ਉੱਬਲੇ।
ਇਹਨਾਂ ਪੰਕਤੀਆਂ ਵਿੱਚ ਕਵੀ ਨੇ ‘ਪੰਡਤ ਜੋਇਸੀ` ਦਾ ਜੋ ਹਵਾਲਾ ਦਿੱਤਾ ਹੈ ਉਹ ਲੋਕ-ਜੀਵਨ ਦੀਆਂ ਪ੍ਰਚਲਿਤ ਰੀਤਾਂ-ਰਵਾਇਤਾਂ ਦਾ ਅਨੁਸਰਨ ਕਰਦਾ ਹੈ ਅਤੇ ਉਸ ਦੀ ਕਾਵਿ-ਕਲਾ ਦੇ ਲੋਕ-ਪੱਖੀ ਕਿਰਦਾਰ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ ਹੀ ਉਹ ਲੋਕ-ਜੀਵਣ ਦੇ ਅਨੁਭਵ ਨੂੰ ਆਪਣੀ ਕਾਵਿ-ਕਲਾ ਦਾ ਆਧਾਰ ਬਣਾਉਂਦਾ ਹੈ :
ਖਾਨਪਾਨ ਮੋਹਿ ਕਛੂ ਨਾ ਭਾਵਿਹ,
ਚਿਤ ਫਸਿਓ ਮੋਹ ਪ੍ਰੇਮ ਫੰਧ।
ਸ਼ਾਹ ਸ਼ਰਫ਼ ਪੀਆ ਪਿਆਰੇ ਬਾਝੋਂ,
ਜੈਸੇ ਚਕੋਰ ਹੋਇ ਬਿਨ ਚੰਦ।
ਲੇਖਕ : ਜਗਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸ਼ਾਹ ਸ਼ਰਫ਼ ਬਟਾਲਵੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸ਼ਾਹ ਸ਼ਰਫ਼ ਬਟਾਲਵੀ : ਪੰਜਾਬੀ ਦਾ ਇਹ ਸੂਫ਼ੀ ਕਵੀ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਵਿਖੇ 1624 ਈ. (ਡਾ. ਜੀਤ ਸਿੰਘ ਸੀਤਲ ਅਨੁਸਾਰ 1659) ਵਿਚ ਜੰਮਿਆ। ਜਵਾਨੀ ਦੀ ਉਮਰ ਵਿਚ ਪਤਨੀ ਨਾਲ ਅਣਬਣ ਹੋ ਜਾਣ ਕਾਰਨ ਘਰ ਛੱਡ ਦਿੱਤਾ ਤੇ ਫ਼ਕੀਰ ਹੋ ਕੇ ਲਾਹੌਰ ਚਲਾ ਗਿਆ ਅਤੇ ਫਿਰ ਸਾਰੀ ਉਮਰ ਉਥੇ ਹੀ ਗੁਜ਼ਾਰੀ। ਇਹ ਸ਼ੇਖ ਮੁਹੰਮਦ ਫ਼ਾਜ਼ਲ ਦਾ ਚੇਲਾ ਬਣ ਗਿਆ। ‘ਸ਼ੁਤਰਨਾਮਾ’ ਇਸ ਦੀ ਪ੍ਰਸਿੱਧ ਰਚਨਾ ਹੈ। ਇਸ ਨੇ ਕਾਫ਼ੀਆਂ ਤੇ ਦੋਹੜੇ ਲਿਖੇ ਜਿਨ੍ਹਾਂ ਤੋਂ ਇਸ ਦੇ ਸੂਫ਼ੀ ਵਿਚਾਰਾਂ ਦਾ ਪ੍ਰਗਟਾਵਾ ਹੁੰਦਾ ਹੈ। ਇਸ ਦੀਆਂ ਲਿਖੀਆਂ ਅੱਠ ਕਾਫ਼ੀਆਂ ਭਾਸ਼ਾ ਵਿਭਾਗ, ਪੰਜਾਬ ਦੁਆਰਾ ਪ੍ਰਕਾਸ਼ਿਤ ਚੋਣਵੀਆਂ ਕਾਫ਼ੀਆਂ ਵਿਚ ਮਿਲਦੀਆਂ ਹਨ।
ਇਸ ਦੀ ਕਵਿਤਾ ਇੰਨੀ ਉੱਚੀ ਨਹੀਂ ਕਿ ਉਸ ਨੂੰ ਬੁੱਲ੍ਹੇ ਸ਼ਾਹ ਜਾਂ ਸ਼ਾਹ ਹੁਸੈਨ ਦੀ ਬਰਾਬਰੀ ਦਾ ਦਰਜਾ ਦਿੱਤਾ ਜਾ ਸਕੇ। ਭਾਸ਼ਾ ਟਕਸਾਲੀ ਪੰਜਾਬੀ ਵਰਤੀ ਗਈ ਹੈ ਪਰ ਲਹਿੰਦੀ ਦਾ ਪ੍ਰਭਾਵ ਮੌਜੂਦ ਹੈ। ਫ਼ਾਰਸੀ ਸ਼ਬਦਾਂ ਦੀ ਵਰਤੋਂ ਵੀ ਇਸ ਨੇ ਕੀਤੀ ਹੈ।
ਇਸ ਦੀ ਮੌਤ 100 ਸਾਲ ਦੀ ਉਮਰ ਵਿਚ 1724 ਈ. (ਡਾ. ਜੀਤ ਸਿੰਘ ਸੀਤਲ ਅਨੁਸਾਰ 1725) ਵਿਚ ਹੋਈ। ਮੌਲਾ ਬਖਸ਼ ਕੁਸ਼ਤਾ ਅਨੁਸਾਰ ਇਸ ਨੇ 66 ਸਾਲ ਦੀ ਉਮਰ ਭੋਗੀ। ਇਸ ਦਾ ਮਜ਼ਾਰ ਲਾਹੌਰ ਵਿਚ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-01-16-02, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਸਾ. ਇ: 317–ਸੀਤਲ; ਪੰ. ਸ਼ਾ. ਤਜ਼-ਕੁਸ਼ਤਾ; ਪੰ. ਸਾ. ਇ.: 110-ਦਰਦੀ ਪੰ. ਸਾ. ਇ.: 74-ਭਾ. ਵਿ. ਪੰ.
ਵਿਚਾਰ / ਸੁਝਾਅ
Please Login First