ਸਤਿਬੀਰ ਸਿੰਘ, ਪਿ੍ਰੰਸੀਪਲ (1932-1994 ਈ.) ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਿਬੀਰ ਸਿੰਘ, ਪਿ੍ਰੰਸੀਪਲ (1932-1994 ਈ.): ਇਕ ਆਧੁਨਿਕ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਜਿਸ ਦਾ ਜਨਮ 1 ਮਾਰਚ 1932 ਈ. ਨੂੰ ਭਾਈ ਹਰਨਾਮ ਸਿੰਘ ਦੇ ਘਰ ਬੀਬੀ ਰਣਜੀਤ ਕੌਰ ਦੀ ਕੁੱਖੋਂ ਜੇਹਲਮ (ਪੱਛਮੀ ਪੰਜਾਬ) ਵਿਚ ਹੋਇਆ। ਵੰਡ ਤੋਂ ਬਾਦ ਆਪਣੇ ਪਰਿਵਾਰ ਸਹਿਤ ਇਹ ਕਾਨਪੁਰ (ਉਤਰ ਪ੍ਰਦੇਸ਼) ਵਿਚ ਆ ਵਸਿਆ। ਪੰਜਾਬ ਯੂਨੀਵਰਸਿਟੀ ਤੋਂ ਐਮ.ਏ. (ਇਤਿਹਾਸ) ਪਾਸ ਕਰਕੇ ਲਾਇਲਪੁਰ ਖ਼ਾਲਸਾ ਕਾਲਜ ਵਿਚ ਲੈਕਚਰਾਰ ਲਗਿਆ। ਸਿੱਖ ਇਤਿਹਾਸ ਅਤੇ ਗੁਰਮਤਿ ਸਾਹਿਤ ਵਿਚ ਇਸ ਦੀ ਵਿਸ਼ੇਸ਼ ਰੁਚੀ ਸੀ। ਇਨ੍ਹਾਂ ਵਿਸ਼ਿਆਂ ਦਾ ਇਸ ਨੇ ਡੂੰਘਾ ਅਧਿਐਨ ਕੀਤਾ ਅਤੇ ‘ਸਾਡਾ ਇਤਿਹਾਸ’ ਦਾ ਪਹਿਲਾ ਭਾਗ ਸੰਨ 1957 ਈ. ਅਤੇ ਦੂਜਾ ਭਾਗ ਸੰਨ 1962 ਈ. ਵਿਚ ਪ੍ਰਕਾਸ਼ਿਤ ਕੀਤੇ। ਇਸ ਤੋਂ ਬਾਦ ਰਚਨਾਵਾਂ ਦਾ ਪ੍ਰਵਾਹ ਚਲ ਪਿਆ।

            ਇਹ ਇਕ ਚੰਗਾ ਵਕਤਾ ਸੀ। ਇਸ ਪਾਸ ਲਗਾਤਾਰ ਲਿਖਦੇ ਰਹਿਣ ਦਾ ਕੁਦਰਤੀ ਗੁਣ ਸੀ। ਸਵੇਰੇ ਉਠ ਕੇ ਆਪਣੇ ਲਿਖਣ ਦਾ ਕੰਮ ਇਹ ਮੁਕਾ ਲੈਂਦਾ ਸੀ ਅਤੇ ਉਸ ਤੋਂ ਬਾਦ ਧਰਮ-ਪ੍ਰਚਾਰ ਲਈ ਲੈਕਚਰ ਦੇਣ ਜਾਂ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਤਤਪਰ ਰਹਿੰਦਾ ਸੀ। ਸ. ਸਰੂਪ ਸਿੰਘ ਕਲ੍ਹਾ ਦੀ ਪ੍ਰੇਰਣਾ ਨਾਲ ਇਹ ਸਿੱਖ ਸਟੂਡੈਂਟ ਫੈਡਰੇਸ਼ਨ ਵਲ ਆਇਆ ਅਤੇ ਪੂਰੀ ਤਨ-ਦੇਹੀ ਨਾਲ ਉਸ ਵਿਚ ਸ਼ਿਰਕਤ ਕੀਤੀ।

            ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਸ ਨੇ ਧਰਮ ਪ੍ਰਚਾਰ ਕਮੇਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ। ਸ਼੍ਰੋਮਣੀ ਕਮੇਟੀ ਵਲੋਂ ਛਪਣ ਵਾਲੀ ਸਾਰੀ ਪ੍ਰਚਾਰ ਸਾਮਗ੍ਰੀ ਜਾਂ ਲੇਖ ਇਹ ਬੜੇ ਧਿਆਨ ਨਾਲ ਪੜ੍ਹ ਕੇ ਅਤੇ ਲੋੜ ਅਨੁਸਾਰ ਸੋਧ ਕਰਕੇ ਪ੍ਰਕਾਸ਼ਿਤ ਕਰਵਾਉਂਦਾ ਸੀ। ਇਸ ਦੀ ਸਿੱਖ ਵਿਦਿਅਕ ਸੰਸਥਾਵਾਂ, ਸਕੂਲਾਂ, ਕਾਲਜਾਂ ਦੇ ਸੁਧਾਰ ਅਤੇ ਵਿਸਤਾਰ ਵਿਚ ਬਹੁਤ ਰੁਚੀ ਸੀ।

            ਇਸ ਨੇ ਕੇਵਲ 62 ਵਰ੍ਹਿਆਂ ਦੀ ਜ਼ਿੰਦਗੀ ਵਿਚ ਪੰਜਾਬੀ ਅਤੇ ਅੰਗ੍ਰੇਜ਼ੀ ਦੀਆਂ 74 ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਹੈ। ਇਨ੍ਹਾਂ ਪੁਸਤਕਾਂ ਦੇ ਵਿਸ਼ੇ ਗੁਰਬਾਣੀ ਦੀ ਵਿਆਖਿਆ, ਗੁਰ-ਇਤਿਹਾਸ, ਰਹਿਤ-ਮਰਯਾਦਾ ਅਤੇ ਸ਼ਿਰੋਮਣੀ ਸਿੱਖਾਂ ਦੀਆਂ ਜੀਵਨੀਆਂ ਆਦਿ ਰਹੇ ਹਨ। ਇਸ ਨੇ ਦਸ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਲਿਖਣ ਦੀ ਇਕ ਪੁਸਤਕ ਲੜੀ ਚਲਾ ਕੇ 10 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ। ਇਨ੍ਹਾਂ ਦੇ ਨਾਂ ਗੁਰੂ ਸਾਹਬਿਾਨ ਦੇ ਜੀਵਨ ਦੀ ਕਿਸੇ ਘਟਨਾ ਜਾਂ ਮਾਨਤਾ ਨਾਲ ਸੰਬੰਧਿਤ ਸਨ, ਜਿਵੇਂ ਪਰਬਤ ਮੇਰਾਣੁ, ਇਤਿ ਜਿਨ ਕਰੀ , ਪੁਰਖ ਭ-ਗਵੰਤ ਆਦਿ। ਚਾਰ ਸੈਂਚੀਆਂ ਇਸ ਨੇ ‘ਗੁਰੂ ਗ੍ਰੰਥ ਸਾਹਿਬ ਦਾ ਸਾਰ ਵਿਸਥਾਰ’ ਮੁਕੰਮਲ ਕੀਤਾ ਹੈ।

            ਇਤਿਹਾਸ ਦੇ ਅਧਿਆਪਨ ਕਾਰਜ ਤੋਂ ਇਲਾਵਾ ਇਸ ਨੇ ਗੁਰਮਤਿ ਕਾਲਜ, ਪਟਿਆਲਾ ਵਿਚ ਪਿ੍ਰੰਸੀਪਲ ਦੀ ਜ਼ਿੰਮੇਵਾਰੀ ਨਿਭਾਈ। ਕਰਨਾਲ ਅਤੇ ਯਮੁਨਾਨਗਰ ਵਿਚ ਸਥਾਪਿਤ ਖ਼ਾਲਸਾ ਕਾਲਜ ਦਾ ਪਿ੍ਰੰਸੀਪਲ ਵੀ ਰਿਹਾ। ਭਾਸ਼ਾ ਵਿਭਾਗ ਵਲੋਂ ਇਸ ਨੂੰ ਪੰਜਾਬੀ ਮਾਧਿਅਮ ਦੁਆਰਾ ਇਤਿਹਾਸ ਪੁਸਤਕਾਂ ਲਿਖਣ ਦੇ ਯੋਗਦਾਨ ਨੂੰ ਮੁਖ ਰਖਦਿਆਂ ਸੰਨ 1991 ਈ. ਵਿਚ ‘ਸ਼੍ਰੋਮਣੀ ਪੰਜਾਬੀ ਲੇਖਕ’ ਵਜੋਂ ਸਨਮਾਨਿਤ ਕੀਤਾ ਗਿਆ। ਇਸ ਦਾ 18 ਅਗਸਤ 1994 ਈ. ਨੂੰ ਪਟਿਆਲੇ ਵਿਚ ਦਿਲ ਦੀ ਹਰਕਤ ਬੰਦ ਹੋ ਜਾਣ ਨਾਲ ਦੇਹਾਂਤ ਹੋਇਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.