ਸਪੀਕਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਪੀਕਰ [ਨਾਂਪੁ] ਵਕਤਾ, ਬੋਲਣ ਵਾਲ਼ਾ; ਕਿਸੇ ਵਿਧਾਨ ਘੜਨੀ ਸਭਾ ਦਾ ਪ੍ਰਧਾਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਪੀਕਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Speaker
ਸਪੀਕਰ ਅਜਿਹੇ ਨਤੀਜਾ ਯੰਤਰ ਹੁੰਦੇ ਹਨ ਜੋ ਸਾਨੂੰ ਗੀਤ-ਸੰਗੀਤ, ਗੇਮਾਂ ਅਤੇ ਵੀਡੀਓ ਆਦਿ ਦੀ ਆਵਾਜ਼ ਸੁਣਾਉਂਦੇ ਹਨ। ਇਹ ਆਉਟਪੁਟ ਸਾਨੂੰ ਕੰਪਿਊਟਰ ਵਿੱਚ ਲੱਗੇ ਸਾਊਂਡ ਕਾਰਡ ਦੇ ਜ਼ਰੀਏ ਸੁਣਾਈ ਦਿੰਦੀ ਹੈ। ਸਪੀਕਰ ਮਲਟੀਮੀਡੀਆ ਦਾ ਸਹੀ ਉਪਯੋਗ ਕਰਨ ਵਾਲਾ ਇਕ ਸਸਤਾ ਯੰਤਰ ਹੈ। ਅੱਜ-ਕਲ੍ਹ ਹੈੱਡ ਫੋਨ ਅਤੇ ਈਅਰ ਫੋਨ ਦਾ ਇਸਤੇਮਾਲ ਵੀ ਵੱਧ ਗਿਆ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਸਪੀਕਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਪੀਕਰ (Speaker) : ਪਹਿਲਾਂ ਪਹਿਲਾਂ ਬਰਤਾਨੀਆ ਦੇ ਹਾਊਸ ਆਫ਼ ਕਾਮਨਜ਼ (House of Commons) ਦੇ ਪ੍ਰੀਜ਼ਾਈਡਿੰਗ ਅਫ਼ਸਰ ਨੂੰ ਸਪੀਕਰ ਕਿਹਾ ਜਾਂਦਾ ਸੀ। ਬਹੁਤ ਸਾਰੇ ਵਿਧਾਨ ਮੰਡਲਾਂ ਨੇ ਬਰਤਾਨਵੀ ਸੰਸਦ ਦੇ ਆਧਾਰ ਤੇ ਹੀ ਇਸ ਅਹੁਦੇ ਨੂੰ ਅਪਣਾ ਲਿਆ। ਰਾਸ਼ਟਰ-ਮੰਡਲ (Commonwealth) ਦੇ ਲਗਭਗ ਸਾਰੇ ਦੇਸ਼ਾਂ ਵਿਚ ਸਪੀਕਰ ਦੀ ਪਦਵੀ ਹੈ।
ਬਰਤਾਨੀਆ ਵਿਚ ਸੰਨ 1377 ਵਿਚ ਸਰ ਟਾਮਸ ਹੰਗਰਫੋਰਡ (Sir Thomas Hungerford) ਹਾਊਸ ਆਫ਼ ਕਾਮਨਜ਼ ਦਾ ਪਹਿਲਾ ਸਪੀਕਰ ਚੁਣਿਆ ਗਿਆ। ਇਸ ਸਮੇਂ ਤੋਂ ਹੀ ਹਰੇਕ ਸੰਸਦ ਵਿਚ ਸਪੀਕਰ ਦੀ ਚੋਣ ਹੋਣ ਲਗ ਪਈ। ਸਮੇਂ ਦੇ ਬਾਦਸ਼ਾਹ ਸਪੀਕਰ ਦੀ ਚੋਣ ਵਿਚ ਚੌਖਾ ਦਖ਼ਲ ਦਿੰਦੇ ਰਹੇ।
ਚਾਰਲਸ ਪਹਿਲੇ ਅਤੇ ਬਰਤਾਨਵੀ ਸੰਸਦ ਦੀ ਆਪਸੀ ਸੰਵਿਧਾਨਕ ਖਿਚੋਤਾਣ ਪਿਛੋਂ ਇਹ ਫੈਸਲਾ ਕੀਤਾ ਗਿਆ ਕਿ ਸਪੀਕਰ ਦਾ ਪਹਿਲਾ ਫ਼ਰਜ਼ ਹਾਊਸ ਦੇ ਹਿਤਾਂ ਦੀ ਰਾਖੀ ਕਰਨਾ ਹੈ। ਬਾਦਸ਼ਾਹ ਇਸ ਤੇ ਨਾਰਾਜ਼ ਹੋ ਗਿਆ ਅਤੇ ਉਸਨੇ ਸੰਸਦ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਨਾ ਚਾਹਿਆ ਪਰ ਸਪੀਕਰ ਨੇ ਬਾਦਸ਼ਾਹ ਦਾ ਡਟ ਕੇ ਵਿਰੋਧ ਕੀਤਾ। ਸੰਨ 1679 ਵਿਚ ਚਾਰਲਸ ਦੂਜੇ ਨੇ ਸਰ ਐਡਵਰਡ ਸੀਮੋਰ (Sir Edward Seymour) ਦੀ ਪੁਨਰ-ਚੋਣ ਦੀ ਪਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਆਪਣੇ ਨਾਮਜ਼ਦ ਕੀਤੇ ਵਿਅਕਤੀ ਦੀ ਚੋਣ ਵੀ ਨਾ ਕਰਵਾ ਸਕਿਆ। ਕਾਮਨਜ਼ ਦੇ ਸਪੀਕਰ ਦੀ ਚੋਣ ਲਈ ਸ਼ਾਹੀ ਪਰਵਾਨਗੀ ਰਸਮੀ ਜਿਹੀ ਬਣਕੇ ਰਹਿ ਗਈ।
ਸਤਾਰ੍ਹਵੀਂ ਸਦੀ ਦੇ ਅੰਤ ਤਕ ਸਪੀਕਰ ਬਾਦਸ਼ਾਹ ਦੇ ਪ੍ਰਭਾਵ ਹੇਠੋਂ ਪੂਰਨ ਤੌਰ ਤੇ ਨਿਕਲ ਚੁੱਕਾ ਸੀ। ਅਠਾਰ੍ਹਵੀਂ ਸਦੀ ਵਿਚ ਬਾਦਸ਼ਾਹ ਦੇ ਪ੍ਰਭਾਵ ਪੈਣ ਦੀ ਥਾਂ ਸਪੀਕਰ ਉੱਤੇ ਪਾਰਟੀ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਪਰ ਆਰਥਰ ਔਨਸਲੋਵ (Arthur Onslov 1728-61) ਨੇ ਸਾਰੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਉੱਚਾ ਰਹਿ ਕੇ ਸਪੀਕਰ ਦੀ ਪਦਵੀ ਨੂੰ ਅਜੋਕੀ ਪੱਧਰ ਤਕ ਲੈ ਆਂਦਾ ਪਰ ਇਸ ਦੇ ਉੱਤਰਾਧਿਕਾਰੀ ਇਸ ਮਿਆਰ ਨੂੰ ਬਰਕਰਾਰ ਨਾ ਰਖ ਸਕੇ। ਸਪੀਕਰ ਦੀ ਪਦਵੀ ਫਿਰ ਹੁਕਮਰਾਨ ਪਾਰਟੀ ਦੇ ਹੱਥਾਂ ਵਿਚ ਆ ਗਈ। ਉਨ੍ਹੀਵੀਂ ਸਦੀ ਵਿਚ ਵਿਸ਼ੇਸ਼ ਕਰਕੇ ਚਾਰਲਸ ਸ਼ਾ ਲਫੇਵਰ (Charles Shaw Lefevre) ਦੇ ਸਮੇਂ ਤੋਂ ਬਰਤਾਨੀਆ ਵਿਚ ਇਕ ਨਿਰਪੱਖ ਅਤੇ ਸੁਤੰਤਰ ਸਪੀਕਰ ਦੀ ਰਵਾਇਤ ਹੋਂਦ ਵਿਚ ਆਈ।
ਬਰਤਾਨੀਆ ਵਿਚ ਨਵੀਂ ਸੰਸਦ ਹੋਂਦ ਵਿਚ ਆਉਣ ਤੇ ਬਾਦਸ਼ਾਹ ਸਦਨ ਨੂੰ ਆਪਣਾ ਸਪੀਕਰ ਚੁਣਨ ਦਾ ਸੱਦਾ ਦਿੰਦਾ ਹੈ। ਸਰਕਾਰ ਵਲੋਂ ਇਸ ਸਮੇਂ ਇਹ ਖ਼ਾਸ ਧਿਆਨ ਰਖਿਆ ਜਾਂਦਾ ਹੈ ਕਿ ਸਪੀਕਰ ਇਕ ਅਜਿਹਾ ਵਿਅਕਤੀ ਹੋਵੇ ਜੋ ਨਿਰਪੱਖ ਹੋਵੇ ਅਤੇ ਜਿਸ ਨੂੰ ਵਿਰੋਧੀ ਪਾਰਟੀ ਦੀ ਪੂਰਨ ਹਮਾਇਤ ਵੀ ਪ੍ਰਾਪਤ ਹੋਵੇ। ਸਪੀਕਰ ਦੀ ਚੋਣ ਲਈ ਮੁਕਾਬਲੇ ਕੇਵਲ 1895 ਅਤੇ 1951 ਵਿਚ ਹੀ ਹੋਏ ਹਨ। ਆਮ ਹਾਲਤਾਂ ਵਿਚ ਸਪੀਕਰ ਦੀ ਚੋਣ ਸਰਬ-ਸੰਮਤੀ ਨਾਲ ਹੀ ਕੀਤੀ ਜਾਂਦੀ ਰਹੀ ਹੈ। ਸਪੀਕਰ ਦੀ ਚੋਣ ਪਿਛੋਂ ਆਮ ਚੋਣਾਂ ਵਿਚ ਉਸਦੇ ਆਪਣੇ ਹਲਕੇ ਵਿਚ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੋਈ ਮੁਕਾਬਲਾ ਨਹੀਂ ਕੀਤਾ ਜਾਂਦਾ।
ਸਦਨ ਵਿਚ ਸਾਰੇ ਭਾਸ਼ਨ ਸਪੀਕਰ ਨੂੰ ਸੰਬੋਧਨ ਕਰਕੇ ਦਿੱਤੇ ਜਾਂਦੇ ਹਨ। ਸਪੀਕਰ ਦਾ ਵੱਡਾ ਕਾਰਜ ਬਹਿਸਾਂ ਦੀ ਪ੍ਰਧਾਨਗੀ ਕਰਨੀ, ਨਿਯਮਾਂ ਦੀ ਪਾਲਣਾ ਕਰਵਾਉਂਣੀ ਅਤੇ ਸਦਨ ਦੀਆਂ ਕਾਰਵਾਈਆਂ (Proceedings) ਸਬੰਧੀ ਮਸ਼ਵਰਾ ਦੇਣਾ ਹੈ। ਸਦਨ ਵਿਚ ਬਹਿਸ ਸਮੇਂ ਸਪੀਕਰ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਉਸਤੇ ਨੁਕਤਾਚੀਨੀ ਨਹੀਂ ਕੀਤੀ ਜਾ ਸਕਦੀ। ਇਸ ਸਬੰਧ ਵਿਚ ਕੇਵਲ ਸਾਰਵਾਨ ਮਤਾ (Substantive motion) ਹੀ ਪੇਸ਼ ਕੀਤਾ ਜਾ ਸਕਦਾ ਹੈ। ਸਪੀਕਰ ਹੱਦ-ਬੰਦੀ ਕਮਿਸ਼ਨਾਂ ਦਾ ਚੇਅਰਮੈਨ ਹੁੰਦਾ ਹੈ। ਚੋਣਾਂ ਸਬੰਧੀ ਸੁਧਾਰ ਕਰਨ ਲਈ ਵੀ ਕਾਨਫਰੰਸਾਂ ਦੀ ਪਰਧਾਨਗੀ ਇਹੀ ਕਰਦਾ ਹੈ। ਇਸਦੀ ਸਾਲਾਨਾ ਤਨਖ਼ਾਹ 5,000 ਪੌਂਡ ਹੈ।
ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਦੇ ਅਨੁਛੇਦ 1 ਧਾਰਾ 2 ਅਧੀਨ ਪ੍ਰਤਿਨਿਧ ਸਦਨ (House of Representatives) ਨੂੰ ਆਪਣੇ ਸਪੀਕਰ ਅਤੇ ਦੂਜੇ ਅਧਿਕਾਰੀਆਂ ਨੂੰ ਚੁਣਨ ਦਾ ਅਧਿਕਾਰ ਹੈ। ਇਸ ਪਦਵੀ ਨੂੰ ਸੰਵਿਧਾਨ ਵਿਚ ਸਥਾਪਤ ਕਰਨ ਤੋਂ ਪਹਿਲਾਂ ਇਹ ਸੋਚਿਆ ਗਿਆ ਕਿ ਸਪੀਕਰ ਨੌ-ਆਬਾਦੀਆਂ ਦੀਆਂ ਅਸੈਂਬਲੀਆਂ ਦੇ ਪ੍ਰੀਜ਼ਾਈਡਿੰਗ ਅਫ਼ਸਰ ਦੇ ਨਾਲ ਨਾਲ ਇਥੋਂ ਦਾ ਇਕ ਰਾਜਸੀ ਨੇਤਾ ਵੀ ਹੋਵੇਗਾ। ਸੰਨ 1789 ਤੋਂ ਪਿਛੋਂ ਇਥੋਂ ਦੇ ਸਪੀਕਰ ਦੀ ਸ਼ਖਸੀਅਤ ਨੇ ਸੰਸਦੀ ਤੇ ਰਾਜਸੀ ਰੂਪ ਧਾਰਨ ਕਰ ਲਿਆ।
ਪ੍ਰਥਾ ਅਨੁਸਾਰ ਇਥੋਂ ਦਾ ਸਪੀਕਰ ਸਦਨ ਦਾ ਮੈਂਬਰ ਹੁੰਦਾ ਹੈ। ਇਹ ਸਦਨ ਦੀਆਂ ਬੈਠਕਾਂ ਦੀ ਪਰਧਾਨਗੀ ਕਰਦਾ ਹੈ। ਇਹ ਸਦਨ ਦੀ ਕਾਰਵਾਈ ਆਰੰਭ ਜਾਂ ਬੰਦ ਕਰਨ ਲਈ ਜ਼ਿੰਮੇਵਾਰ ਹੈ। ਇਹ ਵੋਟ ਦਾ ਐਲਾਨ ਕਰਦਾ ਹੈ ਅਤੇ ਸਦਨ ਤੋਂ ਪ੍ਰਸ਼ਨਾਂ ਦਾ ਉਤਰ ਮੰਗਦਾ ਹੈ। ਸਦਨ ਦਾ ਆਮ ਮੈਂਬਰ ਹੋਣ ਕਾਰਨ ਇਸਨੂੰ ਆਪਣੀ ਵੋਟ ਪਾਉਣ ਅਤੇ ਬਹਿਸ ਵਿਚ ਸ਼ਾਮਲ ਹੋਣ ਦਾ ਹੱਕ ਵੀ ਪ੍ਰਾਪਤ ਹੈ।
ਸੰਨ 1910 ਤੋਂ ਪਹਿਲਾਂ ਸਪੀਕਰ ਨੂੰ ਵਿਸ਼ੇਸ਼ ਰਾਜਸੀ ਤਾਕਤ ਪ੍ਰਾਪਤ ਸੀ। ਉਹ ਕਮੇਟੀਆਂ ਦੇ ਮੈਬਰਾਂ ਅਤੇ ਚੇਅਰਮੈਨਾਂ ਦੀ ਨਿਯੁਕਤੀ ਕਰ ਸਕਦਾ ਸੀ ਅਤੇ ਉਨ੍ਹਾਂ ਨੂੰ ਬਰਖਾਸਤ ਵੀ ਕਰ ਸਕਦਾ ਸੀ। ਮਾਰਚ, 1910 ਵਿਚ ਡੈਮੋਕਰੇਟਾਂ (Democrats) ਅਤੇ ਵਿਦਰੋਹੀ ਰੀਪਬਲੀਕਨਾਂ ਨੇ ਇਸ ਦੀਆਂ ਸ਼ਕਤੀਆਂ ਨੂੰ ਹੱਦੋਂ ਵੱਧ ਘੱਟਾ ਦਿੱਤਾ। ਸਪੀਕਰ ਨੂੰ ਰੂਲਜ਼ ਕਮੇਟੀ ਵਿਚੋਂ ਕਢ ਦਿੱਤਾ ਗਿਆ ਅਤੇ ਸਟੈਂਡਿੰਗ ਕਮੇਟੀਆਂ ਨਿਯੁਕਤ ਕਰਨ ਦੇ ਅਖ਼ਤਿਆਰ ਵੀ ਉਸ ਕੋਲੋਂ ਖੋਹ ਲਏ। ਇਸਦੇ ਅਧਿਕਾਰ ਘਟਾਉਣ ਦੇ ਬਾਵਜੂਦ ਵੀ ਇਹ ਹਾਲੀਂ ਵੀ ਗ਼ੈਰ-ਸਰਕਾਰੀ ਸਟੀਅਰਿੰਗ ਕਮੇਟੀ ਦੇ ਸੰਮੇਲਨਾਂ ਵਿਚ ਬੈਠਦਾ ਹੈ। ਇਸਨੂੰ ਸਮੁੱਚੀ ਕਮੇਟੀ ਅਤੇ ਸੈਲੀਕੇਟ ਕਮੇਟੀਆਂ ਦੇ ਚੇਅਰਮੈਨਾਂ ਨੂੰ ਨਿਯੁਕਤ ਕਰਨ ਦਾ ਅਖ਼ਤਿਆਰ ਅਜੇ ਵੀ ਪ੍ਰਾਪਤ ਹੈ। ਸਦਨ ਵਿਚ ਬਹੁ ਗਿਣਤੀ ਦੇ ਨੇਤਾ ਵਜੋਂ ਇਹ ਵਾਈਟ ਹਾਊਸ (White House) ਵਿਚ ਪ੍ਰਧਾਨ ਕੋਲ ਆਮ ਜਾਂਦਾ ਰਹਿੰਦਾ ਹੈ। ਅਜ ਕਲ੍ਹ ਇਥੋਂ ਦੇ ਸਪੀਕਰ ਦੇ ਅਖ਼ਤਿਆਰ ਪਹਿਲਾਂ ਜਿੰਨੇ ਨਹੀਂ ਹਨ ਪਰ ਅਜੇ ਵੀ ਉਹ ਵਿਧਾਨਸਾਜ਼ੀ ਤੇ ਕਾਫ਼ੀ ਪਰਭਾਵ ਪਾ ਸਕਦਾ ਹੈ। ਰਵਾਇਤ ਅਨੁਸਾਰ ਇਹ ਬਹੁ-ਗਿਣਤੀ ਦੀ ਪਾਰਟੀ ਦਾ ਸਰਗਰਮ ਵਿਅਕਤੀ ਹੁੰਦਾ ਹੈ ਅਤੇ ਅਮਰੀਕਾ ਦੇ ਪ੍ਰਧਾਨ ਦੀ ਪਦਵੀ ਦੇ ਉੱਤਰਧਿਕਾਰੀ ਵਜੋਂ ਇਹ ਦੂਜੇ ਨੰਬਰ ਤੇ ਹੈ। ਇਸ ਨੂੰ 62,500 ਡਾਲਰ ਸਾਲਾਨਾ ਤਨਖਾਹ ਮਿਲਦੀ ਹੈ। ਇਸਦੇ ਨਾਲ ਇਸ ਨੂੰ 10,000 ਡਾਲਰ ਭੱਤੇ ਵਜੋਂ ਮਿਲਦੇ ਹਨ ਅਤੇ ਇਸ ਤੇ ਟੈਕਸ ਲਗਦਾ ਹੈ।
ਭਾਰਤੀ ਸੰਸਦ ਦੇ ਹੇਠਲੇ ਸਦਨ (ਲੋਕ ਸਭਾ) ਦੇ ਪ੍ਰੀਜ਼ਾਈਡਿੰਗ ਅਫ਼ਸਰ ਨੂੰ ਵੀ ਸਪੀਕਰ ਕਿਹਾ ਜਾਂਦਾ ਹੈ। ਸੰਵਿਧਾਨ ਦੇ ਅਨੁਛੇਦ 93 ਅਧੀਨ ਲੋਕ ਸਭਾ ਆਪਣੇ ਮੈਂਬਰਾਂ ਵਿਚੋਂ ਸਪੀਕਰ ਦੀ ਚੋਣ ਕਰਦੀ ਹੈ। ਇਸਦੀ ਚੋਣ ਦੀ ਪਰਵਾਨਗੀ ਭਾਰਤ ਦੇ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ। ਜੇ ਸਪੀਕਰ ਕਿਸੇ ਕਾਰਨ ਕਰਕੇ ਲੋਕ ਸਭਾ ਦਾ ਮੈਂਬਰ ਨਾ ਰਹੇ ਤਾਂ ਇਸਨੂੰ ਪਦਵੀ ਤੋਂ ਤਿਆਗ-ਪੱਤਰ ਦੇਣਾ ਪੈਂਦਾ ਹੈ।
ਲੋਕ ਸਭਾ ਦੇ ਹਾਜ਼ਰ ਮੈਂਬਰ ਬਹੁ-ਸੰਮਤੀ ਨਾਲ ਮਤਾ ਪਾਸ ਕਰਕੇ ਇਸਨੂੰ ਪਦਵੀ ਤੋਂ ਬਰਖ਼ਾਸਤ ਕਰ ਸਕਦੇ ਹਨ। ਲੋਕ ਸਭਾ ਟੁਟ ਜਾਣ ਤੇ ਦੂਜੀ ਲੋਕ ਸਭਾ ਦੇ ਪਹਿਲੇ ਸ਼ੈਸ਼ਨ ਤੀਕ ਸਪੀਕਰ ਨੂੰ ਇਸਦੀ ਪਦਵੀ ਤੋਂ ਹਟਾਇਆ ਨਹੀਂ ਜਾ ਸਕਦਾ।
ਭਾਰਤ ਦੇ ਸਪੀਕਰ ਦੇ ਅਖ਼ਤਿਆਰ ਅਤੇ ਕੰਮ ਬਰਤਾਨੀਆ ਦੇ ਹਾਊਸ ਆਫ਼ ਕਾਮਨਜ਼ ਦੇ ਸਪੀਕਰ ਵਰਗੇ ਹੀ ਹਨ। ਲੋਕ ਸਭਾ ਵਲੋਂ ਪਾਸ ਕੀਤੇ ਸਾਰੇ ਬਿਲਾਂ ਨੂੰ ਸਪੀਕਰ ਦੁਆਰਾ ਪ੍ਰਮਾਣਿਤ ਕਰਨ ਉਪਰੰਤ ਹੀ ਰਾਜ ਸਭਾ ਜਾਂ ਰਾਸ਼ਟਰਪਤੀ ਦੀ ਮਨਜੂਰੀ ਲਈ ਭੇਜਿਆ ਜਾਂਦਾ ਹੈ। ਇਹ ਲੋਕ ਸਭਾ ਨੂੰ ਸੰਬੋਧਨ ਕੀਤੀਆਂ ਸਾਰੀਆਂ ਪੈਟੀਸ਼ਨਾਂ, ਅਪੀਲਾਂ, ਸੰਦੇਸ਼ਾਂ ਅਤੇ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਦਾ ਹੈ। ਸਦਨ ਦੇ ਸਾਰੇ ਹੁਕਮਾਂ ਨੂੰ ਅਮਲ ਵਿਚ ਇਹੀ ਲਿਆਉਂਦਾ ਹੈ।
ਇਹ ਲੋਕ ਸਭਾ ਦੀਆਂ ਬੈਠਕਾਂ ਦੀ ਪਰਧਾਨਗੀ ਕਰਦਾ ਹੈ। ਅਤੇ ਇਸਦੀਆਂ ਕਾਰਵਾਈਆਂ ਮੁਕੰਮਲ ਕਰਵਾਉਂਦਾ ਹੈ। ਇਹ ਸਦਨ ਦੇ ਨੇਤਾ ਦੀ ਸਲਾਹ ਨਾਲ ਸਾਰੇ ਕਾਰਜ ਨੂੰ ਤਰਤੀਬ ਦਿੰਦਾ ਹੈ। ਇਹ ਵੱਖ ਵੱਖ ਮਾਮਲਿਆਂ ਲਈ ਸਮੇਂ ਦੀ ਵੰਡ ਕਰਦਾ ਹੈ। ਪ੍ਰਸ਼ਨਾਂ, ਪ੍ਰਸਤਾਵਾਂ ਅਤੇ ਮਤਿਆਂ ਨੂੰ ਦਾਖਲ ਕਰਨ ਸਬੰਧੀ ਇਸਦਾ ਫੈਸਲਾ ਅੰਤਿਮ ਹੁੰਦਾ ਹੈ। ਸੰਵਿਧਾਨ ਦੇ ਅਨੁਛੇਦ 110 ਅਧੀਨ ਸਪੀਕਰ ਇਹ ਤਸਦੀਕ ਕਰਦਾ ਹੈ ਕਿ ਬਿਲ, ਮੁਦਰਾ ਬਿਲ ਹੈ ਜਾਂ ਨਹੀਂ। ਬਰਾਬਰ ਵੋਟਾਂ ਦੀ ਸੂਰਤ ਵਿਚ ਇਹ ਨਿਰਣਾਇਕ ਵੋਟ ਦੀ ਵਰਤੋਂ ਕਰਦਾ ਹੈ। ਇਹ ਸਦਨ ਵਿਚ ਅਨੁਸ਼ਾਸਨ ਕਾਇਮ ਰਖਦਾ ਹੈ ਅਤੇ ਅਸੰਸਦੀ ਭਾਸ਼ਨ ਅਤੇ ਵਤੀਰੇ ਨੂੰ ਰੋਕਦਾ ਹੈ। ਜੇ ਕੋਈ ਮੈਂਬਰ ਇਸਦੇ ਹੁਕਮ ਦੀ ਪਾਲਣਾ ਨਾ ਕਰੇ ਤਾਂ ਇਹ ਉਸ ਮੈਂਬਰ ਨੂੰ ਸਦਨ ਵਿਚੋਂ ਬਾਹਰ ਜਾਣ ਲਈ ਵੀ ਕਹਿ ਸਕਦਾ ਹੈ। ਇਹ ਸਦਨ ਦੀਆਂ ਸਾਰੀਆਂ ਕਮੇਟੀਆਂ ਦੋ ਚੇਅਰਮੈਨਾਂ ਦੀ ਨਿਯੁਕਤੀ ਕਰਦਾ ਹੈ। ਸਪੀਕਰ ਨੂੰ 3,000 ਰੁਪਏ ਮਾਸਕ ਤਨਖ਼ਾਹ ਮਿਲਦੀ ਹੈ।
ਸੰਵਿਧਾਨ ਦੇ ਅਨੁਛੇਦ 178 ਅਨੁਸਾਰ ਭਾਰਤ ਦੇ ਹਰੇਕ ਰਾਜ ਦੀ ਵਿਧਾਨ ਸਭਾ ਆਪਣੇ ਮੈਂਬਰਾਂ ਵਿਚੋਂ ਸਪੀਕਰ ਦੀ ਚੋਣ ਕਰਦੀ ਹੈ। ਅਤੇ ਉਸਦਾ ਕਾਰਜ-ਖੇਤਰ ਲੋਕ ਸਭਾ ਦੇ ਸਪੀਕਰ ਜਿਹਾ ਹੀ ਹੁੰਦਾ ਹੈ।
ਹ. ਪੁ.––ਐਨ. ਬ੍ਰਿ. 21 : 173; ਸੀਲੈਕਟ ਕਨਸਟੀਚਿਊਸ਼ਨਜ਼
ਲੇਖਕ : ਅਨੂਪ ਚੰਦ ਕਪੂਰ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3102, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no
ਸਪੀਕਰ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਸਪੀਕਰ : ਹਰੇਕ ਸੰਸਥਾ ਦੀ ਬੈਠਕ ਦੇ ਕੁਸ਼ਲਤਾਪੂਰਵਕ ਸੰਚਾਲਨ ਦੇ ਲਈ ਉਸ ਦੇ ਸਭਾਪਤੀ ਦਾ ਹੋਣਾ ਲਾਜ਼ਮੀ ਹੈ। ਜੇਕਰ ਕਿਸੇ ਸੰਸਥਾ ਦੇ ਮੈਂਬਰਾਂ ਦੀ ਬੈਠਕ ਦੀ ਪ੍ਰਧਾਨਗੀ ਕਰਨ ਵਾਲਾ ਕੋਈ ਅਧਿਕਾਰੀ ਨਹੀਂ ਹੋਵੇਗਾ ਤਾਂ ਉਸ ਬੈਠਕ ਦੀ ਕਾਰਵਾਈ ਸੰਸਥਾ ਦੇ ਨਿਯਮਾਂ ਅਨੁਸਾਰ ਨਹੀਂ ਚਲਾਈ ਜਾ ਸਕੇਗੀ। ਸਪੀਕਰ ਦਾ ਪਦ ਸੰਸਦੀ ਪ੍ਰਨਾਲੀ ਨੂੰ ਇੰਗਲੈਂਡ ਦੀ ਵਿਸ਼ੇਸ਼ ਦੇਣ ਹੈ। ਇੰਗਲੈਂਡ ਵਿੱਚ ਮੂਲ ਰੂਪ ਵਿੱਚ ਸਪੀਕਰ ਹਾਊਸ ਆਫ਼ ਕਾਮਨਜ਼ ਦਾ ਬੁਲਾਰਾ ਹੋਇਆ ਕਰਦਾ ਸੀ ਅਤੇ ਉਹ ਕਾਮਨ ਸਦਨ ਦੇ ਸੰਦੇਸ਼ ਸਮਰਾਟ ਦੀ ਸੇਵਾ ਵਿੱਚ ਪੇਸ਼ ਕਰਦਾ ਹੁੰਦਾ ਸੀ। ਭਾਰਤ ਵਿੱਚ ਲੋਕ-ਸਭਾ ਅਤੇ ਵਿਧਾਨ ਸਭਾਵਾਂ, ਸੰਯੁਕਤ ਰਾਜ ਅਮਰੀਕਾ, ਗ੍ਰੇਟ ਬ੍ਰਿਟੇਨ ਅਤੇ ਹੋਰ ਅੰਗਰੇਜ਼ੀ-ਬੋਲਦੇ ਰਾਜਾਂ ਵਿੱਚ ਵਿਧਾਨ-ਮੰਡਲਾਂ ਦੇ ਹੇਠਲੇ ਸਦਨ ਦੇ ਹਰੇਕ ਵਰਗ ਦੇ ਮੈਂਬਰ ਸਪੀਕਰ ਦੀ ਸੱਤਾ ਦਾ ਆਦਰ ਕਰਦੇ ਹਨ ਅਤੇ ਸਦਨ ਦੀ ਕਾਰਵਾਈ ਦਾ ਉਚਿਤ ਸੰਚਾਲਨ ਕਾਫ਼ੀ ਹੱਦ ਤੱਕ ਸਪੀਕਰ ਦੀ ਕਾਰਜਕੁਸ਼ਲਤਾ ਉੱਤੇ ਹੀ ਨਿਰਭਰ ਕਰਦਾ ਹੈ। ਲੋਕ-ਸਭਾ ਜਾਂ ਵਿਧਾਨ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਕਿਸੇ ਮੈਂਬਰ ਨੂੰ ਸਪੀਕਰ ਦੇ ਪਦ ਲਈ ਚੁਣਦੇ ਹਨ। ਸਪੀਕਰ ਦੀ ਚੋਣ ਕਰਨ ਲਈ ਮਿਤੀ ਰਾਸ਼ਟਰਪਤੀ ਜਾਂ ਰਾਜਪਾਲ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ।
ਸਪੀਕਰ ਨੂੰ ਸਦਨ ਦੀ ਮਿਆਦ ਤੱਕ ਭਾਵ ਪੰਜ ਸਾਲ ਲਈ ਚੁਣਿਆ ਜਾਂਦਾ ਹੈ। ਸਦਨ ਦੇ ਭੰਗ ਹੋਣ ਨਾਲ ਉਸ ਨੂੰ ਆਪਣਾ ਪਦ ਤਿਆਗਣਾ ਨਹੀਂ ਪੈਂਦਾ, ਸਗੋਂ ਉਹ ਨਵੇਂ ਸਦਨ (ਲੋਕ-ਸਭਾ ਜਾਂ ਵਿਧਾਨ ਸਭਾ) ਦੀ ਪਹਿਲੀ ਬੈਠਕ ਹੋਣ ਤੱਕ ਆਪਣੇ ਅਹੁਦੇ ’ਤੇ ਕਾਇਮ ਰਹਿੰਦਾ ਹੈ। ਪਰ ਇੰਗਲੈਂਡ ਦੇ ਕਾਮਨਜ਼ ਸਦਨ ਦੇ ਸਪੀਕਰ ਦੀ ਪਦਵੀ ਨਾਲ ਇੱਕ ਮਹਾਨ ਪਰੰਪਰਾ ਜੁੜੀ ਹੋਈ ਹੈ ਕਿ ‘ਇੱਕ ਵਾਰੀ ਚੁਣਿਆ ਗਿਆ ਸਪੀਕਰ ਸਦਾ ਲਈ ਸਪੀਕਰ ਹੈ’, ਬਸ਼ਰਤੇ ਕਿ ਉਹ ਸਦਨ ਦਾ ਦੁਬਾਰਾ ਮੈਂਬਰ ਚੁਣਿਆ ਗਿਆ ਹੋਵੇ। ਇਹ ਪਰੰਪਰਾ ਸਪੀਕਰ ਦੀ ਨਿਰਪੱਖਤਾ ਨੂੰ ਸਪਸ਼ਟ ਰੂਪ ਵਿੱਚ ਪ੍ਰਗਟਾਉਂਦੀ ਹੈ, ਕਿਉਂਕਿ ਸਪੀਕਰ ਬਣਨ ਉਪਰੰਤ ਉਹ ਆਪਣੇ ਦਲ ਨਾਲੋਂ ਸਾਰੇ ਸੰਬੰਧ ਤੋੜ ਲੈਂਦਾ ਹੈ ਅਤੇ ਰਾਜਸੀ ਕੰਮਾਂ ਵਿੱਚ ਹਿੱਸਾ ਨਹੀਂ ਲੈਂਦਾ। ਉਸ ਦੀ ਨਿਰਪੱਖਤਾ ਕਾਰਨ ਹੀ ਆਮ ਚੋਣਾਂ ਵਿੱਚ ਕੋਈ ਦਲ ਉਸ ਵਿਰੁੱਧ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰਦਾ ਅਤੇ ਉਹ ਬਿਨਾਂ ਵਿਰੋਧ ਦੇ ਆਮ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਦਾ ਹੈ। ਇਸ ਤੋਂ ਇਲਾਵਾ ਸਪੀਕਰ ਦੀ ਚੋਣ ਸਰਬ-ਸੰਮਤੀ ਨਾਲ ਕੀਤੀ ਜਾਂਦੀ ਹੈ। ਪਰ ਭਾਰਤ ਵਿੱਚ ਆਮ ਤੌਰ ’ਤੇ ਸਪੀਕਰ ਦੀ ਪਦਵੀ ਉੱਤੇ ਹਮੇਸ਼ਾਂ ਸ਼ਾਸਕ ਦਲ ਦਾ ਉਮੀਦਵਾਰ ਹੀ ਬਿਰਾਜਮਾਨ ਹੁੰਦਾ ਹੈ। ਇਸ ਦੇ ਬਾਵਜੂਦ ਇਸ ਮਹਾਨ ਪਦਵੀ ’ਤੇ ਸੁਸ਼ੋਭਿਤ ਵਿਅਕਤੀਆਂ ਨੇ ਲੋਕਤੰਤਰੀ ਪਰੰਪਰਾਵਾਂ ਅਨੁਸਾਰ ਸਦਨ ਦੀ ਸੁਤੰਤਰਤਾ ਅਤੇ ਅਧਿਕਾਰਾਂ ਨੂੰ ਹਰ ਸੰਭਵ ਖ਼ਤਰੇ ਤੋਂ ਸੁਰੱਖਿਅਤ ਰੱਖ ਕੇ ਨਿਰਪੱਖਤਾ ਦਾ ਸਬੂਤ ਦਿੱਤਾ ਹੈ।
ਸਪੀਕਰ ਦਾ ਮੁੱਖ ਕੰਮ ਸਦਨ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਨਾ ਹੈ। ਸਦਨ ਦੀ ਕਾਰਵਾਈ ਨੂੰ ਨਿਯਮਾਂ ਅਨੁਸਾਰ ਚਲਾਉਣਾ ਉਸ ਦੀ ਮੁੱਖ ਜ਼ੁੰਮੇਵਾਰੀ ਹੈ। ਸਦਨ ਦੇ ਅੰਦਰ ਅਨੁਸ਼ਾਸਨ ਕਾਇਮ ਰੱਖਣ ਦਾ ਜ਼ੁੰਮੇਵਾਰ ਵੀ ਸਪੀਕਰ ਹੀ ਹੁੰਦਾ ਹੈ। ਸਪੀਕਰ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ ਜਿਵੇਂ ਭਾਰਤ ਵਿੱਚ ਰਾਸ਼ਟਰਪਤੀ ਅਤੇ ਲੋਕ-ਸਭਾ ਦਾ ਸਾਰਾ ਪੱਤਰ-ਵਿਹਾਰ ਸਪੀਕਰ ਰਾਹੀਂ ਹੀ ਹੁੰਦਾ ਹੈ। ਉਹ ਸਦਨ ਦਾ ਕਾਰ-ਵਿਹਾਰ ਨਿਸ਼ਚਿਤ ਕਰਦਾ ਹੈ। ਉਹ ਮੈਂਬਰਾਂ ਨੂੰ ਪ੍ਰਸ਼ਨ ਪੁੱਛਣ ਦੀ ਆਗਿਆ ਦਿੰਦਾ ਹੈ, ਕੰਮ ਰੋਕੂ ਅਤੇ ਧਿਆਨ-ਦਿਵਾਊ ਪ੍ਰਸਤਾਵ ਪੇਸ਼ ਕਰਨ ਦੀ ਆਗਿਆ ਦਿੰਦਾ ਹੈ, ਬਜਟ ਉੱਤੇ ਹੋਣ ਵਾਲੀ ਬਹਿਸ ਦਾ ਸਮਾਂ ਨਿਸ਼ਚਿਤ ਕਰਦਾ ਹੈ, ਸਦਨ ਦੀ ਦਰਸ਼ਕ ਗੈਲਰੀ ਵਿੱਚ ਦਰਸ਼ਕਾਂ ਨੂੰ ਬੈਠਣ ਦੀ ਆਗਿਆ ਦਿੰਦਾ ਹੈ, ਵਿੱਤੀ ਬਿੱਲਾਂ ਨੂੰ ਪ੍ਰਮਾਣਿਤ ਕਰਦਾ ਹੈ ਭਾਵ ਇਹ ਨਿਰਨਾ ਕਿ ਕਿਹੜਾ ਬਿਲ ਵਿੱਤੀ ਬਿਲ ਹੈ ਜਾਂ ਸਧਾਰਨ ਬਿਲ, ਸਪੀਕਰ ਦਾ ਅਧਿਕਾਰ ਹੈ ਅਤੇ ਇਸ ਸੰਬੰਧੀ ਉਸ ਦਾ ਫ਼ੈਸਲਾ ਅੰਤਿਮ ਹੁੰਦਾ ਹੈ। ਸਦਨ ਵਿੱਚ ਬਹਿਸ ਮਗਰੋਂ ਵੱਖ-ਵੱਖ ਵਿਸ਼ਿਆਂ ਉੱਤੇ ਸਪੀਕਰ ਮਤਦਾਨ ਕਰਾਉਂਦਾ ਹੈ ਅਤੇ ਉਹਨਾਂ ਦੇ ਨਤੀਜੇ ਦਾ ਐਲਾਨ ਕਰਦਾ ਹੈ। ਸਪੀਕਰ ਦੀ ਪਦਵੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸਪੀਕਰ ਸਦਨ ਦੀ ਬਹਿਸ ਵਿੱਚ ਨਾ ਤਾਂ ਹਿੱਸਾ ਲੈਂਦਾ ਹੈ ਅਤੇ ਨਾ ਹੀ ਮਤਦਾਨ ਵੇਲੇ ਆਪਣੇ ਮਤ ਦੀ ਵਰਤੋਂ ਕਰਦਾ ਹੈ, ਪਰ ਜੇਕਰ ਸਦਨ ਦੀਆਂ ਦੋਹਾਂ ਧਿਰਾਂ ਦੀਆਂ ਵੋਟਾਂ ਇੱਕੋ ਜਿਹੀਆਂ ਹੋਣ ਤਾਂ ਸਪੀਕਰ ਨੂੰ ਨਿਰਨਾਇਕ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ। ਸਦਨ ਵਿੱਚ ਕੋਈ ਵੀ ਬਿੱਲ ਸਪੀਕਰ ਦੀ ਆਗਿਆ ਤੋਂ ਬਿਨਾਂ ਪੇਸ਼ ਨਹੀਂ ਕੀਤਾ ਜਾ ਸਕਦਾ। ਸਦਨ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਪ੍ਰਮਾਣ-ਪੱਤਰ ਸਪੀਕਰ ਹੀ ਦਿੰਦਾ ਹੈ। ਸਪੀਕਰ ਸਦਨ ਦੀਆਂ ਕਮੇਟੀਆਂ ਵਿੱਚ ਮੈਂਬਰਾਂ ਨੂੰ ਨਾਮਜ਼ਦ ਕਰਦਾ ਹੈ ਅਤੇ ਚੋਣਵੀਆਂ ਕਮੇਟੀਆਂ ਦੇ ਮੈਂਬਰਾਂ ਵਿੱਚੋਂ ਉਹਨਾਂ ਦੇ ਸਭਾਪਤੀਆਂ ਦੀ ਚੋਣ ਕਰਦਾ ਹੈ। ਸਪੀਕਰ ਹੀ ਸੰਸਦ ਦੇ ਦੋਨਾਂ ਸਦਨਾਂ ਦੇ ਸਾਂਝੇ ਇਜਲਾਸ ਬੁਲਾ ਸਕਦਾ ਹੈ ਅਤੇ ਉਹ ਹੀ ਇਸ ਸਾਂਝੇ ਇਜਲਾਸ ਦੀ ਪ੍ਰਧਾਨਗੀ ਕਰਦਾ ਹੈ। ਸਦਨ ਦੇ ਮੈਂਬਰਾਂ ਦੇ ਤਿਆਗ-ਪੱਤਰ ਪ੍ਰਵਾਨ ਕਰਨ ਸੰਬੰਧੀ ਵੀ ਸ਼ਕਤੀ ਸਪੀਕਰ ਨੂੰ ਪ੍ਰਦਾਨ ਕੀਤੀ ਗਈ ਹੈ। ਸਦਨ ਦੀ ਕਾਰਜ-ਵਿਧੀ ਸੰਬੰਧੀ ਮਾਮਲਿਆਂ ਵਿੱਚ ਉਸ ਨੂੰ ਆਪਣਾ ਵਿਵੇਕ ਵਰਤਣ ਦੀਆਂ ਸ਼ਕਤੀਆਂ ਪ੍ਰਾਪਤ ਹਨ। ਸਪੀਕਰ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦਾ ਰੱਖਿਅਕ ਹੁੰਦਾ ਹੈ ਅਤੇ ਵਿਸ਼ੇਸ਼ ਅਧਿਕਾਰ ਸੰਬੰਧੀ ਕੋਈ ਪ੍ਰਸ਼ਨ ਸਪੀਕਰ ਦੀ ਮਨਜ਼ੂਰੀ ਮਿਲਣ ’ਤੇ ਹੀ ਉਠਾਇਆ ਜਾ ਸਕਦਾ ਹੈ।
ਸਪੀਕਰ ਦੀ ਪਦਵੀ ਇੱਕ ਮਹਾਨ, ਗੌਰਵਮਈ ਤੇ ਸਨਮਾਨਯੋਗ ਪਦਵੀ ਹੈ। ਸਪੀਕਰ ਸਦਨ ਦੀ ਪ੍ਰਤਿਨਿਧਤਾ ਕਰਦਾ ਹੈ, ਉਹ ਸਦਨ ਤੇ ਉਸਦੀ ਸ੍ਵਾਧੀਨਤਾ ਦਾ ਪ੍ਰਤੀਕ ਹੈ। ਪਰ ਪਦਵੀ ਦੀ ਮਹਾਨਤਾ ਪਦਵੀ ਨਾਲ ਸੰਬੰਧਿਤ ਸ਼ਕਤੀਆਂ ਜਾਂ ਪਰੰਪਰਾਵਾਂ ਉੱਤੇ ਐਨੀ ਨਿਰਭਰ ਨਹੀਂ ਕਰਦੀ ਜਿੰਨੀ ਕਿ ਉਸ ਪਦਵੀ ਉੱਤੇ ਬਿਰਾਜਮਾਨ ਵਿਅਕਤੀ ਦੇ ਨਿੱਜੀ ਗੁਣਾਂ ਅਤੇ ਸ਼ਖ਼ਸੀਅਤ ਉੱਤੇ ਨਿਰਭਰ ਕਰਦੀ ਹੈ। ਇਸ ਲਈ ਸਪੀਕਰ ਦੀ ਪਦਵੀ ਉੱਚੇ ਚਰਿੱਤਰ ਅਤੇ ਉੱਚੇ ਵਿਚਾਰਾਂ ਵਾਲੇ ਵਿਅਕਤੀ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ। ਇਸ ਪਦਵੀ ਉੱਤੇ ਸ਼ਾਂਤ ਸੁਭਾਅ ਅਤੇ ਉੱਚ ਕੋਟੀ ਦੀ ਰਾਜਨੀਤਿਕ ਪ੍ਰਤਿਭਾ ਦਾ ਮਾਲਕ ਹੀ ਬਿਰਾਜਮਾਨ ਹੋਣਾ ਚਾਹੀਦਾ ਹੈ ਤਾਂ ਕਿ ਉਹ ਸਦਨ ਵਿੱਚ ਹਰੇਕ ਦਲ ਨੂੰ ਨਾਲ ਲੈ ਕੇ ਨਿਰਪੱਖਤਾ ਨਾਲ ਆਪਣੇ ਕਰਤੱਵਾਂ ਨੂੰ ਸਹੀ ਢੰਗ ਨਾਲ ਸੰਪੰਨ ਕਰ ਸਕੇ।
ਲੇਖਕ : ਅਸ਼ਵਨੀ ਕੁਮਾਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 2611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-18-12-55-19, ਹਵਾਲੇ/ਟਿੱਪਣੀਆਂ:
ਸਪੀਕਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਪੀਕਰ, (ਅੰਗਰੇਜ਼ੀ) / ਪੁਲਿੰਗ : ੧. ਬੋਲਣ ਵਾਲਾ, ਵਕਤਾ; ੨. ਅਸੈਂਬਲੀ ਦਾ ਪ੍ਰਧਾਨ, ਅਧਿਅਖਸ਼
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-04-51-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First