ਸਮਾਓ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਮਾਓ : ਅਥਵਾ ਸਮ੍ਹਾਓ ਪੰਜਾਬ ਦੇ ਜ਼ਿਲਾ ਬਠਿੰਡਾ ਵਿਚ ਭੀਖੀ ਦੇ ਉੱਤਰ ਵਲ ਦੋ ਕਿਲੋਮੀਟਰ ਦੀ ਦੂਰੀ ਤੇ ਇਕ ਪਿੰਡ ਹੈ ਜਿਥੇ ‘ਗੁਰਦੁਆਰਾ ਪਾਤਸ਼ਾਹੀ ਨੌਵੀਂ` ਨਾਂ ਦਾ ਇਕ ਇਤਿਹਾਸਿਕ ਗੁਰਦੁਆਰਾ ਹੈ। ਦਸਿਆ ਜਾਂਦਾ ਹੈ ਕਿ ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਖੀਵਾ ਤੋਂ ਸਮਾਓ ਤੇ ਭੀਖੀ ਵੱਲ ਆ ਰਹੇ ਸਨ ਤਾਂ ਉਹਨਾਂ ਨੂੰ ਦੱਸਿਆ ਗਿਆ ਤੇ ਬੇਨਤੀ ਕੀਤੀ ਗਈ ਕਿ ਉਹਨਾਂ ਦੇ ਦਰਸ਼ਨਾਂ ਲਈ ਪਿਸ਼ਾਵਰ ਤੇ ਕਾਬੁਲ ਤੋਂ ਸੰਗਤ ਆ ਰਹੀ ਹੈ। ਇਸ ਲਈ ਗੁਰੂ ਜੀ ਉਸੇ ਥਾਂ ਹੀ ਰੁਕ ਗਏ ਅਤੇ ਆਪਣੇ ਸਿੱਖਾਂ ਦੀ ਉਡੀਕ ਵਿਚ ਇਕ ਵਣ ਦੇ ਦਰਖ਼ਤ ਹੇਠਾਂ ਬੈਠ ਗਏ। ਸੰਗਤ ਲਈ ਚੱਟਾਈਆਂ ਵਿਛਾਈਆਂ ਗਈਆਂ ਅਤੇ ਸੰਗਤ ਗੁਰਬਾਣੀ ਦੇ ਸ਼ਬਦ ਗਾਉਂਦੀ ਆ ਪਹੁੰਚੀ। ਸੰਗਤ ਨੇ ਗੁਰੂ ਜੀ ਦੇ ਦਰਸ਼ਨ ਕੀਤੇ, ਮੱਥਾ ਟੇਕਿਆ ਅਤੇ ਉਹਨਾਂ ਤੋਂ ਅਸੀਸਾਂ ਪ੍ਰਾਪਤ ਕੀਤੀਆਂ। ਉਸ ਸਮੇਂ ਨਾਲ ਲਗਦੇ ਖੇਤ ਵਿਚ ਹਲ ਚਲਾ ਰਿਹਾ ਇਕ ਕਿਸਾਨ ਇਸ ਤਰ੍ਹਾਂ ਦੀ ਸੱਚੀ ਸੁੱਚੀ ਸ਼ਰਧਾ ਦਾ ਦ੍ਰਿਸ਼ ਵੇਖ ਕੇ ਚਕ੍ਰਿਤ ਹੋ ਗਿਆ ਅਤੇ ਗੁਰੂ ਜੀ ਪਾਸ ਜਾ ਕੇ ਉਸ ਨੇ ਘਰੋਂ ਆਈ ਸਾਦੀ ਰੋਟੀ ਤੇ ਲੱਸੀ ਗੁਰੂ ਜੀ ਨੂੰ ਭੇਟ ਕਰ ਦਿੱਤੀ। ਗੁਰੂ ਜੀ ਅਤੇ ਸੰਗਤ ਨੇ ਇਹ ਸਭ ਕੁਝ ਛਕਿਆ, ਅਤੇ ਗੁਰੂ ਜੀ ਨੇ ਕਿਸਾਨ ਨੂੰ ਇਹਨਾਂ ਸਬਦਾਂ ਨਾਲ ਅਸੀਸ ਦਿੱਤੀ:
“ਤੇਰਾ ਘਰ ਹਰ ਸਮੇਂ ਦੁੱਧ ਨਾਲ ਭਰਪੂਰ ਰਹੇਗਾ।”
ਜਿੱਥੇ ਨੌਵੀਂ ਪਾਤਸ਼ਾਹੀ ਬੈਠੇ ਸਨ, ਉਸ ਵਣ ਦੇ ਦਰਖ਼ਤ ਹੇਠਾਂ ਇਕ ਯਾਦਗਾਰੀ ਅਸਥਾਨ ਬਣਾਇਆ ਗਿਆ। ਵਰਤਮਾਨ ਇਮਾਰਤ 50 ਵਰਗਮੀਟਰ ਵਿਚ ਹੈ ਅਤੇ ਇਸ ਦੇ ਚਾਰੇ ਪਾਸੇ ਛੋਟੀ ਕੰਧ ਬਣੀ ਹੋਈ ਹੈ। ਇਸ ਵਿਚ ਇਕ ਗੁੰਬਦਦਾਰ ਪ੍ਰਕਾਸ਼ ਅਸਥਾਨ ਅਤੇ ਸਾਮ੍ਹਣੇ ਇਕ ਆਇਤਾਕਾਰ ਹਾਲ ਹੈ। ਪ੍ਰਕਾਸ਼ ਅਸਥਾਨ ਦੇ ਮੱਥੇ ਨੂੰ ਗੋਲਾਕਾਰ ਥੰਮ੍ਹੀਆਂ ਅਤੇ ਸਜਾਵਟੀ ਚੂਨੇ ਨਾਲ ਬਣਾਈਆਂ ਫੁੱਲ-ਪੱਤੀਆਂ ਨਾਲ ਸ਼ਿੰਗਾਰਿਆ ਗਿਆ ਹੈ। ਹਾਲ ਦੇ ਤਿੰਨੋ ਪਾਸੇ ਗੈਲਰੀ ਹੈ, ਪਰ ਪ੍ਰਕਾਸ਼ ਅਸਥਾਨ ਦੇ ਪਿੱਛੇ , ਅਰਥਾਤ ਚੌਥੇ ਪਾਸੇ ਅਜੇ ਵੀ ਉਹ ਵਣ (ਕਰੀਰ) ਹੈ ਜਿਸ ਨੂੰ ਗੁਰੂ ਤੇਗ਼ ਬਹਾਦਰ ਜੀ ਦਾ ਸਪਰਸ਼ ਤੇ ਪਵਿੱਤਰਤਾ ਪ੍ਰਾਪਤ ਹੋਈ ਹੈ। ਗੁਰਦੁਆਰੇ ਦੇ ਨਾਂ 30 ਏਕੜ ਜ਼ਮੀਨ ਹੈ ਅਤੇ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਖੀਵਾ ਕਲਾਂ ਦੀ ਸਥਾਨਿਕ ਕਮੇਟੀ ਰਾਹੀਂ ਕਰਦੀ ਹੈ।
ਲੇਖਕ : ਮ.ਗ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First