ਸਮਾਧੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮਾਧੀ (ਨਾਂ,ਇ) ਧਿਆਨ ਦੀ ਇਕਾਗਰ ਅਵਸਥਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਮਾਧੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਮਾਧੀ : ਵੇਖੋ ‘ਅਸ਼ਟਾਂਗ ਯੋਗ’

ਅਸ਼ਟਾਂਗ ਯੋਗ : ਪਤੰਜਲਿ ਰਿਸ਼ੀ ਨੇ ਆਪਣੇ ‘ਯੋਗ ਸੂਤ੍ਰ’ ਦੇ ‘ਸਾਧਨ ਪਾਦ’ ਵਿਚ ਅਵਿਦਿਆ ‘(ਆਗਿਆਨ) ਆਦਿ ਪੰਜ ਕਲੇਸ਼ਾਂ ਨੂੰ ਸਾਰਿਆਂ ਦੁੱਖਾਂ ਦਾ ਕਾਰਣ ਦੱਸਦੇ ਹੋਇਆਂ ਇਨ੍ਹਾਂ ਕਲੇਸ਼ਾਂ ਦਾ ਜੜ੍ਹੋਂ ਨਾਸ਼ ਕਰਨਾ ਜਰੂਰੀ ਮੰਨ ਕੇ ਨਿਰਮਲ ਵਿਵੇਕ ਗਿਆਨ ਦੀ ਪ੍ਰਾਪਤੀ ਉਪਾਂਅ ਵਜੋਂ ਸੁਝਾਈ ਹੈ। ਨਿਰਮਲ ਵਿਵੇਕ ਗਿਆਨ ਦੀ ਪ੍ਰਾਪਤੀ ਜਾਂ ਸਿੱਧੀ ਤੋਂ ਬਿਨਾ ਨਾ ਕਲੇਸ਼ ਨਾਸ਼ ਹੁੰਦੇ ਹਨ ਅਤੇ ਨਾ ਹੀ ਕੈਵਲਯ ਦੀ ਪ੍ਰਾਪਤੀ ਸੰਭਵ ਹੁੰਦੀ ਹੈ। ਵਿਵੇਕ ਗਿਆਨ ਦੀ ਸਿੱਧੀ ਲਈ ਯੋਗ ਦੇ ਅੱਠ ਅੰਗਾਂ (ਅਸ਼ਟਾਂਗ) ਦੀ ਸਥਾਪਨਾ ਕੀਤੀ ਗਈ ਹੈ। ਇਹ ਅੱਠ ਅੰਗ ਜਾਂ ਅਸ਼ਟ ਮਾਰਗ ਇਸ ਪ੍ਰਕਾਰ ਹਨ–ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਯਾਹਾਰ, ਧਾਰਣਾ, ਧਿਆਨ, ਸਮਾਧਿ (ਯੋਗ ਸੂਤ੍ਰ 2/29)। ਇਨ੍ਹਾਂ ਵਿਚੋਂ ਪਹਿਲੇ ਪੰਜ ਯੋਗ ਦੇ ਬਾਹਰਲੇ ਸਾਧਨ ਕਹੇ ਜਾਂਦੇ ਹਨ ਅਤੇ  ਅਖੀਰਲੇ ਤਿੰਨ ਅੰਦਰਲੇ ਸਾਧਨ ਮੰਨੇ ਜਾਂਦੇ ਹਨ (ਯੋਗ ਸੂਤ੍ਰ 3/7)। ਇਨ੍ਹਾਂ ਅੰਦਰਲੇ ਤਿੰਨ ਸਾਧਨਾਂ ਦਾ ਵਿਵੇਕ ਦੇ ਉਤਪਾਦਨ ਵਿਚ ਵਿਸ਼ੇਸ਼ ਮਹੱਤਵ ਹੈ ਅਤੇ ਸਮਾਧੀ ਦੀ ਅਵਸਥਾ ਨਾਲ ਇਨ੍ਹਾਂ ਦਾ ਸਿੱਧਾ ਸੰਬੰਧ ਹੈ। ਇਨ੍ਹਾਂ ਦਾ ਵਿਸਤਾਰ ਸਹਿਤ ਪਰਿਚਯ ਇਸ ਪ੍ਰਕਾਰ ਹੈ :

  •           :ਯਮ ਦਾ ਅਰਥ ਹੈ ਸੰਜਮ। ‘ਯੋਗ ਸੂਤ੍ਰ’ (2/30) ਅਨੁਸਾਰ ਇਹ ਪੰਜ ਹਨ–ਅਹਿੰਸਾਂ, ਸਤੑਸ, ਅਸਤੇਯ (ਚੋਰੀ ਦਾ ਕਰਨਾ), ਬ੍ਰਹਮਚਰਯ ਅਤੇ ਅਪਰਿਗ੍ਰਹ (ਲੋਭ ਵਸ ਬੇਲੋੜੀ ਵਸਤੂ ਨੂੰ ਇਕੱਠਾ ਨਾ ਕਰਨਾ)। ‘ਹਠਯੋਗ ਪ੍ਰਦੀਪਿਕਾ’ (ਪੰਨਾ16) ਵਿਚ ਇਨ੍ਹਾਂ ਯਮਾਂ ਦੀ ਗਿਣਤੀ 10 ਅਤੇ ‘ਭਾਗਵਤ ਪੁਰਾਣ’ (11/19/33) ਵਿਚ ਬਾਰ੍ਹਾਂ ਦਸੀ ਗਈ ਹੈ। ਇਨ੍ਹਾਂ ਰਾਹੀਂ ਕਾਯਾ ਨੂੰ ਯੋਗ–ਸਾਧਨਾ ਦੇ ਅਨੁਕੂਲ ਬਣਾਉਣ ਲਈ ਕਾਯਾ (ਸ਼ਰੀਰ) ਦਾ ਬਲਵਾਨ ਹੋਣਾ ਜਰੂਰੀ ਹੈ, ਤਾਂ ਹੀ ਚਿੱਤ ਇਕਾਗ੍ਰ ਹੋ ਸਕਦਾ ਹੈ। ਉਂਜ ਇਨ੍ਹਾਂ ਦੀ ਪਾਲਣਾ ਮਨੁੱਖ ਜੀਵਨ ਦੇ ਸੰਤੁਲਿਤ ਅਤੇ ਸਾਵੇਂ ਵਿਕਾਸ ਲਈ ਹਰ ਇਕ ਵਿਅਕਤੀ ਲਈ ਜ਼ਰੂਰੀ ਹੈ।
  •           :  ‘ਨਿਯਮ’ ਉਸ ਤਪਸਿਆ ਨੂੰ ਆਖਦੇ ਹਨ ਜਿਸ ਰਾਹੀਂ ਸਦਾਕਾਰ ਦੀ ਪਾਲਣਾ ਹੁੰਦੀ ਹੈ ਅਤੇ ਮਨ ਤੇ ਸ਼ਰੀਰ ਦੀ ਸ਼ੁਧੀ ਹੁੰਦੀ ਹੈ। ‘ਯੋਗ ਸੂਤ੍ਰ’ (2/32) ਅਨੁਸਾਰ ਨਿਯਮ ਪੰਜ ਹਨ–ਸ਼ੌਚ (ਸ਼ਰੀਰਿਕ ਅਤੇ ਮਾਨਸਿਕ ਸ਼ੁੱਧੀ), ਸੰਤੋਸ਼, ਤਪ (ਗਰਮੀ, ਸਰਦੀ ਸਹਿਣ ਕਰਨ ਦਾ ਅਭਿਆਸ ਅਤੇ ਕਠੋਰ ਬ੍ਰਤ ਨੂੰ ਪਾਲਣਾ), ਸ੍ਵਾਧੑਯਾਯ (ਨੇਮ ਨਾਲ ਧਰਮ–ਗ੍ਰੰਥਾਂ ਦਾ ਅਧਿਐਨ), ਈਸ਼ਵਰ ਪ੍ਰਣਿਧਾਨ (ਈਸ਼ਵਰ ਦਾ ਧਿਆਨ ਅਤੇ ਉਸ ਵਿਚ ਸਭ ਕਰਮਾਂ ਦਾ ਸਮਰਪਣ)। ‘ਹਠਯੋਗ ਪ੍ਰਦੀਪਿਕਾ’ (ਪੰਨਾ 16) ਅਤੇ ‘ਦਰਸ਼ਨ’ ਉਪਨਿਸ਼ਦ (2/1) ਵਿਚ ਨਿਯਮਾਂ ਦੀ ਗਿਣਤੀ ਦਸ ਹੈ ਅਤੇ ‘ਭਾਗਵਤ ਪੁਰਾਣ’ (11/19/34) ਵਿਚ ਬਾਰ੍ਹਾਂ। ਯਮ ਅਤੇ ਨਿਯਮ ਦੋਵੇਂ ਨੈਤਿਕ ਸਾਧਨਾ ਉਤੇ ਬਲ ਦਿੰਦੇ ਹਨ ਅਤੇ ਯੋਗ ਅਭਿਆਸ ਲਈ ਆਵੱਸ਼ਕ ਹਨ। ਇਨ੍ਹਾਂ ਦੋਹਾਂ ਦੇ ਅਭਿਆਸ ਨਾਲ ਵੈਰਾਗ (ਵਾਸਨਾ ਦਾ ਅਭਾਵ) ਸੁਲਭ ਹੋ ਜਾਂਦਾ ਹੈ।
  •           : ‘ਯੋਗ ਸੂਤ੍ਰ’ (2/46) ਅਨੁਸਾਰ ਦੇਰ ਤਕ ਨਿਸ਼ਚਿੰਤ ਹੋ ਕੇ ਇਕੋ ਹਾਲਤ ਵਿਚ ਸੁਖਪੂਰਵਕ ਬੈਠਣਾ ‘ਆਸਨ’ ਹੈ। ਟੀਕਾਕਾਰਾਂ ਨੇ ਆਸਨਾਂ ਦੀ ਗਿਣਤੀ ਅਨੰਤ ਦਸੀ ਹੈ, ਪਰ ਮੁੱਖ ਤੌਰ ਤੇ 84 ਮੰਨੀ ਜਾਂਦੀ ਹੈ। ਇਨ੍ਹਾਂ ਵਿਚੋਂ ਵੀ ਚਾਰ ਅਧਿਕ ਪ੍ਰਸਿੱਧ ਹਨ ––ਸਿੱਧਾਸਨ, ਪਦਮਾਸਨ, ਸਮਾਸਨ, ਸ਺ਸਤਿਕਾਸਨ। ਇਨ੍ਹਾਂ ਦੇ ਅਭਿਆਸ ਦਾ ਗਿਆਨ ਕਿਸੇ ਸਿੱਧ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਚਿੱਤ ਦੀ ਇਕਾਗ੍ਰਤਾ ਲਈ ਸ਼ਰੀਰ ਦਾ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਇਸ ਨਾਲ ਸ਼ਰੀਰ ਰੋਗ ਮੁਕਤ ਅਤੇ ਬਲਵਾਨ ਬਣਦਾ ਹੈ। ਆਸਨਾਂ ਰਾਹੀਂ ਸ਼ਰੀਰ ਦੇ ਸਾਰੇ ਅੰਗਾਂ, ਪੱਠਿਆਂ ਅਤੇ ਨਾੜੀਆਂ ਨੂੰ ਵਸ ਵਿਚ ਕੀਤਾ ਜਾ ਸਕਦਾ ਹੈ, ਤਾਂ ਜੋ ਮਨ ਵਿਕਾਰ–ਰਹਿਤ ਹੋ ਸਕੇ। ਇਨ੍ਹਾਂ ਨਾਲ ਉਮਰ ਲੰਮੀ ਹੁੰਦੀ ਹੈ ਅਤੇ ਸ਼ਰੀਰ ਵਿਚ ਥਕਾਵਟ ਮਹਿਸੂਸ ਨਹੀਂ ਹੁੰਦੀ।
  •           :  ‘ਯੋਗ ਸੂਤ੍ਰ’ (2/49) ਅਨੁਸਾਰ ‘ਆਸਨ’ ਦੇ ਸਥਿਰ ਹੋਣ ਤੋਂ ਬਾਅਦ ਸੁਆਸਾਂ ਦੀ ਗਤਿ ਨੂੰ ਰੋਕਣ ਦੀ ਕ੍ਰਿਆ ਦਾ ਆਰੰਭ ਹੁੰਦਾ ਹੈ ਅਤੇ ਇਸੇ ਨੂੰ ‘ਪ੍ਰਾਣਾਯਾਮ’ ਕਿਹਾ ਜਾਂਦਾ ਹੈ। ਇਸ ਨਾਲ ਮਨ ਨੂੰ ਸਥਿਰਤਾ ਮਿਲਦੀ ਹੈ। ਇਸ ਦੇ ਤਿੰਨ ਅੰਗ ਹਨ ਪੂਰਕ (ਅੰਦਰ ਨੂੰ ਪੂਰਾ ਸੁਆਸ ਲੈਣਾ), ਕੁੰਭਕ (ਸੁਆਸ ਨੂੰ ਅੰਦਰ ਰੋਕਣਾ), ਰੇਚਕ (ਨੇਮ ਨਾਲ ਸੁਆਸ ਨੂੰ ਬਾਹਰ ਛੱਡਣਾ) ਯੋਗ ਸੂਤ੍ਰ 2/50)। ਇਸ ਨਾਲ ਸ਼ਰੀਰ ਅਤੇ ਮਨ ਬਲਵਾਨ ਹੁੰਦੇ ਹਨ, ਚਿੱਤ ਵਿਚ ਇਕਾਗ੍ਰਤਾ ਆਉਂਦੀ ਹੈ। ਇਸ ਅਭਿਆਸ ਨਾਲ ਯੋਗ ਬਹੁਤ ਦੇਰ ਤਕ ਆਪਣੇ ਸੁਆਸਾਂ ਨੂੰ ਅੰਦਰ ਰੋਕ ਸਕਦਾ ਹੈ ਅਤੇ ਸਮਾਧੀ ਦਾ ਸਮਾਂ ਅਗੇ ਵਧਾ ਸਕਦਾ ਹੈ। ‘ਹਠਯੋਗ’ ਵਿਚ ਪ੍ਰਾਣਾਯਾਮ ਦਾ ਮਹੱਤਵ ਕਿਤੇ ਅਧਿਕ ਹੈ।

          ਪ੍ਰਤੑਯਾਹਾਰ : ‘ਯੋਗ ਸੂਤ੍ਰ’ (2/54) ਅਨੁਸਾਰ ਇੰਦਰੀਆਂ ਦਾ ਆਪਣੇ ਬਾਹਰਲੇ ਵਿਸ਼ਿਆਂ ਤੋਂ ਹਟ ਕੇ ਅੰਤਰ–ਮੁਖੀ ਹੋਣ ‘ਪ੍ਰਤੑਯਾਹਾਰ’ ਹੈ। ਇੰਦਰੀਆਂ ਮਨ ਨੂੰ ਆਪਣੀ ਇੱਛਾ ਅਨੁਸਾਰ ਇਧਰ ਉਧਰ ਦੌੜਾਈ ਫਿਰਦੀਆਂ ਹਨ। ਪ੍ਰਤੑਯਾਹਾਰ ਦੇ ਅਭਿਆਸ ਨਾਲ ਇਹ ਇੰਦਰੀਆਂ ਪੂਰੀ ਤਰ੍ਹਾਂ ਮਨ ਦੇ ਅਧੀਨ ਹੋ ਜਾਂਦੀਆਂ ਹਨ। ਪ੍ਰਤੑਯਾਹਾਰ ਲਈ ਦ੍ਰਿੜ੍ਹ ਸੰਕਲਪ ਅਤੇ ਇੰਦਰੀਆਂ ਦੀ ਰੋਕ ਬਹੁਤ ਜ਼ਰੂਰੀ ਹਨ।

          ਧਾਰਣਾ : ਪਤੰਜਲਿ ਅਨੁਸਾਰ ਮਨ (ਚਿੱਤ) ਨੂੰ ਕਿਸੇ ਇਛਿਤ ਵਸਤੂ ਜਾਂ ਥਾਂ ਉਤੇ ਕੇਂਦਰਿਤ ਕਰਨ ਦੀ ਕ੍ਰਿਆ ‘ਧਾਰਣਾ’ ਹੈ (ਯੋਗ ਸੂਤ੍ਰ 3/1)। ਇਸ ਦੇ ਅਭਿਆਸ ਨਾਲ ਚਿੱਤ ਵਿੱਤ੍ਰੀਆਂ ਸਥਿਰ ਹੁੰਦੀਆਂ ਹਨ। ‘ਧਾਰਣਾ’ ਦੀ ਸਿੱਧੀ ਲਈ ਕੁਝ ਕੁ ਮੁਦ੍ਰਾਵਾਂ ਦੀ ਲੋੜ ਵੀ ਦਸੀ ਗਈ ਹੈ, ਜਿਨ੍ਹਾਂ ਵਿਚ ਚਾਰ ਪ੍ਰਮੁੱਖ ਹਨ–ਅਗੋਚਰੀ, ਭੂਚਰੀ, ਚਾਚਰੀ ਅਤੇ ਸ਼ਾਂਭਵੀ।

          ਸਮਾਧਿ : ਪਤੰਜਲਿ ਨੇ ਇਸ ਨੂੰ ਯੋਗ ਦਾ ਅੰਤਿਮ ਅੰਗ ਮੰਨਿਆ ਹੈ। ਜਦੋਂ ਧਿਆਨ ਕਰਦਿਆਂ ਕਰਦਿਆਂ ਚਿੱਤ ਲਕਸ਼ਿਤ ਵਸਤੂ ਜਾਂ ਵਿਸ਼ੇ ਦਾ ਆਕਾਰ ਗ੍ਰਹਿਣ ਕਰ ਲੈਂਦਾ ਹੈ ਜਾਂ ਉਸ ਵਸਤੂ ਅਤੇ ਧਿਆਨ ਮਗਨ ਵਿਅਕਤੀ ਦਾ ਆਪਸੀ ਭੇਦ ਮਿਟ ਜਾਂਦਾ ਹੈ ਤਾਂ ਇਸ ਨੂੰ ‘ਸਮਾਧਿ’ ਕਿਹਾ ਜਾਂਦਾ ਹੈ (ਯੋਗ ਸੂਤ੍ਰ 3/3)। ਮੋਖ ਪ੍ਰਾਪਤੀ ਲਈ ਇਸ ਅਵਸਥਾ ਤੋਂ ਗੁਜ਼ਰਨਾ ਬਹੁਤ ਜ਼ਰੂਰੀ ਹੈ। ਇਸ ਰਾਹੀਂ ਬਾਹਰਲੇ ਜਗਤ ਨਾਲ ਸੰਬੰਧ ਟੁਟ ਜਾਂਦਾ ਹੈ। ਇਸ ਨਾਲ ਨਿੱਤਪਦ ਦੀ ਫਿਰ ਤੋਂ ਪ੍ਰਾਪਤੀ ਹੋ ਜਾਂਦੀ ਹੈ। ਇਸ ਅਵਸਥਾ ਨੂੰ ਸਰਲ ਅਨੁਭਵ ਨਹੀਂ ਸਮਝਣਾ ਚਾਹੀਦਾ। ਇਹ ਅਜਿਹੀਆਂ ਮਾਨਸਿਕ ਅਵਸਥਾਵਾਂ ਦੀ ਸੰਗਲੀ ਹੈ ਜੋ ਸਰਲ ਹੁੰਦੀ ਹੋਈ ਵੀ ਆਖੀਰ ਵਿਚ ਅਚੇਤਨ ਅਵਸਥਾ ਵਿਚ ਬਦਲ ਜਾਂਦੀ ਹੈ।

          ਜਦੋਂ ਧਾਰਣਾ, ਧਿਆਨ ਅਤੇ ਸਮਾਧਿ, ਇਹ ਤਿੰਨੋਂ ਅੰਗ ਇਕ ਹੀ ਵਿਸ਼ੇ ਵਲ ਪ੍ਰੇਰਿਤ ਹੁੰਦੇ ਹਨ, ਤਾਂ ਉਸ ਨੂੰ ‘ਸੰਯਮ’ ਕਿਹਾ ਜਾਂਦਾ ਹੈ। ਜਦ ਇਹ ਸੰਯਮ ਵਿਸ਼ਿਆਂ ਵਲ ਪ੍ਰੇਰਿਤ ਹੁੰਦਾ ਹੈ, ਤਾਂ ਅਸਾਧਾਰਣ ਸ਼ਕਤੀਆਂ (ਸਿੱਧੀਆਂ) ਪ੍ਰਾਪਤ ਹੋ ਜਾਂਦੀਆਂ ਹਨ, ਪਰ ਮੁਕਤੀ ਲਈ ਇਨ੍ਹਾਂ ਸਿੱਧੀਆਂ ਦੇ ਲੋਭ ਤੋਂ ਬਚਣਾ ਚਾਹੀਦਾ ਹੈ।

[ਸਹਾ. ਗ੍ਰੰਥ–ਡਾ. ਰਾਧਾ ਕ੍ਰਿਸ਼ਣਨ : ‘ਭਾਰਤੀਯ ਦਰਸ਼ਨ’ (ਹਿੰਦੀ) ਭਾਗ 2 ; ‘ਪਾਤੰਜਲ ਯੋਗ ਦਰਸ਼ਨ’ (ਸੰਸਕ੍ਰਿਤ); ਸਵਾਤਮਾ ਰਾਮ ਯੋਗਿੰਦਰ:‘ਹਠਯੋਗ ਪ੍ਰਦੀਪਿਕਾ’ (ਹਿੰਦੀ); ਡਾ. ਰਤਨ ਸਿੰਘ ਜੱਗੀ :‘ਗੁਰੂ ਨਾਨਕ–ਵਿਅਕਤਿਤ੍ਵ, ਕ੍ਰਿਤਿਤ੍ਵ ਔਰ ਚਿੰਤਨ’,(ਹਿੰਦੀ)


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3856, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਸਮਾਧੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਮਾਧਿ/ਸਮਾਧੀ: ਇਸ ਤੋਂ ਭਾਵ ਹੈ ਮਨ ਦੀ ਸਥਿਰ ਜਾਂ ਟਿਕੀ ਹੋਈ ਅਵਸਥਾ। ਇਸ ਦਾ ਮੂਲ ਆਧਾਰ ‘ਪਾਤੰਜਲ ਯੋਗਸੂਤ੍ਰ’ (3/3) ਵਿਚ ਵੇਖਿਆ ਜਾ ਸਕਦਾ ਹੈ। ਇਹ ‘ਅਸ਼ਟਾਂਗ-ਯੋਗ’ ਦਾ ਅੰਤਿਮ ਅੰਗ ਹੈ। ਉਥੇ ਲਿਖਿਆ ਹੈ ਕਿ ਜਦੋਂ ਧਿਆਨ ਕਰਦਿਆਂ ਕਰਦਿਆਂ ਸਾਧਕ ਦਾ ਚਿੱਤ ਲਕਸ਼ਿਤ ਵਸਤੂ ਜਾਂ ਵਿਸ਼ੇ ਦਾ ਆਕਾਰ ਗ੍ਰਹਿਣ ਕਰ ਲੈਂਦਾ ਹੈ ਜਾਂ ਉਸ ਵਸਤੂ ਅਤੇ ਧਿਆਨ ਮਗਨ ਵਿਅਕਤੀ ਦਾ ਆਪਸੀ ਭੇਦ ਮਿਟ ਜਾਂਦਾ ਹੈ ਤਾਂ ਉਸ ਅਵਸਥਾ ਨੂੰ ‘ਸਮਾਧਿ’ ਕਹਿੰਦੇ ਹਨ। ਮੁਕਤੀ ਦੀ ਪ੍ਰਾਪਤੀ ਲਈ ਸਾਧਕ ਦਾ ਇਸ ਅਵਸਥਾ ਤੋਂ ਗੁਜ਼ਰਨਾ ਬਹੁਤ ਜ਼ਰੂਰੀ ਹੈ। ਇਸ ਦੁਆਰਾ ਬਾਹਰਲੇ ਜਗਤ ਨਾਲ ਸੰਬੰਧ ਟੁਟ ਜਾਂਦਾ ਹੈ ਅਤੇ ਨਿੱਤ-ਪਦ ਦੀ ਫਿਰ ਤੋਂ ਪ੍ਰਾਪਤੀ ਹੋ ਜਾਂਦੀ ਹੈ।

            ਇਸ ਅਵਸਥਾ ਨੂੰ ਸਰਲ ਅਨੁਭਵ ਨਹੀਂ ਸਮਝਣਾ ਚਾਹੀਦਾ। ਇਹ ਅਜਿਹੀਆਂ ਮਾਨਸਿਕ ਅਵਸਥਾਵਾਂ ਦੀ ਸੰਗਲੀ ਹੈ ਜੋ ਸਰਲ ਹੁੰਦੀ ਹੋਈ ਵੀ ਆਖੀਰ ਵਿਚ ਅਚੇਤਨ ਅਵਸਥਾ ਵਿਚ ਬਦਲ ਜਾਂਦੀ ਹੈ। ਗੁਰੂ ਅਮਰਦਾਸ ਜੀ ਨੇ ਸਿਰੀ ਰਾਗ ਵਿਚ ਇਸ ਪ੍ਰਕਾਰ ਦੀ ਸਮਾਧਿ ਨੂੰ ਕੋਈ ਮਾਨਤਾ ਨ ਦਿੰਦੇ ਹੋਇਆਂ ਬਿਨਾ ਯਤਨ ਕੀਤੀ ਸਹਿਜ ਸੁਭਾਵਿਕ ਸਮਾਧਿ ਲਗਾਉਣ ਲਈ ਉਪਦੇਸ਼ ਦਿੱਤਾ ਹੈ— ਮਾਇਆ ਭੂਲੇ ਸਿਧ ਫਿਰਹਿ ਸਮਾਧਿ ਲਗੈ ਸੁਭਾਇ (ਗੁ.ਗ੍ਰੰ.67)। ਮਾਰੂ ਸੋਲਹਿਆਂ ਵਿਚ ਗੁਰੂ ਦੀ ਸੇਵਾ ਦੁਆਰਾ ਸਹਿਜ- ਸਮਾਧੀ ਦੀ ਸੰਪੰਨਤਾ ਦਸੀ ਗਈ ਹੈ— ਗੁਰ ਕੀ ਸੇਵਾ ਮੀਠੀ ਲਾਗੀ ਅਨਦਿਨੁ ਸੂਖ ਸਹਜ ਸਮਾਧੀ (ਗੁ.ਗ੍ਰੰ.1050)। ਕਈ ਧਰਮੀ ਵਿਅਕਤੀ ਨਾਮ-ਸਿਮਰਨ ਵੇਲੇ ਸਮਾਧੀ ਲਗਾਉਣ ਦਾ ਉਦਮ ਕਰਦੇ ਵੇਖੇ ਗਏ ਹਨ। ਗੁਰਮੁਖ ਲਈ ਤਾਂ ਸਾਰਾ ਜੀਵਨ ਹੀ ਸਮਾਧੀ ਵਰਗਾ ਹੈ ਕਿਉਂਕਿ ਹਰ ਕੰਮ ਜਾਂ ਕ੍ਰਿਆ ਵੇਲੇ ਉਸ ਦਾ ਚਿੱਤ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-06, ਹਵਾਲੇ/ਟਿੱਪਣੀਆਂ: no

ਸਮਾਧੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸਮਾਧੀ : ਭਾਰਤੀ ਦਰਸ਼ਨ ਪਰੰਪਰਾ ਵਿੱਚ ਚਾਰਵਾਕ ਨੂੰ ਛੱਡ ਕੇ ਸਾਰੇ ਦਰਸ਼ਨ ਮੋਕਸ਼ ਪ੍ਰਾਪਤੀ ਨੂੰ ਜੀਵਨ ਦਾ ਪਰਮ ਉਦੇਸ਼ ਮੰਨਦੇ ਹਨ। ਮੋਕਸ਼ ਪ੍ਰਾਪਤੀ ਲਈ ਮਨ ਨੂੰ ਵੱਸ ਵਿੱਚ ਕਰਨਾ ਲਾਜ਼ਮੀ ਹੈ, ਜਿਸ ਨੂੰ ਯੋਗ ਦੁਆਰਾ ਕੀਤਾ ਜਾ ਸਕਦਾ ਹੈ। ਇਸ ਲਈ ਭਾਰਤੀ ਦਰਸ਼ਨ ਦੀਆਂ ਵੱਖ-ਵੱਖ ਪਰੰਪਰਾਵਾਂ ਮਨ ਨੂੰ ਵੱਸ ਵਿੱਚ ਕਰਨ ਲਈ ਯੋਗ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਸ੍ਵੀਕਾਰ ਕਰਦੀਆਂ ਹਨ। ਯੋਗ ਦਾ ਉਦੇਸ਼ ਸਮਾਧੀ ਹੈ। ਪਾਤੰਜਲੀ ਅਨੁਸਾਰ :

ਯੋਗ ਸਮਾਧੀ ਹੈ। ਵਸਤੂ ਦੇ ਸਹੀ ਸਰੂਪ ਦਾ ਪ੍ਰਗਟ ਹੋਣਾ ਹੀ ਸਮਾਧੀ ਹੈ।

ਯੋਗ ਵਿੱਚ ਪੰਜ ਤਰ੍ਹਾਂ ਦੇ ਚਿੱਤ ਪੱਧਰ ਦੱਸੇ ਗਏ ਹਨ ਜੋ ਕਿ ਇਸ ਪ੍ਰਕਾਰ ਹਨ :

1.        ਖਿੱਪਤ : ਇੱਥੇ ਰਜੋ ਗੁਣ ਪ੍ਰਧਾਨ ਹੈ ਅਤੇ ਇਸ ਵਿੱਚ ਚਿੱਤ ਇੱਕ ਵਿਸ਼ੇ ਤੋਂ ਦੂਜੇ ਵਿੱਚ ਭਟਕਦਾ ਹੈ। ਇਹ ਯੋਗ ਦੇ ਅਨੁਕੂਲ ਨਹੀਂ ਹੈ।

2.       ਮੂੜ : ਤਮੋ ਗੁਣ ਦੀ ਪ੍ਰਧਾਨਤਾ ਕਾਰਨ ਨੀਂਦ, ਆਲਸ ਆਦਿ ਦੀ ਪ੍ਰਧਾਨਤਾ ਹੁੰਦੀ ਹੈ। ਇਹ ਵੀ ਸਮਾਧੀ ਪ੍ਰਾਪਤੀ ਲਈ ਅਨੁਕੂਲ ਨਹੀਂ ਹੈ।

3.       ਵਖਿੱਪਤ : ਇਹ ਉਖੜਨ ਵਾਲੇ ਧਿਆਨ ਦੀ ਅਵਸਥਾ ਹੈ। ਇਸ ਵਿੱਚ ਚਿੱਤ ਥੋੜ੍ਹੀ ਦੇਰ ਇੱਕ ਵਿਸ਼ੇ ਵਿੱਚ ਲਗਦਾ ਹੈ ਅਤੇ ਫੇਰ ਇਸਨੂੰ ਛੱਡ ਦੂਸਰੇ ਵਿਸ਼ੇ ਵੱਲ ਚਲਾ ਜਾਂਦਾ ਹੈ।

4.       ਇਕਾਗਰ : ਇੱਥੇ ਸੱਤਵ ਗੁਣ ਪ੍ਰਧਾਨ ਹੈ ਅਤੇ ਇਸ ਵਿੱਚ ਚਿੱਤ ਇੱਕ ਵਿਸ਼ੇ ਤੇ ਟਿਕ ਜਾਂਦਾ ਹੈ। ਇਹ ਅਵਸਥਾ ਸਮਾਧੀ ਪ੍ਰਾਪਤੀ ਦੀ ਪਹਿਲੀ ਅਵਸਥਾ ਹੈ, ਕਿਉਂਕਿ ਮਨ ਦੀ ਚੰਚਲਤਾ ਘੱਟ ਹੋ ਜਾਂਦੀ ਹੈ, ਅਤੇ ਉਹ ਸਥਿਰ ਹੋ ਜਾਂਦਾ ਹੈ ਭਾਵੇਂ ਸੰਪੂਰਨ ਚਿੱਤ-ਵਿਰਤੀਆਂ ਦਾ ਇਸ ਅਵਸਥਾ ਵਿੱਚ ਨਿਰੋਧ ਨਹੀਂ ਹੁੰਦਾ। ਇਸਨੂੰ ‘ਸੰਪ੍ਰਗਿਆਤ ਯੋਗ’ ਜਾਂ ‘ਸੰਪ੍ਰਗਿਆਤ ਸਮਾਧੀ’ ਵੀ ਕਹਿੰਦੇ ਹਨ।

5.       ਨਿਰੁੱਧ : ਇਸ ਵਿੱਚ ਸੰਪੂਰਨ ਚਿੱਤ ਵਿਰਤੀਆਂ ਦਾ ਨਿਰੋਧ ਹੋ ਜਾਂਦਾ ਹੈ। ਗਿਆਤਾ ਵੀ ਲੋਪ ਹੋ ਜਾਂਦਾ ਹੈ ਅਤੇ ਚਿੱਤ ਆਪਣੀ ਸੁਭਾਵਿਕ ਸਥਿਰ ਸ਼ਾਂਤ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਨੂੰ ‘ਅਸੰਪ੍ਰਗਿਆਤ ਯੋਗ’ ਜਾਂ ‘ਅਸੰਪ੍ਰਗਿਆਤ ਸਮਾਧੀ’ ਵੀ ਕਹਿੰਦੇ ਹਨ।

ਆਖਰੀ ਦੋ ਚਿੱਤ ਦੀਆਂ ਅਵਸਥਾਵਾਂ (ਇਕਾਗਰ ਅਤੇ ਨਿਰੁੱਧ) ਨੂੰ ਸਮਾਧੀ ਯੋਗ ਕਿਹਾ ਜਾਂਦਾ ਹੈ।

ਯੋਗ ਅਨੁਸਾਰ ਜੀਵਨ ਦਾ ਪਰਮ ਪੁਰਸ਼ਾਰਥ ‘ਕੇਵਲਯ’ ਦੀ ਪ੍ਰਾਪਤੀ ਹੈ। ਇਸ ਅਵਸਥਾ ਵਿੱਚ ਪੁਰਸ਼ ਆਪਣੇ ਨਿੱਜ ਸਰੂਪ ਨੂੰ ਪਹਿਚਾਣ ਕੇ ਮੁਕਤ ਅਵਸਥਾ ਦਾ ਅਨੁਭਵ ਕਰਦਾ ਹੈ। ਇਸ ਅਵਸਥਾ ਦੀ ਪ੍ਰਾਪਤੀ ਲਈ ਯੋਗ ਵਿੱਚ ਅੱਠ ਅੰਗ ਦੱਸੇ ਗਏ ਹਨ, ਜੋ ਇਸ ਪ੍ਰਕਾਰ ਹਨ :

(ੳ) ਯਮ : ਅਹਿੰਸਾ, ਸੱਚ, ਅਸਤੇਯ (ਚੋਰੀ ਨਾ ਕਰਨਾ) ਬ੍ਰਹਮਚਰਯ ਅਤੇ ਅਪ੍ਰੀਰਕਹਿ (ਲੋੜ ਤੋਂ ਵੱਧ ਭੌਤਿਕ ਵਸਤਾਂ ਨਾ ਰੱਖਣਾ) ਪੰਜ ਯਮ ਹਨ।

(ਅ) ਨਿਯਮ : ਸੋਚ (ਅੰਦਰੂਨੀ ਅਤੇ ਬਾਹਰੀ ਸਫ਼ਾਈ), ਸੰਤੋਖ, ਤਪ, ਅਧਿਐਨ, ਈਸ਼ਵਰ ਪ੍ਰਵਿਧਾਨ ਪੰਜ ਨਿਯਮ ਹਨ।

(ੲ) ਆਸਨ : ਸਥਿਰ ਅਤੇ ਸੁਖ ਨਾਲ ਸਰੀਰ ਦਾ ਠਹਿਰਾਵ ਹੀ ਆਸਣ ਹੈ।

(ਸ) ਪ੍ਰਾਣਾਯਾਮ : ਪ੍ਰਾਣਾਂ ਦੀ ਗਤੀ ਤੇ ਸੰਜਮ ਕਰਨਾ ਪ੍ਰਾਣਾਯਾਮ ਹੈ।

(ਹ) ਪ੍ਰਤਿਆਹਾਰ : ਮਨ ਨੂੰ ਬਾਹਰੀ ਵਿਸ਼ਿਆਂ ਤੋਂ ਹਟਾ ਕੇ ਅੰਤਰਮੁਖੀ ਕਰਨਾ ਪ੍ਰਤਿਆਹਾਰ ਹੈ।

(ਕ) ਧਾਰਨਾ : ਚਿੱਤ ਨੂੰ ਇੱਕ ਥਾਂ ਤੇ ਟਿਕਾਉਣਾ ਧਾਰਨਾ ਹੈ।

(ਖ) ਧਿਆਨ : ਧਿਆਨ ਦੀ ਅਵਸਥਾ ਵਿੱਚ ਚਿੱਤ ਲਗਾਤਾਰ ਧਿਆਨ ਦੇ ਵਿਸ਼ੇ ਵੱਲ ਜਾਂਦਾ ਹੈ ਅਤੇ ਚਿੱਤ ਵਿੱਚ ਇਕਾਗਰਤਾ ਆਉਂਦੀ ਹੈ।

(ਗ) ਸਮਾਧੀ : ਇਸ ਅਵਸਥਾ ਵਿੱਚ ਚਿੱਤ ਵਿਰਤੀ ਸਮਾਪਤ ਹੋ ਜਾਂਦੀ ਹੈ। ਚਿੱਤ, ਵਿਸ਼ੇ ਅਤੇ ਧਿਆਨ ਦੀ ਪ੍ਰਕਿਰਿਆ ਇੱਕ ਹੋ ਜਾਂਦੇ ਹਨ।

ਯੋਗ ਵਿੱਚ ਸਮਾਧੀ ਦੇ ਦੋ ਭੇਦ ਦੱਸੇ ਗਏ ਹਨ :

1.        ਸੰਪ੍ਰਗਿਆਤ ਜਾਂ ਸਬੀਜ ਸਮਾਧੀ : ਇਹ ਇਕਾਗਰ ਚਿੱਤ ਦੀ ਅਵਸਥਾ ਹੈ। ਇਸ ਵਿੱਚ ਬਾਹਰੀ ਵਿਸ਼ਿਆਂ ਨਾਲ ਸੰਬੰਧਿਤ ਚਿੱਤ ਵਿਰਤੀਆਂ ਦਾ ਨਿਰੋਧ ਹੋ ਜਾਂਦਾ ਹੈ। ਇਸ ਵਿੱਚ ਚਿੱਤ ਪੂਰੀ ਤਰ੍ਹਾਂ ਧਿਆਨ ਦੇ ਵਿਸ਼ੇ ਤੇ ਕੇਂਦਰਿਤ ਹੋ ਜਾਂਦਾ ਹੈ ਅਤੇ ਚਿੱਤ ਦੀਆਂ ਹੋਰ ਵਿਰਤੀਆਂ ਨਸ਼ਟ ਹੋ ਕੇ ਇਸ ਇੱਕ ਇਕਾਗਰ ਵਿਰਤੀ ਨੂੰ ਪੁਸ਼ਟ ਕਰਦੀਆਂ ਹਨ। ਇਹ ਸਾਤਵਿਕ ਅਵਸਥਾ ਹੈ ਅਤੇ ਇਸ ਵਿੱਚ ਸਾਰੇ ਕਲੇਸ਼ ਖ਼ਤਮ ਹੋ ਜਾਂਦੇ ਹਨ ਅਤੇ ਯਥਾਰਥਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਵਿੱਚ ਕੇਵਲ ਦੱਬੇ ਹੋਏ ਪੁਰਾਣੇ ਸੰਸਕਾਰ ਹੀ ਰਹਿ ਜਾਂਦੇ ਹਨ। ਇਹ ਸੰਸਕਾਰ ਮਰਨ ਤੱਕ ਰਹਿੰਦੇ ਹਨ ਅਤੇ ਵਰਤਮਾਨ ਜੀਵਨ ਚਲਾਉਂਦੇ ਹਨ। ਇਸ ਦੇ ਚਾਰ ਭੇਦ ਹਨ :

(ੳ) ਸਵਿਤਰਕ ਸਮਾਧੀ : ਇਸ ਵਿੱਚ ਚਿੱਤ ਸਥੂਲ ਭੌਤਿਕ ਪਦਾਰਥ ਜਿਵੇਂ ਮੂਰਤੀ ਤੇ ਇਕਾਗਰ ਕੀਤਾ ਜਾਂਦਾ ਹੈ। ਇਸ ਨਾਲ ਸੰਬੰਧਿਤ ਚਿੱਤ ਪੱਧਰ ਨੂੰ ‘ਮਧੂਮਤੀ’ ਕਿਹਾ ਜਾਂਦਾ ਹੈ।

(ਅ) ਸਵਿਚਾਰ ਸਮਾਧੀ : ਇਸ ਵਿੱਚ ਚਿੱਤ ਨੂੰ ਸਥੂਲ ਤੋਂ ਸੂਖ਼ਮ ਬਣਾਇਆ ਜਾਂਦਾ ਹੈ। ਇਸ ਵਿੱਚ ਚਿੱਤ ਨੂੰ ਸੂਖ਼ਮ ਵਿਸ਼ੇ ਜਿਵੇਂ ਤਨਮਾਤਰਾ ਤੇ ਕੇਂਦਰਿਤ ਕੀਤਾ ਜਾਂਦਾ ਹੈ। ਇਸ ਨਾਲ ਸੰਬੰਧਿਤ ਚਿੱਤ-ਪੱਥਰ ਨੂੰ ਮਧੂਪ੍ਰਤੀਕਾ ਕਿਹਾ ਜਾਂਦਾ ਹੈ।

(ੲ) ਸਾਨੰਦ ਸਮਾਧੀ : ਇਸ ਵਿੱਚ ਚਿੱਤ ਨੂੰ ਸਾਤਵਿਕ ਸੂਖ਼ਮ ਵਿਸ਼ੇ ਜਿਵੇਂ ਇੰਦਰੀਆਂ ਤੇ ਕੇਂਦਰਿਤ ਕੀਤਾ ਜਾਂਦਾ ਹੈ। ਇਸ ਵਿੱਚ ਵਿਸ਼ੇ ਦਾ ਯਥਾਰਥ ਸਰੂਪ ਪ੍ਰਗਟ ਹੁੰਦਾ ਹੈ ਅਤੇ ਸੱਤਵ ਗੁਣ ਦੀ ਪ੍ਰਧਾਨਤਾ ਹੁੰਦੀ ਹੈ, ਜਿਸ ਨਾਲ ਅਨੰਦ ਉਪਜਦਾ ਹੈ। ਇਸ ਨਾਲ ਸੰਬੰਧਿਤ ਚਿੱਤ-ਪੱਧਰ ਨੂੰ ‘ਵਿਸ਼ੋਕਾ’ ਕਿਹਾ ਜਾਂਦਾ ਹੈ।

(ਸ) ਸਸਪਿਤਾ ਸਮਾਧੀ ਇਸ ਵਿੱਚ ਚਿੱਤ ਦੇ ਧਿਆਨ ਦਾ ਵਿਸ਼ੇ ਕੇਵਲ ‘ਅਸਪਿਤਾ’ ਜਾਂ ਅਹੰਕਾਰ ਹੀ ਰਹਿ ਜਾਂਦਾ ਹੈ। ਇਸ ਅਵਸਥਾ ਵਿੱਚ ਪੁਰਸ਼ ਅਤੇ ਯਥਾਰਥ ਸਰੂਪ ਨੂੰ ਜੜ੍ਹ ਪ੍ਰਕ੍ਰਿਤ ਤੋਂ ਵੱਖ ਦੇਖਦਾ ਹੈ ਅਤੇ ਆਪਣੇ ਸ਼ੁੱਧ ਸਰੂਪ ਦਾ ਸਾਖਿਆਤਕਾਰ ਕਰਦਾ ਹੈ। ਇਸ ਨਾਲ ਸੰਬੰਧਿਤ ਚਿੱਤ-ਪੱਥਰ ਨੂੰ ‘ਸੰਸਦਾਰਸੇਸਾ’ ਕਿਹਾ ਜਾਂਦਾ ਹੈ।

2.       ਅਸੰਪ੍ਰਗਿਆਤ ਜਾਂ ਨਿਰਬੀਜ ਸਮਾਧੀ : ਇਸ ਵਿੱਚ ਵਿਸ਼ੇ, ਗਿਆਤਾ ਅਤੇ ਗਿਆਨ ਦੀ ਪ੍ਰਕਿਰਿਆ ਇੱਕ ਹੋ ਜਾਂਦੇ ਹਨ ਅਤੇ ਕੇਵਲ ਪੁਰਾਣੇ ਸੰਸਕਾਰ ਹੀ ਰਹਿ ਜਾਂਦੇ ਹਨ। ਇਸਦੇ ਦੋ ਭੇਦ ਹਨ।

(ੳ) ਭਵਪ੍ਰਤਯਯ ਸਮਾਧੀ : ਵਿੱਚ ਭਾਵ ਦਾ ਅਰਥ ਅਵਿੱਦਿਆ ਹੈ ਜੋ ਪ੍ਰਕਿਰਤੀ ਵਿੱਚ ਪੁਰਸ਼ ਨੂੰ ਦੇਖਣਾ ਹੈ। ਇਸ ਅਵਸਥਾ ਵਿੱਚ ਅਵਿੱਦਿਆ ਦੇ ਸੰਸਕਾਰ ਹੀ ਰਹਿ ਜਾਂਦੇ ਹਨ।

(ਅ) ਉਪਾਏ ਯਤਯਯ ਸਮਾਧੀ : ਇਸ ਸਮਾਧੀ ਵਿੱਚ ਅਵਿੱਦਿਆ ਦਾ ਪੂਰੀ ਤਰ੍ਹਾਂ ਨਾਲ ਨਾਸ਼ ਹੋ ਜਾਂਦਾ ਹੈ, ਸਾਰੇ ਜਿਸਮਾਨੀ ਦੁੱਖਾਂ ਦਾ ਅੰਤ ਹੋ ਜਾਂਦਾ ਹੈ। ਪੁਰਸ਼ ਕਰਤਾ ਅਤੇ ਭੋਗਤਾ ਭਾਵ ਤੋਂ ਮੁਕਤ ਹੋ ਕੇ ਦ੍ਰਿਸ਼ਟਾ ਭਾਵ ਵਿੱਚ ਸਥਿਤ ਹੁੰਦਾ ਹੈ ਅਤੇ ਕੇਵਲਯ ਦੀ ਪ੍ਰਾਪਤੀ ਕਰਦਾ ਹੈ।

ਬੁੱਧ ਨੇ ਦੁੱਖ ਤੋਂ ਮੁਕਤ ਹੋਣ ਲਈ ਆਰੀਆ ਅਸ਼ਟਾਂਗ ਮਾਰਗ ਦੱਸਿਆ ਹੈ। ਸਮਾਧੀ ਇਸਦਾ ਆਖਰੀ ਪੜਾਅ ਹੈ। ਇਹ ਮਾਰਗ ਇਸ ਤਰ੍ਹਾਂ ਹੈ :

1. ਸ਼ੁੱਧ ਦ੍ਰਿਸ਼ਟੀ

2. ਸ਼ੁੱਧ ਸੰਕਲਪ

3. ਸ਼ੁੱਧ ਬਾਣੀ

4. ਸ਼ੁੱਧ ਕਰਮ

5. ਸ਼ੁੱਧ ਆਜੀਵਿਕਾ

6. ਸ਼ੁੱਧ ਪ੍ਰਯਤਨ

7. ਸ਼ੁੱਧ ਸਮ੍ਰਿਤੀ

8. ਸ਼ੁੱਧ ਸਮਾਧੀ

ਨਿਰਵਾਣ ਪ੍ਰਾਪਤ ਕਰਨ ਲਈ ਤਿੰਨ ਪ੍ਰਮੁਖ ਪੱਧਰ-ਸੀਲ, ਸਮਾਧੀ ਅਤੇ ਪ੍ਰਗਿਆ ਹਨ। ਅਹਿੰਸਾ, ਅਸਤੇਯ, ਸੱਚ, ਬ੍ਰਹਮਚਰਯ ਅਤੇ ਨਸ਼ਾ ਨਾ ਕਰਨਾ ਪੰਜ ਸ਼ੀਲ ਹਨ। ਮਨ ਨੂੰ ਵੱਸ ਵਿੱਚ ਕਰਨਾ ਸਮਾਧੀ ਹੈ ਅਤੇ ਪ੍ਰਗਿਆ ਅੰਤਰ ਮਨ ਦੇ ਵਿਕਾਰ ਕੱਢਣ ਦੀ ਪ੍ਰਕਿਰਿਆ ਹੈ।

ਬੁੱਧ ਧਰਮ ਅਨੁਸਾਰ ਸਮਾਧੀ ਵੀ ਸ਼ੁੱਧ ਹੋਣੀ ਚਾਹੀਦੀ ਹੈ। ਮਨ ਨੂੰ ਵੱਸ ਵਿੱਚ ਕਰਨਾ ਸਮਾਧੀ ਹੈ ਪਰ ਵੱਸ ਵਿੱਚ ਕਰਨ ਦੇ ਨਾਲ-ਨਾਲ ਮਨ ਦੀ ਸ਼ੁੱਧੀ ਪ੍ਰਾਪਤ ਕਰਨਾ ਹੀ ਸ਼ੁੱਧ ਸਮਾਧੀ ਹੈ, ਜੋ ਨਿਰਵਾਣ ਪ੍ਰਾਪਤੀ ਲਈ ਜ਼ਰੂਰੀ ਹੈ। ਬੁੱਧ ਮੱਤ ਵਿੱਚ ਸਮਾਧੀ ਦੀਆਂ ਚਾਰ ਅਵਸਥਾਵਾਂ ਦੱਸੀਆਂ ਗਈਆਂ ਹਨ :

1.        ਪਹਿਲੀ ਅਵਸਥਾ ਵਿੱਚ ਮਨ ਬਾਹਰੀ ਵਿਸ਼ਿਆਂ ਤੋਂ ਹਟ ਕੇ ਚਾਰ ਆਰੀਆ ਸੱਤ (ਦੁਖਵਾਦ, ਹੇਤੂਵਾਦ, ਨਿਵਾਰਣਵਾਦ ਅਤੇ ਮਾਰਗਵਾਦ) ਦਾ ਚਿੰਤਨ ਕਰਦਾ ਹੈ। ਇਸ ਅਵਸਥਾ ਵਿੱਚ ਵੈਰਾਗ ਅਤੇ ਸ਼ੁੱਧ ਵਿਚਾਰ ਕਾਰਨ ਸ਼ਾਂਤੀ ਦੀ ਅਨੁਭੂਤੀ ਹੁੰਦੀ ਹੈ।

2.       ਦੂਜੀ ਅਵਸਥਾ ਵਿੱਚ ਸੰਦੇਹ ਦੇ ਦੂਰ ਹੋਣ ਨਾਲ ਆਰੀਆ ਸੱਚ ਪ੍ਰਤਿ ਸ਼ਰਧਾ ਵਧਦੀ ਹੈ ਅਤੇ ਚਿੰਤਨ ਦੀ ਲੋੜ ਨਹੀਂ ਰਹਿੰਦੀ। ਇਸ ਅਵਸਥਾ ਵਿੱਚ ਸ਼ਾਂਤੀ ਅਤੇ ਅਨੰਦ ਦੀ ਅਨੁਭੂਤੀ ਹੁੰਦੀ ਹੈ।

3.       ਸਮਾਧੀ ਦੀ ਤੀਜੀ ਅਵਸਥਾ ਵਿੱਚ ਚਿੱਤ ਨੂੰ ਸਮਤਾ ਭਾਵ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨਾਲ ਚਿੱਤ ਵਿੱਚ ਸਮਤਾ ਭਾਵ ਦੇ ਨਾਲ-ਨਾਲ ਸਰੀਰ ਤੇ ਅਨੰਦ ਦੀਆਂ ਲਹਿਰਾਂ ਦੀ ਅਨੁਭੂਤੀ ਹੁੰਦੀ ਹੈ, ਪਰ ਇਸ ਅਨੰਦ ਅਤੇ ਸਮਾਧੀ ਪ੍ਰਤਿ ਸਮਤਾ ਭਾਵ ਆ ਜਾਂਦਾ ਹੈ।

4.       ਸਮਾਧੀ ਦੀ ਚੌਥੀ ਅਵਸਥਾ ਵਿੱਚ ਪਹਿਲੀਆਂ ਤਿੰਨੇ ਅਵਸਥਾਵਾਂ ਦੀਆਂ ਅਨੁਭੂਤੀਆਂ ਸਮਾਪਤ ਹੋ ਜਾਂਦੀਆਂ ਹਨ ਅਤੇ ਸਭ ਸੁੰਨ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਚਿੱਤ ਅਤੇ ਦੁੱਖ ਦਾ ਪੂਰੀ ਤਰ੍ਹਾਂ ਨਿਰੋਧ ਹੋ ਜਾਂਦਾ ਹੈ, ਅਤੇ ਨਿਰਵਾਣ ਦੀ ਪ੍ਰਾਪਤੀ ਹੋ ਜਾਂਦੀ ਹੈ।

ਭਾਰਤੀ ਦਰਸ਼ਨ ਪਰੰਪਰਾ ਅਨੁਸਾਰ ਜੀਵਨ ਦਾ ਪਰਮ ਪੁਰਸ਼ਾਰਥ ਜਾਂ ਮਹੱਤਵ ਮੁੱਲ ਮੋਕਸ਼ ਪ੍ਰਾਪਤੀ ਹੈ। ਦੋਵੇਂ ਵੈਦਿਕ ਅਤੇ ਸ਼੍ਰਮਣ ਪਰੰਪਰਾਵਾਂ ਮੋਕਸ਼ ਦੀ ਪ੍ਰਾਪਤੀ ਲਈ ਚਿੱਤ ਨੂੰ ਵੱਸ ਵਿੱਚ ਕਰਨਾ ਜ਼ਰੂਰੀ ਮੰਨਦੀਆਂ ਹਨ। ਇਸ ਤਰ੍ਹਾਂ ਸਮਾਧੀ ਦਾ ਭਾਰਤੀ ਦਰਸ਼ਨ ਦੀਆਂ ਵੱਖ-ਵੱਖ ਪਰੰਪਰਾਵਾਂ ਵਿੱਚ ਵਿਸ਼ੇਸ਼ ਮਹੱਤਵ ਹੈ।


ਲੇਖਕ : ਜਤਿੰਦਰ ਕੁਮਾਰ ਜੈਨ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 3344, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-18-04-25-07, ਹਵਾਲੇ/ਟਿੱਪਣੀਆਂ:

ਸਮਾਧੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਮਾਧੀ, ਇਸਤਰੀ ਲਿੰਗ : ੧. ਯੋਗ ਦੇ ਅੱਠ ਅੰਗਾਂ ਵਿਚੋਂ ਆਖਰੀ ਅੰਗ; ੨. ਧਿਆਨ ਨੂੰ ਸਭ ਪਾਸਿਉਂ ਹਟਾ ਕੇ ਇੱਕ ਨੁਕਤੇ ਤੇ ਲਾਉਣ ਦੀ ਕਿਰਿਆ, ਮਨ ਦੀ ਇਕਾਗਰਤਾ (ਲਾਗੂ ਕਿਰਿਆ : ਲਾਉਣਾ)

–ਸਮਾਧੀ ਸਥਿਤ, (ਸੰਸਕ੍ਰਿਤ) / ਵਿਸ਼ੇਸ਼ਣ : ਸਮਾਧੀ ਲਾ ਕੇ ਜਾਂ ਸਮਾਧੀ ਲਾਏ ਹੋਏ, ਧਿਆਨ ਮਗਨ, ਅਡੋਲ ਚਿੱਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-02-38-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.