ਸਰਦਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਦਾਰ [ਨਾਂਪੁ] ਆਗੂ, ਨੇਤਾ, ਲੀਡਰ , ਰਹਿਨੁਮਾ, ਮੁਖੀ; ਜ਼ਿਮੀਦਾਰ; ਸਿੱਖ ਘਰਾਣੇ ਨਾਲ਼ ਸੰਬੰਧਿਤ ਵਿਅਕਤੀ ਲਈ ਸੰਬੋਧਨੀ ਸ਼ਬਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਰਦਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਦਾਰ. ਫ਼ਾ ਪ੍ਰਧਾਨ. ਮੁਖੀਆ. ਸ਼ਿਰੋਮਣਿ। ੨ ਦੇਖੋ, ਸਰਦ। ੩ ਸਾਲ. ਵਰ੍ਹਾ. “ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ.” (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ—ਰਾਜ ਕਰੇਗਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਰਦਾਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਰਦਾਰ: ਇਹ ਮੂਲ ਰੂਪ ਵਿਚ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ — ਪ੍ਰਧਾਨ, ਮੁੱਖੀ , ਸ਼ਿਰੋਮਣੀ, ਮੋਹਰੀ। ਇਸ ਦੀ ਵਰਤੋਂ ਅਫ਼ਗ਼ਾਨ ਲੋਗ ਆਪਣੇ ਸੈਨਾ- ਨਾਇਕ, ਫ਼ੌਜ ਦੀ ਟੁਕੜੀ ਦੇ ਆਗੂ ਜਾਂ ਕੁੰਬੇ/ਕਬੀਲੇ ਦੇ ਮੁਖੀਏ ਲਈ ਕਰਦੇ ਹਨ।
ਗੁਰੂ-ਕਾਲ ਤਕ ‘ਸਿੱਖ ’ ਲਈ ‘ਭਾਈ ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਗੁਰੂ-ਸੰਤਾਨ ਜਾਂ ਮਹਾਤਮਾ ਪੁਰਸ਼ਾਂ ਲਈ ‘ਬਾਬਾ ’ ਸ਼ਬਦ ਵਰਤਿਆ ਜਾਂਦਾ ਸੀ। ਅਹਿਮਦ ਸ਼ਾਹ ਦੁਰਾਨੀ ਦੇ ਹਮਲਿਆਂ ਵੇਲੇ ਸਿੱਖ ਮਿਸਲਾਂ ਦੇ ਸੈਨਿਕ ਦਲ ਅਤੇ ਉਨ੍ਹਾਂ ਦੇ ਜੱਥੇਦਾਰ ਅਫ਼ਗ਼ਾਨਾਂ ਦੇ ਬਾਰ ਬਾਰ ਸਾਮਰਿਕ ਸੰਪਰਕ ਵਿਚ ਆਏ। ਉਨ੍ਹਾਂ ਵਿਚ ਨਾਇਕਾਂ ਲਈ ਪ੍ਰਚਲਿਤ ‘ਸਰਦਾਰ’ ਸ਼ਬਦ ਨੇ ਸਿੱਖ ਸੈਨਿਕਾਂ ਨੂੰ ਪ੍ਰਭਾਵਿਤ ਕੀਤਾ। ਫਲਸਰੂਪ ਧਾਰਮਿਕ ਜੱਥਿਆਂ ਦੇ ਨਾਇਕਾਂ ਨੂੰ ਜੱਥੇਦਾਰ ਅਤੇ ਮਿਸਲਾਂ ਦੇ ਫ਼ੌਜੀ ਨਾਇਕਾਂ ਨੂੰ ਮਿਸਲਦਾਰ ਜਾਂ ਸਰਦਾਰ ਕਿਹਾ ਜਾਣ ਲਗਿਆ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ਹਰ ਕੇਸ-ਧਾਰੀ ਸਿੱਖ ਜਾਂ ਸਿੰਘ ਲਈ ‘ਸਰਦਾਰ’ ਸ਼ਬਦ ਦੀ ਵਰਤੋਂ ਸ਼ੁਰੂ ਹੋ ਗਈ। ਪੂਰਬੀ ਪੰਜਾਬ ਦੀਆਂ ਸਿੱਖ ਰਿਆਸਤਾਂ ਨੇ ਆਪਣੇ ਅਧਿਕਾਰੀਆਂ ਦੇ ਨਾਂਵਾਂ ਨਾਲ ਭਾਵੇਂ ਉਹ ਕਿਸੇ ਧਰਮ ਦੇ ਹੋਣ , ‘ਸਰਦਾਰ’ ਸ਼ਬਦ ਵਰਤਣਾ ਸ਼ੁਰੂ ਕਰ ਦਿੱਤਾ। ਅੰਗ੍ਰੇਜ਼ ਸਰਕਾਰ ਇਸ ਸ਼ਬਦ ਦੀ ਵਰਤੋਂ ਖ਼ਿਤਾਬਾਂ ਵਿਚ ਵੀ ਕਰਨ ਲਗ ਗਈ। ਵਰਤਮਾਨ ਕਾਲ ਵਿਚ ਹਰ ਕੇਸਧਾਰੀ ਸਿੱਖ ਦੇ ਨਾਂ ਨਾਲ ਜਾਂ ਮੁਖ਼ਾਤਬ ਹੋਣ ਵੇਲੇ ‘ਸਰਦਾਰ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਹੁਣ ਇਹ ਸ਼ਬਦ ਕੇਸਧਾਰੀ ਸਿੱਖ ਦਾ ਵਾਚਕ ਬਣ ਗਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸਰਦਾਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਦਾਰ : ਫ਼ਾਰਸੀ ਵਿਚ ਸ਼ਬਦ ਸਰ (ਸਿਰ) ਅਤੇ ਦਾਰ (ਦਾਸ਼ਤਨ ਕਿਰਿਆ ਤੋਂ ਲਿਆ ਗਿਆ ਪਕੜਨਾ ਅਰਥ ਦੇਣ ਵਾਲਾ ਪਿਛੇਤਰ) ਦਾ ਅਰਥ ਹੈ ਮੁਖੀ ਹੋਣਾ। ਇਹ ਇਕ ਸਨਮਾਨ ਸੂਚਕ ਸ਼ਬਦ ਹੈ ਜਿਸ ਦਾ ਭਾਵ ਹੈ ਕਿ ਇਕ ਅਫ਼ਸਰ ਜਿਵੇਂ ਜਨਰਲ ਜਾਂ ਕਬੀਲੇ ਜਾਂ ਕਿਸੇ ਸੰਸਥਾ ਦਾ ਮੁਖੀ। ਸਿੱਖਾਂ ਵਿਚ ਗੁਰੂਆਂ ਦੇ ਸਮੇਂ ਵਿਚ ਅਤੇ ਇਹਨਾਂ ਤੋਂ ਅੱਧੀ ਸਦੀ ਬਾਅਦ ਤਕ ਉੱਚੇ ਅਹੁਦੇ ਨੂੰ ਦੱਸਣ ਲਈ ਭਾਈ ਜਾਂ ਕਦੇ ਕਦੇ ਬਾਬਾ ਤੋਂ ਇਲਾਵਾ ਹੋਰ ਕੋਈ ਸ਼ਬਦ ਵਰਤੋਂ ਵਿਚ ਨਹੀਂ ਸੀ। ਇਹ ਵੱਡੀ ਉਮਰ ਜਾਂ ਗੁਰੂਆਂ ਨਾਲ ਸੰਬੰਧਿਤ ਵਿਅਕਤੀਆਂ ਲਈ ਸਤਿਕਾਰ ਦੇ ਸੂਚਕ ਸਨ। ਪਿੱਛੋਂ ਅਹਮਦ ਸ਼ਾਹ ਦੁੱਰਾਨੀ ਅਧੀਨ ਅਫ਼ਗਾਨ ਹਮਲਾਵਰਾਂ ਵਿਰੁੱਧ ਲੜ ਰਹੇ ਸਿੱਖ ਜਥਿਆਂ ਦੇ ਮੁਖੀਆਂ ਲਈ ‘ਸਰਦਾਰ` ਸ਼ਬਦ ਅਪਣਾ ਲਿਆ ਗਿਆ ਅਤੇ ਸਿੱਖ ਇਸ ਦੀ ਵਰਤੋਂ ਕਰਨ ਲੱਗ ਪਏ। ਮਿਸਲ ਸਮੇਂ ਵਿਚ ਸਿੱਖਾਂ ਦੀ ਲੜਾਕੂ ਫ਼ੌਜ ਦਾ ਵਿਸਤਾਰ ਹੋ ਜਾਣ ਨਾਲ ਸਿੱਖ ਸਰਦਾਰਾਂ ਦੀ ਗਿਣਤੀ ਵੀ ਬਹੁਤ ਵੱਧ ਗਈ ਸੀ। ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਵਾਰਸਾਂ ਦੇ ਰਾਜ ਸਮੇਂ ਸਾਰੇ ਅੰਮ੍ਰਿਤਧਾਰੀ ਸਿੱਖਾਂ ਅਤੇ ਆਮ ਸਿੱਖਾਂ ਲਈ ਜਿਨ੍ਹਾਂ ਦੇ ਨਾਂ ਪਿੱਛੇ ਸਿੰਘ ਲਗਦਾ ਸੀ ‘ਸਰਦਾਰ` ਵਰਤਿਆ ਜਾਣ ਲੱਗਾ ਭਾਵੇਂ ਕਿ ਸਰਕਾਰੀ ਤੌਰ ਤੇ ਇਹ ਪਦਵੀ ਕਾਫ਼ੀ ਸ਼ੁਹਰਤ ਵਾਲੀ ਸੀ ਜਿਹੜੀ ਜਨਰਲ ਨੂੰ ਦਿੱਤੀ ਜਾਂਦੀ ਸੀ। ਬ੍ਰਿਟਿਸ਼ ਸਰਕਾਰ ਨੇ ਵੀ ਚੋਣਵੇਂ ਢੰਗ ਨਾਲ ਇਸ ਸ਼ਬਦ ਦੀ ਵਰਤੋਂ ਕੀਤੀ। ਸਰਦਾਰ ਸਾਹਿਬ ਅਤੇ ਸਰਦਾਰ ਬਹਾਦਰ ਦੇ ਖਿਤਾਬ ਦਿੱਤੇ ਗਏ ਪਰ ਇਹ ਕੇਵਲ ਸਿੱਖਾਂ ਨੂੰ ਹੀ ਨਹੀਂ ਦਿੱਤੇ ਜਾਂਦੇ ਸਨ। ਸਿੱਖ ਰਿਆਸਤਾਂ ਜਿਵੇਂ ਪਟਿਆਲਾ , ਨਾਭਾ , ਜੀਂਦ , ਕਪੂਰਥਲਾ , ਫਰੀਦਕੋਟ ਅਤੇ ਕਲਸੀਆ ਵਿਚ ਵੀ ‘ਸਰਦਾਰ` ਬਿਨਾ ਕਿਸੇ ਧਾਰਮਿਕ ਪੱਖਪਾਤ ਦੇ ਇਕ ਸਰਕਾਰੀ ਅਹੁਦੇ ਦੇ ਤੌਰ ਤੇ ਦਿੱਤਾ ਜਾਂਦਾ ਸੀ। ਫ਼ੌਜ ਵਿਚ ਇਹ ਬ੍ਰਿਟਿਸ਼ ਅਤੇ ਅਜ਼ਾਦ ਭਾਰਤ ਵਿਚ ਜੂਨੀਅਰ ਕਮੀਸ਼ੰਡ ਅਫ਼ਸਰਾਂ ਜੋ ਅਜ਼ਾਦੀ ਤੋਂ ਪਹਿਲਾਂ ਵਾਈਸਰਾਇ ਦੇ ਕਮੀਸ਼ੰਡ ਅਫਸਰ ਸਨ (ਵੀ.ਸ.ਓ.) ਨੂੰ ਸਰਦਾਰ ਸਾਹਿਬਾਨ ਕਿਹਾ ਜਾਂਦਾ ਸੀ। ਆਮ ਕਰਕੇ ਹਰ ਸਿੱਖ ਜਿਸ ਦੇ ਪੱਗ ਬੰਨੀ ਹੋਵੇ ਅਤੇ ਕੇਸ ਰੱਖੇ ਹੋਣ ਨੂੰ ਸਰਦਾਰ ਜੀ ਕਰਕੇ ਬੁਲਾਇਆ ਜਾਂਦਾ ਹੈ ਅਤੇ ਸਿੱਖ ਨਾਵਾਂ ਦੇ ਪਹਿਲਾਂ ਰਿਵਾਜਨ ਹੀ ਮਿਸਟਰ ਦੀ ਥਾਂ ਤੇ ਸਰਦਾਰ ਅਤੇ ਮਿਸਿਜ਼ ਦੀ ਥਾਂ ਤੇ ਸਰਦਾਰਨੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।
ਲੇਖਕ : ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸਰਦਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰਦਾਰ, (ਫ਼ਾਰਸੀ) / ਪੁਲਿੰਗ : ੧. ਆਗੂ, ਮੁਖੀਆ, ਪਰਧਾਨ, ਲੀਡਰ, ਹਾਕਮ, ਸ਼ਰੋਮਣੀ; ੨. ਸਿੱਖ ਨੂੰ ਬੁਲਾਉਣ ਜਾਂ ਸੰਬੋਧਨ ਕਰਨ ਦਾ ਸ਼ਬਦ, ਸਿੱਖ ਦਾ ਕੌਮੀ ਲਕਬ ਜਿਵੇਂ ਪਠਾਣ ਦਾ ਖਾਨ ਹੈ, ਸਿੱਖ ਲਈ ਆਦਰਵਾਚੀ ਸ਼ਬਦ; ੩. ਅਮੀਰ, ਧਨਵਾਨ; ੪. ਕਿਸੇ ਇਲਾਕੇ ਦਾ ਮਾਲਕ
–ਸਰਦਾਰਨੀ, ਇਸਤਰੀ ਲਿੰਗ : ਸਰਦਾਰ ਦੀ ਵਹੁਟੀ, ਚੌਧਰਾਣੀ, ਸਿੱਖ ਇਸਤਰੀ ਲਈ ਆਦਰਵਾਦੀ ਸ਼ਬਦ
–ਸਰਦਾਰੀ, ਇਸਤਰੀ ਲਿੰਗ : ੧. ਸਰਦਾਰ ਦੀ ਪਦਵੀ, ਅਧਿਕਾਰੀ ਹੋਣ ਦਾ ਭਾ, ਅਫਸਰੀ, ਹਕੂਮਤ; ੨. ਮੁਹਰ, ਪਰਧਾਨਤਾ, ਚੌਧਰ, ਮੁਖਤਿਆਰੀ, ਪਰਧਾਨਤਾਈ; ੩. ਮਾਣ, ਇੱਜ਼ਤ; ੪. ਸਰਦਾਰ ਹੋਣ ਵਜੋਂ ਮਿਲਣ ਵਾਲੀ ਕੋਈ ਰਕਮ, ਚੀਜ਼, ਰਿਆਇਤ ਜਾਂ ਖ਼ਿਤਾਬ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-03-05-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First