ਸਵਰ-ਸੰਯੋਗ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸਵਰ-ਸੰਯੋਗ: ਇਸ ਸੰਕਲਪ ਦੀ ਵਰਤੋਂ ਧੁਨੀ-ਵਿਉਂਤ ਵਿਚ ਕੀਤੀ ਜਾਂਦੀ ਹੈ। ਉਚਾਰਨ-ਵਿਧੀ ਅਤੇ ਉਚਾਰਨ-ਪਰਕਿਰਿਆ ਦੇ ਅਧਾਰ ’ਤੇ ਧੁਨੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ਵਿਅੰਜਨ ਧੁਨੀਆਂ ਅਤੇ ਸਵਰ ਧੁਨੀਆਂ। ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਉਚਾਰਕ ਅਤੇ ਉਚਾਰਨ ਸਥਾਨ ਆਪਸ ਵਿਚ ਖਹਿੰਦੇ ਜਾਂ ਸਪਰਸ਼ ਕਰਦੇ ਹਨ ਜਦੋਂ ਕਿ ਸਵਰ ਧੁਨੀਆਂ ਦੇ ਉਚਾਰਨ ਵੇਲੇ ਉਚਾਰਕ ਅਤੇ ਉਚਾਰਨ ਸਥਾਨ ਆਪਸ ਵਿਚ ਖਹਿੰਦੇ ਜਾਂ ਸੰਪਰਕ ਵਿਚ ਨਹੀਂ ਆਉਂਦੇ ਅਤੇ ਇਨ੍ਹਾਂ ਦਾ ਸੰਪਰਕ ਸੁਣਨਯੋਗ ਨਹੀਂ ਹੁੰਦਾ। ਉਚਾਰ-ਖੰਡ ਦੀ ਬਣਤਰ ਦਾ ਧੁਰਾ ਸਵਰ (Vocalic sounds) ਹੁੰਦੇ ਹਨ। ਜਦੋਂ ਕਿਸੇ ਉਚਾਰ-ਖੰਡ ਦੀ ਬਣਤਰ ਵਿਚ ਇਕੋ ਹੀ ਸਵਰ ਵਿਚਰਦਾ ਹੈ ਤਾਂ ਉਸ ਨੂੰ ਇਕਹਿਰਾ ਸਵਰ-ਸੰਯੋਗ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦਾ ਵਿਚਰਨ ਦੋਹਰਾ ਜਾਂ ਤੀਹਰਾ ਹੋ ਸਕਦਾ ਹੈ। ਦੋਹਰੇ ਸਵਰਾਂ ਦੇ ਵਿਚਰਨ ਨੂੰ ਦੋਹਰੇ ਸਵਰ ਕਿਹਾ ਜਾਂਦਾ ਹੈ। ਇਨ੍ਹਾਂ ਦੀ ਬਣਤਰ ਲਘੂ+ਦੀਰਘਲਈ (ਲ ) ਵਾਲੀ ਹੁੰਦੀ ਹੈ। ਇਸ ਤੋਂ ਉਲਟ ਜਦੋਂ ਦੋ ਜਾਂ ਦੋ ਤੋਂ ਵਧੇਰੇ ਸਵਰ ਇਕੱਠੇ ਉਚਾਰੇ ਜਾਣ ਅਤੇ ਉਹ ਦੋ ਵੱਖੋ ਵੱਖਰੇ ਉਚਾਰ-ਖੰਡਾਂ ਦੇ ਕੇਂਦਰ ਬਿੰਦੂ ਹੋਣ ਅਤੇ ਉਨ੍ਹਾਂ ਦੇ ਵਿਚਕਾਰ ਕੋਈ ਵਿਅੰਜਨ ਧੁਨੀ ਨਾ ਵਿਚਰਦੀ ਹੋਵੇ, ਸ਼ਬਦਾਂ ਦੀ ਉਸ ਸਥਿਤੀ ਵਿਚ ਸਵਰਾਂ ਦੇ ਵਿਚਰਨ ਨੂੰ ਸਵਰ-ਸੰਯੋਗ ਕਿਹਾ ਜਾਂਦਾ ਹੈ। ਪੰਜਾਬੀ ਵਿਚ ਆਮ ਤੌਰ ’ਤੇ ਸਵਰ-ਸੰਯੋਗ ਵਿਚਲੇ ਸਵਰਾਂ ਦਾ ਵਿਚਰਨ ਦੀਰਘ+ਦੀਰਘ ਹੁੰਦਾ ਹੈ ਪਰ ਇਸ ਤੋਂ ਇਲਾਵਾ ਇਨ੍ਹਾਂ ਦਾ ਵਿਚਰਨ ਲਘੂ+ਲਘੂ ਅਤੇ ਲਘੂ+ਦੀਰਘ ਵੀ ਹੋ ਸਕਦਾ ਹੈ। ਪੰਜਾਬੀ ਵਿਚ (ਐ ਅਤੇ ਔ) ਦੀਰਘ ਸਵਰ, ਸਵਰ-ਸੰਯੋਗ ਦੇ ਪਹਿਲੇ ਮੈਂਬਰਾਂ ਵਜੋਂ ਨਹੀਂ ਵਿਚਰ ਸਕਦੇ ਅਤੇ (ਐ) ਤਾਂ ਕਿਸੇ ਪਰਕਾਰ ਦੇ ਸਵਰ-ਸੰਯੋਗ ਦਾ ਮੈਂਬਰ ਨਹੀਂ ਹੁੰਦਾ। ਸ਼ਬਦ ਦੀ ਬਣਤਰ ਵਿਚ ਵਿਚਰਨ ਵਾਲੇ ਸਵਰਾਂ ਦੇ ਸੰਯੋਗ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਜਿਵੇਂ : (i) ਲਘੂ+ਲਘੂ (ii) ਲਘੂ+ਦੀਰਘ ਅਤੇ (iii) ਦੀਰਘ+ਦੀਰਘ। ਲਘੂ+ਲਘੂ ਦੇ ਵਿਚਰਨ ਵਿਚ ਦੋਵੇਂ ਸਵਰ ਲਘੂ ਹੁੰਦੇ ਹਨ, ਜਿਵੇਂ : ਵਿਅੰਗ (ਵ ਇ ਅ ਙ ਗ) ਵਿਚ (ਇ ਤੇ ਅ) ਲਘੂ ਸਵਰ-ਸੰਯੋਗ ਹੈ। ਲਘੂ+ਦੀਰਘ, ਸਵਰ-ਸੰਯੋਗ ਦੇ ਵਿਚਰਨ ਵਿਚ ਪਹਿਲਾ ਸਵਰ ਲਘੂ ਅਤੇ ਦੂਜਾ ਦੀਰਘ ਹੁੰਦਾ ਹੈ। ਜਿਵੇਂ : ਪਿਓ (ਪ ਇ ਓ) ਵਿਚ (ਇ) ਲਘੂ ਤੇ (ਓ) ਦੀਰਘ ਹੈ। ਤੀਜੀ ਪਰਕਾਰ ਦੇ ਸਵਰ-ਸੰਯੋਗ ਦੀ ਬਣਤਰ ਦੀਰਘ+ਦੀਰਘ ਹੁੰਦੀ ਹੈ, ਜਿਵੇਂ : ਜਾਊ (ਜ ਅ ਊ) ਵਿਚ (ਆ) ਅਤੇ (ਊ) ਦੀਰਘ ਸਵਰ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.