ਸਹੇੜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਹੇੜੀ. ਸਹੇੜਨਾ ਦਾ ਭੂਤ. ਦੇਖੋ, ਸਹੇੜਨਾ। ੨ ਸੰਗ੍ਯਾ—ਜਿਲਾ ਅੰਬਾਲਾ , ਤਸੀਲ ਰੋਪੜ, ਥਾਣਾ ਮੋਰੰਡਾ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਸਰਹਿੰਦ ਤੋਂ ੧੧ ਮੀਲ ਉੱਤਰ ਪੂਰਵ ਹੈ. ਇਸ ਪਿੰਡ ਤੋਂ ਪੱਛਮ ਵੱਲ ਤਕਰੀਬਨ ਇੱਕ ਫਰਲਾਂਗ ਤੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਇਹ ਗੰਗੂ ਬ੍ਰਾਹਮਣ ਦਾ ਪਿੰਡ ਸੀ. ਮਾਤਾ ਗੂਜਰੀ ਜੀ ਨੂੰ ਦੋਹਾਂ ਸਾਹਿਬਜ਼ਾਦਿਆਂ ਸਮੇਤ, ਇਹ ਕ੍ਰਿਤਘਨ ਇੱਥੇ ਹੀ ਨਾਲ ਲੈ ਆਇਆ ਸੀ ਅਤੇ ਮੋਰੰਡੇ ਦੇ ਹਾਕਮ ਨੂੰ ਖਬਰ ਦੇਕੇ ਤੇਹਾਂ ਨੂੰ ਫੜਾ ਦਿੱਤਾ ਸੀ. ਗੁਰੁਦ੍ਵਾਰੇ ਦੀ ਇਮਾਰਤ ਨਹੀਂ ਬਣੀ, ਕੇਵਲ ਮੰਜੀ ਸਾਹਿਬ ਹੈ. ਇਤਿਹਾਸਕਾਰਾਂ ਨੇ ਇਸੇ ਦਾ ਨਾਉਂ ਖੇੜੀ ਲਿਖਿਆ ਹੈ. ਖੇੜੀ ਬੰਦਾ ਬਹਾਦੁਰ ਨੇ ਥੇਹ ਕਰ ਦਿੱਤੀ ਸੀ, ਮੁੜਕੇ ਜੋ ਨਵੀਂ ਬਸਤੀ ਆਬਾਦ ਹੋਈ, ਉਸ ਦਾ ਨਾਉਂ ਸਹੇੜੀ ਹੋਇਆ. ਦੇਖੋ, ਖੇੜੀ ੩ ਅਤੇ ਗੰਗੂ ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਹੇੜੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਹੇੜੀ (ਪਿੰਡ): ਰੋਪੜ ਜ਼ਿਲ੍ਹੇ ਦਾ ਇਕ ਪਿੰਡ , ਜਿਥੋਂ ਦਾ ਨਿਵਾਸੀ ਅਤੇ ਗੁਰੂ-ਘਰ ਦਾ ਰਸੋਈਆ ਗੰਗੂ ਬ੍ਰਾਹਮਣ ਸਰਸਾ ਨਦੀ ਨੂੰ ਪਾਰ ਕਰਨ ਵੇਲੇ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਛੜ ਗਏ ਉਨ੍ਹਾਂ ਦੇ ਮਾਤਾ ਗੂਜਰੀ ਜੀ ਅਤੇ ਦੋ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪਣੇ ਘਰ ਆ ਗਿਆ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਉਮਰ ਉਦੋਂ ਨੌਂ ਸਾਲ ਦੀ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਦੀ ਸੱਤ ਸਾਲ ਦੀ ਸੀ। ਇਸ ਪਿੰਡ ਦਾ ਪਹਿਲਾ ਨਾਂ ‘ਖੇੜੀ ’ ਸੀ। ਸੰਨ 1710 ਈ. ਵਿਚ ਬਾਬਾ ਬੰਦਾ ਬਹਾਦਰ ਨੇ ਇਸ ਨੂੰ ਤਹਿਸ-ਨਹਿਸ ਕਰ ਦਿੱਤਾ। ਉਸ ਪਿੰਡ ਦੇ ਥੇਹ ਉਤੇ ਜੋ ਨਵਾਂ ਪਿੰਡ ਉਸਰਿਆ, ਉਸ ਨੂੰ ‘ਸਹੇੜੀ’ ਨਾਂ ਦਿੱਤਾ ਗਿਆ। ਜਦੋਂ ਮਾਤਾ ਜੀ ਅਤੇ ਸਾਹਿਬਜ਼ਾਦੇ ਘਰ ਦੀ ਅਟਾਰੀ ਵਿਚ ਆਰਾਮ ਕਰ ਰਹੇ ਸਨ ਤਾਂ ਗੰਗੂ ਨੇ ਖੁਰਜੀ ਵਿਚੋਂ ਮਾਤਾ ਜੀ ਦਾ ਸਾਰਾ ਧਨ ਅਤੇ ਕੀਮਤੀ ਵਸਤੂਆਂ ਚੁਰਾ ਲਈਆਂ।
ਇਥੇ ਹੀ ਬਸ ਨਹੀਂ , ਉਸ ਨੇ ਇਨਾਮ ਦੇ ਲਾਲਚ ਵਿਚ ਮੋਰਿੰਡਾ ਦੇ ਦੋ ਮੁਖੀਆਂ— ਜਾਨੀ ਖ਼ਾਨ ਅਤੇ ਮਾਨੀ ਖ਼ਾਨ ਰੰਘੜ—ਦੁਆਰਾ ਤਿੰਨਾਂ ਨੂੰ ਪਕੜਵਾ ਕੇ ਸਰਹਿੰਦ ਭਿਜਵਾ ਦਿੱਤਾ, ਜਿਥੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣਿਆ ਗਿਆ ਅਤੇ ਮਾਤਾ ਜੀ ਬੁਰਜ ਤੋਂ ਡਿਗ ਕੇ ਮਹਾਪ੍ਰਸਥਾਨ ਕਰ ਗਏ। ਇਸ ਪਿੰਡ ਵਿਚ ਤਿੰਨ ਇਤਿਹਾਸਿਕ ਗੁਰਦੁਆਰੇ ਹਨ। ਇਕ ਗੁਰਦੁਆਰਾ ਗੰਗੂ ਦੇ ਘਰ ਵਾਲੀ ਥਾਂ ਉਤੇ ਉਸਰਿਆ ਹੋਇਆ ਹੈ। ਦੂਜਾ ਗੁਰਦੁਆਰਾ ਪਿੰਡ ਦੇ ਬਾਹਰਵਾਰ ਉਸ ਥਾਂ ਉਤੇ ਉਸਰਿਆ ਹੋਇਆ ਹੈ ਜਿਥੇ ਗੰਗੂ ਨੇ ਤਿੰਨਾਂ ਨੂੰ ਮੁਗ਼ਲ ਹਾਕਮਾਂ ਦੇ ਹਵਾਲੇ ਕੀਤਾ ਸੀ। ਇਨ੍ਹਾਂ ਦੋਹਾਂ ਗੁਰਦੁਆਰਿਆਂ ਦੀ ਵਿਵਸਥਾ ਪਿੰਡ ਦੀ ਸੰਗਤ ਕਰਦੀ ਹੈ।
ਤੀਜਾ ਗੁਰਦੁਆਰਾ ਪਿੰਡ ਤੋਂ ਲਗਭਗ ਅੱਧੇ ਕਿ.ਮੀ. ਦੀ ਵਿਥ ’ਤੇ ਖੇਤਾਂ ਵਿਚ ਬਣਿਆ ਹੋਇਆ ਹੈ। ਕਹਿੰਦੇ ਹਨ ਖੇੜੀ ਦਾ ਰਸਤਾ ਖੁੰਝ ਕੇ ਗੰਗੂ ਹੋਰ ਰਸਤੇ ਪੈ ਗਿਆ। ਜਦੋਂ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਤਾਂ ਉਹ ਤਿੰਨਾਂ ਨੂੰ ਉਥੇ ਅੰਬਾਂ ਦੇ ਇਕ ਬਾਗ਼ ਵਿਚ ਬਿਠਾ ਕੇ ਆਪ ਸਹੀ ਰਸਤਾ ਲਭਣ ਲਈ ਨੇੜਲੇ ਪਿੰਡ ਗਿਆ। ਉਸ ਸਥਾਨ ਉਤੇ ਹੁਣ ਜੋ ਗੁਰਦੁਆਰਾ ਬਣਿਆ ਹੋਇਆ ਹੈ, ਉਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸਹੇੜੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਹੇੜੀ : ਪੰਜਾਬ ਦੇ ਜ਼ਿਲਾ ਰੋਪੜ ਵਿਚ ਮੋਰਿੰਡਾ ਦੇ ਪੱਛਮ ਵੱਲ ਦੋ ਕਿਲੋਮੀਟਰ ਦੀ ਦੂਰੀ ਤੇ ਇਹ ਇਕ ਪਿੰਡ ਹੈ ਜਿਸਦਾ ਪਹਿਲਾ ਨਾਂ ਖੇੜੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ 1710 ਵਿਚ ਇਸ ਨੂੰ ਤਬਾਹ ਕਰ ਦਿੱਤਾ ਸੀ। ਇਸ ਬਰਬਾਦ ਹੋਏ ਪਿੰਡ ਦੇ ਪੁਰਾਣੇ ਨਾਂ ਨਾਲ ਜੁੜੀ ਦੁੱਖਮਈ ਘਟਨਾ ਕਾਰਨ ਇਸ ਦੀ ਪੁਨਰ ਵੱਸੋਂ ਨੇਂ ਇਸ ਪਿੰਡ ਦਾ ਨਾਂ ਬਦਲ ਕੇ ਸਹੇੜੀ ਰਖ ਦਿੱਤਾ। ਇਹ ਖੇੜੀ ਪਿੰਡ ਹੀ ਸੀ ਜਿਥੇ ਮਾਤਾ ਗੁਜਰੀ ਜੀ ਨੂੰ ਆਪਣੇ ਦੋਹਾਂ 9 ਅਤੇ 7 ਸਾਲਾਂ ਦੇ ਪੋਤਰਿਆਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ, ਨਾਲ ਧੋਖਾ ਕਰਕੇ ਉਹਨਾਂ ਨੂੰ ਫੜਵਾ ਦਿੱਤਾ ਗਿਆ ਸੀ। 5-6 ਦਸੰਬਰ 1705 ਦੀ ਰਾਤ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਹੜ੍ਹ ਵਿਚ ਆਈ ਸਰਸਾ ਨਦੀ ਪਾਰ ਕੀਤੀ ਤਾਂ ਇਹ ਉਹਨਾਂ ਦੀ ਸੈਨਾ ਦੀ ਮੁਖ ਟੁਕੜੀ ਤੋਂ ਵੱਖ ਹੋ ਗਏ ਅਤੇ ਉਹਨਾਂ ਦਾ ਰਸੋਈਆ ਗੰਗੂ ਇਹਨਾਂ ਨੂੰ ਆਪਣੇ ਘਰ ਖੇੜੀ ਲੈ ਆਇਆ। ਪੈਂਡਾ ਬੜਾ ਸੰਕਟਮਈ ਤੇ ਕਸ਼ਟਕਾਰੀ ਸੀ, ਇਸ ਲਈ ਹੌਲੇ ਹੌਲੇ 6-7 ਦਸੰਬਰ ਦੀ ਰਾਤ ਨੂੰ ਗੰਗੂ ਨਾਲ ਆਪਣੇ ਟਿਕਾਣੇ ਤੇ ਪੁੱਜੇ। ਜਦੋਂ ਇਹ ਤਿੰਨੇ ਉਸ ਦੇ ਘਰ ਅਰਾਮ ਕਰ ਰਹੇ ਸਨ ਤਾਂ ਗੰਗੂ ਨੇ ਮਾਤਾ ਗੁਜਰੀ ਦੀ ਨਕਦੀ ਤੇ ਵੱਡ ਮੁੱਲੀਆਂ ਵਸਤਾਂ ਵਾਲੀ ਪੋਟਲੀ ਚੋਰੀ ਕਰ ਲਈ। ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਉਹਨਾਂ ਦੇ ਦੋਹਾਂ ਸਾਹਿਬਜ਼ਾਦਿਆਂ ਨੂੰ ਪਕੜਾਉਣ ਬਦਲੇ ਸਰਕਾਰ ਵੱਲੋਂ ਇਨਾਮ ਮਿਲਣ ਦੀ ਆਸ ਨਾਲ ਗੰਗੂ ਨੇ ਪਿੰਡ ਦੇ ਨੰਬਰਦਾਰ ਰਾਹੀਂ ਮੋਰਿੰਡਾ ਦੇ ਸਰਕਾਰੀ ਹਾਕਮਾਂ, ਜਾਨੀ ਖ਼ਾਨ ਤੇ ਮਾਨੀ ਖ਼ਾਨ ਰੰਘੜ ਪਾਸ ਮੁਖ਼ਬਿਰੀ ਕਰ ਦਿੱਤੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਫੜ ਲਏ ਗਏ ਅਤੇ ਉਹਨਾਂ ਨੂੰ ਸਰਹਿੰਦ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਨੂੰ 13 ਪੋਹ , 1762 ਬਿ/12 ਦਸੰਬਰ 1705 ਨੂੰ ਜੀਉਂਦੇ ਜੀ ਦੀਵਾਰਾਂ ਵਿਚ ਚਿਣਵਾ ਦਿੱਤਾ ਗਿਆ।
ਸਹੇੜੀ ਵਿਚ ਤਿੰਨ ਗੁਰਦੁਆਰੇ ਹਨ। ਇਸ ਪਿੰਡ ਵਿਚ ਹੀ ਗੰਗੂ ਦੇ ਘਰ ਵਾਲੀ ਥਾਂ ਉੱਤੇ ਦੋ ਮੰਜ਼ਲੀ ਗੁੰਬਦਦਾਰ ਇਮਾਰਤ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਪਰਲੀ ਮੰਜਲ ਉੱਤੇ ਕੀਤਾ ਜਾਂਦਾ ਹੈ ਅਤੇ ਜ਼ਮੀਨੀ ਮੰਜ਼ਲ ਵਾਲੇ ਹਾਲ ਨੂੰ ਵਿਸ਼ੇਸ਼ ਸਮਾਗਮਾਂ ਵਿਚ ਵੱਡੀ ਗਿਣਤੀ ‘ਚ ਇਕੱਤਰ ਹੋਈ ਸੰਗਤ ਲਈ ਵਰਤਿਆ ਜਾਂਦਾ ਹੈ। ਪਿੰਡ ਤੋਂ ਬਾਹਰ ਦਾ ਗੁਰਦੁਆਰਾ ਉਹ ਅਸਥਾਨ ਮੰਨਿਆ ਜਾਂਦਾ ਹੈ ਜਿਥੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਸਰਕਾਰੀ ਹਾਕਮਾਂ ਦੇ ਹਵਾਲੇ ਕੀਤਾ ਗਿਆ ਸੀ।
ਇਹਨਾਂ ਦੋਹਾਂ ਗੁਰਦੁਆਰਿਆਂ ਦਾ ਪ੍ਰਬੰਧ ਸਹੇੜੀ ਪਿੰਡ ਦੀ ਸਿੱਖ ਸੰਗਤ ਵੱਲੋਂ ਕੀਤਾ ਜਾਂਦਾ ਹੈ। ਤੀਜਾ ਗੁਰਦੁਆਰਾ ਪਿੰਡ ਤੋਂ ਅੱਧੇ ਕਿਲੋਮੀਟਰ ਦੀ ਦੂਰੀ ਉੱਤੇ ਖੇਤਾਂ ਵਿਚ ਸਥਿਤ ਹੈ ਅਤੇ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕਾਲੀ ਬੋਲੀ ਰਾਤ ਵਿਚ ਗੰਗੂ, ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਨਾਲ ਨਾਲ ਆਪਣੇ ਪਿੰਡ ਖੇੜੀ ਜਾ ਰਿਹਾ ਸੀ, ਤਾਂ ਉਹ ਪਿੰਡ ਦਾ ਰਸਤਾ ਭੁੱਲ ਗਿਆ। ਇਵੇਂ ਗ਼ਲਤੀ ਨਾਲ ਪਿੰਡ ਰੰਗੀਆਂ ਜਾ ਪੁੱਜਾ। ਠੀਕ ਰਸਤਾ ਲੱਭਣ ਲਈ ਉਸ ਨੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਅੰਬਾਂ ਦੇ ਇਕ ਬਗੀਚੇ ਵਿਚ ਉਦੋਂ ਤੱਕ ਉਡੀਕਣ ਲਈ ਕਿਹਾ ਜਦੋਂ ਤਕ ਉਹ ਆਪਣੇ ਪਿੰਡ ਦਾ ਰਸਤਾ ਨਾ ਲੱਭ ਲਵੇ। ਇਹ ਤੀਜਾ ਗੁਰਦੁਆਰਾ ਉਸ ਅੰਬਾਂ ਦੇ ਬਾਗ ਵਾਲੀ ਥਾਂ ਦੀ ਪਛਾਣ ਕਰਾਉਂਦਾ ਹੈ।
ਲੇਖਕ : ਮ.ਗ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸਹੇੜੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸਹੇੜੀ: ਪੰਜਾਬ ਦੇ ਰੋਪੜ ਜ਼ਿਲ੍ਹੇ ਵਿਚ ਸਿੱਖਾਂ ਦਾ ਇਕ ਇਤਿਹਾਸਕ ਪਿੰਡ ਹੈ ਜੋ ਮੋਰਿੰਡੇ ਤੋਂ 3.2 ਕਿ. ਮੀ. ਉੱਤਰ ਅਤੇ ਰੋਪੜ ਤੋਂ 16 ਕਿ. ਮੀ. ਦੱਖਣ ਵੱਲ ਸਥਿਤ ਹੈ। ਮੋਰਿੰਡੇ ਤੇ ਇਸ ਪਿੰਡ ਦੇ ਵਿਚਕਾਰ ਇਕ ਬੜੀ ਭਾਰੀ ਖੰਡ ਦੀ ਮਿਲ ਲੱਗੀ ਹੋਈ ਹੈ। ਇਸੇ ਕਾਰਨ ਮੋਰਿੰਡੇ ਤੋਂ ਇਸ ਪਿੰਡ ਤਕ ਸੜਕ ਦੇ ਦੋਵੇਂ ਪਾਸੇ ਆਬਾਦੀ ਹੋ ਗਈ ਹੈ। ਪ੍ਰਾਚੀਨ ਸਿੱਖ ਇਤਿਹਾਸ ਵਿਚ ਇਸ ਪਿੰਡ ਦਾ ਨਾਂ ਖੇੜੀ ਜਾਂ ਉਖੇੜੀ ਆਉਂਦਾ ਹੈ। ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਪਟੀ ਨੌਕਰ ਗੰਗੂ ਇਸ ਪਿੰਡ ਦਾ ਰਹਿਣ ਵਾਲਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਨੇ ਸੰਮਤ 1761 ਵਿਚ ਆਨੰਦਪੁਰ ਸਾਹਿਬ ਨੂੰ ਛੱਡਿਆ ਤਾਂ ਗੰਗੂ ਮਾਤਾ ਗੁਜਰੀ ਜੀ ਤੇ ਦੋ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਖੇੜੀ ਜਾਂ ਉਖੇੜੀ ਆ ਗਿਆ । ਰਾਤ ਨੂੰ ਮੋਰਿੰਡੇ ਤੋਂ ਥਾਣੇਦਾਰ ਨੂੰ ਚੜ੍ਹਾ ਕੇ ਲੈ ਆਇਆ ਤੇ ਮਾਤਾ ਜੀ ਦੇ ਦੋਵੇਂ ਸਹਿਬਜ਼ਾਦਿਆਂ ਨੂੰ ਉਸ ਦੇ ਹਵਾਲੇ ਕਰ ਦਿੱਤਾ। ਬੰਦਾ ਬਹਾਦਰ ਨੇ ਸੰਮਤ 1767 ਵਿਚ ਗੰਗੂ ਨੂੰ ਉਸ ਦੇ ਪਰਿਵਾਰ ਸਮੇਤ ਕਤਲ ਕਰ ਦਿੱਤਾ ਤੇ ਪਿੰਡ ਦਾ ਥੇਹ ਕਰ ਦਿੱਤਾ। ਕੁਝ ਲੋਕਾਂ ਦਾ ਖਿਆਲ ਹੈ ਕਿ ਇਸ ਪਿੰਡ ਨੂੰ ਇਕ ਵਾਰ ਫਿਰ ਵੀ ਉਜਾੜਿਆ ਗਿਆ। ਸਥਾਨਕ ਖੋਜ ਅਨੁਸਾਰ ਅੰਗਰੇਜ਼ੀ ਰਾਜ ਵਿਚ ਆਉਣ ਤੋਂ ਪਹਿਲਾਂ ਇਹ ਪਿੰਡ ਸੰਗਰੂਰ ਰਿਆਸਤ ਵਿਚ ਸੀ। ਇਸ ਥਾਂ ਨੂੰ ਧੌਲੇ ਤਪੇ (ਜੋ ਧੂਰੀ-ਬਠਿੰਡਾ ਲਾਈਨ ਉਪਰ ਰੇਲਵੇ ਸਟੇਸ਼ਨ ਹੈ) ਦੇ ਜੱਟਾਂ ਨੇ ਜੋ ਧਾਲੀਵਾਲ ਗੋਤ ਦੇ ਹਨ, ਆਬਾਦ ਕੀਤਾ। ਆਬਾਦੀ ਪਹਿਲਾਂ ਵਿਚਕਾਰਲੀ ਗਲੀ ਵਿਚ ਹੋਈ। ਦੂਜੀਆਂ ਦੋ ਗਲੀਆਂ ਤੇ ਕੰਮੀ ਲੋਕਾਂ ਦੀ ਵਸੋਂ ਖਾਸੇ ਚਿਰ ਮਗਰੋਂ ਹੋਈ। ਕੰਮੀ ਲੋਕ ਕੁਝ ਲਾਗੇ ਚਾਗੇ ਦੇ ਪਿੰਡਾਂ ਤੋਂ ਆਏ ਅਤੇ ਕੁਝ ਦੂਰ ਦੁਰਾਡੇ ਦੇ ਪਿੰਡਾਂ ਤੋਂ ਆਏ ਸਨ। ਸਿੱਖ ਰਾਜ ਕਾਲ ਵਿਚ ਇਸ ਪਿੰਡ ਦੀ ਥਾਂ ਇਕ ਛੋਟਾ ਜਿਹਾ ਕੱਚਾ ਕੋਟ ਸੀ। ਇਸ ਕੋਟ ਦੇ ਦੋ ਬੁਰਜ ਅਜੋਕੀ ਆਬਾਦੀ ਦੇ ਸਿਆਣਿਆਂ ਨੇ ਵੇਖੇ ਹਨ। ਜਿਸ ਖੂਹ ਤੋਂ ਇਹ ਪਿੰਡ ਪਾਣੀ ਲੈਂਦਾ ਹੈ, ਉਸ ਬਾਰੇ ਕਹਿੰਦੇ ਹਨ ਕਿ ਇਧਰੋਂ ਵਾਰ ਵਾਰ ਲੰਘਣ ਵਾਲੇ ਵਪਾਰੀਆਂ ਨੇ ਇਹ ਖੂਹ ਆਪਣੇ ਸੁਖ਼ ਆਰਾਮ ਲਈ ਬਣਵਾਇਆ ਸੀ। ਇਸ ਕਾਰਨ ਇਸ ਨੂੰ ਵਣਜਾਰੇ ਦਾ ਖੂਹ ਆਖਦੇ ਹਨ। ਉਪਰੋਕਤ ਲਿਖੇ ਕੱਚੇ ਕੋਟ ਦਾ ਇਸ ਖੂਹ ਦੇ ਉਪਰ ਵਾਲਾ ਬੁਰਜ ਸਭ ਤੋਂ ਪਿਛੋਂ ਡਿੱਗਿਆ ਸੀ। ਕਹਿੰਦੇ ਹਨ ਕਿ ਬੁਰਜ ਉੱਤੇ ਉਦੋਂ ਇਕ ਬਹੁਤ ਬਿਰਧ ਦਾ ਕੋਠਾ ਸੀ। ਉਹ ਮੁਸ਼ਕਲ ਨਾਲ ਬੈਠ ਬੈਠ ਕੇ ਉਪਰ ਚੜ੍ਹਦਾ ਸੀ। ਉਸ ਦੀ ਜਾਤੀ ਤੇ ਵੰਸ਼ ਦਾ ਕਿਸੇ ਨੂੰ ਪਤਾ ਨਹੀਂ। ਦੂਜਾ ਬੁਰਜ ਅਜੋਕੇ ਪਿੰਡ ਦੇ ਵਿਚਕਾਰਲੇ ਗੁਰਦੁਆਰੇ ਦੀ ਥਾਂ ਸੀ। ਇਹ ਬੁਰਜ ਉਪਰੋਕਤ ਦੱਸੇ ਬੁਰਜ ਤੋਂ ਪਹਿਲੋਂ ਹੀ ਡਿਗ ਗਿਆ ਸੀ। ਤੀਜੇ ਤੇ ਚੌਥੇ ਬੁਰਜਾਂ ਦਾ ਕੋਈ ਪਤਾ ਨਹੀਂ ਕਿ ਉਹ ਕਿੰਨਾ ਚਿਰ ਪਹਿਲਾਂ ਡਿਗੇ ਸਨ। ਪਿੰਡ ਦੇ ਉੱਤਰ ਵੰਲ ਕਾਈਨੋਰ ਵਾਲੀ ਸੜਕ ਦੇ ਦੋਵੇਂ ਪਾਸੇ ਇਕ ਛੋਟਾ ਜਿਹਾ ਟੋਭਾ ਹੈ ਜਿਸ ਨੂੰ ‘ਨਾਨਕਿਆਂ ਵਾਲਾ ਟੋਭਾ’ ਕਹਿੰਦੇ ਹਨ। ਰਵਾਇਤ ਹੈ ਕਿ ਗੁਰੂ ਘਰ ਦੀ ਮਾਇਆ ਦੀਆਂ ਦੋ ਖੱਚਰਾਂ ਇਸ ਟੋਭੇ ਵਿਚ ਗ਼ਰਕ ਹੋ ਗਈਆਂ ਸਨ ਅਤੇ ਸਾਰਾ ਧਨ ਮਸੰਦ ਨੇ ਆਪਣੇ ਕੋਲ ਰੱਖ ਲਿਆ ਸੀ। ਸਾਕਾ ਸਰਹੰਦ ਵੇਲੇ ਦੇ ਪਿੰਡ ਖੇੜੀ ਜਾਂ ਉਖੇੜੀ ਬਾਬਤ ਨਿਸ਼ਚਿਤ ਰੂਪ ਵਿਚ ਪਤਾ ਨਹੀਂ ਉਹ ਕਿਥੇ ਵਸਦਾ ਸੀ। ਬੰਦਾ ਬਹਾਦਰ ਦੇ ਉਜਾੜੇ (ਤੇ ਇਕ ਹੋਰ ਕਥਨ ਅਨੁਸਾਰ ਇਕ ਵਾਰ ਫਿਰ ਉਜਾੜੇ ਹੋਏ) ਪਿੰਡ ਜਾਂ ਨਿਸ਼ਾਨ ਜਾਂ ਥੇਹ ਅਜੋਕੇ ਪਿੰਡ ਦੇ ਦੋ-ਦੋ ਕੋਹ ਤਕ ਵੀ ਕੋਈ ਨਹੀਂ। ਗੁਰ ਬਿਲਾਸ ਪਾ. 90 ਦੇ ਅਨੁਸਾਰ ਪਿੰਡ ਖੇੜੀ ਜਾਂ ਉਖੇੜੀ ਦੇ ਕੋਲ ਇਕ ਨਦੀ ਵਗਦੀ ਸੀ ਪਰੰਤੂ ਅਜੋਕੇ ਪਿੰਡ ਦੇ ਤਾਂ ਸੱਤ-ਅੱਠ ਕਿ. ਮੀ. ਤਕ ਵੀ ਕੋਈ ਨਦੀ ਨਹੀਂ। ਪ੍ਰਾਚੀਨ ਕੱਚੇ ਕੋਟ ਦੇ ਦੂਜੇ ਬੁਰਜ ਦੀ ਥਾਂ ਉਸ ਮਸੰਦ ਦੇ ਘਰ ਦਾ ਸਥਾਨ ਸਮਝ ਕੇ ਪਿੰਡ ਦੇ ਅੰਦਰ ਗੁਰਦੁਆਰਾ ਬਣਾਇਆ ਗਿਆ ਹੈ। ਜਦੋਂ ਉਸ ਥਾਂ ਨੂੰ ਪੁੱਟਿਆ ਗਿਆ ਸੀ ਤਾਂ ਬਹੁਤ ਡੂੰਘੀ ਖੁਦਾਈ ੦ ਕੀਤੀ ਗਈ, ਤਾਂ ਇਕ ਗੁੜ ਬਣਾਉਣ ਦੀ ਕੁਲ੍ਹਾੜੀ ਦੀ ਬਹਿਣੀ ਵਿਚੋਂ ਨਿਕਲੀ ਸੀ । ਇਸੇ ਪਿੰਡ ਵਿਚ ਦੋ ਗੁਰਦੁਆਰੇ ਹਨ। ਇਕ ਉਪਰੋਕਤ ਤੇ ਦੂਜਾ ਸੜਕ ਦੇ ਕੰਢੇ ਤੇ ਹੈ। 26° 30’ ਉ. ਵਿਥ.; 77° 35’ ਪੂ. ਲੰਬ. ਹ. ਪੁ. – ਸ੍ਰ. ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਕ ਖੋਜ
ਲੇਖਕ : ਲੋਕ ਚੰਦ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਸਹੇੜੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਹੇੜੀ : ਇਹ ਰੋਪੜ ਜ਼ਿਲ੍ਹੇ ਦਾ ਇਕ ਪਿੰਡ ਹੈ ਜੋ ਰੇਲਵੇ ਸਟੇਸ਼ਨ ਸਰਹਿੰਦ ਤੋਂ 17 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਤੋਂ ਪੱਛਮ ਵੱਲ ਨੂੰ ਲਗਭਗ ਇਕ ਫਰਲਾਂਗ ਤੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦਾ ਗੁਰਦੁਆਰਾ ਹੈ। ਇਹ ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਦਾ ਪਿੰਡ ਸੀ। ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੀਆਂ ਝੂਠੀਆਂ ਸਹੁੰਆਂ ਚੁੱਕਣ ਤੇ ਜਦ ਗੁਰੂ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਤਾਂ ਹੜ੍ਹ ਆਈ ਸਰਸਾ ਨਦੀ ਨੂੰ ਪਾਰ ਕਰਦਿਆਂ ਗੁਰੂ ਜੀ ਦਾ ਪਰਿਵਾਰ ਆਪਸ ਵਿਚ ਵਿਛੜ ਗਿਆ। ਗੰਗੂ, ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ) ਨੂੰ ਆਪਣੇ ਪਿੰਡ ਸਹੇੜੀ ਲੈ ਆਇਆ ਅਤੇ ਪੈਸੇ ਦੇ ਲਾਲਚ ਵਿਚ ਆ ਕੇ ਮੋਰਿੰਡੇ ਦੇ ਹਾਕਮ ਨੂੰ ਖ਼ਬਰ ਦੇ ਕੇ ਦਾਦੀ ਤੇ ਪੋਤਿਆਂ ਨੂੰ ਫੜਾ ਦਿੱਤਾ। ਇਤਿਹਾਸਕਾਰਾਂ ਨੇ ਇਸ ਥਾਂ ਦਾ ਨਾਂ ਖੇੜੀ ਲਿਖਿਆ ਹੈ। ਬੰਦਾ ਬਹਾਦਰ ਨੇ ਖੇੜੀ ਨੂੰ ਢਾਹ ਕੇ ਥੇਹ ਕਰ ਦਿੱਤਾ ਸੀ। ਬਾਅਦ ਵਿਚ ਜਦੋਂ ਨਵੀਂ ਬਸਤੀ ਆਬਾਦ ਹੋਈ ਤਾਂ ਇਹ ਪਿੰਡ ਸਹੇੜੀ ਦੇ ਨਾਂ ਨਾਲ ਪ੍ਰਸਿੱਧ ਹੋਇਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-09-04-46-48, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ.; ਤ. ਗੁ. ਖਾ.
ਵਿਚਾਰ / ਸੁਝਾਅ
Please Login First