ਸਾਕਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਾਕਾ : ਇਤਿਹਾਸ ਦੀ ਅਜਿਹੀ ਵੱਡੀ ਅਤੇ ਅਨੋਖੀ ਘਟਨਾ ਨੂੰ ਸਾਕਾ ਕਹਿੰਦੇ ਹਨ , ਜਿਹੜੀ ਦਿਲ ਦਹਿਲਾ ਦੇਣ ਵਾਲੀ ਹੋਵੇ ਅਤੇ ਲੰਮੇ ਸਮੇਂ ਤੱਕ ਲੋਕਾਂ ਦੇ ਮਨਾਂ ਵਿੱਚ ਚੇਤੇ ਰਹਿਣ ਵਾਲੀ ਹੋਵੇ । ਜਿਸ ਘਟਨਾ ਨੂੰ ਸਾਕਾ ਕਿਹਾ ਜਾਂਦਾ ਹੈ , ਉਹ ਘਟਨਾ ਸਧਾਰਨ ਨਾ ਹੋ ਕੇ ਘਲੂਘਾਰੇ ਦੀ ਸ਼ਕਲ ਵਿੱਚ ਵਾਪਰੀ ਹੁੰਦੀ ਹੈ । ਘਲੂਘਾਰਾ ਘਮਸਾਨ ਦੇ ਯੁੱਧ ਨੂੰ ਕਹਿੰਦੇ ਹਨ , ਪਰ ਇਹ ਯੁੱਧ ਦੋ ਬਰਾਬਰ ਦੀਆਂ ਧਿਰਾਂ ਵਿਚਕਾਰ ਨਹੀਂ ਹੁੰਦਾ , ਸਗੋਂ ਇੱਕ ਧਿਰ ਜਾਬਰ ਹੁੰਦੀ ਹੈ ਅਤੇ ਦੂਜੀ ਧਿਰ ਮਜ਼ਲੂਮ ਹੁੰਦੀ ਹੈ । ਤਦ ਵੀ ਮਜ਼ਲੂਮ ਧਿਰ ਬੜੀ ਬਹਾਦਰੀ ਨਾਲ ਲੜਦੀ ਹੋਈ ਸ਼ਹੀਦ ਹੋ ਜਾਂਦੀ ਹੈ । ਇਹਨਾਂ ਅਰਥਾਂ ਵਿੱਚ ਸਾਕਾ ਅਜਿਹੀ ਮਜ਼ਲੂਮ ਧਿਰ ਦੀ ਬਹਾਦਰੀ , ਦ੍ਰਿੜ੍ਹਤਾ , ਸੂਰਬੀਰਤਾ ਅਤੇ ਗੌਰਵ ਦੀ ਕਵਿਤਾ ਵਿੱਚ ਕਹੀ ਗਈ ਦਰਦਨਾਕ ਕਥਾ ਹੁੰਦੀ ਹੈ , ਜਿਸ ਨੂੰ ਕਵੀਸ਼ਰ ਅਤੇ ਢਾਡੀ ਕਈ ਤਰੀਕਿਆਂ ਨਾਲ ਗਾ ਕੇ ਸ੍ਰੋਤਿਆਂ ਨੂੰ ਸੁਣਾਉਂਦੇ ਹਨ । ਸਾਕਾ ਕਿਸੇ ਭਿਆਨਕ ਘਟਨਾ , ਯੁੱਧ , ਕੁਰਬਾਨੀ , ਸ਼ਹੀਦੀ ਅਤੇ ਸਦੀਆਂ ਤੱਕ ਚੇਤੇ ਰਹਿਣ ਵਾਲੇ ਕਾਰਨਾਮੇ ਨੂੰ ਕਿਹਾ ਜਾਂਦਾ ਹੈ । ਇਹ ਘਟਨਾ ਕਿਸੇ ਇਕੱਲੇ ਵਿਅਕਤੀ ਨਾਲ ਵੀ ਹੋ ਸਕਦੀ ਹੈ ਅਤੇ ਸਮੂਹਿਕ ਵਿਅਕਤੀਆਂ ਨਾਲ ਵੀ; ਉਦਾਹਰਨ ਲਈ , ਗੁਰੂ ਗੋਬਿੰਦ ਸਿੰਘ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਦੀ ਧਰਮ ਦੀ ਰੱਖਿਆ ਹਿਤ ਦਿੱਲੀ ਵਿੱਚ ਦਿੱਤੀ ਸ਼ਹੀਦੀ ਨੂੰ ਵੀ ਸਾਕਾ ਕਹਿੰਦੇ ਹਨ , ਅਤੇ ਲਿਖਦੇ ਹਨ :

ਧਰਮ ਹੇਤ ਸਾਕਾ ਜਿਨਿ ਕੀਆ ॥

                      ਸੀਸੁ ਦੀਆ ਪਰ ਸਿਰਰੁ ਨ ਦੀਆ ॥

        ਜਲ੍ਹਿਆਂ ਵਾਲੇ ਬਾਗ਼ ਦੀ ਖ਼ੂਨੀ ਘਟਨਾ ਨੂੰ ਵੀ ਸਾਕਾ ਕਿਹਾ ਜਾਂਦਾ ਹੈ , ਜਿੱਥੇ ਵਿਸਾਖੀ ਦੇ ਅਵਸਰ ਸਮੇਂ ਇਕੱਠੇ ਹੋਏ ਅਨੇਕਾਂ ਲੋਕਾਂ ਨੂੰ ਜਨਰਲ ਡਾਇਰ ਨੇ ਹੁਕਮ ਦੇ ਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ । ਮਲੇਰਕੋਟਲੇ ਵਿੱਚ ਵਾਪਰੀ ਉਸ ਘਟਨਾ ਨੂੰ ਵੀ ਸਾਕਾ ਕਿਹਾ ਜਾਂਦਾ ਹੈ , ਜਿੱਥੇ ਨਾਮਧਾਰੀ ਸਿੱਖਾਂ ਨੂੰ ਗਊ-ਹੱਤਿਆ ਬੰਦ ਕਰਨ ਲਈ ਕਹਿਣ `ਤੇ ਅੰਗਰੇਜ਼ਾਂ ਨੇ ਤੋਪਾਂ ਸਾਮ੍ਹਣੇ ਖੜ੍ਹੇ ਕਰ ਕੇ ਉਡਾ ਦਿੱਤਾ ਸੀ । ਪਰ ਸਭ ਤੋਂ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲਾ ਸਾਕਾ , ਸਰਹਿੰਦ ਵਿੱਚ ਵਾਪਰਿਆ , ਜਦੋਂ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਦੀ ਈਨ ਮਨਵਾਉਣ ਖ਼ਾਤਰ ਜਿਊਂਦਿਆਂ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ।

        ਜਦੋਂ ਗੁਰਦੁਆਰੇ ਅਜ਼ਾਦ ਕਰਵਾਉਣ ਦੀ ਲਹਿਰ ਚੱਲੀ ਤਾਂ ਨਨਕਾਣਾ ਸਾਹਿਬ ( ਪਾਕਿਸਤਾਨ ) ਵਿੱਚ ਵੀ ਕਈ ਸਿੱਖ ਸ਼ਹੀਦ ਕਰ ਦਿੱਤੇ ਗਏ , ਇਉਂ ਉਸ ਇਤਿਹਾਸਕ ਘਟਨਾ ਬਾਰੇ ਵੀ ਕਵੀਸ਼ਰਾਂ ਅਤੇ ਢਾਡੀਆਂ ਨੇ ‘ ਸਾਕੇ’ ਦੇ ਰੂਪ ਵਿੱਚ ਕਈ ਪ੍ਰਸੰਗ ਲਿਖੇ ਅਤੇ ਲੋਕ-ਇਕੱਠਾਂ ਵਿੱਚ ਗਾਏ ।

        ਸਾਕਾ ਅਜਿਹੇ ਇਤਿਹਾਸਕ ਵੇਰਵਿਆਂ `ਤੇ ਆਧਾਰਿਤ ਕਾਵਿ-ਰਚਨਾ ਹੁੰਦੀ ਹੈ , ਜਿਸ ਵਿੱਚ ਬੀਰ- ਰਸ ਅਤੇ ਕਰੁਣਾ-ਰਸ ਦਾ ਸੰਚਾਰ ਹੁੰਦਾ ਹੈ ਕਿਉਂਕਿ ਸਾਕੇ ਦੀ ਕਾਵਿ-ਰਚਨਾ ਨੂੰ ਗਾਉਣ ਸਮੇਂ ਸੂਰਬੀਰਤਾ ਅਤੇ ਕਰੁਣਾ ( ਦੁੱਖ/ਪੀੜਾ ) ਦੇ ਭਾਵ ਉਪਜਦੇ ਹਨ ।

        ਸਾਕਾ ਜਿੱਥੇ ਕਿਸੇ ਭੀਸ਼ਣ ਯੁੱਧ , ਮਾਰਮਿਕ ( ਦੁਖਦਾਈ ) ਘਟਨਾ , ਦਿਲ ਦਹਿਲਾ ਦੇਣ ਵਾਲੀ ਕੁਰਬਾਨੀ ਆਦਿ ਤੋਂ ਉਪਜੇ ਪੀੜਾਦਾਇਕ ਪ੍ਰਭਾਵਾਂ ਨੂੰ ਬਿਆਨ ਕਰਨ ਵਾਲੀ ਕਾਵਿ-ਗਾਇਨ ਰਚਨਾ ਹੁੰਦੀ ਹੈ , ਉੱਥੇ ਕੁਰਬਾਨੀ ਅਤੇ ਸੂਰਬੀਰਤਾ ਦਾ ਪ੍ਰਮਾਣ ਦੇਣ ਵਾਲੇ ਨਾਇਕਾਂ ਦੀ ਵਡਿਆਈ ਕਰਨ ਵਾਲੀ ਰਚਨਾ ਵੀ ਹੁੰਦੀ ਹੈ । ਸਾਕੇ ਵਿੱਚ ਵਿਰਲਾਪ ਨੂੰ ਦਰਦ ਭਿੰਨੇ ਰੂਪ ਵਿੱਚ ਅਤੇ ਭਿਆਨਕ ਦ੍ਰਿਸ਼ਾਂ ਨੂੰ ਮਾਰਮਿਕ ( ਮਨ ਨੂੰ ਝੰਜੋੜ ਦੇਣ ਵਾਲੇ ) ਢੰਗ ਅਤੇ ਏਨੇ ਬਰੀਕ ਵੇਰਵਿਆਂ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਸੁਣਨ ਵਾਲਾ ਸ੍ਰੋਤਾ ਸਾਰੀ ਘਟਨਾ ਆਪਣੇ ਸਾਮ੍ਹਣੇ ਵਾਪਰ ਰਹੀ ਮਹਿਸੂਸ ਕਰਦਾ ਹੈ । ਅਜਿਹੀ ਹਾਲਤ ਵਿੱਚ ਸ੍ਰੋਤਾ ਨਾਇਕ ਦਾ ਦੁੱਖ ਅਤੇ ਪੀੜਾ ਵਿੱਚੋਂ ਲੰਘਣਾ ਬਰਦਾਸ਼ਤ ਨਹੀਂ ਕਰਦਾ । ਤਦ ਉਸ ਦੀ ਨਾਇਕ ਪ੍ਰਤਿ ਹਮਦਰਦੀ ਜਾਗਦੀ ਹੈ ਅਤੇ ਜ਼ੁਲਮ ਕਰਨ ਵਾਲੇ ਪ੍ਰਤਿ ਤ੍ਰਿਸਕਾਰ ਦੀ ਭਾਵਨਾ ਉਪਜਦੀ ਹੈ ।

        ਸਾਕਾ ਗਾਈ ਜਾਣ ਵਾਲੀ ( ਇਤਿਹਾਸ ਨਾਲ ਸੰਬੰਧਿਤ ) ਕਾਵਿ-ਰਚਨਾ ਹੁੰਦੀ ਹੈ , ਜਿਸ ਨੂੰ ਕਵੀਸ਼ਰ ਜਾਂ ਲੇਖਕ ਛੰਦ ਵਿੱਚ ਲਿਖਦੇ ਹਨ । ਇਹ ਛੰਦ , ਕਬਿੱਤ ਅਤੇ ਬੈਂਤ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ । ਪਰ ਹਰ ਭਿਆਨਕ ਜਾਂ ਵੱਡੀ ਘਟਨਾ ਸਾਕਾ ਨਹੀਂ ਬਣ ਸਕਦੀ , ਕਿਉਂਕਿ ਸਾਕਾ ਕੇਵਲ ਉਹੋ ਇਤਿਹਾਸਿਕ ਘਟਨਾ ਜਾਂ ਤ੍ਰਾਸਦੀ ਬਣ ਸਕਦੀ ਹੈ , ਜਿਸ ਵਿੱਚ ਧਾਰਮਿਕ ਸੁੱਚਤਾ ਦਾ ਦਖ਼ਲ ਹੋਵੇ । ਭਾਵ ਜੇਕਰ ਸਰਹਿੰਦ ਦੀ ਭਿਆਨਕ ਘਟਨਾ ਨੂੰ ‘ ਸਾਕਾ’ ਕਿਹਾ ਜਾਂਦਾ ਹੈ ਤਾਂ ਉਸ ਦੀ ਸਭ ਤੋਂ ਵੱਡੀ ਮਹੱਤਤਾ ਇਹ ਹੈ ਕਿ ਮਾਸੂਮ ਬੱਚਿਆਂ ਨੂੰ ਇਸਲਾਮ ਧਰਮ ਕਬੂਲ ਕਰਨ ਦੇ ਇਨਕਾਰ ਵਜੋਂ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ।

        ਇਉਂ ਕਿਸੇ ਭੂਚਾਲ , ਮਹਾਂਮਾਰੀ , ਰਾਜਸੀ ਲੜਾਈ ਜਾਂ ਆਪਸੀ ਦੁਸ਼ਮਣੀ ਵਿੱਚ ਮਾਰੇ ਗਏ ਲੋਕਾਂ ਦੀ ਘਟਨਾ ਨੂੰ ( ਭਾਵੇਂ ਉਹ ਕਿੰਨੀ ਵੀ ਭਿਆਨਕ ਅਤੇ ਦਰਦਨਾਕ ਕਿਉਂ ਨਾ ਹੋਵੇ ) ਸਾਕਾ ਨਹੀਂ ਕਿਹਾ ਜਾ ਸਕਦਾ; ਕਿਉਂਕਿ ਜਿੰਨਾ ਚਿਰ ਕੋਈ ਧਰਮ ਆਪਣੇ ਅਕੀਦੇ , ਵਿਸ਼ਵਾਸ ਅਤੇ ਸ਼ਰਧਾ ਵਿੱਚ ਕਿਸੇ ਦੁਖਦਾਈ ਘਟਨਾ ਦੇ ਇਤਿਹਾਸਿਕ ਦੁੱਖ ਦਰਦ ਨੂੰ ਮਨੁੱਖੀ ਸੋਚ ਦਾ ਹਿੱਸਾ ਨਹੀਂ ਬਣਾ ਲੈਂਦਾ , ਓਨਾ ਚਿਰ ਕੋਈ ਘਟਨਾ ਲੰਮਾ ਸਮਾਂ ਅਵਚੇਤਨ ਦਾ ਹਿੱਸਾ ਨਹੀਂ ਬਣ ਕੇ ਰਹਿ ਸਕਦੀ , ਅਤੇ ਜੇਕਰ ਕੋਈ ਘਟਨਾ ਮਨੁੱਖੀ ਅਵਚੇਤਨ ਦਾ ਹਿੱਸਾ ਨਾ ਬਣ ਸਕੇ , ਉਹ ਗਾਇਕੀ ਦੀ ਕੋਟੀ ਵਿੱਚ ਨਹੀਂ ਆ ਸਕਦੀ ਅਤੇ ਜਿਹੜਾ ਪ੍ਰਸੰਗ ਗਾਇਆ ਨਾ ਜਾ ਸਕੇ ਅਤੇ ਲੋਕ-ਸਮੂਹ ਵੱਲੋਂ ਪ੍ਰਵਾਨ ਨਾ ਕੀਤਾ ਜਾਵੇ , ਉਹ ਸਾਕਾ ਨਹੀਂ ਅਖਵਾ ਸਕਦਾ । ਸੋ ਇਉਂ :

- ਸਾਕਾ ਕਿਸੇ ਵੱਡੀ , ਦੁਖਦਾਈ ਅਤੇ ਇਤਿਹਾਸਕ ਘਟਨਾ ਨੂੰ ਕਹਿੰਦੇ ਹਨ , ਜਿਸ ਦੀ ਪੀੜਾ ਅਤੇ ਦਰਦ ਲੋਕਾ ਦੀ ਪੀੜਾ ਅਤੇ ਦਰਦ ਬਣ ਗਿਆ ਹੋਵੇ ।

-      ਸਾਕਾ ਕਾਵਿ-ਛੰਦ ਵਿੱਚ ਲਿਖੀ ਕਿਸੇ ਉਸ ਰਚਨਾ ਨੂੰ ਕਹਿੰਦੇ ਹਨ , ਜਿਸ ਦੇ ਇਤਿਹਾਸਿਕ ਵੇਰਵਿਆਂ ਨੂੰ ਗਾਉਣ ਸਮੇਂ , ਕਰੁਣਾ ਅਤੇ ਬੀਰ-ਰਸ ਦੀ ਉਤਪਤੀ ਹੁੰਦੀ ਹੈ ।

-      ਸਾਕਾ ਉਸ ਘਟਨਾ ਨੂੰ ਕਿਹਾ ਜਾਂਦਾ ਹੈ , ਜਿਸ ਦੀ ਕੁਰਬਾਨੀ ਅਤੇ ਬਹਾਦਰੀ ਕਿਸੇ ਧਾਰਮਿਕ ਸੁੱਚਤਾ ਦੇ ਬਲ ਨਾਲ ਸੰਬੰਧਿਤ ਹੋਵੇ ।

-      ਸਾਕਾ ਕਿਸੇ ਅਜਿਹੀ ਕੁਰਬਾਨੀ ਅਤੇ ਬਹਾਦਰੀ ਨੂੰ ਕਿਹਾ ਜਾਂਦਾ ਹੈ , ਜੋ ਕਿਸੇ ਕੌਮ ਦੇ ਗੌਰਵ ਨੂੰ ਉੱਚਿਆਂ ਕਰਨ ਵਾਲੀ ਹੋਵੇ ।

-              ਸਾਕੇ ਦੀ ਛੰਦ-ਬਧ ਰਚਨਾ ਢਾਡੀਆਂ ਅਤੇ ਕਵੀਸ਼ਰਾਂ ਵੱਲੋਂ ਗਾਏ ਜਾਣ ਦੇ ਅਨੁਕੂਲ ਹੋਵੇ ਅਤੇ ਕੁਰਬਾਨ ਹੋਏ ਯੋਧੇ ਨਾਇਕਾਂ ਦੀ ਕੀਰਤੀ ਜਸ ਤੇ ਕੇਂਦਰਿਤ ਹੋਵੇ । ਅਜਿਹੇ ਕੁਝ ਤੱਤ ਅਤੇ ਵਿਸ਼ੇਸ਼ਤਾਈਆਂ ‘ ਸਾਕੇ’ ਵਿੱਚ ਹੋਣੀਆਂ ਬਹੁਤ ਜ਼ਰੂਰੀ ਹਨ ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਾਕਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਕਾ ( ਨਾਂ , ਪੁ ) ਇਤਿਹਾਸ ਵਜੋਂ ਪ੍ਰਸਿੱਧ ਕਾਰਨਾਮੇ ਵਾਲੀ ਘਟਨਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਕਾ [ ਨਾਂਪੁ ] ਅਜਿਹਾ ਕਾਰਨਾਮਾ ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਯੋਗ ਹੋਵੇ , ਮਾਰ੍ਹਕੇ ਦੀ ਘਟਨਾ , ਇੱਕ ਕੌਮ ਜਿਸਨੇ 140 ਈ. ਪੂ. ਅਤੇ 130 ਈ. ਪੂ. ਵਿਚਕਾਰ ਹਿੰਦੁਸਤਾਨ ਉੱਤੇ ਹਮਲਾ ਕੀਤਾ ਅਤੇ ਫਿਰ ਇੱਥੇ ਹੀ ਵਸ ਗਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਕਾ . ਸ਼ਕ ਸੰਮਤ , ਜੋ ਸ਼ਾਲਿਵਾਹਨ ਨੇ ਚਲਾਇਆ ਅਤੇ ਸਨ ਈਸਵੀ ਤੋਂ ੭੮ ਵਰ੍ਹੇ ਪਿੱਛੋਂ ਸ਼ੁਰੂ ਹੋਇਆ. ਦੇਖੋ , ਸਾਲਿਵਾਹਨ । ੨ ਕੋਈ ਐਸਾ ਕਰਮ , ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਲਾਇਕ ਹੋਵੇ. “ ਧਰਮਹੇਤ ਸਾਕਾ ਜਿਨ ਕੀਆ.” ( ਵਿਚਿਤ੍ਰ ) ੩ ਸੰ. ਸ਼ਾਕਾ. ਹਰੜ. ਹਰੀਤਕੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਕਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਾਕਾ ਸਕਾਂ । ਵੇਖੋ ਸਾਕਉ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.