ਸਾਧੂ ਸਿੰਘ ਹਮਦਰਦ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਧੂ ਸਿੰਘ ਹਮਦਰਦ (1918-1984) : ਉਰਦੂ ਅਤੇ ਪੰਜਾਬੀ ਦਾ ਉੱਘਾ ਦੋਹਰੀ ਸਮਰੱਥਾ ਵਾਲਾ ਪੱਤਰਕਾਰ ਜਿਹੜਾ ਨਵੀਨ ਅਤੇ ਮੌਲਿਕ ਲੀਹਾਂ ਪਾਉਣ ਵਾਲਾ ਕਵੀ ਸੀ। ਇਸ ਦਾ ਉਪਨਾਮ ‘ਹਮਦਰਦ` ਅਰਥਾਤ ਸਾਰਿਆਂ ਦੇ ਦਿਲਾਂ ਦੀਆਂ ਚੀਸਾਂ ਤੇ ਪੀੜਾਂ ਸਾਂਝੀਆਂ ਕਰਨ ਵਾਲਾ ਅਤੇ ਸਭਨਾਂ ਪ੍ਰਤੀ ਮਿੱਤਰ ਭਾਵ ਰਖਣ ਵਾਲਾ ਸੀ। ਇਸ ਦਾ ਜਨਮ ਪੰਜਾਬ ਦੇ ਜ਼ਿਲਾ ਜਲੰਧਰ ਦੇ ਬੰਗਾ ਸ਼ਹਿਰ ਨੇੜੇ ਪਿੰਡ ਪੱਦੀ ਮਟਵਾਲੀ ਵਿਖੇ ਇਕ ਸਧਾਰਨ ਵਸੀਲਿਆਂ ਵਾਲੇ ਕਿਸਾਨੀ ਪਰਵਾਰ ਵਿਚ ਹੋਇਆ ਸੀ। ਇਹ ਯੁਵਕਾਂ ਨੂੰ ਪ੍ਰੇਰਨਾ ਤੇ ਉਤਸ਼ਾਹ ਦੇਣ ਵਾਲੀਆਂ ਆਸ ਪਾਸ ਚੱਲ ਰਹੀਆਂ ਕਰਾਂਤੀਕਾਰੀ ਸਰਗਰਮੀਆਂ ਵੱਲ ਖਿਚਿਆ ਗਿਆ। ਹਾਈ ਸਕੂਲ ਦੇ ਵਿਦਿਆਰਥੀ ਸਮੇਂ ਵੀ ਇਹ ‘ਯੁਗ ਪਲਟਾਊ ਦਲ` ਨਾਮ ਦੇ ਚੌਧਰੀ ਸ਼ੇਰ ਜੰਗ ਦੇ ਗਰਮ ਖਿਆਲੀ ਗਰੁੱਪ ਵਿਚ ਕਿਰਿਆਸ਼ੀਲ ਸੀ। ਇਹ ਦਲ 1939-40 ਵਿਚ ਹੁਸ਼ਿਆਰਪੁਰ ਵਿਚ ਸਰਹਾਲਾ ਖੁਰਦ ਦੇ ਗਿਆਨੀ ਹਰਬੰਸ ਸਿੰਘ ਨੇ ਬਣਾਇਆ ਸੀ ਪਰ ਬਾਨੀ ਦੀ ਗ੍ਰਿਫਤਾਰੀ ਅਤੇ ਫਾਂਸੀ ਮਗਰੋਂ ਇਸ ਦਲ ਦੀ ਹੋਂਦ ਖਤਮ ਹੋ ਗਈ। ਸਾਧੂ ਸਿੰਘ ਨੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰ ਭਾਗ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਸੰਨ 1944 ਵਿਚ ਸਾਧੂ ਸਿੰਘ ਨੇ ਪੱਤਰਕਾਰੀ ਦੇ ਖੇਤਰ ਵਿਚ ਕਦਮ ਰਖਿਆ ਅਤੇ ਉਰਦੂ ਦੇ ਰੋਜ਼ਾਨਾ ‘ਅਜੀਤ` ਅਖ਼ਬਾਰ ਦੇ ਸੰਪਾਦਕ ਦਾ ਕਾਰਜ ਸੰਭਾਲਿਆ। 1957 ਤਕ ਇਹ ਏਸੇ ਪਦਵੀ ‘ਤੇ ਰਿਹਾ। 1955 ਵਿਚ, ਇਹ ‘ਪੰਜਾਬੀ ਅਜੀਤ` ਦਾ ਵੀ ਮੁੱਖ ਸੰਪਾਦਕ ਬਣਿਆ। ‘ਪੰਜਾਬੀ ਅਜੀਤ` ਦਾ ਜਨਮ ਪੰਜਾਬੀ ਪੱਤਰਕਾਰੀ ਲਈ ਪੂਰੀ ਤਰ੍ਹਾਂ ਇਕ ਨਵਾਂ ਹੀ ਕਰਿਸ਼ਮਾ ਸੀ। ਇਸ ਅਖ਼ਬਾਰ ਨਾਲ ਪਰਿਵਰਤਨ ਤੇ ਪ੍ਰਯੋਗਵਾਦੀ ਯੁੱਗ ਦਾ ਇਕ ਨਵਾਂ ਦੌਰ ਅਰੰਭ ਹੋਇਆ। ਸਾਧੂ ਸਿੰਘ ਦੇ ਹੱਥਾਂ ਵਿਚ ਪੰਜਾਬੀ ਪੱਤਰਕਾਰੀ ਨੂੰ ਪਰਪੱਕਤਾ ਤੇ ਨਵੀਂਆਂ ਸਿਖਰਾਂ ਪ੍ਰਾਪਤ ਹੋਈਆਂ। ਏਨੀ ਲਗਨ ਅਤੇ ਪ੍ਰੇਮ ਨਾਲ ਇਹਨਾਂ ਨੇ ਅਖ਼ਬਾਰ ਨੂੰ ਸੰਭਾਲਿਆ ਕਿ ‘ਅਜੀਤ` ਅਤੇ ਸਾਧੂ ਸਿੰਘ ਹਮਦਰਦ ਵਾਸਤਵ ਵਿਚ ਸਮਾਨਾਰਥੀ ਸ਼ਬਦ ਬਣ ਗਏ। ਪੰਜਾਬੀ ਪੱਤਰਕਾਰੀ ਉੱਤੇ ਸਾਧੂ ਸਿੰਘ ਦੇ ਯੋਗਦਾਨ ਦੀ ਇਕ ਅਮਿਟ ਛਾਪ ਲੱਗ ਗਈ। ਇਸ ਨੇ ਪੰਜਾਬੀ ਲੇਖਨ ਵਿਚ ਨਵਾਂ ਰਸ ਪੈਦਾ ਕੀਤਾ ਅਤੇ ਕਈ ਨਵੀਂਆਂ ਵਿਧੀਆਂ ਸ਼ੁਰੂ ਕੀਤੀਆਂ। ਪੰਜਾਬੀ ਪੱਤਰਕਾਰੀ ਨੂੰ ਇਕ ਨਵਾਂ ਮੁਹਾਂਦਰਾ ਅਤੇ ਦਿੱਖ ਪ੍ਰਦਾਨ ਕਰਨ ਦੀ ਇਹਨਾਂ ਦੀ ਸੇਵਾ ਨੂੰ ਬਹੁਤ ਸਲਾਹਿਆ ਗਿਆ। 1963 ਵਿਚ ਪੰਜਾਬ ਸਰਕਾਰ ਨੇ ਸਾਧੂ ਸਿੰਘ ਹਮਦਰਦ ਨੂੰ ‘ਸ਼੍ਰੋਮਣੀ ਪੱਤਰਕਾਰ` ਦੀ ਪਦਵੀ ਨਾਲ ਸਨਮਾਨਿਤ ਕੀਤਾ। 1973 ਵਿਚ ਜਲੰਧਰ ਵਿਖੇ ਹੋਈ ‘ਆਲ ਇੰਡੀਆ ਨਿਊਜ਼ਪੇਪਰਜ਼ ਐਡੀਟਰਸ ਕਾਨਫਰੰਸ` ਦੀ ਸੁਆਗਤੀ ਕਮੇਟੀ ਦੇ ਇਹ ਚੇਅਰਮੈਨ ਸਨ। ਇਹਨਾਂ ਨੇ ਦੋ ਮਾਸਿਕ ਪੱਤਰਾਂ ‘ਤਸਵੀਰ` ਅਤੇ ‘ਦ੍ਰਿਸ਼ਟੀ` ਦੀ ਵੀ ਸੰਪਾਦਨਾ ਕੀਤੀ। ਇਹਨਾਂ ਨੇ ਆਪਣੇ ਜੀਵਨ ਕਾਲ ਵਿਚ ਹੀ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਦੇ ਵਿਕਾਸ ਲਈ ਆਪਣੀ ਸਾਰੀ ਜਾਇਦਾਦ ਤੇ ਸੰਪਤੀ ਦਾ ਇਕ ‘ਪਬਲਿਕ ਟਰਸਟ` ਬਣਾ ਦਿੱਤਾ ਸੀ।
ਗਜ਼ਲ ਵਿਧਾ ਨੂੰ ਪੰਜਾਬੀ ਵਿਚ ਲੋਕਪ੍ਰਿਯ ਬਣਾਉਣ ਲਈ ਕਵੀ ਦੇ ਤੌਰ ਤੇ ਸਾਧੂ ਸਿੰਘ ਹਮਦਰਦ ਨੂੰ ਵਿਸ਼ੇਸ਼ ਤੌਰ ਤੇ ਯਾਦ ਕੀਤਾ ਜਾਵੇਗਾ। ਇਸ ਦੀਆਂ ਗਜ਼ਲਾਂ ਅਤੇ ਇਸ ਭਾਂਤ ਦੀਆਂ ਕਵਿਤਾਵਾਂ ਦੇ ਗਜ਼ਲ` ਨਾਂ ਨਾਲ ਪ੍ਰਕਾਸ਼ਿਤ ਸੰਗ੍ਰਹਿ ਨੂੰ 1963 ਵਿਚ ਪੰਜਾਬ ਸਰਕਾਰ ਵੱਲੋਂ ਪਹਿਲਾ ਇਨਾਮ ਮਿਲਿਆ। 1967 ਵਿਚ ਇਹ ਰੂਸ ਗਏ ਅਤੇ ਇਸ ਬਾਰੇ ‘ਅੱਖੀਂ ਡਿੱਠਾ ਰੂਸ` ਨਾਂ ਹੇਠ ਲਿਖੇ ਸਫ਼ਰਨਾਮੇ ਨੂੰ 1972-73 ਵਿਚ ਵੀ ਪੰਜਾਬ ਸਰਕਾਰ ਵੱਲੋਂ ਪਹਿਲਾ ਇਨਾਮ ਦਿੱਤਾ ਗਿਆ। ਇਸ ਨੇ 25 ਦੇ ਕਰੀਬ ਨਾਵਲ ਅਤੇ ਛੋਟੀਆਂ ਕਹਾਣੀਆਂ ਲਿਖੀਆਂ ਜਿਨ੍ਹਾਂ ਦੇ ਕਥਾਨਿਕ ਸਿੱਖ ਇਤਿਹਾਸ ਦੀਆਂ ਬੀਰਤਾਪੂਰਨ ਘਟਨਾਵਾਂ ਦੇ ਦੁਆਲੇ ਘੁੰਮਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਇਸ ਨੂੰ ‘ਪੰਜਾਬੀ ਗ਼ਜ਼ਲ ਦੀ ਉਤਪਤੀ ਤੇ ਵਿਕਾਸ` ਨਾਂ ਦੇ ਖੋਜ ਪ੍ਰਬੰਧ ਉੱਤੇ ਪੀਐਚ.ਡੀ. ਦੀ ਡਿਗਰੀ ਪ੍ਰਦਾਨ ਕੀਤੀ। ਸਾਧੂ ਸਿੰਘ ਹਮਦਰਦ ਇਸੇ ਯੂਨੀਵਰਸਿਟੀ ਦਾ ਫੈਲੋ ਅਤੇ ਸਿੰਡੀਕੇਟ ਦਾ ਮੈਂਬਰ ਰਿਹਾ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਅਤੇ ਪ੍ਰੈਸ ਸਲਾਹਕਾਰ ਕਮੇਟੀ ਅਤੇ ਭਾਰਤੀ ਸਾਹਿਤ ਅਕਾਦਮੀ ਦਾ 1973-78 ਤਕ ਮੈਂਬਰ ਵੀ ਰਿਹਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ 1972-79 ਤਕ ਪ੍ਰਧਾਨ ਅਤੇ ਬਜ਼ਮ-ਇ-ਅਦਬ (ਉਰਦੂ) ਦਾ ਬਾਨੀ ਰਿਹਾ।
ਡਾ. ਸਾਧੂ ਸਿੰਘ ਹਮਦਰਦ ਨੂੰ ਜਨਵਰੀ 1984 ਵਿਚ ਭਾਰਤ ਸਰਕਾਰ ਵੱਲੋਂ ‘ਪਦਮ ਸ਼੍ਰੀ` ਦੀ ਉਪਾਧੀ ਦਿੱਤੀ ਗਈ ਪਰ ਜੂਨ 1984 ਵਿਚ ਭਾਰਤੀ ਸੈਨਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਫ਼ੌਜੀ ਕਾਰਵਾਈ ਦੇ ਰੋਸ ਵਜੋਂ ਇਸ ਨੇ ਇਹ ਸਨਮਾਨ ਵਾਪਸ ਕਰ ਦਿੱਤਾ।
29 ਜੁਲਾਈ, 1984 ਨੂੰ ਸਾਧੂ ਸਿੰਘ ਹਮਦਰਦ ਜਲੰਧਰ ਵਿਖੇ ਅਕਾਲ ਚਲਾਣਾ ਕਰ ਗਿਆ।
ਲੇਖਕ : ਮ.ਗ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2368, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First