ਸਿਲਹਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਲਹਟ. ਆਸਾਮ ਦਾ ਇੱਕ ਜਿਲਾ ਅਤੇ ਉਸ ਦਾ ਪ੍ਰਧਾਨ ਨਗਰ, ਜੋ ਸੁਰਮਾ ਨਦੀ ਦੇ ਸੱਜੇ ਕਿਨਾਰੇ ਹੈ. ਇਸ ਥਾਂ ਸ਼੍ਰੀ ਗੁਰੂ ਨਾਨਕਦੇਵ ਜੀ ਧਰਮਪ੍ਰਚਾਰ ਕਰਦੇ ਵਿਰਾਜੇ ਹਨ. ਗੁਰੁਦ੍ਵਾਰਾ ਵਿਦ੍ਯਮਾਨ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸਿਲਹਟ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਲਹਟ : ਮੌਜੂਦਾ ਬੰਗਲਾ ਦੇਸ਼ ਵਿਚ ਇਕ ਜ਼ਿਲਾ ਜਿਥੇ 1507-8 ਵਿਚ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਪਧਾਰੇ ਸਨ। ਇਥੇ ਸੰਗਤ ਦੀ ਸਥਾਪਨਾ ਕਰ ਦਿੱਤੀ ਗਈ ਅਤੇ ਗੁਰੂ ਜੀ ਦੀ ਯਾਦ ਨੂੰ ਬਰਕਰਾਰ ਰੱਖਣ ਲਈ ਧਰਮਸਾਲਾ ਬਣਾਈ ਗਈ ਹੈ। ਇਥੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਸੰਗਤ ਮੌਜੂਦ ਸੀ ਜਿਸ ਦੀ ਪੁਸ਼ਟੀ ਹੁਕਮਨਾਮਿਆਂ ਤੋਂ ਹੁੰਦੀ ਹੈ ਜਿਹੜੇ ਗੁਰੂ ਜੀ ਨੇ ਢਾਕੇ , ਚਿੱਟਗੋਂਗ, ਸੋਨਦੀਪ ਅਤੇ ਸਿਲਹਟ ਦੀ ਸੰਗਤ ਨੂੰ ਲਿਖੇ ਸਨ ਅਤੇ ਗੁਰੂ ਜੀ ਲਈ ਇਕ ਜੰਗੀ ਹਾਥੀ ਭੇਜਣ ਲਈ ਕਿਹਾ ਗਿਆ ਸੀ। ਇਕ ਹੋਰ ਹੁਕਮਨਾਮੇ ਵਿਚ ਇਹਨਾਂ ਸੰਗਤਾਂ ਨੂੰ ਗੁਰੂ ਜੀ ਨੇ ਹੁਕਮਨਾਮੇ ਰਾਹੀਂ ਆਪਣੀ ਭੇਟਾ ਨਕਦੀ , ਕੱਪੜੇ, ਹਥਿਆਰ ਅਤੇ ਢਾਲਾਂ ਦੇ ਰੂਪ ਵਿਚ ਭਾਈ ਹੁਲਾਸ ਚੰਦ ਰਾਹੀਂ ਹੀ ਭੇਜਣ ਦੀ ਹਿਦਾਇਤ ਕੀਤੀ ਸੀ ਜੋ ਦੀਵਾਲੀ ਦੇ ਮੌਕੇ ਤੇ ਗੁਰੂ ਜੀ ਨੂੰ ਭੇਟਾ ਕਰ ਦੇਵੇਗਾ। 1947 ਵਿਚ ਦੇਸ਼ ਦੀ ਵੰਡ ਤਕ ਇਹ ਗੁਰਦੁਆਰਾ ਮੌਜੂਦ ਸੀ। ਇਸ ਪਿੱਛੋਂ ਪੂਰਬੀ ਪਾਕਿਸਤਾਨ ਦੀ ਸਰਕਾਰ ਨੇ ਇਸ ਇਮਾਰਤ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਇਸ ਨੂੰ ਰਿਹਾਇਸ਼ੀ ਅਤੇ ਦਫ਼ਤਰੀ ਵਰਤੋਂ ਲਈ ਤਬਦੀਲ ਕਰ ਲਿਆ।
ਲੇਖਕ : ਭ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1057, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸਿਲਹਟ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸਿਲਹਟ (Sylhet) : ਜ਼ਿਲ੍ਹਾ––ਬੰਗਲਾ ਦੇਸ਼ ਦੇ ਚਿਟਾਗਾਂਗ ਮੰਡਲ ਦਾ ਇਕ ਜ਼ਿਲ੍ਹਾ ਹੈ। ਇਸ ਦਾ ਖੇਤਰਫਲ 12,393 ਵ. ਕਿ. ਮੀ. ਅਤੇ ਆਬਾਦੀ 3,729,881 (1971) ਹੈ। ਇਸ ਵਿਚ ਜ਼ਿਆਦਾ ਕਰਕੇ 1947 ਤੋਂ ਪਹਿਲਾਂ ਦੇ ਭਾਰਤ ਦੇ ਆਸਾਮ ਜ਼ਿਲ੍ਹੇ ਦਾ ਇਲਾਕਾ ਹੈ। ਆਸਾਮ ਦੀਆਂ ਪਹਾੜੀਆਂ ਤੋਂ ਆਏ ਬਰਸਾਤੀ ਪਾਣੀ ਕਰਕੇ ਸਿਲਹਟ ਜ਼ਿਲ੍ਹੇ ਵਿਚ ਅਕਸਰ ਹੜ੍ਹ ਆਉਂਦੇ ਰਹਿੰਦੇ ਹਨ। ਚਾਵਲ, ਪਟਸਨ, ਤੇਲਾਂ ਤੇ ਬੀਜ ਅਤੇ ਗੰਨਾ ਇਥੋਂ ਦੀਆਂ ਮੁਖ ਫਸਲਾਂ ਹਨ। ਬੰਗਲਾ ਦੇਸ਼ ਦੀ 90% ਚਾਹ ਦੀ ਪੈਦਾਵਾਰ ਵੀ ਇਥੇ ਹੀ ਹੁੰਦੀ ਹੈ। ਕੋਲਾ, ਚੂਨੇ ਦਾ ਪੱਥਰ ਅਤੇ ਕੁਦਰਤੀ ਗੈਸ ਇਥੋਂ ਦੇ ਕੁਦਰਤੀ ਸਾਧਨ ਹਨ। ਕਿਸ਼ਤੀਆਂ, ਸਰਕੜੇ ਦੀਆਂ ਚਟਾਈਆਂ ਜਾਂ ਟਾਟ, ਸਿੱਪੀਆਂ ਦੇ ਬਟਣ ਤੇ ਪਿੱਤਲ ਅਤੇ ਲੋਹੇ ਦਾ ਸਾਮਾਨ ਬਣਾਉਣਾ ਅਤੇ ਸੈਂਟ ਤਿਆਰ ਕਰਨਾ ਇਥੋਂ ਦੇ ਮੁਖ ਉਦਯੋਗ ਹਨ।
ਸ਼ਹਿਰ––ਸਿਲਹਟ ਜ਼ਿਲ੍ਹੇ ਦਾ ਹੀ ਸਦਰ ਮੁਕਾਮ ਹੈ ਜੋ ਸੁਰਮਾ ਨਦੀ ਦੇ ਸੱਜੇ ਕੰਢੇ ਤੇ ਸਥਿਤ ਹੈ। ਇਸ ਦਾ ਪਹਿਲਾ ਨਾਂ ਸਿਰੀਹਾਟ (Srihatta) ਸੀ। ਇਹ ਸੁਰਮਾ ਘਾਟੀ ਦਾ ਮੁਖ ਸ਼ਹਿਰ ਹੈ ਜੋ ਸੜਕ ਰਾਹੀਂ ਆਸਾਮ ਅਤੇ ਮੇਘਾਲਿਆ (ਭਾਰਤ) ਅਤੇ ਕੋਮੀਲਾ ਨਾਲ ਅਤੇ ਰੇਲ ਰਾਹੀਂ ਫੈਂਚੂਗੰਜ (Fenchuganj) ਅਤੇ ਛਟਕ (Chhatak) ਨਾਲ ਜੁੜਿਆ ਹੋਇਆ ਹੈ।
ਸਿਲਹਟ ਆਪਣੀਆਂ ਬੈਂਤ ਦੀਆਂ ਚੀਜ਼ਾਂ ਕਰ ਕੇ ਮਸ਼ਹੂਰ ਹੈ। ਇਥੇ ਚਾਹ, ਦੀਆ-ਸਲਾਈ ਅਤੇ ਬਨਸਪਤੀ ਤੇਲ ਵੀ ਤਿਆਰ ਕੀਤਾ ਜਾਂਦਾ ਹੈ। ਇਥੇ ਕਈ ਛੋਟੀਆਂ ਘਰੇਲੂ ਦਸਤਕਾਰੀਆਂ ਵੀ ਹਨ।
ਸੰਨ 1878 ਤੋਂ ਇਥੇ ਮਿਉਂਸਪਲ ਕਮੇਟੀ ਹੈ। ਸ਼ਹਿਰ ਵਿਚ ਇਕ ਮੈਡੀਕਲ ਕਾਲਜ ਅਤੇ ਅੱਠ ਸਰਕਾਰੀ ਕਾਲਜ ਹਨ ਜੋ ਚਿਟਾਗਾਂਗ ਯੂਨੀਵਰਸਿਟੀ ਨਾਲ ਸੰਬੰਧਿਤ ਹਨ। ਸ਼ਾਹ ਜਲਾਲ ਦੀ ਮਸੀਤ ਅਤੇ ਕਈ ਹੋਰ ਮੁਸਲਮਾਨ ਫਕੀਰਾਂ ਦੇ ਮਕਬਰੇ ਹਨ।
ਆਬਾਦੀ––37,740 (1971)
24° 32' ਉ. ਵਿਥ.; 91° 33' ਪੂ. ਲੰਬ.
ਹ. ਪੁ.––ਐਨ. ਬ੍ਰਿ. ਮਾ. 9:732
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First