ਸਿੰਜ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਿੰਜ : ਜੌਨ ਮਿਲਿੰਗਟਨ ਸਿੰਜ ਇੱਕ ਆਇਰਿਸ਼ ਨਾਟਕਕਾਰ ਸੀ ਜਿਸ ਦੇ ਸ਼ਾਹਕਾਰ ਨਾਟਕ ਦਾ ਪਲੇ ਬੋਆਇ ਆਫ਼ ਦਾ ਵੈਸਟਰਨ ਵਰਲਡ ਅਤੇ ਰਾਈਡਰਜ਼ ਟੂ ਦਾ ਸੀਅ ਅੰਗਰੇਜ਼ੀ ਰੰਗ-ਮੰਚ ਦੀਆਂ ਕਲਾਸਕੀ ਕ੍ਰਿਤਾਂ ਹਨ। ਇਹ ਡਬਲਯੂ. ਬੀ. ਯੇਟਸ ਅਤੇ ਲੇਡੀ ਗਰੈਗਰੀ ਦੇ ਨਾਲ ਡਬਲਿਨ ਵਿਖੇ ਐਬੀ ਥੀਏਟਰ ਦਾ ਡਾਇਰੈਕਟਰ ਸੀ। ਇਸ ਦਾ ਪੂਰਾ ਨਾਂ ਐਡਮੰਡ ਜੌਨ ਮਿਲਿੰਗਟਨ ਸਿੰਜ (John Millington Synge) ਹੈ। ਇਸ ਦਾ ਜਨਮ 16 ਅਪ੍ਰੈਲ 1871 ਨੂੰ ਡਬਲਿਨ ਨੇੜੇ ਰੈਥਫਾਰਨਹਮ ਵਿਖੇ ਇੱਕ ਵਕੀਲ ਦੇ ਘਰ ਹੋਇਆ। 1872 ਵਿੱਚ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਸਿੰਜ ਦੀ ਮਾਂ ਨੇ ਆਪਣੇ ਪੰਜ ਬੱਚਿਆਂ ਨੂੰ ਬੜੀ ਹੀ ਮੁਸ਼ਕਲ ਨਾਲ ਪਾਲਿਆ। ਸਿੰਜ ਨੇ ਆਪਣੀ ਮੁਢਲੀ ਸਿੱਖਿਆ ਮੁੱਖ ਰੂਪ ਵਿੱਚ ਪ੍ਰਾਈਵੇਟ ਅਧਿਆਪਕਾਂ ਪਾਸੋਂ ਆਪਣੇ ਘਰ ਵਿੱਚ ਹੀ ਹਾਸਲ ਕੀਤੀ। ਉਸ ਤੋਂ ਬਾਅਦ ਉਹ ਟ੍ਰਿਨਟੀ ਕਾਲਜ ਡਬਲਿਨ ਵਿੱਚ ਦਾਖ਼ਲ ਹੋਇਆ ਜਿੱਥੇ ਉਸ ਨੇ 1892 ਵਿੱਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ 1893 ਵਿੱਚ ਉਹ ਵਾਇਲਨ ਦਾ ਅਧਿਐਨ ਕਰਨ ਲਈ ਜਰਮਨੀ ਗਿਆ। 1896 ਵਿੱਚ ਪੈਰਿਸ ਵਿੱਚ ਰਹਿਣ ਲੱਗਾ ਜਿੱਥੇ ਉਸ ਨੇ ਬ੍ਰਿਟਿਸ਼ ਅਤੇ ਯੂਰਪੀਅਨ ਰਸਾਲਿਆਂ ਲਈ ਲੇਖ ਅਤੇ ਮੁਲਾਂਕਣ ਲਿਖੇ।
1896 ਵਿੱਚ ਹੀ ਸਿੰਜ ਪੈਰਿਸ ਵਿੱਚ ਡਬਲਯੂ ਬੀ. ਯੇਟਸ ਨੂੰ ਮਿਲਿਆ ਜਿਸ ਨੇ ਉਸ ਨੂੰ ਕਿਹਾ :
ਤੂੰ ਪੈਰਿਸ ਛੱਡ ਦੇ, ਤੂੰ ਰੇਸੀਨ ਅਤੇ ਆਰਥਰ ਦਾ ਅਧਿਐਨ ਕਰ ਕੇ ਕੋਈ ਸਿਰਜਣਾ ਨਹੀਂ ਕਰ ਸਕੇਂਗਾ। ਸਾਈਮਨਜ਼ ਹਮੇਸ਼ਾ ਫ਼੍ਰਾਂਸੀਸੀ ਸਾਹਿਤ ਦਾ ਬਿਹਤਰ ਆਲੋਚਕ ਰਹੇਗਾ। ਤੂੰ ਐਰਨ ਟਾਪੂਆਂ ਤੇ ਜਾ ਕੇ ਉੱਥੇ ਇਸ ਪ੍ਰਕਾਰ ਰਹਿ ਜਿਵੇਂ ਕਿ ਉਹਨਾਂ ਲੋਕਾਂ ਵਿੱਚੋਂ ਹੀ ਹੋਵੇ। ਫਿਰ ਉਸ ਜੀਵਨ ਦੀ ਤਸਵੀਰ ਪੇਸ਼ ਕਰ ਜਿਸ ਨੂੰ ਅੱਜ ਤੱਕ ਕੋਈ ਹੋਰ ਪੇਸ਼ ਨਹੀਂ ਕਰ ਸਕਿਆ।
ਸਿੰਜ ਨੇ 1898 ਤੱਕ ਯੇਟਸ ਦੇ ਮਸ਼ਵਰੇ ਨੂੰ ਨਾ ਮੰਨਿਆ, ਪਰ ਇਸ ਸਮੇਂ ਦੌਰਾਨ ਉਸ ਨੇ ਪਹਿਲੀਆਂ ਪੰਜ ਵਿਸਤ੍ਰਿਤ ਫੇਰੀਆਂ ਪਾਈਆਂ। ਇਹ ਤਜਰਬਾ ਫੈਸਲਾਕੁੰਨ ਸਿੱਧ ਹੋਇਆ ਕਿਉਂਕਿ ਇਸ ਨੇ ਇੱਕ ਘੱਟ ਪ੍ਰਤਿਭਾ ਵਾਲੇ ਵਿਅਕਤੀ ਨੂੰ ਪ੍ਰਤਿਭਾਸ਼ੀਲ ਲੇਖਕ ਬਣਾ ਦਿੱਤਾ।
ਸਿੰਜ ਨੇ ਸਾਰੀ ਜ਼ਿੰਦਗੀ ਵਿਆਹ ਨਹੀਂ ਕੀਤਾ। 24 ਮਾਰਚ 1909 ਨੂੰ ਸਿੰਜ ਡਬਲਿਨ ਵਿੱਚ ਆਪਣੀ ਮੌਤ ਦੇ ਸਮੇਂ ਅਦਾਕਾਰਾ ਮੇਰੀ ਓਨੀਲ ਨਾਲ ਮੰਗਿਆ ਹੋਇਆ ਸੀ।
ਐਰਨ ਟਾਪੂਆਂ ਦੇ ਵਾਸੀਆਂ ਦੇ ਜੀਵਨ ਅਤੇ ਲੋਕਯਾਨ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਤਿੰਨ ਮਹੱਤਵਪੂਰਨ ਰਚਨਾਵਾਂ ਰਚੀਆਂ, ਇਨ ਦਾ ਸ਼ੈਡੋ ਆਫ਼ ਦਾ ਗਲੈਨ (1903) ਰਾਈਡਰਜ਼ ਟੂ ਦਾ ਸੀ (1904) ਜਿਸ ਨੂੰ ਕਿ ਅੰਗਰੇਜ਼ੀ ਵਿੱਚ ਇੱਕ ਸ੍ਰੇਸ਼ਠ ਇਕਾਂਗੀ ਨਾਟਕ ਮੰਨਿਆ ਜਾਂਦਾ ਹੈ। 1907 ਵਿੱਚ ਦਾ ਪਲੇ ਬੁਆਇ ਆਫ਼ ਦਾ ਵੈਸਟਰਨ ਵਰਲਡ ਦੀ ਲਿਖਤ ਵੀ ਇਸੇ ਹੀ ਤਜਰਬੇ ਤੇ ਆਧਾਰਿਤ ਹੈ। ਇਸ ਨਾਟਕ ਵਿੱਚ ਸਮਕਾਲੀ ਆਇਰਿਸ਼ ਰਵੱਈਏ ਤੇ ਕਠੋਰ ਵਿਅੰਗ ਕੀਤਾ ਗਿਆ ਸੀ। ਜਦੋਂ ਇਹ ਨਾਟਕ ਪਹਿਲੀ ਵਾਰ ਡਬਲਿਨ ਵਿੱਚ ਰੰਗ-ਮੰਚ ਤੇ ਪੇਸ਼ ਕੀਤਾ ਗਿਆ ਤਾਂ ਉੱਥੇ ਦੰਗੇ ਭੜਕ ਉੱਠੇ ਅਤੇ ਜਦੋਂ 1911 ਵਿੱਚ ਐਬੀ ਅਦਾਕਾਰਾਂ ਨੇ ਅਮਰੀਕਾ ਵਿੱਚ ਆਪਣੀ ਪਹਿਲੀ ਫੇਰੀ ਦੌਰਾਨ ਇਸ ਨੂੰ ਰੰਗ-ਮੰਚ ਤੇ ਖੇਡਿਆ ਤਾਂ ਆਇਰਿਸ਼-ਅਮਰੀਕਨਾਂ ਦੁਆਰਾ ਮੁਜ਼ਾਹਰੇ ਕੀਤੇ ਗਏ। ਇਸ ਦਾ ਆਖ਼ਰੀ ਮੁਕੰਮਲ ਨਾਟਕ ਦੇਇਰਦਰੀ ਆਫ਼ ਦਾ ਸਾਰੋਜ਼ ਜੋ ਪੁਰਾਤਨ ਆਇਰਿਸ਼ ਦਾਸਤਾਨ ਦੇ ਬਹਾਦਰ ਨਾਇਕਾਂ ਨਾਲ ਸੰਬੰਧਿਤ ਹੈ, ਨੂੰ ਉਸ ਦੀ ਮੌਤ ਉਪਰੰਤ 1910 ਵਿੱਚ ਪੇਸ਼ ਕੀਤਾ ਗਿਆ।
ਸਿੰਜ ਦਾ ਨਾਟਕ ਦਾ ਐਰਨ ਆਈਲੈਂਡਜ਼ ਨਾ ਕੇਵਲ ਉਸ ਦੇ ਵਿਸ਼ਵਾਸ ਨੂੰ ਪ੍ਰਗਟ ਕਰਦਾ ਹੈ ਸਗੋਂ ਸੰਗੀਤਮਿਕ ਤੇ ਵੰਨ-ਸਵੰਨੀ ਉਪ-ਭਾਸ਼ਾ ਦੇ ਸ੍ਰੋਤ ਦੀ ਸ਼ਨਾਖ਼ਤ ਵੀ ਕਰਦਾ ਹੈ। ਇਹ ਭਾਸ਼ਾ ਪੱਛਮੀ ਆਇਰਲੈਂਡ ਦੇ ਗੇਲਿਕ ਬੋਲਣ ਵਾਲੇ ਕਿਰਸਾਣਾਂ ਦੁਆਰਾ ਵਰਤੀ ਜਾਣੀ ਵਾਲੀ ਅੰਗਰੇਜ਼ੀ ਤੇ ਆਧਾਰਿਤ ਹੈ। ਸਿੰਜ ਦੀ ਭਾਸ਼ਾ ਤੇ ਗੇਲਿਕ ਵਾਕ ਰਚਨਾ ਦਾ ਜ਼ਬਰਦਸਤ ਪ੍ਰਭਾਵ ਹੈ।
ਸਿੰਜ ਨੇ ਆਇਰਲੈਂਡ ਦੀ ਪਰੰਪਰਾਗਤ ਜ਼ਿੰਦਗੀ ਨੂੰ ਨਿਸ਼ਕਪਟ ਪਰ ਹਮਦਰਦੀ ਵਾਲੇ ਰੂਪ ਵਿੱਚ ਪੇਸ਼ ਕੀਤਾ ਹੈ।ਉਸ ਨੇ ਆਪਣੇ ਸਾਹਿਤਿਕ ਕਾਰਜ ਵਿੱਚ ਆਇਰਲੈਂਡ ਦੇ ਸਾਹਿਤਿਕ ਪੁਨਰ-ਉਥਾਨ ਦੇ ਆਦਰਸ਼ਾਂ ਦਾ ਖੁਲਾਸਾ ਕੀਤਾ ਹੈ।
ਲੇਖਕ : ਰਵਿੰਦਰ ਪਵਾਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First