ਸਿੰਜਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੰਜਾਈ [ ਨਾਂਇ ] ਫ਼ਸਲਾਂ ਨੂੰ ਪਾਣੀ ਦੇਣ ਦੀ ਕਿਰਿਆ ਜਾਂ ਭਾਵ , ਸਿੰਚਾਈ , ਰਮਾਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿੰਜਾਈ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Irrigation _ ਸਿੰਜਾਈ : ਜ਼ਰਾਇਤੀ ਜ਼ਮੀਨ ਨੂੰ ਪਾਣੀ ਦੇਣ ਦੇ ਕਈ ਸਾਧਨ ਹਨ । ਜਿਹੜੀ ਭੋਂ ਪੂਰੇ ਤੌਰ ਤੇ ਮੀਂਹ ਤੇ ਨਿਰਭਰ ਹੋਵੇ ਉਸ ਨੂੰ ਬੈਰਾਨੀ , ਖੂਹ ਦੇ ਪਾਣੀ ਨਾਲ ਸਿੰਜੀ ਭੋਂ ਨੂੰ ਚਾਹੀ , ਨਹਿਰ ਦੁਆਰਾ ਸਿੰਜੀ ਭੋਂ ਨੂੰ ਨਹਿਰੀ ਅਤੇ ਭੂਮੀਗਤ ਪਾਣੀ ਦੇ ਸਿੰਜਰਨ ਦੁਆਰਾ ਗਿੱਲੀ ਭੋਂ ਨੂੰ ਸੈਲਾਬਾ ਕਿਹਾ ਜਾਂਦਾ ਹੈ । ( ਬੀਡਨ ਪਾਵਲ )


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3015, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਿੰਜਾਈ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿੰਜਾਈ : ਜ਼ਮੀਨ ਨੂੰ ਬਣਾਉਟੀ ਢੰਗਾਂ ਨਾਲ ਪਾਣੀ ਦੇਣ ਨੂੰ ਸਿੰਜਾਈ ਕਿਹਾ ਜਾਂਦਾ ਹੈ । ਅਜੋਕੀ ਖੇਤੀਬਾੜੀ ਦੇ ਚੰਗੇ ਸਾਧਨ ਜਿਨ੍ਹਾਂ ਵਿਚ ਸਿੰਜਾਈ , ਖਾਦਾਂ ਦੀ ਵਰਤੋਂ , ਮਸ਼ੀਨੀਕਰਨ ਅਤੇ ਉਪਜ ਦਾ ਬਹੁਤ ਵਾਧਾ ਖੇਤੀਬਾੜੀ ਦੇ ਖੇਤਰ ਵਿਚ ਬਹੁਤ ਜ਼ਿਆਦਾ ਯੋਗਦਾਨ ਪਾ ਰਹੇ ਹਨ ।

                  ਆਮ ਤੌਰ ਤੇ ਬਨਸਪਤੀ ਉਸ ਜ਼ਮੀਨ ਤੇ ਹੀ ਫੁੱਟਦੀ ਹੈ ਜਿਥੇ ਨਮੀ ਮਿਲਦੀ ਰਹੇ , ਜਿਥੇ ਵਰਖਾ ਮੌਸਮੀ ਹੋਵੇ ਜਾਂ ਬਹੁਤ ਥੋੜ੍ਹੀ ਹੋਵੇ ਤਾਂ ਉਥੇ ਬਨਸਪਤੀ ਫੁੱਟਦੀ ਹੀ ਨਹੀਂ ਜੇਕਰ ਹੋਵੇ ਤਾਂ ਬਹੁਤ ਮਾੜੀ ਹਾਲਤ ਵਿਚ ਹੁੰਦੀ ਹੈ । ਅਜਿਹੀਆਂ ਹਾਲਤਾਂ ਵਿਚ ਸਿੰਜਾਈ ਦੇ ਤਰੀਕੇ ਹੀ ਬਨਸਪਤੀ ਨੂੰ ਨਸ਼ਟ ਹੋਣ ਤੋਂ ਬਚਾ ਸਕਦੇ ਹਨ ਅਤੇ ਇਹ ਲੋੜ ਜਦੋਂ ਵੀ ਮਹਿਸੂਸ ਹੋਵੇ , ਪੂਰੀ ਕੀਤੀ ਜਾ ਸਕਦੀ ਹੈ ।

                  ਸਿੰਜਾਈ ਦਾ ਕੰਮ ਪੁਰਾਤਨ ਕਾਲ ਤੋਂ ਚਲਿਆ ਆ ਰਿਹਾ ਹੈ । ਸ਼ਾਇਦ ਆਰੀਆ ਲੋਕ ਵੀ ਇਸ ਤੋਂ ਜਾਣੂ ਸਨ । ਅੰਜ਼ੀਲ ਵਿਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਹੈ “ ਈਡਨ ਵਿਚੋਂ ਇਕ ਦਰਿਆ ਨਿਕਲਦਾ ਸੀ ਜਿਹੜਾ ਬਾਗ਼ਾਂ ਦੀ ਸਿੰਜਾਈ ਕਰਦਾ ਸੀ” । ਅਨੁਮਾਨ ਹੈ ਕਿ ਸਿੰਜਾਈ ਦਾ ਕੰਮ ਸਭ ਤੋਂ ਪਹਿਲਾਂ ਮਿਸਰ ਦੇ ਲੋਕਾਂ ਨੇ ਉੱਨਤ ਕੀਤਾ । ਨੀਲ ਦਰਿਆ ਵਿਚ ਹਰ ਸਾਲ ਨਿਸ਼ਚਿਤ ਸਮੇਂ ਹੀ ਹੜ੍ਹ ਆਉਂਦੇ ਸਨ । ਇਹ ਲੋਕ ਹੜ੍ਹ ਦੇ ਮੈਦਾਨਾਂ ( flood plains ) ਵਿਚ ਪਾਣੀ ਦੀ ਮਾਤਰਾ ਵਧਣ ਨਾਲ ਇਸ ਦਾ ਪਾਟ ਚੌੜਾ ਹੋ ਜਾਂਦਾ ਸੀ ਅਤੇ ਕਾਸ਼ਤ ਕੀਤੀ ਫਸਲ ਦੀ ਸਿੰਜਾਈ ਹੋ ਜਾਂਦੀ ਸੀ । ਸਿੰਜਾਈ ਕਰਨ ਦਾ ਇਹ ਸਭ ਤੋਂ ਪਹਿਲਾ ਅਤੇ ਆਸਾਨ ਢੰਗ ਮਿਸਰ ਅਤੇ ਬਾਬਿਲੀ ਸਭਿਅਤਾ ਵਿਚ ਮਿਲਦਾ ਹੈ । ਮਿਸਰ ਦੇ ਲੋਕਾਂ ਨੇ ਹੜ੍ਹ ਦੀ ਮਾਰ ਤੋਂ ਦੁਰੇਡੀਆਂ ਜ਼ਮੀਨਾਂ ਦੀ ਸਿੰਜਾਈ ਲਈ ਹੋਰ ਢੰਗ ਵੀ ਲੱਭਣੇ ਸ਼ੁਰੂ ਕੀਤੇ ਅਤੇ ਇਹ ਨਹਿਰੀ ਸਿੰਜਾਈ ਦਾ ਮੁੱਢ ਸੀ । ਨੀਲ ਦੇ ਡੈਲਟਾ ਵਿਚ ਦਰਿਆ ਅਨੇਕਾਂ ਮਾਰਗਾਂ ਵਿਚ ਵੰਡਿਆ ਜਾਂਦਾ ਹੈ , ਜਿਸ ਕਰਕੇ ਇਨ੍ਹਾਂ ਛੋਟਿਆਂ ਨਾਲਿਆਂ ਤੋਂ ਨਹਿਰਾਂ ਕਢਣੀਆਂ ਬੜੀਆਂ ਆਸਾਨ ਸਨ । ਦਰਿਆਈ ਵਾਦੀ ਦੇ ਨੇੜੇ ਖੂਹ ਪੁਟਣਾ ਵੀ ਸਰਲ ਸੀ , ਕਿਉਂਕਿ ਧਰਤੀ ਵਿਚ ਜਲ-ਸਤ੍ਹਾ ਕਾਫ਼ੀ ਨੇੜੇ ਸੀ । ਅਨੁਮਾਨ ਹੈ ਕਿ ਕਾਰਬੇਜ , ਫੋਨੀਸ਼ੀਆ , ਯੂਨਾਨ ਅਤੇ ਇਟਲੀ ਵਿਚ ਇਹ ਆਰਟ ਮਿਸਰ ਤੋਂ ਹੀ ਗਿਆ । ਸਪੇਨ ਵਿਚ ਸਿੰਜਾਈ ਦਾ ਹੁਨਰ ਮੂਰ ( Moor ) ਲੋਕ ਲੈ ਕੇ ਗਏ ।

                  ਸਿੰਜਾਈ ਦੇ ਪੁਰਾਤਨ ਢੰਗ– – ਸਿੰਜਾਈ ਦੇ ਪੁਰਾਤਨ ਢੰਗਾਂ ਵਿਚ ਪਾਣੀ ਨੂੰ ਸੋਮੇ ਤੋਂ ਚੁੱਕਣ ਲਈ ਢੀਂਗਲੀ ਦੀ ਵਰਤੋਂ ਕੀਤੀ ਜਾਂਦੀ ਸੀ । ਇਸ ਤਰ੍ਹਾਂ ਲਗਭਗ 0.4 ਹੈਕਟੇਅਰ ਦੀ ਸਿੰਜਾਈ ਤਾਂ ਹੋ ਜਾਂਦੀ ਸੀ । ਮਿਸਰ ਵਿਚ ਇਸ ਵਿਉਂਤ ਨੂੰ ਸ਼ਦੂਫ ਕਿਹਾ ਜਾਂਦਾ ਹੈ ( ਚਿਤਰ 1 ) ।

                  ਮਿਸਰੀ ‘ ਸਾਕੀਆ’ ਜਿਸ ਨੂੰ ਭਾਰਤ ਵਿਚ ਹਲਟ ਜਾਂ ਪਰਸ਼ੀਅਨ ਵ੍ਹੀਲ ( Persian wheel ) ਕਿਹਾ ਜਾਂਦਾ ਹੈ ਇਕ ਬਲਦਾਂ ਦੀ ਜੋੜੀ ਨਾਲ ਚਲਾਈ ਜਾਂਦੀ ਹੈ ( ਚਿਤਰ 2 ) । ਹਲਟ ਦੁਆਰਾ 5 ਤੋਂ 12 ਏਕੜ ਤਕ ਭੂਮੀ ਦੀ ਸਿੰਜਾਈ ਹੋ ਸਕਦੀ ਹੈ ।

                  ਇਨ੍ਹਾਂ ਸਭ ਤੋਂ ਪੁਰਾਣੀਆਂ ਵਿਉਂਤਾਂ ਵਿਚ ਅਨੋਖਾ ਢੰਗ ਸੀ ‘ ਆਰਕਿਮੀਡੀਜ਼ ਸਕਰਿਊ’ । ਇਹ ਕਾਢ 200 ਈ. ਪੂ. ਦੇ ਲਗਭਗ ਕਢੀ ਗਈ । ਇਸ ਯੰਤਰ ਵਿਚ 30-60 ਸੈਂ. ਮੀ. ਵਿਆਸ ਦਾ ਇਕ ਲੱਕੜੀ ਦਾ ਸਿਲਿੰਡਰ ਹੁੰਦਾ ਸੀ । ਇਸ ਵਿਚ ਇਕ ਟਿਊਬ ਰੱਖੀ ਜਾਂਦੀ ਸੀ । ਸਿਲਿੰਡਰ 3 ਤੋਂ 5 ਮੀ. ਤਕ ਲੰਮਾ ਹੁੰਦਾ ਸੀ । ਸਿਲਿੰਡਰ ਘੁਮਾਉਣ ਨਾਲ ਪਾਣੀ ਉਪਰ ਵੱਲ ਆਉਣ ਲੱਗ ਜਾਂਦਾ ਸੀ ( ਚਿਤਰ 3 ) ।

                  ਸਿੰਜਾਈ ਦੇ ਅਜੋਕੇ ਢੰਗ– – ਸਾਇਸ ਦੀਆਂ ਖੋਜਾਂ ਨਾਲ ਸਾਰੇ ਖੇਤਰਾਂ ਵਿਚ ਤਰੱਕੀ ਹੁੰਦੀ ਰਹੀ ਹੈ । ਇਸ ਤਰ੍ਹਾਂ ਸਿੰਜਾਈ ਵਾਸਤੇ ਪੰਪਿੰਡ ਸੈੱਟਾਂ ਦੀ ਕਾਢ ਵੀ ਹੋਈ ਅਤੇ ਇਨ੍ਹਾਂ ਸੈੱਟਾਂ ਨੇ ਮਨੁੱਖ ਦੀ ਸਰੀਰਕ ਕਿਰਤ ਕਾਫ਼ੀ ਘਟਾ ਦਿੱਤੀ । ਇਹ ਪੰਪਿੰਗ ਸੈੱਟ ਇਕ ਜਾਂ ਦੋ ਹਾਰਸਪਾਵਰ ਤੋਂ ਹਜ਼ਾਰ ਹਾਰਸਪਾਵਰ ਦੀ ਸ਼ਕਤੀ ਨਾਲ ਚਲਦੇ ਹਨ ਅਤੇ ਪਾਣੀ ਦੀ ਬਹੁਤ ਵੱਡੀ ਮਾਤਰਾ ਇਨ੍ਹਾਂ ਪੰਪਿੰਗ ਸੈੱਟਾਂ ਦੁਆਰਾ ਹੀ ਕਢੀ ਜਾਂਦੀ ਹੈ ।

                  ਬਿਜਲੀ ਦੀਆਂ ਮੋਟਰਾਂ ਵੱਡੇ ਪੰਪਿੰਗ ਸੈੱਟ ਵਾਸਤੇ , ਡੀਜ਼ਲ ਇੰਜਣ ਦਰਮਿਆਨੇ ਸੈੱਟਾਂ ਲਈ ਅਤੇ ਗੈਸੋਲਿਨ ਛੋਟੇ ਸੈੱਟਾਂ ਲਈ ਵਰਤੇ ਜਾਂਦੇ ਹਨ । ਆਮ ਤੌਰ ਤੇ ਪੰਪ ਅਤੇ ਮੋਟਰ ਇਕ ਹੀ ਯੂਨਿਟ ਵਿਚ ਬੱਝੇ ਹੁੰਦੇ ਹਨ । ਖੁਲ੍ਹੀ ਜਗ੍ਹਾਂ ਤੋਂ ਪਾਣੀ ਚੁੱਕਣ ਲਈ ਸੈੱਟਰੀਫਿਊਗਲ ਪੰਪ ਅਤੇ ਟਰਬਾਈਨ ਪੰਪ ਕਈ ਸੌ ਮੀਟਰ ਡੂੰਘੀ ਸਤ੍ਹਾ ਤੋਂ ਪਾਣੀ ਚੁੱਕਣ ਲਈ ਵਰਤੇ ਜਾਂਦੇ ਹਨ ।

                  ਸਿੰਜਾਈ ਦੇ ਸੋਮੇ– – ਸਿੰਜਾਈ ਕਰਨ ਲਈ ਪਾਣੀ ਦੇ ਦੋ ਵੱਡੇ ਸੋਮੇ ਹਨ , ਜ਼ਮੀਨ ਉਪਰਲਾ ਪਾਣੀ ਅਤੇ ਜ਼ਮੀਨ ਹੇਠਲਾ ਪਾਣੀ ।

                  ਜ਼ਮੀਨ ਉਪਰਲਾ ਪਾਣੀ ( Surface water ) – – ਜ਼ਮੀਨ ਉਪਰਲਾ ਪਾਣੀ ਦਰਿਆਵਾਂ , ਝੀਲਾਂ , ਤਲਾਬਾਂ ਜਾਂ ਬਣਾਵਟੀ ਸੋਮਿਆਂ ਤੋਂ ਲਿਆ ਜਾਂਦਾ ਹੈ । ਦਰਿਆਵਾਂ ਤੋਂ ਸਿੰਜਾਈ ਨਹਿਰਾਂ ਦੁਆਰਾ ਕੀਤੀ ਜਾਂਦੀ ਹੈ । ਇਸ ਕੰਮ ਨੂੰ ਸਰਲ ਬਣਾਉਣ ਲਈ ਦਰਿਆਵਾਂ ਉਪਰ ਡੈਮ ਬਣਾ ਲਏ ਜਾਂਦੇ ਹਨ । ਜੇਕਰ ਪਾਣੀ ਦਾ ਜ਼ਖੀਰਾ ਦਰਿਆ ਦੇ ਉਪਰ ਕਾਫ਼ੀ ਉਚਾਈ ਤੇ ਬਣਾ ਲਿਆ ਜਾਵੇ ਤਾਂ ਪਾਣੀ ਸਾਰਾ ਸਾਲ ਹੀ ਮਿਲ ਸਕਦਾ ਹੈ । ਇਹ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਵਰਖਾ ਦੇ ਦੌਰਾਨ ਇਹ ਪਾਣੀ ਜ਼ਾਇਆ ਨਾ ਜਾਵੇ ਅਤੇ ਲੋੜ ਪੈਣ ਤੇ ਖ਼ੁਸ਼ਕ ਸਮੇਂ ਇਸ ਦੀ ਵਰਤੋਂ ਕੀਤੀ ਜਾ ਸਕੇ । ਪਾਣੀ ਦੇ ਤਲਾਅ ਵੀ ਵਰਖਾ ਤੇ ਨਿਰਭਰ ਕਰਦੇ ਹਨ ।

                  ਇਨ੍ਹਾਂ ਸੋਮਿਆਂ ਤੋਂ ਪਾਣੀ ਦਾ ਵਹਾਓ ਗੁਰੂਤਾ ਸ਼ਕਤੀ ਰਾਹੀਂ ਹੁੰਦਾ ਹੈ ਇਸ ਲਈ ਇਹ ਸਤਸਤਾ ਪੈਂਦਾ ਹੈ । ਇਲ੍ਹਾਂ ਸੋਮਿਆਂ ਤੋਂ ਪਾਣੀ ਨਹਿਰਾਂ , ਨਹਿਰੀ ਸ਼ਾਖ਼ਾਵਾਂ ਅਤੇ ਛੋਟੀਆਂ ਨਹਿਰਾਂ ਦੇ ਸਿਸਟਮ ਰਾਹੀਂ ਖੇਤਾਂ ਦੇ ਨਜ਼ਦੀਕ ਪਹੁੰਚਾਇਆ ਜਾਂਦਾ ਹੈ । ਛੋਟੀਆਂ ਨਹਿਰਾਂ ਤੋਂ ਪਾਣੀ ਫਿਰ ਸੂਏ ਅਤੇ ਖਾਲ੍ਹਾਂ ਆਦਿ ਵਿਚ ਪਾ ਕੇ ਖੇਤਾਂ ਤਕ ਪਹੁੰਚਾਇਆ ਜਾਂਦਾ ਹੈ ਬਾਕੀ ਦਾ 15 ਪ੍ਰਤਿਸ਼ਤ ਪਾਣੀ ਨਹਿਰਾਂ 10 ਪ੍ਰਤਿਸ਼ਤ ਛੋਟੀਆਂ ਨਹਿਰਾਂ ਅਤੇ 20 ਪ੍ਰਤਿਸ਼ਤ ਖਾਲਾਂ ਵਿਚ ਸੋਖਣ , ਜੀਰਨ ਅਤੇ ਵਾਸ਼ਪੀਕਰਨ ਰਾਹੀਂ ਜ਼ਾਇਆ ਚਲਾ ਜਾਂਦਾ ਹੈ ।

                  ਜ਼ਮੀਨ ਹੇਠਲਾ ਪਾਣੀ ( Underground water ) – – ਜ਼ਮੀਨ ਹੇਠਲਾ ਪਾਣੀ ਆਮ ਤੌਰ ਤੇ ਖੂਹ ਪੁਟਣ ਜਾਂ ਖੋਦਣ ਰਾਹੀਂ ਵਰਤੋਂ ਵਿਚ ਲਿਆਂਦਾ ਜਾਂਦਾ ਹੈ । ਇਸ ਕਰਕੇ ਜ਼ਮੀਨ ਹੇਠਲਾ ਪਾਣੀ ਜ਼ਮੀਨ ਉਪਰਲੇ ਪਾਣੀ ਤੋਂ ਮਹਿੰਗਾਂ ਪੈਂਦਾ ਹੈ । ਇਹ ਪਾਣੀ ਆਮ ਤੌਰ ਤੇ ਬੈਕਟੀਰੀਆ ਅਤੇ ਗੰਧਲੇਪਨ ਤੋਂ ਰਹਿਤ ਹੁੰਦਾ ਹੈ ।

                  ਸਿੰਜਾਈ ਦੇ ਪਾਣੀ ਦੀ ਯੋਗ ਵਰਤੋਂ– – ਜ਼ਮੀਨ ਦੀ ਸਿੰਜਾਈ ਲਈ ਪਾਣੀ ਭਾਵੇਂ ਕਿਸੇ ਵੀ ਢੰਗ ਜਾਂ ਸੋਮੇਂ ਤੋਂ ਪ੍ਰਾਪਤ ਹੋਵੇ , ਉਸ ਪਾਣੀ ਦੀ ਬਨਸਪਤੀ ਪੈਦਾ ਕਰਨ ਲਈ ਉਚਿਤ ਅਤੇ ਯੋਗ ਵਰਤੋਂ ਕਰਨੀ ਜ਼ਰੂਰੀ ਹੈ । ਇਸ ਮੰਤਵ ਲਈ ਹੇਠ ਲਿਖੇ ਤਿੰਨ ਮੁੱਖ ਤਰੀਕੇ ਵਰਤੋਂ ਵਿਚ ਲਿਆਏ ਜਾਂਦੇ ਹਨ :

                  ( ੳ ) ਸਤ੍ਹਾ ( ਅ ) ਉਪ ਸਤ੍ਹਾ ( ੲ ) ਹਵਾਈ ਸਿੰਜਾਈ ।

                  ਸਤ੍ਹਾ-ਸਿੰਜਾਈ– – ਸਤ੍ਹਾ-ਸਿੰਜਾਈ ਚਾਰ ਤਰੀਕਿਆਂ ਦੁਆਰਾ ਕੀਤੀ ਜਾਂਦੀ ਹੈ । ( i ) ਵਹਿਣ ( ii ) ਕਿਆਰੇ ਬਣਾਉਣਾ ( iii ) ਬੇਸਿਨ ਬਣਾਉਣਾ ( iv ) ਸਿਆੜ ਬਣਾਉਣਾ ।

                  ( i ) ਵਹਿਣ ( Flooding ) – – ਇਸ ਤਰੀਕੇ ਰਾਹੀਂ ਖੇਤ ਦੇ ਲਾਗਿਓਂ ਲੰਘ ਰਹੀ ਖਾਲ ਵਿਚੋਂ ਇਕ ਪਾਸੇ ਤੋਂ ਪਾਣੀ ਲਗਾ ਦਿੱਤਾ ਜਾਂਦਾ ਹੈ ਅਤੇ ਪਾਣੀ ਸਾਰੇ ਖੇਤਰ ਵਿਚ ਦੀ ਵਹਿਣ ਲਗ ਜਾਂਦਾ ਹੈ । ਇਹ ਸਾਰੇ ਤਰੀਕਿਆਂ ਤੋਂ ਘਟੀਆ ਤਰੀਕਾ ਹੈ ਕਿਉਂਕਿ ਇਸ ਰਾਹੀਂ ਸਿਰਫ 20 ਪ੍ਰਤਿਸ਼ਤ ਪਾਣੀ ਦੀ ਬੂਟਿਆਂ ਤਕ ਪਹੁੰਚਦਾ ਹੈ । ਬਾਕੀ ਦਾ ਪਾਣੀ ਰੁੜ੍ਹ ਜਾਂਦਾ ਹੈ । ਇਹ ਤਰੀਕਾ ਸੇਮ ਵਾਲੀਆਂ ਜਗ੍ਹਾਂ ਨੂੰ ਨੁਕਸਾਨ ਪਹੁੰਚਾਂਦਾ ਹੈ ।

                  ( ii ) ਕਿਆਰੇ ਬਣਾਉਣਾ ( Bed Method ) – – ਇਸ ਤਰੀਕੇ ਵਿਚ ਖੇਤ ਨੂੰ ਪੱਧਰ ਕੀਤਾ ਜਾਂਦਾ  ਹੈ ਅਤੇ ਲੋੜ ਅਨੁਸਾਰ ਕਿਆਰੇ ਬਣਾ ਲਏ ਜਾਂਦੇ ਹਨ ਜਿਨ੍ਹਾਂ ਉਪਰ 15-30 ਸੈਂ. ਮੀ. ਉਚੀਆਂ ਵੱਟਾਂ ਬਣਾ ਦਿੱਤੀਆਂ ਜਾਂਦੀਆਂ ਹਨ । ਦੋ ਲਾਗਲੇ ਕਿਆਰਿਆਂ ਵਿਚ ਇਕ ਸਾਂਝੀ ਖਾਲ ਰਾਹੀਂ ਪਾਣੀ ਦਿੱਤਾ ਜਾਂਦਾ ਹੈ । ਇਹ ਕਿਆਰੇ 30 ਤੋਂ 100 ਮੀਟਰ ਲੰਮੇ ਹੋ ਸਕਦੇ ਹਨ । ਇਹ ਤਰੀਕਾ ਉਨ੍ਹਾਂ ਫਸਲਾਂ ਲਈ ਲਾਹੇਵੰਦ ਹੈ ਜੋ ਕਤਾਰਾਂ ਵਿਚ ਬੀਜੀਆਂ ਜਾਂਦੀਆਂ ਹਨ ।

                  ( iii ) ਬੇਸਿਨ ਬਣਾਉਣ ਦਾ ਤਰੀਕਾ ( Basin Method ) – – ਇਹ ਤਰੀਕਾ ਬਾਗਾਂ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ ਜਾਂ ਜਿਥੇ ਸਿੰਜਾਈ ਕਰਨ ਵਾਲਾ ਪਲਾਟ ਛੋਟਾ ਹੋਵੇ । ਇਹ ਬੇਸਿਨ ਗੋਲ , ਚਤਰ-ਭੁਜ ਆਕਾਰ ਜਾਂ ਵਰਗਾਕਾਰ ਹੁੰਦੇ ਹਨ । ਬੇਸਿਨ ਦੀ ਬਾਹਰਲੀ ਵੱਟ ਜਾਂ ਬੰਧ 15– – 25 ਸੈਂ. ਮੀ. ਉੱਚੀ ਹੁੰਦੀ ਹੈ । ਇਹ ਇਕ ਮਹਿੰਗਾ ਤਰੀਕਾ ਹੈ ।

                  ( iv ) ਸਿਆੜ ਬਣਾਉਣ ਦਾ ਤਰੀਕਾ ( Furrow Method ) – – ਇਸ ਵਿਚ ਪਾਣੀ ਛੋਟੇ ਛੋਟੇ ਸਿਆੜਾਂ ਰਾਹੀਂ ਫਸਲਾਂ ਤਕ ਪਹੁੰਚਦਾ ਹੈ । ਇਹ ਤਰੀਕਾ ਢਲਾਨ ਵਾਲੇ ਖੇਤਾਂ ਵਿਚ ਅਪਣਾਇਆ ਜਾਂਦਾ ਹੈ ਜਿਥੇ ਸਿਆੜ ਢਲਾਨ ਦੀ ਉਲਟ ਦਿਸ਼ਾ ਵਿਚ ਬਣਾਏ ਜਾਂਦੇ ਹਨ । ਇਕ ਸਿਆੜ ਦੀ ਲੰਬਾਈ 3 ਤੋਂ 6 ਮੀਟਰ ਤਕ ਹੋ ਸਕਦੀ ਹੈ । ਜਿਥੇ ਸਿੰਜਾਈ ਪਾਣੀ ਚੁਕਣ ਦੇ ਤਰੀਕੇ ( lift irrigation ) ਰਾਹੀਂ ਹੁੰਦੀ ਹੋਵੇ ਉਥੇ ਇਹ ਤਰੀਕਾ ਬੜਾ ਸੰਜੀਦਾ ਹੁੰਦਾ ਹੈ ।

                  ( ਅ ) ਉਪ ਸਤ੍ਹਾ ਸਿੰਜਾਈ ( Sub surface irrigation ) – – ਸਿੰਜਾਈ ਦਾ ਇਹ ਤਰੀਕਾ ਕੁਦਰਤੀ ਜਾਂ ਬਣਾਉਟੀ ਹੋ ਸਕਦਾ ਹੈ । ਕੁਦਰਤੀ ਤਰੀਕੇ ਰਾਹੀਂ ਇਹ ਸਿਰਫ਼ ਉਸ ਜਗ੍ਹਾ ਹੀ ਸਫਲ ਹੈ ਜਿਥੇ ਜ਼ਮੀਨ ਦੇ ਥੱਲੇ ਇਕ ਅਛੇਦ ਤਹਿ ( impervious layer ) ਹੋਵੇ । ਛੋਟੀਆਂ ਛੋਟੀਆਂ ਖਾਲਾਂ ਇਸ ਤਹਿ ਤਕ ਪੁਟ ਦਿੱਤੀਆਂ ਜਾਂਦੀਆਂ ਹਨ ਅਤੇ ਪਾਣੀ ਇਨ੍ਹਾਂ ਦੁਆਰਾ ਜੜ੍ਹਾਂ ਤਕ ਪੁਜ ਜਾਂਦਾ ਹੈ । ਬਣਾਉਟੀ ਤਰੀਕੇ ਅਨੁਸਾਰ ਛੇਦਾਂ ਵਾਲੀਆਂ ਪਾਈਪਾਂ ਜੜ੍ਹਾਂ ਦੇ ਥਲੇ ਕਰਕੇ ਵਿਛਾ ਦਿਤੀਆਂ ਜਾਂਦੀਆਂ ਹਨ ਅਤੇ ਲੋੜ ਅਨੁਸਾਰ ਪਾਣੀ ਦਿੱਤਾ ਜਾਂਦਾ ਹੈ । ਦੋਹਾਂ ਹੀ ਤਰੀਕਿਆਂ ਵਿਚ ਪਾਣੀ ਦੀ ਸਤ੍ਹਾ ਇੰਨੀ ਉਪਰ ਚੁੱਕੀ ਜਾਂਦੀ ਹੈ ਕਿ ਜੜ੍ਹਾਂ ਤਕ ਪਾਣੀ ਪਹੁੰਚ ਜਾਵੇ । ਇਹ ਤਰੀਕਾ ਸ਼ੁਰੂ ਵਿਚ ਬੜਾ ਖਰਚੀਲਾ ਪਰੰਤੂ ਬਾਅਦ ਵਿਚ ਬਹੁਤ ਸਸਤਾ ਪੈਂਦਾ ਹੈ । ਇਸ ਵਿਧੀ ਵਿਚ ਪਾਣੀ ਨੂੰ ਵਾਸ਼ਪੀਕਰਨ ਦੁਆਰਾ ਉੱਡਣ ਤੋਂ ਰੋਕ ਲਿਆ ਜਾਂਦਾ ਹੈ । ਜਿਸ ਕਰਕੇ ਇਹ ਇਕ ਚੰਗੇਰਾ ਤਰੀਕਾ ਹੈ । ਉਪ-ਸਤ੍ਹਾ ਸਿੰਜਾਈ ਫਾਰਮਾਂ ਵਿਚ ਵਰਤੀ ਜਾਂਦੀ ਮਸ਼ੀਨਰੀ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਂਦੀ ।

                  ( ੲ ) ਹਵਾਈ ਸਿੰਜਾਈ ( Aerial or sprinkler lrrigation ) – – ਇਹ ਸਿੰਜਾਈ ਦਾ ਤਰੀਕਾ ਉਨ੍ਹਾਂ ਜ਼ਮੀਨਾਂ ਲਈ ਅਪਣਾਇਆ ਜਾਂਦਾ ਹੈ , ਜਿਥੇ ਜ਼ਮੀਨ ਉੱਚੀ ਨੀਵੀਂ ਹੋਵੇ ਅਤੇ ਖੋਰਨ ਕਰਕੇ ਪਾਣੀ ਜ਼ਮੀਨ ਨੂੰ ਨੁਕਸਾਨ ਪਹੁੰਚਾਂਦਾ ਹੋਵੇ । ਇਸ ਵਿਧੀ ਰਾਹੀਂ ਪਾਣੀ ਦੀ ਵੰਡ ਇਕਸਾਰ ਹੋ ਜਾਂਦੀ ਹੈ ਅਤੇ ਫਾਰਮ ਮਸ਼ੀਨਰੀ ਨੂੰ ਵੀ ਕੋਈ ਰੁਕਾਵਟ ਨਹੀਂ ਆਉਂਦੀ । ਇਸ ਵਿਧੀ ਨੂੰ ਲਗਾਉਣ ਲਈ ਮੁਢਲੀ ਕੀਮਤ ਬਹੁਤ ਆਉਂਦੀ ਹੈ ਅਤੇ ਸੰਭਾਲ ਵੀ ਕਾਫ਼ੀ ਖਰਚੀਲੀ ਹੁੰਦੀ ਹੈ । ਇਸ ਵਿਧੀ ਵਾਸਤੇ ਪਾਣੀ ਚੰਗਾ ਸਾਫ਼ ਚਾਹੀਦਾ ਹੈ ਤਾਂ ਜੋ ਪੰਪਾਂ ਦੀਆਂ ਨੋਜ਼ਲਾਂ ਵਿਚ ਕੋਈ ਰੁਕਾਵਟ ਨਾ ਆਵੇ । ਇਸ ਵਿਧੀ ਰਾਹੀਂ ਪਾਣੀ ਵਿਚ ਘੁਲਣਸ਼ੀਲ ਖਾਦਾਂ ਵੀ ਬੂਟਿਆਂ ਨੂੰ ਦਿਤੀਆਂ ਜਾ ਸਕਦੀਆਂ ਹਨ ।

                  ਭਾਰਤ ਦੀਆਂ ਕੌਮੀ ਵਿਕਾਸ ਪਲਾਨਾਂ ਵਿਚ ਸਿੰਜਾਈ ਨੂੰ ਕਾਫ਼ੀ ਮਹੱਤਤਾ ਦਿਤੀ ਜਾਂਦੀ ਹੈ । ਕਿਉਂਕਿ ਇਥੋਂ ਦੀ ਖੇਤੀਬਾੜੀ ਜ਼ਿਆਦਾ ਮੌਨਸੂਨ ਵਰਖਾ ਤੇ ਹੀ ਨਿਰਭਰ ਹੈ । ਆਜ਼ਾਦੀ ਤੋਂ ਮਗਰੋਂ 690 ਸਿੰਜਾਈ ਦੀਆਂ ਵੱਡੀਆਂ ਅਤੇ ਦਰਮਿਆਨੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਜਿੰਨ੍ਹਾਂ ਵਿਚ 421 ਮੁਕੰਮਲ ਹੋ ਚੁਕੀਆਂ ਹਨ । ਦੇਸ਼ ਵਿਚ 1950-51 ਵਿਚ 2.26 ਕਰੋੜ ਹੈਕਟੇਅਰ ਰਕਬਾ ਸਿੰਜਾਈ ਹੇਠ ਸੀ । ਜਦ ਕਿ ਇਹ ਵਧ ਕੇ 1974-75 ਵਿਚ 4.40 ਕਰੋੜ ਹੋ ਗਿਆ ।

                  ਸੰਨ 1951-52 ਤੋਂ 1974-75 ਤਕ ਸਿੰਜਾਈ ਦੀਆਂ ਵੱਡੀਆਂ ਅਤੇ ਦਰਮਿਆਨੀਆਂ ਯੋਜਨਾਵਾਂ ਉਪਰ 3 , 400 ਕਰੋੜ ਰੁਪਏ ਖਰਚ ਕੀਤੇ ਗਏ ।

                  ਸਿੰਜਾਈ ਦੀਆਂ ਛੋਟੀਆਂ ਯੋਜਨਾਵਾਂ ਵੱਲ ਵੀ ਕਾਫ਼ੀ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਇਹ ਖੇਤੀਬਾੜੀ ਦੀ ਪੈਦਾਵਾਰ ਵਿਚ ਇਕ ਅਹਿਮ ਰੋਲ ਅਦਾ ਕਰਦੀਆਂ ਹਨ । ਪਿਛਲੇ ਕੁਝ ਸਾਲਾਂ ਵਿਚ ਬਿਜਲੀ ਅਤੇ ਡੀਜ਼ਲ ਨਾਲ ਚਲਣ ਵਾਲੇ ਪੰਪਿੰਗ ਸੈੱਟ ਅਗੇਤ ਆਧਾਰ ਤੇ ਦਿਤੇ ਗਏ ਹਨ । ਸੰਨ 1975-76 ਵਿਚ 107 ਕਰੋੜ ਰੁਪਏ ਸਿੰਜਾਈ ਦੀਆਂ ਲਘੂ ਯੋਜਨਾਵਾਂ ਤੇ ਖਰਚ ਕੀਤੇ ਗਏ । ਲਗਭਗ 7 ਲੱਗ ਹੈਕਟੇਅਰ ਵਾਧੂ ਰਕਬਾ ਲਘੂ ਸਿੰਜਾਈ ਨਾਲ ਖੇਤੀਬਾੜੀ ਹੇਠ ਲਿਆਂਦਾ ਗਿਆ ।

                  ਸਿੰਜਾਈ ਯੋਜਨਾਵਾਂ ਹੇਠ ਪੰਜਾਬ , ਹਰਿਆਣਾ , ਰਾਜਸਥਾਨ ਰਾਜਾਂ ਦੀ ਸਿੰਜਾਈ ਅਤੇ ਬਿਜਲੀ ਦੀ ਲੋੜ ਨੂੰ ਪੂਰਾ ਕਰਨ ਲਈ ਇਕ ਭਾਖੜਾ-ਨੰਗਲ ਯੋਜਨਾ ਤਿਆਰ ਕੀਤੀਗਈ । ਭਾਖੜਾ ਡੈਮ ਵਿਚ 7.8 ਲੱਖ ਹੈਕਟੇਅਰ ਮੀਟਰ ਪਾਣੀ ਜਮ੍ਹਾਂ ਕਰਨ ਦੀ ਸਮਰੱਥਾ ਹੈ । ਦੇਸ਼ ਵਿਚ ਸਿੰਜਾਈ ਦੇ ਅਜਿਹੇ ਕਈ ਹੋਰ ਵੱਡੇ ਪ੍ਰਾਜੈਕਟ ਚਲ ਰਹੇ ਹਨ ਜੋ , ਖੇਤੀਬਾੜੀ ਦੀ ਪੈਦਾਵਾਰ ਵਧਾਉਣ ਵਿਚ ਕਾਫ਼ੀ ਹਿੱਸਾ ਪਾ ਰਹੇ ਹਨ ।

                  ਹ.ਪੁ.– – ਐਨ. ਬ੍ਰਿ. 12 : 641; ਹੈਂਡ ਬੁਕ ਆਫ਼ ਐਗਰੀਕਲਚਰ , ਆਈ. ਸੀ. ਏ. ਆਰ. : ਇੰਡੀਆ 1976


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no

ਸਿੰਜਾਈ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸਿੰਜਾਈ : ਵਿਗਿਆਨਿਕ ਅਤੇ ਤਕਨੀਕੀ ਢੰਗਾਂ ਨਾਲ ਪਾਣੀ ਨੂੰ ਖ਼ੁਸ਼ਕ ਜਲ-ਵਾਯੂ ਵਾਲੇ ਉਪਜਾਊ ਕਾਸ਼ਤਕਾਰੀ ਖੇਤਰਾਂ ਤੱਕ ਪਹੁੰਚਾਉਣਾ ਅਤੇ ਕੁਸ਼ਲਤਾ ਪੂਰਵਕ ਵਿਧੀ ਨਾਲ ਫ਼ਸਲਾਂ ਦੇ ਵਧਣ-ਫੁੱਲਣ ਨੂੰ ਉਤਸ਼ਾਹਿਤ ਕਰਨਾ ਜਾਂ ਉਹਨਾਂ ਦੀ ਪੈਦਾਵਾਰ ਨੂੰ ਯਕੀਨੀ ਬਣਾਉਣ ਲਈ ਪਾਣੀ ਮੁਹੱਈਆ ਕਰਨ ਦੀ ਕਿਰਿਆ ਨੂੰ ਸਿੰਜਾਈ ( Irrigation ) ਕਿਹਾ ਜਾਂਦਾ ਹੈ । ਦੂਸਰੇ ਸ਼ਬਦਾਂ ਵਿੱਚ , ਵਰਖਾ ਤੋਂ ਇਲਾਵਾ ਕਿਸੇ ਵੀ ਦੂਸਰੇ ਢੰਗ ਨਾਲ ਫ਼ਸਲਾਂ ਨੂੰ ਪਾਣੀ ਮੁਹੱਈਆ ਕਰਵਾਉਣ ਨੂੰ ਸਿੰਜਾਈ ਆਖਿਆ ਜਾਂਦਾ ਹੈ । ਪਹਿਲਾਂ ਮਨੁੱਖ ਦੀਆਂ ਜ਼ਰੂਰਤਾਂ ਘੱਟ ਸਨ , ਤਕਨੀਕੀ ਉਨਤੀ ਵੀ ਨਹੀਂ ਸੀ ਹੋਈ , ਇਸ ਕਰਕੇ ਫ਼ਸਲਾਂ ਜ਼ਿਆਦਾਤਰ ਵਰਖਾ ਉੱਤੇ ਹੀ ਨਿਰਭਰ ਕਰਦੀਆਂ ਸਨ । ਜਿੰਨੀ ਫ਼ਸਲ ਹੋ ਜਾਂਦੀ ਸੀ , ਉਸ ਉੱਤੇ ਗੁਜ਼ਾਰਾ ਕਰਨਾ ਪੈਂਦਾ ਸੀ । ਕਈ ਵਾਰ ਲੰਬੇ ਸਮੇਂ ਤੱਕ ਵਰਖਾ ਨਾ ਹੋਣ ਕਰਕੇ ਫ਼ਸਲਾਂ ਮਰ ਜਾਂਦੀਆਂ ਸਨ ਅਤੇ ਕਾਲ ਪੈ ਜਾਂਦੇ ਸਨ । ਪਰੰਤੂ ਹੁਣ ਮਨੁੱਖ ਦੀਆਂ ਜ਼ਰੂਰਤਾਂ ਵੱਧ ਗਈਆਂ ਹਨ , ਅਨਾਜ ਦੀ ਪੈਦਾਵਾਰ ਅਤੇ ਪਸੂ-ਪਾਲਣ ਸਿਰਫ਼ ਗੁਜ਼ਾਰੇ ਵਾਸਤੇ ਹੀ ਨਹੀਂ ਕੀਤਾ ਜਾਂਦਾ ਸਗੋਂ ਵਾਧੂ ਉਤਪਾਦਨ ਨੂੰ ਵੇਚ-ਵਟ ਕੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਵੀ ਕੀਤਾ ਜਾਂਦਾ ਹੈ । ਫ਼ਸਲਾਂ ਤੋਂ ਵੱਧ ਝਾੜ ਲੈਣ ਵਾਸਤੇ ਫ਼ਸਲਾਂ ਨੂੰ ਸਿਰਫ਼ ਪਾਣੀ ਦੀ ਲੋੜ ਹੀ ਨਹੀਂ ਹੁੰਦੀ ਸਗੋਂ ਨਿਸ਼ਚਿਤ ਸਮੇਂ ਉੱਤੇ ਨਿਯਮਤ ਪਾਣੀ ਦੀ ਲੋੜ ਹੁੰਦੀ ਹੈ , ਜੋ ਸਿਰਫ਼ ਸਿੰਜਾਈ ਦੁਆਰਾ ਹੀ ਪੂਰੀ ਕੀਤੀ ਜਾ ਸਕਦੀ ਹੈ । ਇਸ ਕਰਕੇ ਸਿੰਜਾਈ ਹੁਣ ਖੇਤੀ ਦਾ ਅਨਿੱਖੜਵਾਂ ਅੰਗ ਬਣ ਗਈ ਹੈ , ਅਰਥਾਤ ਬਿਨਾਂ ਸਿੰਜਾਈ ਤੋਂ ਆਧੁਨਿਕ ਖੇਤੀ ਸੰਭਵ ਨਹੀਂ ਹੈ ।

ਸਿੰਜਾਈ ਦੀ ਲੋੜ ਉਹਨਾਂ ਖੇਤਰਾਂ ਵਿੱਚ ਵੱਧ ਪੈਂਦੀ ਹੈ , ਜਿੱਥੇ ਵਰਖਾ ਘੱਟ ਹੁੰਦੀ ਹੈ ਅਤੇ ਵਰਖਾ ਵਿੱਚ ਅਸਥਿਰਤਾ ਅਤੇ ਅਨਿਸ਼ਚਿਤਤਾ ਵੱਧ ਹੁੰਦੀ ਹੈ । ਵਿਲੀਅਮਸਨ ( Williamson ) ਨੇ ਕਿਹਾ ਹੈ ਕਿ ਜਿੱਥੇ ਵਰਖਾ ਦੀ ਅਸਥਿਰਤਾ 20 ਪ੍ਰਤਿਸ਼ਤ ਤੋਂ ਵੱਧ ਜਾਂਦੀ ਹੈ , ਉੱਥੇ ਕਾਸ਼ਤਕਾਰੀ ਲਈ ਹਮੇਸ਼ਾਂ ਭਾਰੀ ਖ਼ਤਰਾ ਬਣਿਆ ਰਹਿੰਦਾ ਹੈ । ਇਸ ਕਰਕੇ , ਸਿੰਜਾਈ ਦੀ ਲੋੜ ਪੈਂਦੀ ਹੈ ।

ਪਾਣੀ ਪੌਦਿਆਂ ਲਈ ਜੀਵਨ-ਦਾਤਾ ਹੋਣ ਦੇ ਨਾਤੇ ਉਹਨਾਂ ਦੀ ਪਰਵਰਿਸ਼ ਲਈ ਬਹੁਤ ਜ਼ਰੂਰੀ ਹੈ । ਇਹ ਇੱਕ ਅਟੱਲ ਸਚਾਈ ਹੈ ਕਿ ਖੇਤਰੀ ਪੱਧਰ ਅਤੇ ਸਮੇਂ-ਸਮੇਂ ਉੱਤੇ ਵੱਖ-ਵੱਖ ਤਰ੍ਹਾਂ ਦੇ ਪੌਦਿਆਂ ਲਈ ਪਾਣੀ ਦੀ ਜ਼ਰੂਰਤ ਵੀ ਬਹੁਤ ਵੱਖਰੀ-ਵੱਖਰੀ ਹੁੰਦੀ ਹੈ । ਇਸ ਜ਼ਰੂਰਤ ਦਾ ਬਹੁਤਾ ਭਾਗ ਮਿੱਟੀ ਦੁਆਰਾ ਵਰਖਾ ਤੋਂ ਪ੍ਰਾਪਤ ਕੀਤੀ ਨਮੀ ਪੂਰਾ ਕਰਦੀ ਹੈ , ਪਰੰਤੂ ਖੇਤੀ-ਬਾੜੀ ਖੇਤਰਾਂ ਦੇ ਖੇਤੀ-ਬਾੜੀ ਭੂ-ਦ੍ਰਿਸ਼ਾਂ ਦੀ ਪਰਿਵਰਤਨ ਕਿਰਿਆ ਵਿੱਚ ਸਿੰਜਾਈ ਦੀ ਸਹੂਲਤ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।

ਸਿੰਜਾਈ ਦੀ ਸਮਾਜਿਕ ਅਤੇ ਆਰਥਿਕ ਦ੍ਰਿਸ਼ਟੀਕੋਣ ਤੋਂ ਵੀ ਵਧੇਰੇ ਲੋੜ ਹੈ , ਕਿਉਂਕਿ ਇਹ ਲਗਾਤਾਰ ਵਧਦੀ ਜਨ-ਸੰਖਿਆ ਨੂੰ ਭੋਜਨ ਦੇਣ , ਜੀਵਨ ਸੁਵਿਧਾਵਾਂ ਦੇਣ , ਅਤੇ ਸਮਾਜ ਦੇ ਗ਼ਰੀਬ ਵਰਗਾਂ ਨੂੰ ਰੁਜ਼ਗਾਰ ਦੇਣ ਲਈ ਵੀ ਮਦਦ ਕਰਦੀ ਹੈ । ਖੇਤੀ ਵਿੱਚ ਪ੍ਰਾਦੇਸ਼ਿਕ ਅਸਮਾਨਤਾ ਨੂੰ ਘੱਟ ਕਰਨ ਲਈ ਵੀ ਸਿੰਜਾਈ ਬਹੁਤ ਜ਼ਰੂਰੀ ਹੁੰਦੀ ਹੈ । ਸਿੰਜਾਈ ਸੁਵਿਧਾ , ਰਸਾਇਣਿਕ ਖਾਦਾਂ ਦੀ ਵਰਤੋਂ ਲਈ , ਵੱਧ ਝਾੜ ਦੇ ਬੀਜਾਂ ਲਈ , ਅਤੇ ਵਿਗਿਆਨਿਕ ਕਾਸ਼ਤਕਾਰੀ ਤਕਨੀਕਾਂ , ਆਦਿ ਲਈ ਵੀ ਬਹੁਤ ਜ਼ਰੂਰੀ ਬਣ ਗਈ ਹੈ । ਖ਼ੁਸ਼ਕ ਖੇਤਰਾਂ , ਜਿਵੇਂ ਕਿ ਰਾਜਸਥਾਨ ਨੂੰ ਕਾਸ਼ਤਕਾਰੀ ਹੇਠ ਲਿਆਉਣ ਵਾਸਤੇ ਅਤੇ ਉਹਨਾਂ ਅੰਦਰ ਖ਼ੁਸ਼ਹਾਲੀ ਅਤੇ ਹਰਿਆਲੀ ਲਿਆਉਣ ਲਈ ਵੀ ਸਿੰਜਾਈ ਦੀ ਲੋੜ ਪੈਂਦੀ ਹੈ ।

ਸਿੰਜਾਈ ਲਈ ਕਈ ਤਰ੍ਹਾਂ ਦੇ ਢੰਗ ਵਰਤੇ ਜਾਂਦੇ ਹਨ , ਜਿਹੜੇ ਜਲ ਸਾਧਨਾਂ ਦੀ ਉਪਲਬਧੀ ਉੱਤੇ ਨਿਰਭਰ ਕਰਦੇ ਹਨ । ਸਿੰਜਾਈ ਸੁਵਿਧਾ ਉਪਲਬਧ ਕਰਨ ਲਈ ਪਾਣੀ ਦੇ ਦੋ ਮੁੱਖ ਸ੍ਰੋਤ-ਧਰਾਤਲੀ ਸਤਾ ਜਲ ( Surface water ) ਅਤੇ ਭੂਮੀਗਤ ਜਲ ( Ground water ) ਹਨ । ਪਹਿਲੇ ਪ੍ਰਕਾਰ ਦੇ ਜਲ ਸਾਧਨ ਨੂੰ ਵਰਤਣ ਲਈ ਵੱਡੇ ਪੈਮਾਨੇ ਉੱਤੇ ਦਰਿਆਵਾਂ ਉੱਤੇ ਬੰਨ੍ਹ ਮਾਰ ਕੇ ਪਾਣੀ ਇਕੱਠਾ ਕਰਕੇ ਨਹਿਰਾਂ ਰਾਹੀਂ ਕਾਸ਼ਤਕਾਰੀ ਖੇਤਰਾਂ ਤੱਕ ਪਹੁੰਚਾਇਆ ਜਾਂਦਾ ਹੈ । ਦੂਜੇ ਪ੍ਰਕਾਰ ਦੇ ਸਾਧਨ ਨੂੰ ਖੂਹਾਂ ( Wells ) ਜਾਂ ਟਿਊਬਵੈੱਲਾਂ ( Tubewells ) ਰਾਹੀਂ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ ।

ਭਾਰਤ ਵਿੱਚ ਸਿੰਜਾਈ ਦੇ ਚਾਰ ਮੁੱਖ ਸਾਧਨ , ਜਿਵੇਂ ਕਿ ਨਹਿਰਾਂ , ਤਲਾਬ , ਖੂਹ ਅਤੇ ਟਿਊਬਵੈੱਲ ਹਨ ਪਰ ਪਛੜੇ ਖੇਤਰਾਂ ਵਿੱਚ ਸਿੰਜਾਈ ਲਈ ਕਈ ਦੇਸੀ ਤਰੀਕੇ ਵੀ ਅਪਣਾਏ ਜਾਂਦੇ ਹਨ , ਜਿਵੇਂ ਕਿ ਢੀਂਗਲੀ , ਡਾਲਾ , ਬਹਿੰਗੀ , ਆਦਿ । ਪਿਛਲੇ ਕੁਝ ਦਹਾਕਿਆਂ ਦੌਰਾਨ ਜਿੱਥੇ ਭੂਮੀ ਊਬੜ-ਖਾਬੜ ਅਤੇ ਪਾਣੀ ਦੀ ਉਪਲਬਧ ਮਾਤਰਾ ਭਰੋਸੇਯੋਗ ਨਹੀਂ ਹੈ , ਉੱਥੇ ਤੁਪਕਾ ਸਿੰਜਾਈ ( Drip Irrigation ) ਅਤੇ ਫ਼ੁਹਾਰਾ ਸਿੰਜਾਈ ( Sprinkle Irrigation ) ਵੀ ਅਪਣਾਈ ਜਾ ਰਹੀ ਹੈ । ਤੁਪਕਾ ਸਿੰਜਾਈ ਵਿੱਚ ਪਾਣੀ ਦੇ ਤੁਪਕੇ ਪੌਦਿਆਂ ਦੀਆਂ ਜੜ੍ਹਾਂ ਵਿੱਚ ਪਾਏ ਜਾਂਦੇ ਹਨ ਅਤੇ ਫ਼ੁਹਾਰਾ ਸਿੰਜਾਈ ਵਿੱਚ ਪਾਣੀ ਫ਼ੁਹਾਰਿਆਂ ਦੇ ਰੂਪ ਵਿੱਚ ਫ਼ਸਲਾਂ ਉੱਤੇ ਛਿੜਕਿਆ ਜਾਂਦਾ ਹੈ । ਤੁਪਕਾ ਅਤੇ ਫ਼ੁਹਾਰਾ ਸਿੰਜਾਈ ਉੱਚ ਦਰਜੇ ਦੀ ਤਕਨੀਕ ਉੱਤੇ ਨਿਰਭਰ ਕਰਦੀ ਹੈ , ਇਸ ਲਈ ਸਿੰਜਾਈ ਦੇ ਇਹ ਤਰੀਕੇ ਬਹੁਤ ਪੈਸੇ ਦੀ ਮੰਗ ਕਰਦੇ ਹਨ , ਜਿਸ ਕਰਕੇ ਆਮ ਕਿਸਾਨ ਦੀ ਸਮਰੱਥਾ ਤੋਂ ਬਾਹਰ ਹਨ । ਸਿੰਜਾਈ ਦੇ ਅਜਿਹੇ ਤਰੀਕੇ ਉਹਨਾਂ ਖੇਤਰਾਂ ਵਿੱਚ ਅਪਣਾਏ ਜਾਂਦੇ ਹਨ , ਜਿੱਥੇ ਪਾਣੀ ਦੀ ਘਾਟ ਹੁੰਦੀ ਹੈ । ਅੱਜ-ਕੱਲ੍ਹ ਪਾਣੀ ਦੀ ਉਪਲਬਧਤਾ ਨੂੰ ਦੇਖਦੇ ਹੋਏ ਨਹਿਰੀ ਅਤੇ ਟਿਊਬਵੈੱਲ ਦੁਆਰਾ ਸਿੰਜਾਈ ਦੇ ਢੰਗ ਬਹੁਤ ਹੀ ਸਰਵੋਤਮ ਅਤੇ ਮਹੱਤਵਪੂਰਨ ਜਾਣੇ ਜਾਂਦੇ ਹਨ । ਇਹ ਹਰ ਪ੍ਰਕਾਰ ਦੀ ਖੇਤੀ-ਬਾੜੀ ਲਈ ਉੱਤਮ ਅਤੇ ਲਾਭਕਾਰੀ ਸਿੱਧ ਹੋਏ ਹਨ । ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਬਹੁ-ਪੱਖੀ ਯੋਜਨਾਵਾਂ ਦੇ ਅੰਤਰਗਤ ਸਿੰਜਾਈ ਦੀਆਂ ਸੁਵਿਧਾਵਾਂ ਨੂੰ ਵਧਾਉਣ ਲਈ ਨਹਿਰਾਂ ਬਣਾਈਆਂ ਗਈਆਂ ਹਨ ਅਤੇ ਇਹਨਾਂ ਯੋਜਨਾਵਾਂ ਅਧੀਨ ਪੈਦਾ ਕੀਤੀ ਗਈ ਬਿਜਲੀ ਨੂੰ ਟਿਊਬਵੈੱਲ ਚਲਾਉਣ ਲਈ ਵਰਤਿਆ ਜਾਂਦਾ ਹੈ ।

ਸਿੰਜਾਈ ਜਿੱਥੇ ਖੇਤੀ ਦੇ ਵੱਧ ਉਤਪਾਦਨ ਲਈ ਬਹੁਤ ਜ਼ਰੂਰੀ ਹੈ , ਉੱਥੇ ਵੱਧ ਸਿੰਜਾਈ ਖੇਤੀ ਨੂੰ ਨੁਕਸਾਨ ਵੀ ਪਹੁੰਚਾਉਂਦੀ ਹੈ । ਜਿਵੇਂ ਕਿ ਨਹਿਰਾਂ ਅਤੇ ਟਿਊਬਵੈੱਲਾਂ ਦੁਆਰਾ ਲਗਾਤਾਰ ਸਿੰਜਾਈ ਕਰਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਜਿਨ੍ਹਾਂ ਖੇਤਰਾਂ ਵਿੱਚ ਸਿਰਫ਼ ਨਹਿਰਾਂ ਦੁਆਰਾ ਹੀ ਲਗਾਤਾਰ ਸਿੰਜਾਈ ਕੀਤੀ ਜਾ ਰਹੀ ਹੈ ਅਤੇ ਟਿਊਬਵੈੱਲਾਂ ਦਾ ਪਾਣੀ ਵਰਤਣ ਯੋਗ ਨਹੀਂ ਹੁੰਦਾ , ਅਰਥਾਤ ਟਿਊਬਵੈੱਲ ਨਹੀਂ ਲਗਾਏ ਜਾਂਦੇ , ਉਹਨਾਂ ਖੇਤਰਾਂ ਵਿੱਚ ਸੇਮ ਦੀ ਸਮੱਸਿਆ ਬਣ ਜਾਂਦੀ ਹੈ । ਜਿਵੇਂ ਕਿ ਪੰਜਾਬ ਦੇ ਮੁਕਤਸਰ ਅਤੇ ਬਠਿੰਡੇ ਜ਼ਿਲ੍ਹਿਆਂ ਵਿੱਚ ਬਹੁਤ ਸਾਰੀ ਕਾਸ਼ਤਕਾਰੀ ਭੂਮੀ ਸੇਮ ਦੀ ਮਾਰ ਹੇਠ ਆ ਗਈ ਹੈ । ਇਸੇ ਤਰ੍ਹਾਂ ਜਿਨ੍ਹਾਂ ਖੇਤਰਾਂ ਵਿੱਚ ਨਹਿਰਾਂ ਦਾ ਪਾਣੀ ਉਪਲਬਧ ਨਹੀਂ ਅਤੇ ਸਿੰਜਾਈ ਸਿਰਫ਼ ਟਿਊਬਵੈੱਲਾਂ ਦੁਆਰਾ ਹੀ ਕੀਤੀ ਜਾਂਦੀ ਹੈ , ਅਜਿਹੇ ਖੇਤਰਾਂ ਵਿੱਚ ਭੂਮੀ ਹੇਠਲਾ ਜਲ ਸਤਰ ਲਗਾਤਾਰ ਨੀਵਾਂ ਹੁੰਦਾ ਜਾਂਦਾ ਹੈ । ਇਸ ਕਰਕੇ , ਪੰਜਾਬ ਦੇ ਅਜਿਹੇ ਖੇਤਰਾਂ ਵਿੱਚ ਜਿੱਥੇ ਸਿੰਜਾਈ ਸਿਰਫ਼ ਟਿਊਬਵੈੱਲਾਂ ਦੁਆਰਾ ਹੀ ਕੀਤੀ ਜਾਂਦੀ ਹੈ , ਭੂਮੀ ਹੇਠਲਾ ਜਲ ਸਤਰ ਏਨਾ ਨੀਵਾਂ ਹੋ ਗਿਆ ਹੈ ਕਿ ਘੱਟ ਡੂੰਘੇ ਟਿਊਬਵੈੱਲ ( Shallow Tubewells ) ਕੰਮ ਕਰਨਾ ਬੰਦ ਕਰ ਗਏ ਹਨ ਅਤੇ ਲੋਕਾਂ ਨੂੰ ਹੁਣ ਸਬਮਰਸੀਬਲ ਟਿਊਬਵੈੱਲ ( Submersible Tubewells ) ਲਗਵਾਉਣੇ ਪੈ ਰਹੇ ਹਨ । ਜੇਕਰ ਫ਼ਸਲੀ ਢਾਂਚੇ ਵਿੱਚ ਕੋਈ ਤਬਦੀਲੀ ਨਾ ਆਈ ਅਤੇ ਪਾਣੀ ਦੀ ਵਰਤੋਂ ਇਸੇ ਤਰ੍ਹਾਂ ਜਾਰੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਬਹੁਤ ਸਾਰਾ ਖੇਤਰ ਸਿੰਜਾਈ ਰਹਿਤ ਹੋਣ ਕਰਕੇ ਬੰਜਰ ਹੋ ਜਾਵੇਗਾ ।


ਲੇਖਕ : ਐੱਸ.ਐੱਸ.ਢਿੱਲੋਂ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-20-12-37-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.