ਸੁਕਰਚਕੀਆ ਮਿਸਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸੁਕਰਚਕੀਆ ਮਿਸਲ: ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿਚੋਂ ਸਭ ਤੋਂ ਅਧਿਕ ਸ਼ਕਤੀਵਰ ਮਿਸਲ , ਜਿਸ ਦੇ ਪ੍ਰਤਾਪੀ ਸੂਰਮੇ ਰਣਜੀਤ ਸਿੰਘ ਨੇ ਲਾਹੌਰ ਵਿਚ ਆਪਣੀ ਹਕੂਮਤ ਸਥਾਪਿਤ ਕੀਤੀ। ਸੁਕਰਚਕੀਆ ਪਿੰਡ ਦੇ ਵਸਨੀਕ ਦੇਸੂ ਜੱਟ ਨੇ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਪਾਨ ਕਰਕੇ ਬੁੱਢਾ ਸਿੰਘ ਨਾਂ ਧਾਰਣ ਕੀਤਾ। ਇਸ ਦੀ ਬਹਾਦਰੀ ਦੀਆਂ ਇਲਾਕੇ ਵਿਚ ਧੁੰਮਾਂ ਪਈਆਂ ਹੋਈਆਂ ਸਨ। ਸੰਨ 1718 ਈ. ਵਿਚ ਇਸ ਦੇ ਦੇਹਾਂਤ ਤੋਂ ਬਾਦ ਇਸ ਦਾ ਲੜਕਾ ਨੌਧ ਸਿੰਘ ਉਤਰਾਧਿਕਾਰੀ ਬਣਿਆ। ਇਸ ਨੇ ਸੁਕਰਚਕੀਆ ਕਸਬੇ ਦੇ ਇਰਦ-ਗਿਰਦ ਦੀਵਾਰ ਬਣਾਈ ਅਤੇ ਸੁਕਰਚਕੀਆ ਕਸਬੇ ਦੇ ਨਾਂ’ਤੇ ਆਪਣੇ ਜੱਥੇ ਜਾਂ ਡੇਰੇ ਦਾ ਨਾਂ ਰਖਿਆ। ਸੰਨ 1748 ਈ. ਵਿਚ ਜਦੋਂ ‘ਦਲ-ਖ਼ਾਲਸਾ’ ਦੀ ਸਥਾਪਨਾ ਹੋਈ ਤਾਂ ਇਸ ਦੇ ਜੱਥੇ ਨੂੰ ਸੁਕਰਚਕੀਆ ਮਿਸਲ ਵਜੋਂ ਤਰੁਣਾ ਦਲ ਵਿਚ ਸ਼ਾਮਲ ਕੀਤਾ ਗਿਆ। ਸੰਨ 1752 ਈ. ਵਿਚ ਇਸ ਦੀ ਮ੍ਰਿਤੂ ਤੋਂ ਬਾਦ ਇਸ ਦਾ ਵੱਡਾ ਲੜਕਾ ਚੜ੍ਹਤ ਸਿੰਘ ਮਿਸਲਦਾਰ ਬਣਿਆ। ਇਸ ਨੇ ਸੁਕਰਚਕ ਦੀ ਥਾਂ ਗੁਜਰਾਂਵਾਲਾ ਨੂੰ ਆਪਣਾ ਸਦਰ ਮੁਕਾਮ ਬਣਾਇਆ ਅਤੇ ਉਸ ਦੀ ਕਿਲ੍ਹਾਬੰਦੀ ਕੀਤੀ। ਇਸ ਨੇ ਵਜ਼ੀਰਾਬਾਦ , ਏਮਨਾਬਾਦ ਅਤੇ ਰੋਹਤਾਸ ਤਕ ਆਪਣੀ ਸ਼ਕਤੀ ਵਧਾਈ। ਅਹਿਮਦਾ ਸ਼ਾਹ ਦੁਰਾਨੀ ਦੇ ਹਮਲੇ ਵੇਲੇ ਇਹ ਜੰਗਲਾਂ ਨੂੰ ਖਿਸਕ ਗਿਆ, ਪਰ ਦੇਸ਼ ਨੂੰ ਪਰਤਦੇ ਹੋਏ ਅਫ਼ਗ਼ਾਨਾਂ ਨੂੰ ਖ਼ੂਬ ਲੁਟਿਆ। ਸੰਨ 1770 ਈ. ਦੀ ਜੰਮੂ ਦੀ ਮੁਹਿੰਮ ਵੇਲੇ ਇਹ ਮਾਰਿਆ ਗਿਆ।
ਚੜ੍ਹਤ ਸਿੰਘ ਤੋਂ ਬਾਦ ਉਸ ਦਾ ਪੁੱਤਰ ਮਹਾਂ ਸਿੰਘ ਮਿਸਲਦਾਰ ਬਣਿਆ। ਇਸ ਨੇ ਗੁਜਰਾਂਵਾਲਾ ਦੀ ਫ਼ਸੀਲ ਦੇ ਅੰਦਰ ਇਕ ਕਿਲ੍ਹਾ ਬਣਾਇਆ ਅਤੇ ਉਸ ਦਾ ਨਾਂ ‘ਗੜ੍ਹੀ ਮਹਾਂ ਸਿੰਘ’ ਰਖਿਆ। ਇਸ ਨੇ ਆਪਣੀ ਰਿਆਸਤ ਨੂੰ ਸਾਹੀਵਾਲ, ਝੰਗ , ਈਸਾਖੇਲ ਤਕ ਵਧਾਇਆ। ਇਸ ਤਰ੍ਹਾਂ ਇਸ ਦੀ ਮਿਸਲ ਦਾ ਚੰਗਾ ਨਾਂ ਥਾਂ ਹੋ ਗਿਆ। ਸੰਨ 1790 ਈ. ਵਿਚ ਮਹਾਂ ਸਿੰਘ ਦਾ ਦੇਹਾਂਤ ਹੋ ਗਿਆ। ਇਸ ਤੋਂ ਬਾਦ ਉਸ ਦਾ ਨਾਬਾਲਗ਼ ਲੜਕਾ ਰਣਜੀਤ ਸਿੰਘ ਮਿਸਲ ਦਾ ਉਤਰਾਧਿਕਾਰੀ ਬਣਿਆ। ਰਣਜੀਤ ਸਿੰਘ ਇਕ ਭਵਿਸ਼ਮੁਖੀ ਦਲੇਰ ਸੂਰਮਾ ਸੀ। ਇਸ ਨੇ ਹੌਲੀ ਹੌਲੀ ਸ਼ਕਤੀ ਅਰਜਿਤ ਕਰਨੀ ਸ਼ੁਰੂ ਕੀਤੀ ਅਤੇ ਸਤਲੁਜ ਦਰਿਆ ਤੋਂ ਪੱਛਮ ਵਾਲੀਆਂ ਮਿਸਲਾਂ ਨੂੰ ਇਕ ਇਕ ਕਰਕੇ ਆਪਣੇ ਅਧੀਨ ਕੀਤਾ ਅਤੇ ਪੰਜਾਬ ਵਿਚ ਇਕ ਸ਼ਕਤੀਸ਼ਾਲੀ ਰਾਜ ਕਾਇਮ ਕਰਨ ਵਿਚ ਸਫਲ ਹੋਇਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First