ਸੁਹਾਗਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਹਾਗਣ ( ਵਿ , ਇ ) ਜੀਵੰਤ ਪਤੀ ਵਾਲੀ ਇਸਤਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੁਹਾਗਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਹਾਗਣ [ ਨਾਂਇ ] ਜਿਸ ਇਸਤਰੀ ਦਾ ਪਤੀ ਜਿਊਂਦਾ ਹੋਵੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਹਾਗਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁ ਹਾਗਣ ਵਿ— ਸੌਭਾਗ੍ਯ ਵਾਲੀ. ਸੌਭਾਗ੍ਯਵਤੀ । ੨ ਉਹ ਇਸਤ੍ਰੀ ਜਿਸ ਦਾ ਪਤੀ ਜੀਉਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਹਾਗਣ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੁਹਾਗਣ / ਸੋਹਾਗਣਿ : ‘ ਗੁਰਮੁਖ ’ ਦੇ ਸਮਾਨਾਰਥਕ ਇਸ ਸ਼ਬਦ ਦਾ ਅਰਥ ਹੈ ਚੰਗੇ ਭਾਗਾਂ ਵਾਲੀ ਇਸਤਰੀ । ਗੁਰਮੁਖ ਵਿਅਕਤੀ ਲਈ ਇਸ ਦਾ ਪ੍ਰਤੀਕਾਤਮਕ ਪ੍ਰਯੋਗ ਹੁੰਦਾ ਹੈ । ਉਂਜ ਇਹ ਸ਼ਬਦ ਉਸ ਇਸਤਰੀ ਲਈ ਰੂੜ੍ਹ ਹੋ ਗਿਆ ਹੈ ਜਿਸ ਦਾ ਪਤੀ ਜੀਉਂਦਾ ਹੋਵੇ । ਗੁਰੂ ਨਾਨਕ ਦੇਵ ਜੀ ਨੇ ਉਸ ਸੁਹਾਗਣ ਨੂੰ ਧੰਨ ਕਿਹਾ ਹੈ ਜਿਸ ਦਾ ਆਪਣੇ ਪ੍ਰੀਤਮ ਨਾਲ ਪ੍ਰੇਮ ਹੈ— ਨਾਨਕ ਧਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ( ਗੁ.ਗ੍ਰੰ.19 ) । ‘ ਸੂਹੀ ਕੀ ਵਾਰ ’ ਮ.੩ ਵਿਚ ਸੋਹਾਗਣ ਦਾ ਸਰੂਪ-ਚਿਤ੍ਰਣ ਕਰਦਿਆਂ ਲਿਖਿਆ ਗਿਆ ਹੈ — ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਹੋਵਈ ਅਹਿਨਿਸਿ ਲਾਗੈ ਭਾਉ ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ( ਗੁ.ਗ੍ਰੰ.785 ) । ‘ ਓਅੰਕਾਰਬਾਣੀ ਵਿਚ ਵੀ ਲਿਖਿਆ ਹੈ — ਸਬਦਿ ਸਵਾਰੀ ਸਾਚਿ ਪਿਆਰੀ ਸਾਈ ਸੋਹਾਗਣਿ ਠਾਕੁਰਿ ਧਾਰੀ ( ਗੁ.ਗ੍ਰੰ. 933 ) । ਗੁਰੂ ਅਰਜਨ ਦੇਵ ਜੀ ਨੇ ਉਸੇ ਇਸਤਰੀ ਨੂੰ ਸੋਹਾਗਣ ਅਤੇ ਭਾਗਸ਼ਾਲੀ ਮੰਨਿਆ ਹੈ ਜਿਸ ਉਤੇ ਪਰਮਾਤਮਾ ਦੀ ਕ੍ਰਿਪਾ ਹੋ ਗਈ ਹੋਵੇ— ਸਾਈ ਸੋਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ ( ਗੁ.ਗ੍ਰੰ.959 ) ; ਸਾਈ ਸੋਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ( ਗੁ.ਗ੍ਰੰ.400 ) । ਅਧਿਆਤਮਿਕ ਸਾਧਨਾ ਦੀ ਕਾਂਤਾ-ਭਗਤੀ ਵਿਚ ‘ ਗੁਰਮੁਖ’ ਵਿਅਕਤੀ ‘ ਸੋਹਾਗਣ’ ਸ਼ਬਦ ਨਾਲ ਵਿਸ਼ਿਸ਼ਟ ਕੀਤਾ ਜਾ ਸਕਦਾ ਹੈ । ਵੇਖੋ ‘ ਗੁਰਮੁਖ’ ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1228, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸੁਹਾਗਣ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੁਹਾਗਣ : ‘ ਸੁਹਾਗਣ’ ਸ਼ਬਦ ਸੁਹਾਗ ਤੋਂ ਬਣਿਆ ਹੈ । ਸੁਹਾਗ ਸੰਸਕ੍ਰਿਤ ‘ ਸੌਭਾਗੑਯ’ ਸ਼ਬਦ ਦਾ ਤਦਭਵ ਰੂਪ ਹੈ । ਸੌਭਾਗੑਯ ਤੋਂ ਭਾਵ ਹੈ ਸ੍ਰੇਸ਼ਠ ਭਾਗ ਜਾਂ ਚੰਗੀ ਕਿਸਮਤ । ਕਿਸੇ ਇਸਤਰੀ ਲਈ ਸਭ ਤੋਂ ਸ੍ਰੇਸ਼ਠ ਭਾਗ ਇਹੀ ਹੈ ਕਿ ਉਸ ਦਾ ਪਤੀ ਉਸ ਦੇ ਆਪਣੇ ਜੀਵਨ– ਕਾਲ ਤਕ ਜੀਉਂਦਾ ਰਹੇ । ਇਸ ਲਈ ਸੁਹਾਗ ਸ਼ਬਦ ਜੀਵਿਤ ਪਤੀ ਦਾ ਪ੍ਰਤੀਕਾਤਮਕ ਸ਼ਬਦ ਬਣ ਗਿਆ ਹੈ ਅਤੇ ਇਸ ਸ਼ਬਦ ਤੋਂ ਸੁਹਾਗਣ ਸ਼ਬਦ ਬਣਿਆ ਜਿਸ ਤੋਂ ਭਾਵ ਸੌਭਾਗੑਯ ਵਾਲੀ ਇਸਤਰੀ ਜਿਸ ਦਾ ਪਤੀ ਜਿਊਂਦਾ ਹੈ । ਇਹੀ ਕਾਰਣ ਹੈ ਕਿ ਵੱਡੀਆਂ ਜਾਂ ਪ੍ਰਤਿਸ਼ਠਿਤ ਇਸਤ੍ਰੀਆਂ ਛੋਟੀਆਂ ਵੱਲੋਂ ਪ੍ਰਣਾਮ ਕਰਨ ਤੇ ‘ ਬੁੱਢ ਸੁਹਾਗਣ ਹੋਵੇਂ’ ਦੀ ਅਸੀਸ ਦਿੰਦੀਆਂ ਹਨ । ਗੁਰਬਾਣੀ ਵਿਚ ਇਹ ਸ਼ਬਦ ਕਈ ਸ਼ਬਦ– ਜੋੜ ਵਿਚ ਲਿਖਿਆ ਹੋਇਆ ਮਿਲਦਾ ਹੈ , ਜਿਵੇਂ ਸੋਹਾਗਣਿ , ਸੋਹਾਗਣ , ਸੁਹਾਗਣ , ਸੁਹਗਣਿ , ਸੋਹਾਗਨੀ , ਸੁਹਾਗਨਿ , ਸੋਹਾਗਨ , ਸੁਹਾਗਨ ਆਦਿ । ਅਧਿਆਤਮਿਕ ਸਾਧਨਾਂ ਦੇ ਖੇਤਰ ਵਿਚ ਇਹ ਸ਼ਬਦ ਉਸ ਵਿਅਕਤੀ ਲਈ ਵਰਤਿਆ ਗਿਆ ਹੈ ਜੋ ਆਪਣੇ ਆਪ ਨੂੰ ਜੀਵ ਆਤਮਾ ਰੂਪੀ ਇਸਤਰੀ ਮੰਨ ਕੇ ਅਤੇ ਪ੍ਰਭੂ ਪਰਮਾਤਕਾ ਨੂੰ ਆਪਣਾ ਪਤੀ ਮੰਨ ਕੇ ਉਸ ਪ੍ਰਤਿ ਸਦਾ ਨਿਸ਼ਠਾਵਾਨ ਰਹਿੰਦਾ ਹੈ । ਇਸ ਤਰ੍ਹਾਂ ਇਹ ਸ਼ਬਦ ਉਸ ਅਧਿਆਤਮਿਕ ਸਾਧਕ ਲਈ ਵਰਤਿਆ ਜਾਂਦਾ ਹੈ ਜੋ ਅਧਿਆਤਮਿਕ ਸਾਧਨਾ ਵਿਚ ਨਿਪੁੰਨ ਹੋਵੇ ਅਤੇ ਆਪਣੇ ਇਸ਼ਟ– ਦੇਵ ਪ੍ਰਤਿ ਪੂਰੀ ਨਿਸ਼ਠਾ ਰੱਖਦਾ ਹੋਇਆ ਇਹ ਜੀਵਨ ਬਤੀਤ ਕਰੇ । ਇਸ ਦੇ ਵਿਪਰੀਤ ਜਿਹੜੇ ਮਨੁੱਖ ਪਰਮਾਤਮਾ ਵਿਚ ਯਕੀਨ ਨਹੀਂ ਰੱਖਦੇ ਜਾਂ ਕੁਕਰਮਾਂ ਵਿਚ ਫਸੇ ਹੋਏ ਹੁੰਦੇ ਹਨ , ਉਨ੍ਹਾਂ ਨੂੰ ‘ ਦੁਹਾਗਣ’ , ( ਵੇਖੋ ) ਕਿਹਾ ਗਿਆ ਹੈ । ਗੁਰਬਾਣੀ ਵਿਚ ਗੁਰਮੁਖ ਰੂਪ ਸੁਹਾਗਣ ਦੇ ਲੱਛਣ ਕਈਆਂ ਥਾਂਵਾਂ ਉੱਤੇ ਦੱਸੇ ਗਏ ਹਨ । ਇਸ ਸੰਬੰਧ ਵਿਚ ਗੁਰੂ ਅਮਰਦਾਸ ਜੀ ਨੇ ਲਿਖਿਆ ਹੈ :

                                    ਗੁਰਮੁਖਿ ਸਦਾ ਸੋਹਾਗਣੀ , ਪਿਰ ਰਾਖਿਆ ਉਰਧਾਰਿ ।

                                    ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ।

                                    ਸੋਭਾਵੰਤੀ ਸੋਹਾਗਣੀ ਜਿਨ ਗੁਰੁ ਕਾ ਹੇਤ ਪਿਆਰ                                              – – ( ਸਿਰੀ ਰਾਗ , ਮ. ੩ )

ਗੁਰੂ ਨਾਨਕ ਦੇਵ ਜੀ ਨੇ ਸੁਹਾਗਣ ਇਸਤਰੀ ਦੇ ਲੱਛਣਾਂ ਉੱਤੇ ਪ੍ਰਸ਼ਨੋਤਰੀ ਸ਼ੈਲੀ ਵਿਚ ਇਸ ਪ੍ਰਕਾਰ ਚਾਨਣਾ ਪਾਇਆ ਹੈ :

                                    ਜਾਇ ਪੁਛਹੁ ਸੋਹਾਗਣੀ , ਤੁਸੀ ਰਾਵਿਆ ਕਿਨੀ ਗੁਣੀ ?

                                    ਸਹਿਜ ਸੰਤੋਖ ਸੀਗਾਰਿਆ ਮਿਠਾ ਬੋਲਣੀ ।

ਗੁਰੂ ਅਮਰਦਾਸ ਜੀ ਨੇ ਵੀ ਸੂਹੀ ਰਾਗ ਵਿਚ ਪ੍ਰਸ਼ਨੋਤਰੀ ਢੰਗ ਨਾਲ ਸੁਹਾਗਣ ਦੇ ਲੱਛਣਾਂ ਉਪਰ ਚਾਨਣਾ ਪਾਇਆ ਹੈ :

                                    ਨਾਨਕ ਸੋਹਾਗਣ ਕਾ ਕਿਆ ਚਿਹਨ ਹੈ ?

                                    ਅੰਦਰ ਸਚ , ਮੁਖ ਉਜਲਾ , ਖਸਮੈ ਸਮਾਇ ।

ਗੁਰੂ ਰਾਮਦਾਸ ਜੀ ਵਡਹੰਸ ਰਾਗ ਵਿਚ ਸੁਹਾਗਣ ਵੱਲੋਂ ਆਪਣੇ ਪਿਆਰੇ ਨੂੰ ਪਾਉਣ ਦੀ ਵਿਧੀ ਦਾ ਪ੍ਰਸ਼ਨੋਤਰੀ ਸ਼ੈਲੀ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ :

                                    ਹਉ ਜਾਇ ਪੁਛਾ ਸੋਹਾਗ ਸੁਹਾਗਣਿ ,

                                    “ ਤੁਸੀਂ ਕਿਉ ਪਿਰੁ ਪਾਇਆੜਾ ਪ੍ਰਭੂ ਮੇਰਾ ? ”

                                    “ ਮੈਂ ਉਪਰ ਨਦਰਿ ਕਰੀ ਪਿਰਿ ਸਾਚੈ , ਮੈ ਛੋਡਿਆੜਾ ਮੇਰਾ ਤੇਰਾ ।

                                    ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭੁ ਕਾ , ਇਤੁ ਮਾਰਗਿ ਭੈਣੇ ਮਿਲਿਐ ।

                                    ਅਪਨੜਾ ਪ੍ਰਭਿ ਨਦਰਿ ਕਰਿ ਦੇਖੈ , ਨਾਨਕ ਜੋਤਿ ਜੋਤੀ ਰਲੀਐ । ”                                     – – ( ਵਡਹੰਸ , ਮ. ੪ )

ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿਚ ਸੁਹਾਗਣ ਦੇ ਜੋ ਲੱਛਣ ਦੱਸੇ ਹਨ , ਉਹ ਇਸ ਪ੍ਰਕਾਰ ਹਨ :

                                    ਸਾ ਗੁਣਵੰਤੀ ਸਾ ਵਡਭਾਗਣਿ , ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ।

                                    ਰੂਪਵੰਤ ਸਾ ਸੁਘੜ ਵਿਚਖਣ , ਸੋ ਧੰਨ ਕੰਤ ਪਿਆਰੀ ਜੀਉ ।

                                    ਆਚਾਰਵੰਤਿ ਸਾਈ ਪਰਧਾਨੇ , ਸਭ ਸਿੰਗਾਰ ਬਣੇ ਤਿਸ ਗਿਆਨੇ ।

                                    ਸਾ ਕੁਲਵੰਤੀ ਸਾ ਸਭਰਾਈ ਜੋ ਪਿਰ ਕੇ ਰੰਗ ਸਵਾਰੀ ਜੀਓ ।

                                    ਮਹਿਮਾ ਤਿਸ ਕੀ ਕਹਿਣ ਨਾ ਜਾਇ , ਜੋ ਪਿਰ ਮੇਲ ਲਈ ਅੰਗ ਲਾਇ ।

‘ ਗੁਰ ਬਿਲਾਸ ਪਾਤਿਸ਼ਾਹੀ ਛੇਵੀਂ’ ਵਿਚ ਆਪਣੀ ਪੁੱਤਰੀ ਬੀਬੀ ਬੀਰੋ ਦੇ ਵਿਆਹ ਦੇ ਅਵਸਰ ਤੇ ਸੁਹਾਗਣ ਅਥਵਾ ਪਤਿਬਰਤਾ ਇਸਤਰੀ ਦੇ ਲੱਛਣ ਦੱਸਦੇ ਹੋਇਆਂ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਤਰ੍ਹਾਂ ਫੁਰਮਾਇਆ ਹੈ :

                                    ਸੁਨ , ਬੀਬੀ! ਮੈਂ ਤੁਝ ਸੁਨਾਊ । ਪਤ ਕੀ ਮਹਿਮਾ ਕਹਿ ਤਕ ਗਾਊ ।

                                    ਤਿ ਸੇਵਕਿ ਕੀ ਸੇਵਾ ਸਫਲੀ । ਪਤ ਬਿਨ ਔਰ ਕਰ ਸਭ ਨਿਫਲੀ ।

                                    ਗੁਰੂ ਜਨ ਕੀ ਇਜਤ ਬਹੁਤੀ ਕਰਨੀ । ਸਾਸ ਸੇਵ ਰਿਦ ਮਾਹਿ ਸੁਧਰਨੀ ।

– – ( ਆਧਿਆਇ੧੧ )

ਸੰਤ ਕਬੀਰ ਵਰਗੇ ਭਗਤ ਕਵੀਆਂ ਨੇ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਹੈ । ਬਾਬਾ ਫ਼ਰੀਦ ਵਰਗੇ ਸੂਫ਼ੀ ਫ਼ਕੀਰਾਂ ਨੇ ਵੀ ਪਰਮਾਤਮਾ ਦੇ ਰੰਗ ਵਿਚ ਰੰਗੀਆਂ ਜਾਣ ਵਾਲੀਆਂ ਜੀਵ– ਆਤਮਾਵਾਂ ਰੂਪੀ ਇਸਤਰੀਆਂ ਨੂੰ ਪਰਮਾਤਮਾ ਨੂੰ ਪ੍ਰਸੰਨ ਕਰਨ ਲਈ ਜਿਨ੍ਹਾਂ ਗੁਣਾਂ ਦੀ ਆਵੱਸ਼ਕਤਾ ਹੁੰਦੀ ਹੈ , ਉਨ੍ਹਾਂ ਗੁਣਾਂ ਦਾ ਵਿਵਰਣ ਪ੍ਰਸ਼ਨੋਤਰੀ ਭਾਸ਼ਾ ਵਿਚ ਪ੍ਰਕਾਰ ਦਿੱਤਾ ਹੈ :

ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁਮਣੀਆਂ ਮੰਤੁ ।

                                    ਕਵਣੁ ਸੁ ਵੈਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ।

                                    ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆਂ ਮੰਤੁ ।

                                    ਏ ਤ੍ਰੈ ਭੈਣ ਵੇਸ ਕਰਿ ਤਾ ਵਸਿ ਆਵੀ ਕੰਤੁ ।                                                                       – – ( ਸ਼ਲੋਕ ਫਰੀਦ )

ਇਸ ਤਰ੍ਹਾਂ ਸ਼ਾਹ ਹੁਸੈਨ ਨੇ ਵੀ ਸੁਹਾਗਣ ਇਸਤਰੀ ਦੇ ਗੁਣ ਲੱਛਣ ਦੱਸਦੇ ਹੋਇਆਂ ਉਸ ਦਾ ਜਸ ਗਾਇਆ ਹੈ । ਸਪਸ਼ਟ ਹੈ ਕਿ ਸਮਾਜਕ ਖੇਤਰ ਵਿਚ ਸੁਹਾਗਣ ਇਸਤਰੀ ਦੇ ਜੋ ਗੁਣ ਅਤੇ ਲੱਛਣ ਹਨ , ਲੋਕ ਪਰੰਪਰਾਵਾਂ ਤੋਂ ਅਨੁਪ੍ਰਾਣਿਤ ਗੁਰਬਾਣੀ ਵਿਚ , ਉਸ ਵਿਅਕਤੀ ਨੂੰ ਜਿਹੜਾ ਅਧਿਆਤਮਿਕ ਖੇਤਰ ਵਿਚ ਪਰਮਾਤਮਾ ਨੂੰ ਪਤੀ ਮੰਨ ਕੇ ਉਸ ਨੂੰ ਪਤਨੀ ਵਾਲਾ ਨਿਸ਼ਠਾ– ਸਹਿਤ ਅਰਾਧਨਾ ਦਾ ਧੁਰਾ ਬਣਾਂਦਾ ਹੈ , ਉਹ ਸੁਹਾਗਣ ਅਖਵਾਣ ਦਾ ਅਧਿਕਾਰੀ ਹੈ ।

                  [ ਸਹਾ. ਗ੍ਰੰਥ– ਮ. ਕੋ.; ਗੁ. ਮਾ.; ਡਾ. ਮੋਹਨ ਸਿੰਘ ਉਬ੍ਹਰਾ : ‘ ਸ਼ਾਹ ਹੁਸੈਨ ’ ; ਭਾਈ ਗੁਰਦਾਸ : ‘ ਕਬਿੱਤ ਸਵੱਯੇ’ ; ‘ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ]                        


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.