ਸਫ਼ਰਨਾਮਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਫ਼ਰਨਾਮਾ : ਮਨੁੱਖ ਜਿਗਿਆਸੂ ਜੀਵ ਹੋਣ ਕਰ ਕੇ ਹਰ ਵੇਲੇ ਨਵੀਆਂ ਗੱਲਾਂ ਸੁਣਨ , ਨਵੀਆਂ ਥਾਵਾਂ ਵੇਖਣ ਅਤੇ ਜਾਣਨ ਦੀ ਪ੍ਰਬਲ ਇੱਛਾ ਰੱਖਦਾ ਹੈ । ਇਸ ਸੁਭਾਵਿਕ ਰੁਚੀ ਦੀ ਪੂਰਤੀ ਲਈ ਉਹ ਥਾਂ-ਥਾਂ ਘੁੰਮਦਾ ਤੇ ਰਟਨ ਕਰਦਾ ਹੈ । ਇਸ ਪ੍ਰਕਾਰ ਜਦੋਂ ਕੋਈ ਮਨੁੱਖ ਸੈਰ-ਸਪਾਟਾ ਕਰਦਾ ਨਵੀਆਂ ਥਾਵਾਂ , ਵਸਤਾਂ ਅਤੇ ਲੋਕਾਂ ਨੂੰ ਵੇਖ ਕੇ , ਕਿਸੇ ਭੂ-ਖੰਡ ਬਾਰੇ ਆਪਣੇ ਅਨੁਭਵਾਂ , ਇਹਸਾਸਾਂ ਅਤੇ ਭਾਵਾਂ-ਪ੍ਰਭਾਵਾਂ ਨੂੰ ਦੂਜਿਆਂ ਨਾਲ ਸਾਂਝਾ ਕਰਦਾ ਹੈ ਤਾਂ ਸਫ਼ਰਨਾਮਾ ਜਨਮ ਲੈਂਦਾ ਹੈ । ਅਸਲ ਵਿੱਚ ਮਨੁੱਖਾ ਜੀਵਨ ਇੱਕ ਯਾਤਰਾ ਹੈ , ਨਿਰੰਤਰ ਯਾਤਰਾ । ਇਸ ਯਾਤਰਾ ਵਿੱਚ ਜਿਵੇਂ-ਜਿਵੇਂ ਮਨੁੱਖ ਵਿੱਚ ਸੁੰਦਰਤਾ ਪ੍ਰਤਿ ਭਾਵਨਾ ਦਾ ਵਿਕਾਸ ਹੋਇਆ , ਕੁਦਰਤ ਨੇ ਉਸ ਨੂੰ ਖਿੱਚਿਆ , ਉਸ ਵਿੱਚ ਕੁਝ ਨਵਾਂ ਜਾਣਨ ਦੀ ਜਿਗਿਆਸਾ ਪੈਦਾ ਹੋਈ । ਇਸ ਜਿਗਿਆਸਾ ਨੇ ਉਸ ਨੂੰ ਸਫ਼ਰ ਲਈ ਪ੍ਰੇਰਿਆ ਤੇ ਜੋ ਕੁਝ ਉਸ ਨੇ ਦੇਖਿਆ ਮਾਣਿਆਂ ਉਸਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਬਿਰਤੀ ਵਿੱਚੋਂ ਸਫ਼ਰਨਾਮੇ ਨੇ ਜਨਮ ਲਿਆ ।

        ‘ ਸਫ਼ਰ` ਅਤੇ ‘ ਨਾਮਾ` ਦੋ ਸ਼ਬਦਾਂ ਦੇ ਜੋੜ ਤੋਂ ਬਣੇ ਸ਼ਬਦ ‘ ਸਫ਼ਰਨਾਮਾ` ਦਾ ਸ਼ਾਬਦਿਕ ਅਰਥ ਹੈ ਸਫ਼ਰ ਦਾ ਬਿਆਨ ਅਰਥਾਤ ਸਫ਼ਰ ਦਾ ਬਿਰਤਾਂਤ । ਅੰਗਰੇਜ਼ੀ ਵਿੱਚ ਸਫ਼ਰਨਾਮੇ ਦੇ ਸਮਾਨਾਰਥ ' travelogue' ਸ਼ਬਦ ਵਰਤਿਆ ਜਾਂਦਾ ਹੈ ਜਿਸ ਤੋਂ ਭਾਵ ਸਫ਼ਰ ਦੇ ਸਚਿੱਤਰ ਬਿਰਤਾਂਤ ਤੋਂ ਹੈ । ਹਿੰਦੀ ਵਿੱਚ ਸਫ਼ਰਨਾਮੇ ਲਈ ‘ ਯਾਤ੍ਰਾ ਸਾਹਿਤਯ` ਅਥਵਾ ‘ ਯਾਤ੍ਰਾ ਬਿਰਤਾਂਤ` ਸ਼ਬਦ ਦੀ ਵਰਤੋਂ ਹੁੰਦੀ ਹੈ ।

        ਸਫ਼ਰਨਾਮਾ ਵਾਰਤਕ ਸਾਹਿਤ ਦਾ ਲੋਕ-ਪ੍ਰਿਆ ਰੂਪ ਹੈ । ਇਹ ਤੱਥ ਆਧਾਰਿਤ ਰਚਨਾ ਹੈ । ਵਿਅਕਤੀ ਦੇ ਯਾਤਰਾ ਸਮੇਂ ਅੱਖੀਂ ਡਿੱਠੇ ਅਤੇ ਸਫ਼ਰ ਦੌਰਾਨ ਆਪਣੇ ਜਾਂ ਦੂਜਿਆਂ ਨਾਲ ਵਾਪਰੇ ਸਮਾਚਾਰ ਦੇ ਸੱਚੇ ਅਤੇ ਜਿਉਂ ਦੇ ਤਿਉਂ ਬਿਆਨ ਦਾ ਨਾਂ ਸਫ਼ਰਨਾਮਾ ਹੈ । ਖੇਤਰ ਵਿਸ਼ੇਸ਼ ਦੀ ਕੁਦਰਤੀ ਸੁੰਦਰਤਾ , ਉੱਥੋਂ ਦਾ ਜੀਵਨ ਢੰਗ , ਉਹਨਾਂ ਦਾ ਜੀਵਨ ਫ਼ਲਸਫ਼ਾ ਆਦਿ ਬਿਆਨ ਕਰਦਿਆਂ ਸਫ਼ਰਨਾਮਾ ਲੇਖਕ ਆਪਣੇ ਪ੍ਰਤਿਕਰਮ ਦੇ ਨਾਲ-ਨਾਲ ਸੰਬੰਧਿਤ ਖੇਤਰ ਦੀ ਭੂਗੋਲਿਕ ਬਣਤਰ , ਇਤਿਹਾਸਿਕ , ਸਮਾਜਿਕ , ਰਾਜਨੀਤਿਕ ਅਤੇ ਆਰਥਿਕ ਸਥਿਤੀ ਦੀ ਵੀ ਭਰਪੂਰ ਜਾਣਕਾਰੀ ਦੇ ਜਾਂਦਾ ਹੈ । ਇਸ ਪ੍ਰਕਾਰ ਸਫ਼ਰਨਾਮਾ ਇੱਕ ਪਾਸੇ ਇਲਮ ਹੈ ਜੋ ਸਾਡੇ ਸਾਮ੍ਹਣੇ ਸੰਬੰਧਿਤ ਖੇਤਰ ਨੂੰ ਮੂਰਤੀਮਾਨ ਕਰਦਾ ਹੈ , ਦੂਸਰੇ ਪਾਸੇ ਇਹ ਸਾਰੀਆਂ ਵਾਰਤਕ ਵੰਨਗੀਆਂ ਦਾ ਮੁਜਸਮਾ ਹੈ ਕਿਉਂਕਿ ਇਸ ਵਿੱਚ ਮਹਾਂਕਵਿ ਅਤੇ ਨਾਵਲ ਦੀ ਵਿਸ਼ਾਲਤਾ , ਕਹਾਣੀ ਦੀ ਖਿੱਚ , ਗੀਤ-ਕਾਵਿ ਵਾਲਾ ਵੇਗ , ਸੰਸਮਰਨ ਵਾਲੀ ਅਪਣਤ ਅਤੇ ਨਿਬੰਧ ਵਾਲਾ ਮੁਕਤ ਪ੍ਰਗਟਾਵਾ ਹੁੰਦਾ ਹੈ ।

        ਸਫ਼ਰਨਾਮਾ ਇੱਕ ਸੁਤੰਤਰ ਰੂਪਾਕਾਰ ਹੈ । ਜਦੋਂ ਕੋਈ ਯਾਤਰੂ ਆਪਣੇ ਅਨੁਭਵਾਂ ਨੂੰ ਸਾਹਿਤਿਕ ਲਿਖਤ ਦੀ ਪੁਸ਼ਾਕ ਪੁਆ ਕੇ ਆਪਣੇ ਲੋਕਾਂ ਨੂੰ ਪੇਸ਼ ਕਰਦਾ ਹੈ ਤਾਂ ਉਸ ਦੀ ਰਚਨਾ ਸਫਲ ਹੋ ਜਾਂਦੀ ਹੈ । ਸਫ਼ਰਨਾਮਾ ‘ ਮੈਂ` ਕੇਂਦਰਿਤ ਰਚਨਾ ਹੈ ਕਿਉਂਕਿ ਸਫ਼ਰਨਾਮੇ ਦਾ ਸਾਰਾ ਬਿਆਨ ਲੇਖਕ ‘ ਮੈਂ` ਸ਼ੈਲੀ ਵਿੱਚ ਨਿਭਾਉਂਦਾ ਹੈ । ਇਸ ਤਰ੍ਹਾਂ ਸਫ਼ਰਨਾਮਾ ਉੱਤਮ-ਪੁਰਖ ਵਿੱਚ ਲਿਖੀ ਆਪ ਬੀਤੀ ਸੱਚੀ ਕਹਾਣੀ ਹੁੰਦਾ ਹੈ ਜਿਸ ਦਾ ਨਾਇਕ ਯਾਤਰੂ ਲੇਖਕ ਆਪ ਹੀ ਹੁੰਦਾ ਹੈ । ਲੇਖਕ ਆਪ ਹੀ ਨਾਇਕ , ਆਪ ਹੀ ਆਲੋਚਕ , ਆਪ ਹੀ ਦ੍ਰਿਸ਼ਟਾ ਅਤੇ ਆਪ ਹੀ ਸ੍ਰਿਸ਼ਟਾ ਹੁੰਦਾ ਹੈ । ਉਹ ਆਪ ਹੰਢਾਏ ਅਨੁਭਵਾਂ ਨੂੰ ਕਲਾਤਮਿਕ ਢੰਗ ਨਾਲ ਆਲੋਚਨਾਤਮਿਕ ਸ਼ੈਲੀ ਦੁਆਰਾ ਪੇਸ਼ ਕਰਦਾ ਹੈ । ਲੇਖਕ ਨਿਜੀ ਬਿਆਨ ਦੇ ਨਾਲ-ਨਾਲ ਉਸ ਬਾਰੇ ਟਿੱਪਣੀ , ਆਲੋਚਨਾ ਅਤੇ ਪ੍ਰਤਿਕਰਮ ਵੀ ਵਿਅਕਤ ਕਰਦਾ ਹੈ । ਇਸ ਨਾਲ ਸਫ਼ਰਨਾਮੇ ਵਿੱਚ ਆਲੋਚਨਾ ਦਾ ਰੰਗ ਆ ਜਾਂਦਾ ਹੈ ।

        ਸਫ਼ਰਨਾਮਾ ਯਾਦਾਂ ਅਤੇ ਸਿਮਰਤੀਆਂ ਦੀ ਪੁਨਰ- ਸਿਰਜਣਾ ਹੈ । ਸਫ਼ਰ ਨੂੰ ਮਾਣਨ ਮਗਰੋਂ ਸਫ਼ਰਨਾਮਾ ਲੇਖਕ ਇਹਨਾਂ ਦੀ ਪੁਨਰ-ਸਿਰਜਣਾ ਕਰਦਾ ਹੈ । ਸਾਹਿਤਿਕ ਰੰਗ ਸਫ਼ਰਨਾਮੇ ਦੀ ਰੂਹ ਹੈ । ਸਾਹਿਤਿਕ ਰੰਗਣ ਦੇਣ ਮਗਰੋਂ ਲੇਖਕ ਦੀ ਪ੍ਰਚੰਡ ਕਲਪਨਾ ਸ਼ਕਤੀ ਕੰਮ ਕਰਦੀ ਹੈ । ਇਸ ਬਿਨਾਂ ਸਫ਼ਰਨਾਮਾ ਕੇਵਲ ਨਾਵਾਂ ਥਾਵਾਂ ਦਾ ਬਿਆਨ ਬਣ ਕੇ ਰਹਿ ਜਾਂਦਾ ਹੈ । ਕਿਸੇ ਛੋਟੀ ਮੋਟੀ ਯਾਤਰਾ ਉੱਤੇ ਲਿਖੇ ਇੱਕ ਅੱਧ ਲੇਖ ਨੂੰ ਸਫ਼ਰਨਾਮਾ ਨਹੀਂ ਕਿਹਾ ਜਾ ਸਕਦਾ । ਸਫ਼ਰਨਾਮੇ ਦਾ ਮਨੋਰਥ ਬਹੁਪੱਖੀ ਗਿਆਨ ਦੇਣਾ ਅਥਵਾ ਅਗਵਾਈ ਕਰਨਾ ਹੁੰਦਾ ਹੈ । ਇਸ ਲਈ ਸਫ਼ਰਨਾਮਾ ਲੇਖਕ ਦਾ ਜਿਗਿਆਸੂ ਅਤੇ ਬਹੁਪੱਖੀ ਗਿਆਨ ਦਾ ਮਾਲਕ ਹੋਣਾ ਜ਼ਰੂਰੀ ਹੈ । ਉਸ ਦਾ ਦ੍ਰਿਸ਼ਟੀਕੋਣ ਵਿਸ਼ਾਲ ਅਤੇ ਪੱਖਪਾਤ ਤੋਂ ਉਪਰ ਉੱਠਿਆ ਹੋਣਾ ਚਾਹੀਦਾ ਹੈ । ਅਜਿਹਾ ਵਿਅਕਤੀ ਦਰਿਆ ਦਿਲ ਅਤੇ ਆਚਰਨਕ ਦਲੇਰੀ ਵਾਲਾ ਹੋਣਾ ਚਾਹੀਦਾ ਹੈ ।

        ਯਾਤਰਾ ਇੱਕ ਉੱਦਮ ਹੈ । ਇਸ ਦਾ ਵਰਣਨ ਪੜ੍ਹ ਕੇ ਯਾਤਰਾ ਲਈ ਉੱਦਮ ਕਰਨ ਅਤੇ ਕਠਨਾਈਆਂ ਸਹਿਣ ਦਾ ਉਤਸ਼ਾਹ ਅਤੇ ਪ੍ਰੇਰਨਾ ਮਿਲਣੀ ਚਾਹੀਦੀ ਹੈ । ਸਫ਼ਰਨਾਮੇ ਵਿੱਚ ਰੋਚਕਤਾ ਭਰਨ ਲਈ ਬਿਆਨੇ ਵਿਸ਼ਿਆਂ ਵਿੱਚ ਇੱਕਸੁਰਤਾ ਕਾਇਮ ਰੱਖਣੀ ਜ਼ਰੂਰੀ ਹੈ । ਜਦੋਂ ਤੱਕ ਘਟਨਾਵਾਂ ਅਤੇ ਤਜਰਬਿਆਂ ਨੂੰ ਇੱਕ ਤਰਤੀਬ ਨਹੀਂ ਦਿੱਤੀ ਜਾਂਦੀ ਤਦੋਂ ਤੱਕ ਵਧੀਆ ਸਫ਼ਰਨਾਮਾ ਨਹੀਂ ਰਚਿਆ ਜਾ ਸਕਦਾ । ਇਸ ਲਈ ਸਫ਼ਰਨਾਮੇ ਦੀ ਬੋਲੀ ਸਰਲ , ਸਪਸ਼ਟ , ਸਵਾਦਲੀ ਅਤੇ ਮੁਹਾਵਰੇਦਾਰ ਹੋਣੀ ਚਾਹੀਦੀ ਹੈ । ਵਿਚਿੱਤਰਤਾ ਅਤੇ ਹਾਸਰਸ ਰਾਹੀਂ ਉਸ ਵਿੱਚ ਉਤਸੁਕਤਾ ਪੈਦਾ ਕੀਤੀ ਜਾ ਸਕਦੀ ਹੈ ।

        ਸਫ਼ਰਨਾਮਾ ਲੇਖਕ ਦੀ ਦ੍ਰਿਸ਼ਟੀ ਸ਼ੁੱਧ ਰੂਪ ਵਿੱਚ ਨਿਰੋਲ ਯਾਤਰਾ ਦੀ ਹੋਣੀ ਚਾਹੀਦੀ ਹੈ । ਨਿੱਜੀ ਵਪਾਰ ਬਿਮਾਰੀ ਜਾਂ ਰਾਜਨੀਤਿਕ ਦ੍ਰਿਸ਼ਟੀ ਨਾਲ ਜੁੜਿਆ ਯਾਤਰੀ ਦੁਨੀਆ ਘੁੰਮ ਕੇ ਵੀ ਵਧੀਆ ਸਫ਼ਰਨਾਮਾ ਨਹੀਂ ਲਿਖ ਸਕਦਾ । ਅਜਿਹਾ ਸਫ਼ਰਨਾਮਾ ਪੜ੍ਹ ਕੇ ਨਾ ਸਫ਼ਰ ਲਈ ਦ੍ਰਿੜ੍ਹਤਾ ਆਉਂਦੀ ਹੈ ਨਾ ਹੀ ਵਿਸ਼ਵਾਸ ਤੇ ਉਤਸ਼ਾਹ ਜਾਗਦਾ ਹੈ ।

        ਲੋਕ ਕਥਨ ਹੈ ‘ ਮੈਂ ਵੀ ਦੁਨੀਆ ਦੇਖੀ ਹੈ । ` ਇਸ ਵਿੱਚ ਸਫ਼ਰਨਾਮੇ ਦਾ ਪੂਰਾ ਮਹੱਤਵ ਬਿਆਨ ਹੈ । ਪੂਰਨ ਮਨੁੱਖ ਉਹੀ ਹੈ ਜਿਸਨੇ ਤਜਰਬੇ ਕੀਤੇ ਹੋਣ , ਦੁਨੀਆ ਘੁੰਮੀ ਹੋਵੇ , ਨਹੀਂ ਤਾਂ ਮਨੁੱਖ ‘ ਖੂਹ ਦਾ ਡੱਡੂ` ਬਣਿਆ ਰਹਿੰਦਾ ਹੈ । ਵਿਲੀਅਮ ਹੈਜ਼ਲਿਟ ਨੇ ਸਫ਼ਰ ਤੇ ਇੱਕ ਨਿਬੰਧ ਲਿਖਿਆ ਸੀ ਜਿਹੜਾ ਸੰਸਾਰ ਦੇ ਟਕਸਾਲੀ ਸਾਹਿਤ ਦਾ ਭਾਗ ਬਣ ਗਿਆ ਹੈ ।

        ਇਸ ਨਿਬੰਧ ਵਿੱਚ ਉਸ ਨੇ ਲਿਖਿਆ ਸੀ “ ਦੁਨੀਆ ਦੇ ਅਤਿ ਸੁਆਦਲੇ ਅਮਲਾਂ ਵਿੱਚੋਂ ਇੱਕ ਅਮਲ ਕਿਸੇ ਸਫ਼ਰ ਤੇ ਚੜ੍ਹਨਾ ਹੈ । ” ਇਸ ਨਿਬੰਧ ਬਾਰੇ ਸਟੀਫ਼ਨਸਨ ਨੇ ਕਿਹਾ ਹੈ , “ ਜਿਸ ਕਿਸੇ ਨੇ ਇਹ ਨਿਬੰਧ ਨਹੀਂ ਪੜ੍ਹਿਆ ਉਹਦੇ ਉਤੇ ਟੈਕਸ ਲਗਣਾ ਚਾਹੀਦਾ ਹੈ । ” ਸਫ਼ਰਨਾਮਾ ਸਾਹਿਤ ਭੂਗੋਲਿਕ ਵੰਨ-ਸੁਵੰਨੇ ਦ੍ਰਿਸ਼ , ਵਿਭਿੰਨ ਜੀਵਨ ਢੰਗਾਂ , ਸੱਭਿਆਤਾਵਾਂ , ਸੰਸਕ੍ਰਿਤੀਆਂ , ਕੋਮਲ ਕਲਾ ਦੇ ਚਮਤਕਾਰਾਂ , ਪ੍ਰਕਿਰਤਕ ਸੁਹਜਾਂ ਅਤੇ ਅਚੇਤ ਕਠਨਾਈਆਂ ਨੂੰ ਸਾਡੇ ਸੱਜਰੇ ਅਤੇ ਸਿੱਧੇ ਸੰਪਰਕ ਵਿੱਚ ਲਿਆਉਂਦਾ ਹੈ । ਸੋਝੀਵਾਨ ਮਨੁੱਖ ਪ੍ਰਦੇਸ਼ ਯਾਤਰਾ ਕਰਦਿਆਂ ਵੱਖ-ਵੱਖ ਭੂ-ਖੰਡਾਂ ਦਾ ਬਹੁਪੱਖੀ ਅਧਿਐਨ ਕਰਦਾ ਹੈ । ਉਸ ਦਾ ਹਿਰਦਾ ਵਿਸ਼ਾਲ ਬਣ ਜਾਂਦਾ ਹੈ । ਦੂਸਰੀਆਂ ਸੱਭਿਆਤਾਵਾਂ ਅਤੇ ਸੰਸਕ੍ਰਿਤੀਆਂ ਦੇ ਮੇਲ ਨਾਲ ਅਥਾਹ ਗਿਆਨ ਦੇ ਨਾਲ-ਨਾਲ ਵਿਅਕਤੀ ਦੇ ਵਿਚਾਰ ਸੁਲਝ ਜਾਂਦੇ ਹਨ । ਇਸੇ ਲਈ ਕਿਹਾ ਗਿਆ ਹੈ :

ਵੁਹ ਫੂਲ ਸਰ ਚੜ੍ਹਾ , ਜੋ ਚਮਨ ਸੇ ਨਿਕਲ ਗਿਆ ।

                      ਇਨਸਾ ਬਣ ਗਿਆ , ਜੋ ਵਤਨ ਸੇ ਨਿਕਲ ਗਿਆ ।

ਸੱਚਮੁੱਚ ਸਫ਼ਰਨਾਮਾ ਗਿਆਨ ਅਤੇ ਸਾਹਿਤ ਦਾ ਉੱਤਮ ਸੋਮਾ ਹੈ ।


ਲੇਖਕ : ਡੀ.ਬੀ.ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਫ਼ਰਨਾਮਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਫ਼ਰਨਾਮਾ [ ਨਾਂਪੁ ] ਸਫ਼ਰ ਦੇ ਬਿਰਤਾਂਤ ਆਧਾਰਿਤ ਕੋਈ ਲਿਖਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਫ਼ਰਨਾਮਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

  ਸਫ਼ਰਨਾਮਾ : ਜਿਸ ਸਾਹਿੱਤ– ਵਿਧਾ ਵਿਚ ਸਫ਼ਰ ਬਾਰੇ ਵਿਵਰਣ ਦਿੱਤਾ ਗਿਆ ਹੋਵੇ , ਉਸ ਨੂੰ ‘ ਸਫ਼ਰਨਾਮਾ’ ਕਹਿੰਦੇ ਹਨ । ਇਸ ਦਾ ਨਾਮਾਂਤਰ ਯਾਤ੍ਰਾ– ਸਾਹਿੱਤ ਵੀ ਹੈ । ਪੁਰਾਤਨ ਕਾਲ ਵਿਚ ਯਾਤ੍ਰਾ– ਸਾਹਿੱਤ ਦਾ ਉਦਭਵ ਤੇ ਵਿਕਾਸ ਸੈਲਾਨੀਆਂ ਦੀ ਜ਼ਬਾਨੀ ਦੱਸੀਆਂ ਹੋਈਆਂ ਕਹਾਣੀਆਂ ਤੋਂ ਹੋਇਆ , ਜਿਨ੍ਹਾਂ ਨੇ ਕੁਝ ਸਮੇਂ ਪਿੱਛੋਂ ਸਾਹਿਤਿਕ ਰੂਪ ਧਾਰਣ ਕਰ ਲਿਆ । ਸਿਕੰਦਰ ਦੀਆਂ ਕਹਾਣੀਆਂ ( Alexander Legends ) , ਸਿੰਦਬਾਦ ਦੀਆਂ ਕਹਾਣੀਆਂ ( Sindbad the Sailor ) , ਉਡੀਸੀ ( Odyssey ) , ‘ ਹਰਿਸ਼ ਚਰਿਤ’ ਅਤੇ ‘ ਕਾਦੰਬਰੀ’ ਅਜਿਹਾ ਪੁਰਾਤਨ ਯਾਤ੍ਰਾ– ਸਾਹਿੱਤ ਹੈ । ਇਸ ਯਾਤ੍ਰਾ– ਸਾਹਿੱਤ ਤੋਂ ਆਉਣ ਵਾਲੀ ਪੀੜ੍ਹੀ ਨੂੰ ਦੇਸ਼ ਦੇਸ਼ਾਂਤਰਾਂ ਬਾਰੇ ਕੁਝ ਨਾ ਕੁਝ ਜਾਣਕਾਰੀ ਅਵੱਸ਼ ਪ੍ਰਾਪਤ ਹੁੰਦੀ ਰਹਿੰਦੀ ਸੀ । ਕੁਝ ਸਮਾਂ ਪਾ ਕੇ ਇਹ ਪੁਸਤਕਾਂ ਇਸ ਪ੍ਰਕਾਰ ਦੇ ਪਥ– ਪ੍ਰਦਰਸ਼ਕ ਅਤੇ ਨਕਸ਼ਿਆਂ ਦਾ ਕੰਮ ਦਿੰਦੀਆਂ ਰਹੀਆਂ । 173 ਈ. ਵਿਚ ਲਿਖੀ ਪਾਸਾਨਿਆ ( Pausania ) ਦੀ ਪੁਸਤਕ ‘ ਟੂਰ ਆਫ਼ ਗ੍ਰੀਸ’ ( Tour of Greece ) ਇਸ ਦੀ ਵਿਸ਼ੇਸ਼ ਉਦਾਹਰਣ ਹੈ ।

                  ਯਾਤ੍ਰਾ– ਸਾਹਿੱਤ ਦੇ ਵਿਕਾਸ ਦੀ ਦੂਜੀ ਕੜੀ ਵਿਚ ਅਜਿਹਾ ਸਾਹਿੱਤ ਆਉਂਦਾ ਹੈ ਜਿਸ ਨਾਲ ਸੈਲਾਨੀਆਂ ਨੇ ਆਪਣੇ ਆਪਣੇ ਸਫ਼ਰ ਦਾ ਹਾਲ ਕ੍ਰਮਬੱਧ ਅਤੇ ਸੁੰਦਰ ਢੰਗ ਨਾਲ ਕਲਮਬੰਦ ਕੀਤਾ ਹੈ । ਇਤਿਹਾਸ ਦਾ ਮੋਢੀ ਹੈਰੋਡੋਟਸ ( Herodotus ) ਅਜਿਹੇ ਸਫ਼ਰ– ਸਾਹਿੱਤ ਦਾ ਵੀ ਮੋਢੀ ਹੈ । ਉਸ ਨੇ ਆਪਣੇ ਲੰਮੇ ਚੌੜੇ ਸਫ਼ਰ ਦੇ ਆਧਾਰ ’ ਤੇ ਉਨ੍ਹਾਂ ਦੇਸ਼ਾਂ ਦੇ ਸੰਪੂਰਣ ਹਾਲਾਤ ਲਿਖੇ ਜਿਨ੍ਹਾਂ ਨੂੰ ਯੂਨਾਨੀ ਉਸ ਵੇਲੇ ਜਾਣਦੇ ਸਨ । ਇਸ ਤਰ੍ਹਾਂ ਉਸ ਨੇ 425 ਪੂ. ਈ. ਵਿਚ ਦੁਨੀਆ ਦਾ ਸਭ ਤੋਂ ਪਹਿਲਾਂ ਇਤਿਹਾਸਕਾਰ ਹੋਣ ਦਾ ਮਾਣ ਪ੍ਰਾਪਤ ਕੀਤਾ । ਪਰੰਤੂ ਉਸ ਸਫ਼ਰਨਾਮੇ ਵਿਚ ਭੂਗੋਲਿਕ ਵਰਣਨ ਨਹੀਂ ਹੈ । ਇਸੇ ਤਰ੍ਹਾਂ ਸਟ੍ਰੇਬੋ ( Strabo , 63 ਪੂ. ਈ.– 21 ਈ. ) ਨੇ ਆਪਣੇ ਸਫ਼ਰ ਦੇ ਆਧਾਰ ਤੇ ਮੱਧ ਸਾਗਰੀ ( Mediterranean ) ਦੇਸ਼ਾਂ ਦਾ ਭੂਗੋਲ ਲਿਖਿਆ , ਅਤੇ ਪਟੋਲੇਮੀ ( Ptolemy ) ਨੇ ਆਪਣੇ ਸਫ਼ਰ ਅਤੇ ਪੁਰਾਣੇ ਵੇਰਵਿਆਂ ਨੂੰ ਮੁੱਖ ਰੱਖ ਕੇ 150 ਈ. ਵਿਚ ਪਹਿਲੀ ਐਟਲਸ ਤਿਆਰ ਕੀਤੀ । ਫ਼ਾਹੀਆਨ , ਹਿਊਨਸਾਂਗ , ਇਤਸਿੰਗ , ਇਬਨ ਬਤੂਤਾ , ਅਲਬਰੂਨੀ ਮਾਰਕੋਪੋਲੋ , ਬਰਨੀਅਰ ਅਤੇ ਟੇਵਰਨੀਅਰ ਵਰਗੇ ਮਹਾਨ ਸੈਲਾਨੀਆਂ ਨੇ ਦੇਸ਼ ਬਦੇਸ਼ ਦਾ ਸਫ਼ਰ ਕਰ ਕੇ ਉਸ ਸਮੇਂ ਰਾਜਸੀ , ਸਮਾਜਕ ਅਤੇ ਧਾਰਮਿਕ ਦਸ਼ਾ ਨੂੰ ਆਪਣੀਆਂ ਲਿਖਤਾਂ ਵਿਚ ਬਿਆਨ ਕੀਤਾ ਹੈ । ਜ਼ੈਨੋਫੋਨ ( Xenophone ) ਦਾ 371 ਪੂ. ਈ. ਵਿਚ ਲਿਖਿਆ ਐਨਾਬੇਸਿਸ ( Anabasis ) ਸਭ ਤੋਂ ਪਹਿਲਾ ਸਫ਼ਰਨਾਮਾ ਹੈ ਜਿਸ ਵਿਚ ਸਮਕਾਲੀ ਘਟਨਾਵਾਂ ਦਾ ਵਰਣਨ ਤਾਂ ਹੈ ਪਰ ਸਾਹਿਤਿਕ ਸ਼ੈਲੀ ਪ੍ਰਧਾਨ ਹੈ । ਇਸ ਵਿਚ ਸੱਚੀਆਂ ਸਾਹਿਤਿਕ ਘਟਨਾਵਾਂ ਅੰਕਿਤ ਹਨ , ਯੂਨਾਨੀ ਲੜਾਈਆਂ ਦਾ ਜ਼ਿਕਰ ਹੈ , ਬਾਬਲ ਤੋਂ ਬੋਜ਼ੈਨਟੀਅਮ ( Byzantium ) ਦੇ ਭੂਗੋਲ ਦਾ ਬਿਆਨ ਹੈ ਅਤੇ ਇਸ ਦੇ ਬਿਆਨ ਦੀ ਸ਼ੈਲੀ ਵਿਚ ਬੌਧਿਕ ਸ਼ਕਤੀ ਤੇ ਅਨੁਭਵ ਦੀ ਤੀਖਣਤਾ ਹੈ । ਇਨ੍ਹਾਂ ਗੁਣਾਂ ਦੀ ਆਧਾਰ ਤੇ ਇਹ ਇਕ ਕਲਾਮਈ ਅਤੇ ਉਤਕ੍ਰਿਸ਼ਟ ਸਫ਼ਰਨਾਮਾ ਮੰਨਿਆ ਗਿਆ ਹੈ ।

                  ਮੱਧਕਾਲੀਨ ਅਤੇ ਨਵਜਾਗ੍ਰਿਤੀ ਕਾਲ ਵਿਚ ਸਮੁੰਦਰੋਂ ਪਾਰ ਜਾਣ ਵਾਲੇ ਅਤੇ ਨਵੀਆਂ ਖੋਜਾਂ ਕਰਨ ਵਾਲੇ ਸੈਲਾਨੀਆਂ ਨੇ ਆਪਣੇ ਆਪਣੇ ਸਫ਼ਰਨਾਮੇ ਬੜੇ ਰੋਚਕ ਢੰਗ ਨਾਲ ਲਿਖੇ । ਰਾਮੁਸਿਓ ( Remusio ) , ਹਕਲੂਅਤ ( Hakluyat ) , ਐਨਸਨ ( Anson ) ਅਤੇ ਕੁਕ ( Cook ) ਦੇ ਸਫ਼ਰ– ਸੰਸਮਰਣ ਇਨ੍ਹਾਂ ਵਿਚ ਪ੍ਰਸਿੱਧ ਹਨ । ਨਵੀਆਂ ਖੋਜਾਂ , ਨਵੀਆਂ ਕਾਢਾਂ , ਤੇ ਨਵੀਆਂ ਮੁਹਿੰਮਾਂ ਅਤੇ ਛਾਪੇਖ਼ਾਨੇ ਦੀ ਸਥਾਪਤੀ ਨਾਲ ਸਫ਼ਰ– ਸਾਹਿੱਤ ਲੋਕ– ਪ੍ਰਿਅ ਹੋ ਗਿਆ ਅਤੇ 1666 ਈ. ਵਿਚ ਰਆਇਲ ਸੁਸਾਇਟੀ ( Royal Society ) ਸਫ਼ਰਨਾਮੇ ਲਿਖਣ ਵਾਲਿਆਂ ਲਈ ਵਿਸ਼ੇਸ਼ ਹਦਾਇਤਾਂ ‘ Directions for sea men bound for voyoges’ ਛਾਪੀਆਂ । ਇਸ ਦਾ ਭਾਵ ਇਹ ਸੀ ਕਿ ਸਫ਼ਰਨਾਮੇ ਵਿਵਰਣ ਦੁਆਰਾ ਨਾ ਕੇਵਲ ਆਪਣੇ ਪਾਠਕਾਂ ਲਈ ਮਨਪਰਚਾਵੇ ਦੇ ਹੀ ਸਾਧਨ ਬਣਨ ਸਗੋਂ ਫ਼ੌਜੀ , ਸਮੁੰਦਰੀ , ਅੰਤਰ– ਰਾਜਨੈਤਿਕ , ਵਪਾਰਕ ਅਤੇ ਵਿਗਿਆਨਕ ਗਿਆਨ ਲਈ ਵੀ ਸਹਾਈ ਬਣਨ । ਅਜਿਹੇ ਸਫ਼ਰਨਾਮੇ ਇਕ ਪ੍ਰਕਾਰ ਦੀ ਰਿਪੋਰਟ ਹੀ ਹੁੰਦੀ ਹੈ ਜਿਸ ਦਾ ਸਮੁੱਚਾ ਭਾਗ ਸਾਹਿੱਤ ਨਹੀਂ ਆਖਿਆ ਜਾ ਸਕਦਾ । ਇਹ ਜਾਂ ਤਾਂ ਤਕਨੀਕੀ ਅਤੇ ਵਾਸਤਵਿਕ ਲਿਖਤ ਬਣ ਜਾਂਦਾ ਹੈ , ਜਾਂ ਲਿਖਣ ਵਾਲਾ ਸੁਚੱਜਾ ਲੇਖਕ ਨਹੀਂ ਹੁੰਦਾ ਅਤੇ ਇਸ ਨੂੰ ਸਾਹਿੱਤ ਦਾ ਰੰਗ ਨਹੀਂ ਦੇ ਸਕਦਾ , ਜਾਂ ਇਹ ਰਿਪੋਰਟ ਲਿਖਣ ਲਈ ਕੀਤੇ ਹੋਏ ਸਫ਼ਰ ਦਾ ਮਹੱਤਵ ਨਹੀਂ ਹੁੰਦਾ । ਅਜਿਹੇ ਸਫ਼ਰਨਾਮੇ ਮੈਗੈਲਨ ( Magellan ) , ਡਰੇਕ ( Drake ) , ਰੋਬਟ ( Robot ) , ਪੀਟਰ ਮਾਰਟਿਰ ( Peter Martyr ) ਅਤੇ ਪਿੰਟੋ ( Pinto ) ਆਦਿ ਨੇ ਲਿਖੇ ਹਨ ।

                  ਨਵਜਾਗ੍ਰਿਤੀ ਕਾਲ ਤੋਂ ਪਿੱਛੋਂ ਸਫ਼ਰਨਾਮੇ ਬੜੇ ਵਿਸਤਾਰ ਨਾਲ ਲਿਖੇ ਗਏ ਹਨ । ਵਾਸਤਵ ਵਿਚ ਹੁਣ ਸੈਲਾਨੀਆਂ ਨੇ ਪਹਿਲੇ ਸੈਲਾਨੀਆਂ ਤੋਂ ਸੇਧ ਲੈ ਕੇ ਨਵੇਂ ਸਫ਼ਰ ਕੀਤੇ ਅਤੇ ਨੀਝ ਲਾ ਕੇ ਹਰ ਸਥਿਤੀ ਨੂੰ ਨੇੜੀਓਂ ਘੋਖਣ ਦਾ ਯਤਨ ਕੀਤਾ । ਕਾਰਸਟੇਨ ( Carsten Niebuhr , 1778 ਈ. ) , ਡੌਟੀ ( Doughty , 1888 ਈ. ) , ਲਾਰੰਸ ( T. E. Lawrence ) ਦੇ ਅਰਬੀ ਸਫ਼ਰਨਾਮਿਆਂ ਦਾ ਲੁਡੋਵਿਕੋ ਵਾਰਥੈਮਾ ( Ludovico Varthema ) ਦੇ 1510 ਈ. ਵਿਚ ਲਿਖੇ ਹੋਏ ਅਰਬੀ ਸਫ਼ਰਨਾਮੇ ਨਾਲ ਜੋ ਤੁਲਨਾ ਕਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਜਿੱਥੇ ਪਿਛਲੇਰੇ ਸੈਲਾਨੀਆਂ ਨੇ ਲੁਡੋਵਿਕੋ ਤੋਂ ਥੋੜ੍ਹੀ ਜਿਹੀ ਅਗਵਾਈ ਲਈ ਉੱਥੇ ਉਨ੍ਹਾਂ ਦੀ ਨੀਝ , ਟੀਕਾ– ਟਿਪਣੀ , ਨਿਰੀਖਣ , ਛਾਣ– ਬੀਣ , ਚੇਤਨਾ ਅਤੇ ਬਿਆਨ– ਸ਼ਕਤੀ ਵਿਚ ਵਿਕਾਸ ਹੋਇਆ ਹੈ ।

                  ਅੱਗੇ ਚਲ ਕੇ ਸਫ਼ਰ– ਸਾਹਿੱਤ ਪੇਸ਼ਾਵਰ ਖਲਜਗਣਾਂ ਤੋਂ ਨਿਕਲ ਕੇ ਵਿਅਕਤੀਵਾਦੀ ਸਾਹਿੱਤ ਬਣ ਗਿਆ ਅਤੇ ਇਸ ਨੇ ਅੰਤਰਮੁਖੀ ਰੂਪ ਧਾਰਣ ਕਰ ਲਿਆ । ਭਾਵੁਕ ਸੈਲਾਨੀ ਨਵੇਂ ਨਜ਼ਾਰਿਆਂ , ਚਿਤ੍ਰਾਂ ਅਤੇ ਆਕਰਸ਼ਕ ਸੁੰਦਰਤਾ ਤੋਂ ਮੋਹਿਤ ਹੋਏ ਅਤੇ ਉਨ੍ਹਾਂ ਨੇ ਭਾਵਯੁਕਤ ਸ਼ੈਲੀ ਵਿਚ , ਨਜ਼ਾਰਿਆਂ ਨੂੰ ਕਲਪਨਾ ਦੀ ਪਾਣ ਚੜ੍ਹਾ ਕੇ ਬੜੇ ਸੁਆਦਲੇ ਢੰਗ ਨਾਲ ਵਿਅਕਤੀ ਕੀਤਾ ਹੈ । ਗੇਟੇ ( Goethe ) , ਬਾਇਰਨ ( Byron ) , ਸ਼ੇਟੂਬਰਾਂਇਡ ( Chateaubriand ) ਅਤੇ ਹਾਇਨੇ ( Heine ) ਨੇ ਅਜਿਹੇ ਸਫ਼ਰਨਾਮੇ ਲਿਖੇ ਹਨ । ਜੌਰਜ ਬਰੋ ( George Burrow ) , ਹਾਇਨਰਿਕ ਬਾਰਥ ( Heinrich Barth ) , ਰਿਚਰਡ ਬਰਟਨ ( Richard Burton ) , ਸਟੈਨਲੇ ( H.M. Stanley ) , ਡੌਟੀ ( C.M.Doughty ) , ਸਵੇਨ ਹੇਡਨ ( Sven Hedin ) ਅਤੇ ਲਾਰੰਸ ( T. E Lawrence ) ਦੀਆਂ ਰਚਨਾਵਾਂ ਨਾਲ ਸਫ਼ਰ– ਸਾਹਿੱਤ ਪਰਪੱਕ , ਚੇਤਨ ਅਤੇ ਕਲਾਮਈ ਬਣ ਗਿਆ ਹੈ । ਇਨ੍ਹਾਂ ਵਿਚ ਨਿਬੰਧ ਸ਼ੈਲੀ ਦੀ ਪਕੜ , ਸ੍ਵਛੰਦਤਾ , ਅਤੇ ਮਾਨਸਿਕ ਸੰਵੇਦਨਾ ਮਿਲਦੀ ਹੈ ।

                  ਆਧੁਨਿਕ ਪੰਜਾਬੀ ਸਾਹਿੱਤ ਵਿਚ ਇਹ ਸਾਹਿੱਤ ਰੂਪ ਵੀ ਕਈ ਹੋਰ ਰੂਪਾਂ ਨਾਲ ਪੱਛਮੀ ਸਾਹਿੱਤ ਦੇ ਸੰਪਰਕ ਵਿਚ ਆਉਣ ਤੋਂ ਪਿੱਛੋਂ ਵਿਕਸਿਤ ਹੋਇਆ । ਲਾਲ ਸਿੰਘ ਕਮਲਾ ਅਕਾਲੀ ਨੇ ‘ ਮੇਰਾ ਵਲੈਤੀ ਸਫ਼ਰਨਾਮਾ’ ਸਿਰਲੇਖ ਹੇਠ ਸਭ ਤੋਂ ਪਹਿਲਾਂ ਸਫ਼ਰਨਾਮਾ 1930 ਈ. ਵਿਚ ਛਾਪਿਆ । ਮਾਰਕੋ ਪੋਲੋ , ਸਵੇਨ ਹੇਡਿਨ ਅਤੇ ਟੈਵਰਨੀਅਰ ਦੇ ਸਫ਼ਰਨਾਮਿਆਂ ਨੇ ਲਾਲ ਸਿੰਘ ਨੂੰ ਪ੍ਰਭਾਵਿਤ ਕੀਤਾ ਅਤੇ ‘ ਮੇਰਾ ਵਲੈਤੀ ਸਫ਼ਰਨਾਮਾ’ ਲਿਖਣ ਦੀ ਪ੍ਰੇਰਣਾ ਦਿੱਤੀ । ਲਾਲ ਸਿੰਘ ਨੇ ‘ ਸੈਲਾਨੀ ਦੇਸ਼ ਭਗਤ’ ਨਾਉਂ ਦਾ ਇਕ ਕਾਲਪਨਿਕ ਸਫ਼ਰਨਾਮਾ ਵੀ ਲਿਖਿਆ ਹੈ । ਹੀਰਾ ਸਿੰਘ ਦਰਦ , ਸ. ਸ. ਅਮੋਲ , ਹਰਦਿਤ ਸਿੰਘ , ਨਰਿੰਦਰ ਪਾਲ ਸਿੰਘ , ਬਲਰਾਜ ਸਾਹਨੀ , ਪਿਆਰਾ ਸਿੰਘ ਦਾਤਾ , ਗਿਆਨੀ ਭਜਨ ਸਿੰਘ ਆਦਿ ਅਨੇਕ ਵਿਦਵਾਨਾਂ ਨੇ ਬੜੀ ਰੋਚਕ ਸ਼ੈਲੀ ਵਿਚ ਸਫ਼ਰਨਾਮੇ ਲਿਖੇ ਹਨ ਜਿਹੜੇ ਪੰਜਾਬੀ ਵਾਰਤਕ ਵਿਚ ਆਪਣੀ ਵਿਸ਼ੇਸ਼ ਥਾਂ ਰੱਖਦੇ ਹਨ ।

 


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.