ਸੰਯੋਜਕੀ ਉਪਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ੰਯੋਜਕੀ ਉਪਵਾਕ : ਮਿਸ਼ਰਤ ਵਾਕਾਂ ਦੀ ਬਣਤਰ ਵਿਚ ਘੱਟੋ ਘੱਟ ਇਕ ਸਵਾਧੀਨ ਅਤੇ ਇਕ ਪਰਾਧੀਨ ਉਪਵਾਕ ਵਿਚਰ ਰਹੇ ਹੁੰਦੇ ਹਨ । ਪਰਾਧੀਨ ਉਪਵਾਕ ਕਿਸੇ ਮਿਸ਼ਰਤ ਵਾਕ ਵਿਚ ਨਾਂਵ , ਵਿਸ਼ੇਸ਼ਣ ਅਤੇ ਕਿਰਿਆ ਵਿਸ਼ੇਸ਼ਣ ਵਰਗਾ ਕਾਰਜ ਕਰਦੇ ਹਨ । ਇਸ ਅਧਾਰ ’ ਤੇ ਪਰਾਧੀਨ ਉਪਵਾਕਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ , ਜਿਵੇਂ : ਕਿ-ਉਪਵਾਕ , ਸੰਯੋਜਕੀ ਉਪਵਾਕ ਅਤੇ ਕਿਰਿਆ ਵਿਸ਼ੇਸ਼ਣੀ ਉਪਵਾਕ । ਸੰਯੋਜਕੀ ਉਪਵਾਕਾਂ ਦੀ ਬਣਤਰ ਅਤੇ ਕਾਰਜ ਸੰਯੋਜਕਾਂ ਤੇ ਨਿਰਭਰ ਹੁੰਦੀ ਹੈ । ਪੰਜਾਬੀ ਵਾਕਾਂ ਦੀ ਬਣਤਰ ਵਿਚਲੇ ਸੰਯੋਜਕੀ ਉਪਵਾਕਾਂ ਦੀ ਬਣਤਰ ‘ ਜੋ , ਜਿਹੜਾ’ ਵਰਗ ਦੇ ਸੰਯੋਜਕ ’ ਤੇ ਅਧਾਰਤ ਹੁੰਦੀ ਹੈ । ਸੰਯੋਜਕੀ ਉਪਵਾਕਾਂ ਦੇ ਦੋ ਲੱਛਣ ਹੁੰਦੇ ਹਨ : ਇਸ ਪਰਕਾਰ ਦੇ ਉਪਵਾਕ , ਵਾਕ ਵਿਚ ਵਿਚਰਦੇ ਕਿਸੇ ਨਾਂਵ ਵਾਕੰਸ਼ ਦੇ ਵਿਸ਼ੇਸ਼ਣ ਵਜੋਂ ਕਾਰਜ ਕਰਦੇ ਹਨ ਜਦੋਂ ਕਿ ਦੂਜੇ ਪਾਸੇ ਵਾਕ ਵਿਚ ਵਿਚਰਦੇ ਮੁੱਖ ਨਾਂਵ ਵਾਕੰਸ਼ ਅਤੇ ਸਹਿ-ਉਲੇਖਕ ਨਾਂਵ ਵਾਕੰਸ਼ ਵਿਚ ਸਾਂਝ ਹੁੰਦੀ ਹੈ ਭਾਵੇਂ ਨਾਂਵ ਵਾਕੰਸ਼ ਇਕੋ ਨਾਂਵ ਦੇ ਹੀ ਸੂਚਕ ਹੁੰਦੇ ਹਨ । ਸਹਿ-ਉਲੇਖਕ ਨਾਂਵ \ ਪੜ੍ਹਨਾਂਵ ਸਵਾਧੀਨ ਉਪਵਾਕ ਵਿਚ ਜਾਂ ਸੰਯੋਜਕੀ ਉਪਵਾਕ ਵਿਚ ਵਿਚਰ ਰਿਹਾ ਹੁੰਦਾ ਹੈ । ਪੰਜਾਬੀ ਭਾਸ਼ਾ ਦੇ ਮਿਸ਼ਰਤ ਵਾਕਾਂ ਦੀ ਬਣਤਰ ਵਿਚ ਵਿਚਰਦੇ ਕਿਸੇ ਨਾਂਵ ਵਾਕੰਸ਼ ਦੇ ਵਿਸ਼ੇਸ਼ਕ ਵਾਕੰਸ਼ ਵਜੋਂ ਕਾਰਜ ਕਰਨ ਵਾਲੇ ਉਪਵਾਕ ਨੂੰ ਸੰਯੋਜਕੀ ਉਪਵਾਕ ਆਖਿਆ ਜਾਂਦਾ ਹੈ । ਸੰਯੋਜਕੀ ਉਪਵਾਕ ਦੀ ਉਦਾਹਰਨ ਇਸ ਪਰਕਾਰ ਹੈ : ਮੇਰਾ ਭਰਾ ਜਿਹੜਾ ਪਿੰਡ ਰਹਿੰਦਾ ਹੈ , ਆਇਆ ਹੈ । ਵਿਚਰਨ ਸਥਾਨ ਦੇ ਪੱਖ ਤੋਂ ਸੰਯੋਜਕੀ ਉਪਵਾਕਾਂ ਵਾਲੇ ਮਿਸ਼ਰਤ ਵਾਕਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ , ਜਿਵੇਂ : ( i ) ਮੁੱਖ ਉਪਵਾਕ + ਸੰਯੋਜਕੀ ਉਪਵਾਕ , ( ii ) ਸੰਯੋਜਕੀ ਉਪਵਾਕ + ਮੁੱਖ ਉਪਵਾਕ ਅਤੇ ( iii ) ਨਾਂਵ ਵਾਕੰਸ਼ + ਸੰਯੋਜਕੀ ਉਪਵਾਕ + ਮੁੱਖ ਉਪਵਾਕ । ਪਹਿਲੀ ਭਾਂਤ ਦੇ ਮਿਸ਼ਰਤ ਵਾਕਾਂ ਵਿਚ ਮੁੱਖ ਉਪਵਾਕ ਦਾ ਸਥਾਨ ਪਹਿਲਾਂ ਹੁੰਦਾ ਹੈ ਅਤੇ ਸੰਯੋਜਕੀ ਉਪਵਾਕ ਦਾ ਸਥਾਨ ਅੰਤਲਾ ਹੁੰਦਾ ਹੈ , ਜਿਵੇਂ : ਮੇਰਾ ਉਹ ਭਰਾ ਆਇਆ ਹੈ ਜਿਹੜਾ ਪਿੰਡ ਰਹਿੰਦਾ ਹੈ । ਪੰਜਾਬੀ ਵਿਚ ਇਸ ਭਾਂਤ ਦੇ ਮਿਸ਼ਰਤ ਵਾਕਾਂ ਦੇ ਛੇ ਪੈਟਰਨ ਹਨ । ਦੂਜੀ ਭਾਂਤ ਦੇ ਮਿਸ਼ਰਤ ਵਾਕਾਂ ਵਿਚ ਸੰਯੋਜਕੀ ਉਪਵਾਕ , ਵਾਕ ਦੇ ਪਹਿਲੇ ਸਥਾਨ ’ ਤੇ ਵਿਚਰਦੇ ਹਨ , ਜਿਵੇਂ : ਜਿਹੜਾ ਮੇਰਾ ਭਰਾ ਪਿੰਡ ਰਹਿੰਦਾ ਹੈ , ਉਹ ਆਇਆ ਹੈ । ਪੰਜਾਬੀ ਵਿਚ ਇਸ ਭਾਂਤ ਦੇ ਮਿਸ਼ਰਤ ਵਾਕਾਂ ਦੇ ਸੱਤ ਪੈਟਰਨ ਹਨ । ਤੀਜੀ ਭਾਂਤ ਦੇ ਮਿਸ਼ਰਤ ਵਾਕਾਂ ਵਿਚ ਸੰਯੋਜਕੀ ਉਪਵਾਕ ਤੋਂ ਪਹਿਲਾਂ ਮੁੱਖ ਉਪਵਾਕ ਵਿਚਰਦਾ ਹੈ ਅਤੇ ਮੁੱਖ ਉਪਵਾਕ ਦਾ ਸਥਾਨ ਅੰਤਲਾ ਹੁੰਦਾ ਹੈ , ਜਿਵੇਂ : ਮੇਰਾ ਉਹ ਭਰਾ ਜਿਹੜਾ ਪਿੰਡ ਰਹਿੰਦਾ ਹ ੈ ( ਉਹ ) ਆਇਆ ਹੈ । ਪੰਜਾਬੀ ਵਿਚ ਇਸ ਭਾਂਤ ਦੇ ਮਿਸ਼ਰਤ ਵਾਕਾਂ ਦੇ ਛੇ ਪੈਟਰਨ ਹਨ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.