ਹਰੀਪੁਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰੀਪੁਰ. ਦੇਖੋ, ਗੁਲੇਰ ੩। ੨ ਜਿਲੇ ਹਜ਼ਾਰੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਸਰਦਾਰ ਹਰੀ ਸਿੰਘ ਨਲਵੇ ਨੇ ਸਨ ੧੮੨੨ ਵਿੱਚ ਵਸਾਇਆ. ਦੇਖੋ, ਹਰੀ ਸਿੰਘ ੨।

            ੩ ਜਿਲਾ ਫ਼ਿਰੋਜ਼ਪੁਰ, ਤਸੀਲ ਥਾਣਾ ਅਬੋਹਰ ਵਿੱਚ ਇੱਕ ਪਿੰਡ ਹੈ, ਜੋ ਰੇਲਵੇ ਸਟੇਸ਼ਨ ਪੰਜਕੋਸੀ ਤੋਂ ਅੱਧ ਮੀਲ ਪੱਛਮ ਵੱਲ ਹੈ. ਇਸ ਪਿੰਡ ਤੋਂ ਉੱਤਰ ਵੱਲ ਨੇੜੇ ਹੀ “ਬਟ ਤੀਰਥ” ਨਾਮੇ ਤਾਲ ਦੇ ਕਿਨਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਕਲਗੀਧਰ ਦੱਖਣ ਨੂੰ ਜਾਂਦੇ ਇਸ ਥਾਂ ਵਿਰਾਜੇ ਹਨ. ਇਹ ਗੁਰਦ੍ਵਾਰਾ ਸੰਮਤ ੧੯੩੩ ਵਿੱਚ ਪ੍ਰਗਟ ਹੋਇਆ ਹੈ. ਗੁਰਦ੍ਵਾਰਾ ਚੰਗਾ ਬਣਿਆ ਹੋਇਆ ਹੈ, ਜਿਸ ਦੀ ਸੇਵਾ ਸਰਦਾਰ ਗੁਰਮੁਖ ਸਿੰਘ ਜੀ ਨੀਲੇ ਵਾਲਿਆਂ ਦੇ ਉੱਦਮ ਨਾਲ ਹੋਈ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰੀਪੁਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹਰੀਪੁਰ (ਨਗਰ): ਪਾਕਿਸਤਾਨ ਦੇ ਹਜ਼ਾਰਾ ਜ਼ਿਲ੍ਹੇ ਦਾ ਇਕ ਨਗਰ ਜੋ ਸ. ਹਰੀ ਸਿੰਘ ਨਲਵਾ ਨੇ ਉਥੋਂ ਦੇ ਪਠਾਣਾਂ ਨੂੰ ਦਬਾਉਣ ਤੋਂ ਬਾਦ ਸੰਨ 1822 ਈ. ਵਿਚ ਵਸਾਇਆ ਸੀ। ਸਿੱਖ ਰਾਜ ਤਕ ਇਸ ਨਗਰ ਦਾ ਕਾਫ਼ੀ ਵਿਕਾਸ ਹੋਇਆ, ਪਰ ਬਾਦ ਵਿਚ ਇਸ ਦਾ ਮਹੱਤਵ ਕੁਝ ਘਟ ਗਿਆ। ਸੰਨ 1867 ਈ. ਵਿਚ ਇਥੇ ਮਿਊਂਸਿਪਲ ਕਮੇਟੀ ਦੀ ਸਥਾਪਨਾ ਹੋਈ ਸੀ। ਇਸ ਦੀ ਪਠਾਣੀ ਇਲਾਕੇ ਵਿਚ ਹੋਂਦ ਸਿੱਖ-ਰਾਜ ਦੀ ਚੜ੍ਹਦੀ ਕਲਾ ਦੀ ਸਦਾ ਯਾਦ ਦਿਵਾਉਂਦੀ ਹੈ।       


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਹਰੀਪੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਰੀਪੁਰ : ਸ਼ਹਿਰ–– ਸਿੱਖ ਜਰਨੈਲ ਹਰੀ ਸਿੰਘ ਨਲਵੇ ਦਾ ਪਾਕਿਸਤਾਨ ਵਿਚ ਵਸਾਇਆ ਇਕ ਸ਼ਹਿਰ ਹੈ, ਜਿਹੜਾ ਉੱਤਰੀ–ਪੱਛਮੀ ਸਰਹੱਦੀ ਪ੍ਰਾਂਤ ਦੇ ਹਜ਼ਾਰਾ ਜ਼ਿਲ੍ਹੇ ਦੀ ਇਸੇ ਹੀ ਨਾਂ ਦੀ ਤਹਿਸੀਲ ਦਾ ਸਦਰ–ਮੁਕਾਮ ਹੈ ਜੋ ਹਸਨ ਅਬਦਾਲ ਤੋਂ ਲਗਭਗ 32 ਕਿ. ਮੀ. ਦੇ ਫਾਸਲੇ ਉੱਤੇ ਹਸਨ–ਅਬਦਾਲ ਤੋਂ ਐਬਟਾਬਾਦ ਜਾਣ ਵਾਲੀ ਸੜਕ ਉੱਤੇ ਸਥਿਤ ਹੈ। ਇਸ ਸ਼ਹਿਰ ਦੀ ਨੀਂਹ ਸਨ 1822 ਦੇ ਲਗਭਗ ਸਰਦਾਰ ਹਰੀ ਸਿੰਘ ਨਲਵੇ ਜੋ ਉਸ ਸਮੇਂ ਹਜ਼ਾਰੇ ਦਾ ਗਵਰਨਰ ਸੀ, ਨੇ ਰੱਖੀ ਅਤੇ ਇਹ ਕਾਫ਼ੀ ਚਿਰ ਤਕ ਜ਼ਿਲ੍ਹੇ ਦਾ ਸਦਰ–ਮੁਕਾਮ ਰਿਹਾ ਪਰ ਸੰਨ 1853 ਵਿਚ ਐਬਟਾਬਾਦ ਦੇ ਹੱਕ ਵਿਚ ਇਸਨੂੰ ਛੱਡ ਦਿੱਤਾ ਗਿਆ। ਸੰਨ 1867 ਵਿਚ ਇਥੇ ਮਿਉਂਸਪਲ ਕਮੇਟੀ ਸਥਾਪਤ ਹੋਈ।

                   33º 55' ਉ. ਵਿਥ.; 72º 50 ' ਪੂ. ਲੰਬ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1067, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹਰੀਪੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਰੀਪੁਰ : ਸ਼ਹਿਰ––ਭਾਰਤ ਦੇ ਪੰਜਾਬ ਰਾਜ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਇਕ ਪਿੰਡ ਹੈ ਜੋ ਰੇਲਵੇ ਸਟੇਸ਼ਨ ਪੰਜਕੋਸੀ ਤੋਂ ਲਗਭਗ 1 ਕਿ. ਮੀ. ਪੱਛਮ ਵੱਲ ਸਥਿਤ ਹੈ। ਇਸ ਪਿੰਡ ਤੋਂ ਉੱਤਰ ਵੱਲ ਨੇੜੇ ਹੀ ‘ਬਟ–ਤੀਰਥ’ ਨਾਂ ਦਾ ਇਕ ਤਾਲ ਹੈ। ਇਸ ਤਾਲ ਦੇ ਕਿਨਾਰੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ। ਦਸ਼ਮੇਸ਼ ਜੀ ਨੇ ਦੱਖਣ ਨੂੰ ਜਾਂਦੇ ਹੋਏ ਇਥੇ ਵੀ ਚਰਨ ਪਾਏ ਸਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1067, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹਰੀਪੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਰੀਪੁਰ : ਕਸਬਾ–ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਕਾਂਗੜਾ ਜ਼ਿਲ੍ਹੇ ਵਿਚ ਇਕ ਪੁਰਾਣਾ ਕਿਲਾ ਅਤੇ ਪਿੰਡ ਹੈ ਜੋ ਬਾਨਗੰਗਾ ਨਦੀ ਦੇ ਕੰਢਿਆਂ ਉੱਤੇ, ਕਾਂਗੜਾ ਦੇ ਕਿਲੇ ਤੋਂ 14 ਕਿ. ਮੀ. ਦੱਖਣ-ਪੱਛਮ ਵੱਲ ਸਥਿਤ ਹੈ। ਇਸ ਦੀ ਨੀਂਹ ਕਾਂਗੜੇ ਦੇ ਕਟੋਚ ਰਾਜਾ ਹਰੀ ਚੰਦ ਨੇ ਤੇਰ੍ਹਵੀਂ ਸਦੀ ਵਿਚ ਰੱਖੀ। ਇਤਿਹਾਸ ਅਨੁਸਾਰ ਇਕ ਵਾਰ ਹਰੀ ਚੰਦ ਸ਼ਿਕਾਰ ਖੇਡਦਾ ਖੂਹ ਵਿਚ ਡਿਗ ਪਿਆ। ਜਦੋਂ ਤੱਕ ਉਹ ਰਿਆਸਤ ਨੂੰ ਨਾ ਮੁੜਿਆ ਤਾਂ ਸਾਰਿਆਂ ਨੇ ਉਸਦੇ ਪੁੱਤਰ ਨੂੰ ਰਾਜਗੱਦੀ ਤੇ ਬਿਠਾ ਦਿੱਤਾ। ਜਦੋਂ ਹਰੀ ਚੰਦ ਖੂਹ ਵਿਚੋਂ ਨਿਕਲ ਕੇ ਰਿਆਸਤ ਵਿਚ ਆਇਆ ਤਾਂ ਪੁੱਤਰ ਨੂੰ ਰਾਜਾ ਵੇਖ ਕੇ ਉਹ ਵਾਪਸ ਚਲਾ ਗਿਆ ਅਤੇ ਗੁਲੇਰ ਨਗਰ ਵਸਾ ਕੇ ਜੁਦਾ ਰਾਜ ਕਰਨ ਲੱਗ ਪਿਆ। ਇਸ ਸਮੇਂ ਹਰੀਪੁਰ ਦੀ ਬਹੁਤ ਥੋੜ੍ਹੀ ਮਹੱਤਤਾ ਹੈ।

                   32ºਉ. ਵਿਥ; 76º 10' ਪੂ. ਲੰਬ.

          ਹ. ਪੁ. ––ਇੰਪ. ਗ. ਇੰਡ. 13 : 56 ; ਮ. ਕੋ. 424.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1067, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹਰੀਪੁਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹਰੀਪੁਰ :  ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਇਕ ਪਿੰਡ ਹੈ ਜਿਹੜਾ ਰੇਲਵੇ ਸਟੇਸ਼ਨ ਪੰਜਕੋਸੀ ਤੋਂ ਤਕਰੀਬਨ ਇਕ ਕਿ.ਮੀ. ਪੱਛਮ ਵੱਲ ਵਸਿਆ ਹੋਇਆ ਹੈ ਪਿੰਡ ਦੇ ਉੱਤਰ ਵੱਲ 'ਬਟ ਤੀਰਥ' ਨਾਂ ਦਾ ਇਕ ਤਾਲ ਹੈ ਜਿਸ ਦੇ ਕਿਨਾਰੇ ਇਕ ਗੁਰਦੁਆਰਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਵੱਲ ਜਾ ਰਹੇ ਸਨ ਤਾਂ ਉਹ ਇਸ ਥਾਂ ਥੋੜ੍ਹੀ ਦੇਰ ਲਈ ਠਹਿਰੇ ਸਨ। ਇਸ ਗੁਰਦੁਆਰੇ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਵੀ ਸਬੰਧ ਦਸਿਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-27-11-04-25, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 6:88

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.